More Punjabi Kahaniya  Posts
ਆਨਲਾਈਨ ਪਿਆਰ ਅਤੇ ਧੋਖਾ


ਮੀਤੇ ਨੇ ਖੇਤ ਪਈ ਮੋਨੋ ਸਪਰੇਅ ਚੁੱਕ ਕੇ ਮੂੰਹ ਨੂੰ ਲਗਾ ਲਈ, ਇੱਕੋ ਹੀ ਸਾਹ ਅੱਧੀ ਪੀ ਗਿਆ। ਕੁਝ ਚਿਰ ਬਾਅਦ ਉਸਦੀ ਸਿਹਤ ਵਿਗੜਨ ਲੱਗੀ, ਮੂੰਹ ਵਿੱਚੋ ਝੱਗ ਆਉਣ ਲੱਗ ਪਈ ਤੇ ਮੀਤਾ ਜ਼ਮੀਨ ਤੇ ਡਿੱਗ ਪਿਆ…….
    ਮੀਤਾ ਪਿੰਡ ਦਾ ਇੱਕ ਸਾਧਾਰਨ ਮੁੰਡਾ ਹੈ। ਘਰ ਦੇ ਹਾਲਾਤ ਮਾੜੇ ਹੋਣ ਕਰਕੇ ਪੜ੍ਹਿਆ ਵੀ ਬਾਰਵੀਂ ਤੱਕ ਹੀ ਸੀ। ਨਰਮ ਸੁਭਾਅ ਦਾ ਹੋਣ ਕਰਕੇ ਸਾਰੇ ਪਿੰਡ ਵਿੱਚ ਉਸਦਾ ਬੜਾ ਪਿਆਰ ਸੀ। ਉਹ ਹਮੇਸ਼ਾ ਸੱਥ ਵਿੱਚ ਬਜੁਰਗਾ ਕੋਲ ਬੈਠਣਾ ਪਸੰਦ ਕਰਦਾ ਸੀ।
      ਲੰਬੜਦਾਰਾਂ ਦੇ ਜੱਗੇ ਨੇ ਮੀਤੇ ਨੂੰ ਪੁਰਾਣਾ ਸਮਾਰਟ ਫੋਨ ਲਿਆ ਦਿੱਤਾ ਸੀ। ਜਿਸਨੇ ਮੀਤੇ ਦਾ ਸਾਰਾ ਲਾਈਫ ਸਟਾਈਲ ਹੀ ਬਦਲ ਦਿੱਤਾ। ਸਾਰਾ ਦਿਨ ਖੇਤ ਵਿੱਚ ਮਿਹਨਤ ਕਰਨ ਵਾਲਾ ਮੀਤਾ ਹੁਣ ਜਿਆਦਾ ਸਮਾਂ ਮੋਬਾਈਲ ਤੇ ਲੱਗਾ ਰਹਿੰਦਾ ਸੀ। ਦੇਸ਼ਾਂ ਵਿਦੇਸ਼ਾਂ ਦੀ ਵੀਡਿਓ, ਖਬਰਾਂ ਆਦਿ ਦੇਖਣਾ ਉਸਦੀ ਆਦਤ ਬਣ ਚੁੱਕੀ ਸੀ। ਪਹਿਲਾ ਸੱਥ ਵਿੱਚ ਬੈਠ ਕੇ ਗੱਲਾਂ ਸੁਣਾਉਣ ਵਾਲਾ ਮੀਤਾ ਹੁਣ ਆਵਦੀ ਹੀ ਦੁਨੀਆ ਵਿੱਚ ਗੁੰਮ ਹੁੰਦਾ ਜਾ ਰਿਹਾ ਸੀ।
     ਕਦੇ ਫਸਲਾਂ ਅਤੇ ਖੇਤੀ ਦੀਆਂ ਗੱਲਾਂ ਕਰਨ ਵਾਲਾ ਮੀਤਾ ਹੁਣ ਇੰਸਟਾਗ੍ਰਾਮ, ਸਨੈਪਚੈਟ ਦੀਆਂ ਹੀ ਗੱਲਾਂ ਕਰਦਾ ਸੀ। ਹੁਣ ਮੀਤਾ ਸਿਆਣੇ ਬਜੁਰਗਾ ਵਿੱਚ ਬੈਠਣ ਦੀ ਬਜਾਏ ਨੌਜਵਾਨ ਮੁੰਡਿਆਂ ਵਿੱਚ ਬੈਠਣ ਲੱਗ ਗਿਆ ਸੀ।
        ਮੀਤੇ ਕੋਲ ਪਹਿਲਾਂ ਕੀਪੈਡ ਵਾਲਾ ਮੋਬਾਈਲ ਸੀ। ਪਰ ਆਂਢ ਗੁਆਂਢ ਦੇ ਬਾਕੀ ਮੁੰਡਿਆ ਕੋਲ ਮਹਿੰਗੇ ਸਮਾਰਟ ਫੋਨ ਹੋਣ ਕਰਕੇ ਸਾਰੇ ਉਸਨੂੰ ਮਜ਼ਾਕ ਕਰਦੇ ਰਹਿੰਦੇ ਸੀ। ਇਸ ਕਰਕੇ ਉਸਨੇ ਜੱਗੇ ਕੋਲੋ ਮੋਬਾਈਲ ਦੀ ਮੰਗ ਕੀਤੀ ਸੀ।
      ਮੀਤਾ ਜਿੱਥੇ ਵੀ ਜਾਂਦਾ ਤਾਂ ਪਹਿਲਾ ਸਨੈਪਚੈਟ ਤੇ ਸਟੋਰੀਆ ਪਾਉਂਦਾ, ਸਵੇਰੇ ਜਲਦੀ ਉੱਠ ਕੇ ਪਹਿਲਾ ਵਟਸਐਪ ਤੇ ਸਟੇਟਸ ਪਾਉਣ ਲੱਗ ਪਿਆ।
       ਉਸਦੇ ਸੋਸ਼ਲ ਮੀਡੀਆ ਤੇ ਕਿੰਨੇ ਹੀ ਦੋਸਤ ਬਣ ਗਏ। ਜਿੰਨਾ ਵਿੱਚ ਇੱਕ ਪ੍ਰੀਆ ਨਾਮ ਦੀ ਕੁੜੀ ਵੀ ਸੀ। ਮੀਤਾ ਸਾਰਾ ਦਿਨ ਉਸ ਨਾਲ ਚੈਟ ਕਰਦਾ ਰਹਿੰਦਾ ਸੀ। ਚੈਟ ਕਰਦਿਆ ਹੀ ਇਕ ਦੂਸਰੇ ਦੇ ਮੋਬਾਈਲ ਨੰਬਰ ਸਾਂਝੇ ਹੋ ਗਏ। ਆਪਣੀ ਮਾਤਾ ਕੋਲ ਜਿਆਦਾ ਸਮਾਂ ਬਤੀਤ ਕਰਨ ਵਾਲਾ ਮੀਤਾ ਹੁਣ ਰਾਤ ਨੂੰ ਸੌਣ ਵੀ ਘਰ ਦੀ ਛੱਤ ਤੇ ਲੱਗ ਪਿਆ ਸੀ। ਮੀਤਾ ਤੇ ਪ੍ਰੀਆ ਦੇਰ ਰਾਤ ਤੱਕ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਸੀ। ਮੀਤੇ ਨੂੰ ਪ੍ਰੀਆ ਦੀਆਂ ਮਿੱਠੀਆਂ ਗੱਲਾਂ ਸੁਣ ਕੇ ਉਸ ਨਾਲ ਪਿਆਰ ਹੋ ਗਿਆ।ਇਹ ਸਭ ਕਿੰਨਾ ਹੀ ਚਿਰ ਚਲਦਾ ਰਿਹਾ।ਗੱਲਾਂ ਵਿਆਹ ਤੱਕ ਪਹੁੰਚ ਗਈਆ।
      ਇੱਕ ਦਿਨ ਪ੍ਰੀਆ ਦਾ ਸਵੇਰੇ ਜਲਦੀ ਹੀ ਫੋਨ ਆਉਂਦਾ ਹੈ। ਉਹ ਫੋਨ ਤੇ ਰੋ ਰਹੀ ਹੁੰਦੀ ਐ। ਉਹ ਮੀਤੇ ਨੂੰ ਆਖਦੀ ਹੈ “ਮੇਰੇ ਪਿਤਾ ਨੂੰ ਹਾਰਟ ਅਟੈਕ ਆਇਆ ਹੈ, ਮੇਰੇ ਕੋਲ ਆਪਣੇ ਪਿਤਾ ਦੇ ਇਲਾਜ ਵਾਸਤੇ ਪੈਸੇ ਨਹੀਂ ਹਨ। ਪਲੀਜ਼ ਮੇਰੀ ਹੈਲਪ ਕਰ!”
   ਮੀਤਾ ਕੁਝ ਦੇਰ ਸੋਚਣ ਤੋ ਬਾਅਦ ਪੁੱਛਦਾ ਹੈ “ਕਿੰਨੇ ਪੈਸੇ ਚਾਹੀਦੇ ਹਨ”
   “ਇੱਕ ਲੱਖ ਰੁਪਏ” ਪ੍ਰੀਆ ਨੇ ਜਵਾਬ ਦਿੱਤਾ ਤੇ ਨਾਲ ਹੀ ਰੋਣ ਲੱਗ ਪਈ।
   “ਪਿਤਾ ਜੀ ਦੇ ਠੀਕ ਹੋਣ ਤੇ ਜਲਦੀ ਮੈਂ ਸਾਰੇ ਪੈਸੇ ਵਾਪਿਸ ਕਰ ਦੇਵਾਂਗੀ”
   “ਤੁਸੀ ਘਬਰਾਓ ਨਾ! ਮੈਂ ਹੱਲ ਕਰਦਾ ਹਾਂ ਪੈਸਿਆਂ ਦਾ” ਮੀਤੇ ਨੇ ਪ੍ਰੀਆ ਨੂੰ ਹੌਸਲਾ ਦਿੰਦੇ ਹੋਏ ਕਿਹਾ।
   ਘਰ ਦੀ ਸਾਰੀ ਕਬੀਲਦਾਰੀ ਮੀਤੇ ਕੋਲ ਹੀ ਸੀ, ਫ਼ਸਲ ਦੇ ਪੈਸਿਆਂ ਦਾ ਹਿਸਾਬ ਵੀ ਮੀਤਾ ਹੀ ਰੱਖਦਾ ਸੀ।ਉਸਨੇ ਆੜ੍ਹਤੀਏ ਕੋਲੋ 1 ਲੱਖ ਰੁਪਏ ਲੈਕੇ ਪ੍ਰੀਆ ਦੇ ਦੱਸੇ ਹੋਏ ਬੈਂਕ ਖਾਤੇ ਵਿੱਚ ਪਵਾ ਦਿੱਤੇ।
     ਅਗਲੇ ਦਿਨ ਮੀਤੇ ਨੇ ਪ੍ਰੀਆ ਨੂੰ ਫੋਨ ਕੀਤਾ, ਪਰ ਅੱਗੋ ਉਸਨੇ ਚੁੱਕਿਆ ਨਾ। ਉਸਨੇ ਸੋਚਿਆ ਹਸਪਤਾਲ ਹੋਣ ਕਰਕੇ ਨਹੀਂ ਚੁੱਕਿਆ ਹੋਣਾ, ਬਾਅਦ ਵਿੱਚ ਫ੍ਰੀ ਹੋਕੇ ਆਪ ਹੀ ਕਰ ਲਵੇਗੀ।
    ਇਸੇ ਤਰ੍ਹਾਂ ਕਈ ਦਿਨ ਚਲਦਾ ਰਿਹਾ, ਮੀਤੇ ਨੂੰ ਪ੍ਰੀਆ ਦੇ whats app ਤੇ ਜਵਾਬ ਆਉਣੋਂ ਹਟ ਗਏ ਅਤੇ ਫੋਨ ਵੀ ਨਹੀਂ ਚੁੱਕ ਰਹੀ ਸੀ। ਮੀਤਾ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ।
    ਕੁਝ ਦਿਨਾਂ ਬਾਅਦ ਮੀਤੇ ਦੇ ਵਾਰ ਵਾਰ ਫੋਨ ਕਰਨ ਤੇ ਚੁੱਕ ਲਿਆ, ਅੱਗੇ ਤੋਂ ਪ੍ਰੀਆ ਨਹੀ ਕੋਈ ਹੋਰ ਬੋਲ ਰਿਹਾ ਸੀ।
   ਮੀਤੇ ਨੇ ਹਲਕੀ ਜਿਹੀ ਆਵਾਜ਼ ਵਿੱਚ ਪੁੱਛਿਆ “ਜੀ ਪ੍ਰੀਆ ਨਾਲ ਗੱਲ ਕਰਨੀ ਸੀ”
  “ਤੂੰ ਕੌਣ ਬੋਲਦੈ! ਅੱਗੋਂ ਜਵਾਬ ਆਇਆ।
  “ਜੀ! ਮੈਂ ਉਸਦਾ ਦੋਸਤ ਬੋਲਦਾ”
   “ਕਿਹੜਾ ਦੋਸਤ ? ਮੈਂ ਉਸਦਾ ਬੁਆਏਫ੍ਰੈਡ ਹਾਂ। ਤੇਰੀ ਦੁਬਾਰਾ ਕਾਲ ਨਹੀਂ ਆਉਣੀ ਚਾਹੀਦੀ ਇਸ ਨੰਬਰ ਤੇ”
    “ਬੁਆਏਫ੍ਰੈਂਡ!! ਪਰ ਪ੍ਰੀਆ ਤਾਂ ਮੈਨੂੰ ਪਿਆਰ ਕਰਦੀ ਐ, ਅਸੀਂ  ਤਾਂ ਵਿਆਹ ਕਰਵਾਉਣਾ ਆਪਸ ਵਿੱਚ, ਉਸਦੇ ਪਿਤਾ...

ਦੇ ਇਲਾਜ ਲਈ ਮੈਂ ਤਾਂ ਉਸਨੂੰ ਪੈਸੇ ਵੀ ਭੇਜੇ ਹਨ”
    “ਕੋਈ ਪੈਸੇ ਨਹੀਂ ਮਿਲੇ ਤੇਰੇ ਸਾਨੂੰ, ਨਾਂ ਹੀ ਉਸਦਾ ਪਿਤਾ ਬਿਮਾਰ ਐ”
    “ਏਦਾਂ ਕਿਵੇਂ ਹੋ ਸਕਦੈ, ਮੈਨੂੰ ਉਸਨੇ ਖੁਦ ਦੱਸਿਆ”
  “ਮੈਨੂੰ ਨਹੀਂ ਪਤਾ ਤੈਨੂੰ ਕੀ ਦੱਸਿਐ, ਪ੍ਰੀਆ ਮੇਰੇ ਕੋਲ ਹੀ ਐ, ਆਹ ਗੱਲ ਕਰਲੈ ਉਸ ਨਾਲ”
   “ਹਾਂ ਬੋਲ ਕੌਣ ਬੋਲਦੈ” ਅੱਗੋ ਪ੍ਰੀਆ ਬੜੇ ਰੁੱਖੇ ਲਹਿਜੇ ਨਾਲ ਬੋਲੀ।
  “ਪ੍ਰੀਆ! ਮੈਂ ਮੀਤਾ!”
   “ਕਿਹੜਾ ਮੀਤਾ! ਮੈਂ ਨਹੀਂ ਜਾਣਦੀ ਕਿਸੇ ਮੀਤੇ ਨੂੰ, ਮੈਨੂੰ ਵਾਪਿਸ ਫੋਨ ਨਾ ਕਰੀ ਨਹੀਂ ਪੁਲਿਸ ਕੇਸ ਕਰਵਾ ਦੂ, ਮੈਨੂੰ ਤੰਗ ਕਰ ਰਿਹਾ ਐ”
   “ਮੇਰੇ ਪੈਸੇ ਫਿਰ!” ਮੀਤੇ ਨੇ ਦੱਬਵੀਂ ਆਵਾਜ਼ ਵਿੱਚ ਕਿਹਾ।
   “ਕਿਹੜੇ ਪੈਸੇ! ਮੇਰੇ ਕੋਲ ਕੋਈ ਤੇਰੇ ਪੈਸੇ ਨੀ, ਲਗਦਾ ਪੁਲਿਸ complaint ਕਰਵਾਉਣੀ ਹੀ ਪੈਣੀ ਐ, ਐਵੇਂ ਨੀ ਹਟਦਾ ਤੂੰ ਮੈਨੂੰ ਬਲੈਕਮੇਲ ਕਰਨੋਂ” ਆਖ ਕੇ ਪ੍ਰੀਆ ਨੇ ਫੋਨ ਕੱਟ ਦਿੱਤਾ।
      ਮੀਤਾ ਇਹ ਸਭ ਸੁਣ ਕੇ ਇਕਦਮ ਸਦਮੇ ਵਿੱਚ ਚਲਾ ਗਿਆ, ਉਸਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੇ। ਜਿਸ ਕੁੜੀ ਨੂੰ ਪਿਆਰ ਕਰ ਬੈਠਾ ਸੀ, ਉਹ ਉਸਨੂੰ ਧੋਖਾ ਕਰਕੇ ਪੈਸੇ ਵੀ ਲੁੱਟ ਕੇ ਲੈ ਗਈ। ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਹੋਣ ਵਾਲੀਆਂ ਠੱਗੀਆ ਬਾਰੇ ਅਕਸਰ ਸੁਣਦਾ ਸੀ, ਉਹ ਉਸ ਨਾਲ ਹੀ ਵਾਪਰ ਚੁੱਕੀ ਸੀ।
      ਮੀਤਾ ਬਹੁਤ ਡਰ ਚੁੱਕਾ ਸੀ, ਉਸਨੇ ਪੈਸੇ ਵੀ ਘਰ ਬਿਨਾ ਦੱਸੇ ਤੋ ਦਿੱਤੇ ਸੀ। ਥੋੜੀ ਕੂ ਤਾਂ ਫ਼ਸਲ ਹੋਈ ਸੀ, ਉਸਦੇ ਹੀ ਪੈਸੇ ਪ੍ਰੀਆ ਨੂੰ ਦੇ ਦਿੱਤੇ ਸੀ। ਹੁਣ ਫ਼ਿਕਰ ਸੀ ਘਰ ਕੀ ਦੱਸੇਗਾ ਅਤੇ ਘਰਦਾ ਖਰਚ ਕਿੱਥੋ ਕਰੇਗਾ। ਜਦੋਂ ਪਿੰਡ ਵਿੱਚ ਪਤਾ ਲੱਗੇਗਾ ਤਾਂ ਕੀ ਇੱਜ਼ਤ ਰਹੇਗੀ। ਬਹੁਤ ਬੇਜ਼ਤੀ ਹੋ ਜਾਣੀ ਐ।
     ਉਸਨੂੰ ਕੋਈ ਹੱਲ ਨਹੀਂ ਲੱਭ ਰਿਹਾ ਸੀ। ਮੀਤਾ ਹੌਸਲਾ ਕਰਕੇ ਉਠਿਆ, ਉਸਨੇ ਮਨ ਬਣਾ ਲਿਆ ਕੇ ਹੁਣ ਸਭ ਖਤਮ ਹੋ ਚੁੱਕਾ,
     ਮੀਤੇ ਨੇ ਖੇਤ ਪਈ ਸਪਰੇਅ ਚੁੱਕ ਕੇ ਮੂੰਹ ਨੂੰ ਲਗਾ ਲਈ, ਇੱਕੋ ਹੀ ਸਾਹ ਅੱਧੀ ਪੀ ਗਿਆ। ਕੁਝ ਚਿਰ ਬਾਅਦ ਉਸਦੀ ਸਿਹਤ ਵਿਗੜਨ ਲੱਗੀ, ਮੂੰਹ ਵਿੱਚੋ ਝੱਗ ਆਉਣ ਲੱਗ ਪਈ ਤੇ ਮੀਤਾ ਜ਼ਮੀਨ ਤੇ ਡਿੱਗ ਪਿਆ।
   ਥੋੜੀ ਦੂਰ ਆਪਣੇ ਖੇਤ ਵਿੱਚ ਕੰਮ ਕਰ ਰਹੇ ਤਾਰੀ ਦੀ ਅਚਾਨਕ ਨਜ਼ਰ ਮੀਤੇ ਤੇ ਪਈ। ਉਹ ਭੱਜ ਕੇ ਓਥੇ ਆਇਆ।
ਮੀਤਾ ਬੇਹੋਸ਼ ਹੋ ਚੁੱਕਾ ਸੀ।
    ਤਾਰੀ ਨੇ ਹਿੰਮਤ ਕਰਕੇ ਹੋਰ ਮੁੰਡਿਆ ਨੂੰ ਬੁਲਾ ਕੇ ਤਾਰੀ ਨੂੰ ਆਪਣੇ ਟਰੈਕਟਰ ਤੇ ਪਿੰਡ ਦੇ ਡਾਕਟਰ ਕੋਲ ਲਿਆਂਦਾ।
ਡਾਕਟਰ ਨੇ ਚੈੱਕ ਕਰਕੇ ਕਿਹਾ “ਇਸਨੇ ਸਪਰੇਅ ਪੀਤੀ ਐ, ਜਲਦੀ ਇਸਨੂੰ ਸ਼ਹਿਰ ਹਸਪਤਾਲ ਵਿੱਚ ਲੈ ਜਾਓ”
    ਸਾਰਾ ਪਿੰਡ ਇਕੱਠਾ ਹੋਗਿਆ ਸੀ, ਮੀਤੇ ਨੂੰ ਫਟਾ ਫਟ ਚੁੱਕ ਕੇ ਸ਼ਹਿਰ ਹਸਪਤਾਲ ਲਿਜਾਇਆ ਗਿਆ। ਪਰ ਮੀਤੇ ਦੀ ਪਹਿਲਾ ਹੀ ਮੌਤ ਹੋ ਚੁੱਕੀ ਸੀ।
   ਗ਼ਮਗੀਨ ਮਾਹੌਲ ਵਿਚ ਮੀਤੇ ਦਾ ਮ੍ਰਿਤਕ ਸਰੀਰ ਘਰ ਵਾਪਿਸ ਲਿਆਂਦਾ ਗਿਆ। ਸਾਰੇ ਪਿੰਡ ਦੀਆ ਅੱਖਾਂ ਵਿੱਚ ਹੰਜੂ ਸੀ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸਾਰਿਆ ਨੂੰ ਹਸਾਉਣ ਵਾਲਾ ਮੀਤਾ ਏਦਾ ਇਕ ਦਮ ਛੱਡ ਕੇ ਚਲਾ ਜਾਵੇਗਾ।ਮੀਤੇ ਦੀ ਮਾਂ ਦੀਆਂ ਚੀਕਾਂ ਝੱਲੀਆਂ ਨਹੀਂ ਜਾ ਰਹੀਆਂ ਸੀ। ਬੁੱਢੇ ਮਾਂ ਪਿਓ ਦਾ ਇੱਕੋ ਇੱਕ ਸਹਾਰਾ ਉਹਨਾਂ ਨੂੰ ਰੋਂਦਿਆ ਛੱਡ ਕੇ ਚਲਾ ਗਿਆ ਸੀ।
    ਪਰ ਪ੍ਰੀਆ ਇੱਕ ਭੋਲੇ ਭਾਲੇ ਇਨਸਾਨ ਨਾਲ ਧੋਖਾ ਕਰਕੇ ਪੈਸੇ ਲੁੱਟ ਕੇ ਆਪਣੇ ਪ੍ਰੇਮੀ ਨਾਲ ਖੁਸ਼ ਹੋ ਰਹੀ ਸੀ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਨੇ ਕਿੰਨਾ ਵੱਡਾ ਪਾਪ ਕੀਤਾ ਹੈ। ਜਿਸਦਾ ਲੇਖਾ ਕਿਸੇ ਨਾਂ ਕਿਸੇ ਦਿਨ ਦੇਣਾ ਹੀ ਪੈਣਾ ਹੈ…..ਸਮਾਪਤ

(ਸਾਡੇ ਸਮਾਜ ਅੰਦਰ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਵਾਪਰ ਰਹੀਆਂ ਨੇ, ਲੋਕੀ ਆਪਣੇ ਲਾਲਚ ਦੀ ਖਾਤਿਰ ਦੂਸਰੇ ਲੋਕਾਂ ਨਾਲ ਧੋਖੇ ਕਰ ਰਹੇ ਹਨ। Spam ਕਾਲਾਂ ਜਾ ਮੈਸੇਜ ਕਰਕੇ ਲੋਕਾਂ ਦੇ ਬੈਂਕ ਖਾਤਿਆ ਨਾਲ ਠੱਗੀ ਹੋ ਰਹੀ ਹੈ ਅਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਲੜਕੀਆਂ ਵੱਲੋਂ ਖੁਦ ਹੀ ਵੀਡਿਉ call ਕਰਕੇ ਉਕਸਾ ਕੇ ਗਲਤ ਤਰੀਕੇ ਨਾਲ ਵੀਡਿਉ ਰਿਕਾਰਡ ਕਰਕੇ ਬਲੈਕਮੇਲ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਲਈ ਅਜਿਹੇ ਮਾਮਲਿਆਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਹੋ ਹੋਰ ਕੋਈ ਮੀਤਾ ਨਾ ਬਣ ਜਾਵੇ, ਧੰਨਵਾਦ 🙏)

✍️Deep dhaliwal
Insta ID deep_dhaliwall

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)