More Punjabi Kahaniya  Posts
ਇੱਕ ਨਜ਼ਰ (ਗੁਰਦੀਪ ਰੱਖੜਾ)


ਇੱਕ ਨਜ਼ਰ (ਇਬਾਦਤ-ਏ-ਨੂਰ) 

ਰੁੱਖ ਫੁੱਲਾਂ ਦੀ ਬਾਰਿਸ਼ ਕਰਦੇ 
ਨੇ ਕਰਦੇ ਤੇਰੇ ਵਾਸਤੇ 
ਬਿਨ ਮਰਜ਼ੀ ਤੈਂਨੂੰ ਦੇਖਣ ਦੀ
ਇੱਕ ਗ਼ਲਤੀ ਕਰਦੇ ਮਾਫ਼ ਤੇ 
ਤੇਰੀ ਇੱਕ ਨਜ਼ਰ ਨੂੰ ਪਾਉਣ ਲਈ 
ਅਸੀਂ ਸਭ ਕੁਝ ਦਾਅ ਤੇ ਲਾਇਆ ਏ 
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ 
ਮੈਂ ਆਪਣਾ ਹੋਸ਼ ਗਵਾਇਆ ਏ
ਕੀ ਹਾਂ ਤੇ ਕੌਣ ਹਾਂ ਮੈਂ 
ਸਭ ਕੁਝ ਹੀ ਤੂੰ ਭੁਲਾਇਆ ਏ

ਗੁਰਦੀਪ ਰੱਖੜਾ 

~

ਰੋਜ਼ ਵਾਂਗ ਅੱਜ ਵੀ ਸਵੇਰੇ ਜਲਦੀ ਉੱਠ ਆਪਣੇ ਘਰ ਵਾਲੀ ਛੱਤ ਤੇ ਕਸਰਤ ਕਰਨ ਲਈ ਚਲਾ ਗਿਆ ਗਿਆ। ਅੱਜ ਤਕਰੀਬਨ ਵੀਹ ਪੱਚੀ ਦਿਨ ਹੀ ਹੋਏ ਸੀ ਕਸਰਤ ਕਰਦਿਆਂ ਨੂੰ, ਜਦੋਂ ਨਵਾਂ ਨਵਾਂ ਸਵੇਰੇ ਇੰਨੀ ਜਲਦੀ ਉੱਠਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਹੀ ਔਖਾ ਜਿਆ ਲੱਗਦਾ ਸੀ ਐਨੀ ਜਲਦੀ ਉਠਣਾ, ਪਰ ਹੁਣ ਤੇ ਆਦਤ ਜੀ ਪੈ ਗਈ ਸੀ, ਉਦੋਂ ਤਾਂ ਛੱਤ ਤੇ ਜਾਣ ਵਾਲੀਆਂ ਪੌੜੀਆਂ ਵੀ ਪਹਾੜ ਚੜ੍ਹਨ ਦੇ ਬਰਾਬਰ ਲੱਗਦੀਆਂ ਸੀ। ਅੱਜ ਦਾ ਦਿਨ ਬਹੁਤ ਸੋਹਣਾ ਜਿਆ ਲੱਗ ਰਿਹਾ ਸੀ, ਰਾਤੀਂ ਮੀਂਹ ਵੀ ਪੈ ਕੇ ਹਟਿਆ ਸੀ ਜਿਸ ਕਰਕੇ ਮੋਸਮ ਵੀ ਠੰਡਾ ਸੀ। ਠੰਡੀ ਠੰਡੀ ਹਵਾ ਵੀ ਚੱਲ ਰਹੀ ਸੀ ਤੇ ਚਿੜੀਆਂ ਦੀਆਂ ਆਵਾਜ਼ਾਂ ਵੀ ਮਨ ਨੂੰ ਬਹੁਤ ਹੀ ਸਕੂਨ ਜਿਆ ਦੇ ਰਹੀਆਂ ਸੀ, ਇੰਝ ਲੱਗ ਰਿਹਾ ਸੀ ਜਿਵੇਂ ਕਿ ਉਹ ਮੈਂਨੂੰ ਆਪਣਾ ਮਨਪਸੰਦੀ ਗੀਤ ਗਾ ਕੇ ਸੁਣਾ ਰਹੀਆਂ ਹੋਣ ਤੇ ਓਥੇ ਉਹਨਾਂ ਨੂੰ ਸੁਣਨ ਵਾਲਾ ਮੈਂ ਇਕੱਲਾ ਹੀ ਦਰਸ਼ਕ ਹੋਵਾ। 

ਅਜੇ ਕਸਰਤ ਕਰਨ ਲਈ ਮੈਂ ਖੁਦ ਨੂੰ ਤਿਆਰ ਹੀ ਕਰ ਰਿਹਾ ਸੀ ਕਿ ਅਚਾਨਕ ਮੇਰੀ ਨਿਗ੍ਹਾ ਸਾਡੇ ਘਰ ਦੇ ਸਾਹਮਣੇ ਦੇ ਦੋ ਤਿੰਨ ਘਰ ਛੱਡ ਕੇ ਇੱਕ ਛੱਤ ਤੇ ਪਈ। ਇਹ ਸਾਡੇ ਘਰ ਤੋਂ ਕੋਈ ਬਹੁਤੀ ਦੂਰ ਨਹੀਂ ਸੀ, ਉਹਨਾਂ ਦੇ ਘਰ ਦੀ ਛੱਤ ਤੇ ਪਈ ਹਰੇਕ ਚੀਜ਼ ਐਥੋਂ ਬੜੀ ਸਾਫ਼ ਦਿਸਦੀ। 
ਮੇਰਾ ਸਾਰਾ ਧਿਆਨ ਕਸਰਤ ਤੋਂ ਹਟਕੇ ਉਹਨਾਂ ਦੇ ਘਰ ਦੀ ਛੱਤ ਤੇ ਖੜ੍ਹੀ ਇੱਕ ਕੁੜੀ ਤੇ ਜਾਕੇ ਪਿਆ, ਜੋ ਕਿ ਬਹੁਤ ਸੋਹਣੀ ਲੱਗ ਰਹੀ ਸੀ ਜਿਸਨੇ ਪੀਲੇ ਰੰਗ ਦਾ ਸੂਟ ਤੇ ਵਾਲ ਜਿਹੇ ਖੁੱਲੇ ਛੱਡੇ ਹੋਏ ਸੀ, ਇਹ ਕੁੜੀ ਮੈਂਨੂੰ ਇੱਥੇ ਪਰੋਣੀ ਆਈ ਜਾਪਦੀ ਸੀ, ਕਿਉਂਕਿ ਮੈਂ ਇਸ ਨੂੰ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਦੇਖਿਆ। ਉਹ ਬਹੁਤ ਹੀ ਸੋਹਣੀ ਸੀ ਜਿਸ ਦੀ ਸੁੰਦਰਤਾ ਦੀ ਤਰੀਫ਼ ਕਰਨੀ ਮੇਰੇ ਵੱਸੋਂ ਬਾਹਰ ਹੈ, ਇੰਝ ਜਾਪ ਰਿਹਾ ਸੀ ਜਿਵੇਂ ਕਿ ਚਿੱਟੇ ਚਿੱਟੇ ਬੱਦਲਾਂ ਨੇ ਹੁਣੇ ਬਣਾ ਕੇ ਨੀਚੇ ਉਤਾਰੀ ਹੋਵੇ। ਐਨੀ ਸੋਹਣੀ ਕੁੜੀ ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ ਪਹਿਲਾਂ ਕਦੇ ਵੀ ਨ੍ਹੀ ਸੀ ਦੇਖੀ। ਮੈਂ ਉਸਨੂੰ ਦੇਖਦਾ ਹੀ ਰਹਿ ਗਿਆ ਸੀ ਤੇ ਆਪਣੀ ਕਸਰਤ ਕੁਸਰਤ ਕਿਧਰੇ ਹੀ ਭੁੱਲ ਗਿਆ ਸੀ। 

ਉਹ ਛੱਤ ਤੇ ਕਿਸੇ ਛੋਟੇ ਜਿਹੇ ਬੱਚੇ ਨਾਲ ਖੇਡ ਰਹੀ ਸੀ, ਉਹ ਬੱਚਾ ਤਾਂ ਸਾਡੇ ਹੀ ਪਿੰਡ ਦਾ ਸੀ ਜਿਹਨਾਂ ਘਰੇ ਉਹ ਪਰੋਣੀ ਆਈ ਹੋਈ ਸੀ। ਉਹ ਬੱਚਾ ਅੱਗੇ ਅੱਗੇ ਭੱਜ ਰਿਹਾ ਸੀ ਤੇ ਉਹ ਉਸਦੇ ਪਿੱਛੇ ਪਿੱਛੇ, ਉਹ ਹੱਸਦੀ ਖੇਡ ਰਹੀ ਸੀ ਤੇ ਹੱਸਦੀ ਹੋਰ ਵੀ ਪਿਆਰੀ ਲੱਗ ਰਹੀ ਸੀ। ਹਲਕੀ ਹਲਕੀ ਤੇ ਠੰਡੀ ਠੰਡੀ ਹਵਾ ਵੀ ਉਸਦੇ ਖੁੱਲੇ ਵਾਲਾ ਨੂੰ ਉਡਾ ਰਹੀ ਸੀ ਤੇ ਉੱਡਦੇ ਵਾਲ ਉਸਦੇ ਚਿਹਰੇ ਤੇ ਖੇਡ ਰਹੇ ਸੀ। ਮੈਂ ਉਸਦੀਆਂ ਸਾਰੀਆਂ ਹਰਕਤਾਂ ਨੂੰ ਦੂਰ ਖੜਾ ਬਹੁਤ ਹੀ ਗੌਰ ਨਾਲ ਦੇਖੀ ਜਾ ਰਿਹਾ ਸੀ। ਪਰ ਉਸ ਨੇ ਅਜੇ ਤੱਕ ਇੱਕ ਨਜ਼ਰ ਮੇਰੇ ਵੱਲ ਦੇਖਿਆ ਨਾ, ਜਿਸ ਕਰਕੇ ਮੈਂਨੂੰ ਬਹੁਤ ਹੀ ਬੇਚੈਨੀ ਜੀ ਹੋ ਰਹੀ ਸੀ। ਮੇਰਾ ਮਨ ਤਾਂ ਕਰ ਰਿਹਾ ਸੀ ਕਿ ਮੈਂ ਭੱਜ ਉਹਨਾਂ ਦੀ ਛੱਤ ਤੇ ਚੱਲ ਜਾਵਾਂ ਤੇ ਉਸਨੂੰ ਉਸ ਬਾਰੇ ਪੁੱਛਾ ਕਿ ਉਹ ਕੌਣ ਹੈ..? ਤੇ ਉਹ ਐਥੇ ਕਿੰਨੇ ਦਿਨਾਂ ਲਈ ਆਈ ਹੈ..? ਹੋਰ ਬਹੁਤ ਗੱਲਾਂ ਦੇ ਵਲਵਲੇ ਜੇ ਜ਼ਿਹਨ ਵਿੱਚ ਬਣੀ ਜਾ ਰਹੇ ਸੀ ਜੋ ਉਸ ਕੋਲੋ ਪੁੱਛਣ ਦਾ ਦਿਲ ਕਰ ਰਿਹਾ ਸੀ,,,, 

~
…. ਅੱਜ ਛੱਤ ਤੇ ਹੀ ਰਹਿਣਾ…? ਨੀਚੇ ਨ੍ਹੀ ਆਉਣਾ ਹੁਣ….? 

ਨੀਚੇ ਤੋਂ ਜ਼ੋਰ ਨਾਲ ਆਵਾਜ਼ ਆਈ, ਇਹ ਆਵਾਜ਼ ਮੇਰੀ ਮਾਂ ਨੇ ਦਿੱਤੀ ਸੀ ਕਿਉਂਕਿ ਮੈਂ ਅੱਜ ਤੋਂ ਪਹਿਲਾਂ ਇੰਨਾ ਸਮਾਂ ਕਦੀ ਵੀ ਨਹੀਂ ਸੀ ਛੱਤ ਤੇ ਖਲੋਤਾ… ਪਰ ਅੱਜ ਤਾਂ ਮੇਰਾ ਨੀਚੇ ਜਾਣ ਨੂੰ ਦਿਲ ਹੀ ਨਹੀਂ ਸੀ ਕਰ ਰਿਹਾ… 

ਨਿੱਚੋ ਫ਼ੇਰ ਤੋਂ ਮੰਮੀ ਦੀ ਆਵਾਜ਼ ਆਈ… 

ਮੰਮੀ :- ਪੁੱਤ ਦਫ਼ਤਰ ਲਈ ਦੇਰੀ ਹੋ ਰਹੀ ਹੈ… ਆਕੇ ਨਹਾ ਲੈ ਹੁਣ ਤੇ ਜਾ ਦਫ਼ਤਰ…. 

ਸਮਾਂ ਸੱਚੀਓ ਬਹੁਤ ਹੋ ਗਿਆ ਸੀ.. ਜਿਸਦਾ ਮੈਂਨੂੰ ਰਤਾ ਵੀ ਪਤਾ ਨਾ ਲੱਗਾ… ਕਿਉਂਕਿ ਮੇਰਾ ਸਾਰਾ ਧਿਆਨ ਤਾਂ ਉਸ ਕੁੜੀ ਵੱਲ ਸੀ… ਇਸ ਵੇਲ਼ੇ ਕੋਈ ਬਹੁਤੇ ਲੋਕ ਨਹੀਂ ਸੀ ਆਉਂਦੇ ਉਪਰ ਛੱਤ ਤੇ ਸਿਰਫ਼ ਮੈਂ ਤੇ ਉਹ ਕੁੜੀ ਹੀ ਦਿਖਾਈ ਦੇ ਰਹੇ ਸੀ…। 

ਜਿਸ ਬੱਚੇ ਨਾਲ ਉਹ ਖੇਡ ਰਹੀ ਸੀ ਉਹ ਖੇਡ ਦਾ ਖੇਡ ਦਾ ਨੀਚੇ ਵੱਲ ਭੱਜ ਗਿਆ ਤੇ ਉਹ ਕੁੜੀ ਵੀ ਜਿਵੇਂ ਖੇਡ ਦੀ ਖੇਡ ਦੀ ਥੱਕ ਜੀ ਗਈ ਹੋਵੇ ਤੇ ਸਾਹ ਲੈਣ ਲਈ ਓਥੇ ਹੀ ਪਏ ਮੰਜੇ ਤੇ ਬੈਠ ਗਈ, ਇਧਰ ਉਧਰ ਦੇਖਣ ਲੱਗੀ ਤੇ ਅਚਾਨਕ ਉਸਦੀ ਨਿਗ੍ਹਾ ਮੇਰੇ ਤੇ ਵੀ ਪਈ….. 

ਨੀਰਾ ਹੀ ਨਸ਼ਾ ਸੀ ਉਹਦੀਆਂ ਅੱਖਾਂ ਵਿੱਚ,… ਬਹੁਤ ਡੂੰਘਾ ਸਮੁੰਦਰ ਪਿਆਰ ਦਾ …. ਇੱਕ ਤੇਜ਼ ਰਫਤਾਰ ਨਾਲ ਜਿਵੇਂ ਮੇਰੇ ਤੇ ਕਿਸੇ ਨੇ ਵਾਰ ਕੀਤਾ ਹੋਵੇ ਤੇ ਮੇਰੇ ਕੋਲੋਂ ਸੰਭਾਲਿਆ ਨਾ ਸੰਭਲ ਰਿਹਾ ਹੋਵੇ,,,  ਮੇਰੇ ਤੋਂ ਬਹੁਤ ਦੂਰ ਨਹੀਂ ਸੀ ਉਹ, ਪਰ ਫ਼ੇਰ ਵੀ ਬਹੁਤ ਦੂਰ ਸੀ… ਸਾਡੇ ਦੋਵਾਂ ਵਿਚਕਾਰ ਇੰਨਾਂ ਕੁ ਫਾਸਲਾ ਸੀ ਜਿੰਨਾਂ ਕਿ ਇੱਕ ਸੁਪਨੇ ਤੇ ਹਕੀਕਤ ਵਿੱਚ ਹੁੰਦਾ ਹੈ… ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ ਸੀ….. ਜਿਸਦੀਆਂ ਅੱਖਾਂ ਨੇ ਮੇਰੀ ਸੁਰਤ ਭੁਲਾ ਦਿੱਤੀ ਹੋਵੇ….. 

ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ 
ਮੈਂ ਆਪਣਾ ਹੋਸ਼ ਗਵਾਇਆ ਏ, 
ਕੀ ਹਾਂ ਤੇ ਕੌਣ ਹਾਂ ਮੈਂ 
ਸਭ ਕੁਝ ਹੀ ਤੂੰ ਭੁਲਾਇਆ ਏ 

ਲੱਖ ਸਕਦੇ ਜਾਵਾਂ ਓਸ ਰੱਬ ਤੇ 
ਜਿਸਨੇ ਤੈਂਨੂੰ ਬਣਾਇਆ ਏ,
ਕੱਲੇ ਕੱਲੇ ਤਾਰੇ ਨੇ 
ਤੈਂਨੂੰ ਆਣ ਜਿਵੇਂ ਸਜਾਇਆ ਏ 
ਲੱਗਦਾ ਤੇਰੇ ਲਈ ਹੀ ਚਿੜੀਆਂ ਨੇ 
ਆਪਣਾ ਮਨਪਸੰਦੀ ਗੀਤ ਗਾਇਆ ਏ 
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ 
ਮੈਂ ਆਪਣਾ ਹੋਸ਼ ਗਵਾਇਆ ਏ, 

ਚਿੱਟੇ ਬੱਦਲਾਂ ਤੋਂ ਰੰਗ ਲੈ 
ਜਿਵੇਂ ਤੈਂਨੂੰ ਸੂਟ ਸਵਾਇਆ ਏ 
ਤੇਰੀਆਂ ਗੱਲਾਂ ਦਾ ਰੰਗ ਜਿਵੇਂ 
ਸੋਹਣੇ ਫੁੱਲਾਂ ਤੋਂ ਬਣ ਆਇਆ ਏ 
ਕਿਸੇ ਇਨਸਾਨ ਦਾ ਨਹੀਂ 
ਲੱਗਦੀ ਕੁਦਰਤ ਦਾ ਜਾਇਆ ਏ 
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ 
ਮੈਂ ਆਪਣਾ ਹੋਸ਼ ਗਵਾਇਆ ਏ, 

ਰੁੱਖ ਫੁੱਲਾਂ ਦੀ ਬਾਰਿਸ਼ ਕਰਦੇ 
ਨੇ ਕਰਦੇ ਤੇਰੇ ਵਾਸਤੇ 
ਬਿਨ ਮਰਜ਼ੀ ਤੈਂਨੂੰ ਦੇਖਣ ਦੀ
ਇੱਕ ਗ਼ਲਤੀ ਕਰਦੇ ਮਾਫ਼ ਤੇ 
ਤੇਰੀ ਇੱਕ ਨਜ਼ਰ ਨੂੰ ਪਾਉਣ ਲਈ 
ਅਸੀਂ ਸਭ ਕੁਝ ਦਾਅ ਤੇ ਲਾਇਆ ਏ 
ਤੇਰੀਆਂ ਅੱਖਾਂ ਨੂੰ ਦੇਖ ਸੱਜਣਾਂ 
ਮੈਂ ਆਪਣਾ ਹੋਸ਼ ਗਵਾਇਆ ਏ
ਕੀ ਹਾਂ ਤੇ ਕੌਣ ਹਾਂ ਮੈਂ 
ਸਭ ਕੁਝ ਹੀ ਤੂੰ ਭੁਲਾਇਆ ਏ

~

ਉਹ ਦੇਖਦੀ ਦੇਖਦੀ ਛੱਤ ਤੋਂ ਨੀਚੇ ਨੂੰ ਚਲੀ ਗਈ… 
ਤੇ ਮੈਂਨੂੰ ਵੀ ਨੀਚੋਂ ਮੰਮੀ ਨੇ ਹੁਣ ਤੱਕ ਬਹੁਤ ਹਾਕਾਂ ਮਾਰੀਆਂ ਸੀ… 
ਮੈਂ ਵੀ ਭੱਜ ਨੀਚੇ ਉਤਰ ਗਿਆ ਤੇ ਮੰਮੀ ਆਖਣ ਲੱਗੀ 
… 
ਮੰਮੀ :- ਕੀ ਗੱਲ ਤੂੰ ਜਾਣਾ ਨ੍ਹੀ ਕੰਮ ਤੇ ਅੱਜ…. ਸਮਾਂ ਤਾਂ ਦੇਖ ਕੀ ਹੋਇਆ ਏ…. 

ਮੈਂ :- ਉਹ.. ਮੰਮੀ ਸਮੇਂ ਦਾ ਪਤਾ ਹੀ ਨ੍ਹੀ ਲੱਗਿਆ…. ਵਾਲਾ ਟਾਈਮ ਹੋ ਗਿਆ ਏ… ਮੈਂ ਜਲਦੀ ਜਲਦੀ ਤਿਆਰ ਹੁੰਨਾਂ… 

ਮੈਂ ਜਲਦੀ ਨਹਾਂ ਕੇ ਤਿਆਰ ਹੋ ਬਿਨਾਂ ਰੋਟੀ ਖਾਏ… ਕੰਮ ਤੇ ਚਲਾ ਗਿਆ…. ਮੰਮੀ ਨੂੰ ਲੱਗਿਆ ਕਿ ਸ਼ਾਇਦ ਮੈਂਨੂੰ ਦੇਰੀ ਹੋਣ ਦੇ ਚੱਕਰ ਵਿੱਚ ਨ੍ਹੀ ਮੈਂ ਰੋਟੀ ਖਾਦੀ…. ਪਰ ਮੈਂਨੂੰ ਤਾਂ ਹੁਣ ਭੁੱਖ ਲੱਗ ਹੀ ਨ੍ਹੀ ਸੀ ਰਹੀ.. ਮੰਮੀ ਨੇ ਮੇਰੀ ਰੋਟੀ ਵਾਲੇ ਡੱਬੇ ਵਿੱਚ ਰੋਟੀ ਜ਼ਿਆਦਾ ਪਾ ਦਿੱਤੀ ਕਿਉਂਕਿ ਉਹਨਾਂ ਨੂੰ ਇੰਝ ਸੀ ਕਿ ਮੈਂ ਦਫ਼ਤਰ ਜਾਕੇ ਖਾ ਲਵਾਂਗਾ….. ਪਰ ਮੈਂ ਓਥੇ ਵੀ ਕੁਝ ਨਾ ਖਾਇਆ…. । ਪਤਾ ਨ੍ਹੀ ਕਿਉਂ…. ਜਿਵੇਂ ਮੇਰੇ ਦਿਲ ਨੇ ਭੁੱਖ ਹੜਤਾਲ ਜਿਹੀ ਕਰ ਦਿੱਤੀ ਹੋਵੇ…. 

ਮੇਰਾ ਸਾਰਾ ਧਿਆਨ ਹੁਣ ਵੀ ਓਸੇ ਕੁੜੀ ਵੱਲ ਸੀ ਜਿਸਨੂੰ ਮੈਂ ਸਵੇਰੇ ਦੇਖਿਆ…. ਮੇਰਾ ਕੰਮ ਤੇ ਵੀ ਧਿਆਨ ਨਾ ਲੱਗਦਾ… ਮੇਰੇ ਬੌਸ ਨੇ ਮੈਂਨੂੰ ਦੋ ਹਾਕਾਂ ਮਾਰ ਦਿੱਤੀਆਂ ਸੀ ਜੋ ਕਿ ਮੈਂਨੂੰ ਬਿਲਕੁਲ ਵੀ ਸੁਣਾਈ ਨਹੀਂ ਸੀ ਦਿੱਤੀਆਂ…. ਇਸੇ ਲਈ ਉਹ ਆਪਣੀ ਸੀਟ ਤੋਂ ਉੱਠ ਮੇਰੇ ਕੋਲ ਆ ਗਏ…. ਤੇ ਬੋਲੇ.. 

ਬੌਸ :- ਦੀਪ… ਕੀ ਹੋਇਆ ਮੈਂ ਪੰਜਾਹ ਹਾਕਾਂ ਮਾਰ ਤੀਆਂ… ਤੇ ਤੂੰ ਇੱਕ ਦਾ ਵੀ ਜਵਾਬ ਨਾ ਦਿੱਤਾ… ਕੀ ਗੱਲ ਠੀਕ ਤਾਂ ਹੈ ਸਾਰਾ ਕੁਝ…. 

ਮੇਰੇ ਨਾਲ ਬੈਠੇ ਮੁੰਡੇ ਪ੍ਰਗਟ ਨੇ, ਜੋ ਕਿ ਮੇਰੇ ਨਾਲ ਹੀ ਕੰਮ ਕਰਦਾ ਹੈ, ਤੇ ਮੇਰਾ ਬਹੁਤ ਵਧੀਆ ਦੋਸਤ ਵੀ ਹੈ, ਉਹ ਬੋਲਿਆ …… 

ਪ੍ਰਗਟ:- ਸਰ… ਮੈਂ ਵੀ ਸਵੇਰੇ ਦਾ ਦੇਖ ਰਿਹਾ ਇਹਨੂੰ… ਪਤਾ ਨ੍ਹੀ ਕਿਹੜੀ ਦੁਨੀਆਂ ਚ ਖੋਇਆ ਪਿਆ ਇਹ…. 

ਮੈਂ ਬੋਲਿਆ… 

ਮੈਂ :- ਸਰ… ਕੁਝ ਨ੍ਹੀ ਜੀ, ਮੈਂਨੂੰ ਬਸ ਸੁਣਿਆ ਨ੍ਹੀ ਸੀ…. ਹਾਂ ਜੀ ਵੈਸੇ ਕੀ ਹੋਇਆ ਕਿਸ ਲਈ ਬੁਲਾ ਰਹੇ ਸੀ…. 

ਬੌਸ :- ਹੋਇਆ ਤਾਂ ਤੈਂਨੂੰ ਪਿਆ ਕੁਝ…. ਜੇ ਠੀਕ ਨ੍ਹੀ ਹੈਗਾ ਤਾਂ ਦੱਸਦੇ …ਨਹੀਂ ਫ਼ੇਰ ਮੈਂ ਤੈਂਨੂੰ ਕੰਮ ਦੇ ਰਿਹਾ ਉਹ ਜਲਦੀ ਕਰਕੇ ਦੇ ਮੈਂਨੂੰ… 

ਮੈਂ :- ਹਾਂ ਜੀ ਸਰ… ਮੈਂ ਕਰ ਦਿੰਨਾਂ ਜੀ…. ਤੁਸੀਂ ਦੱਸੋ ਕੀ ਕਰਨਾ….? 

ਪ੍ਰਗਟ:- ਦੀਪ.. ਮੈਂਨੂੰ ਤਾਂ ਦੱਸਦੇ ਕਿਦੇ ਖ਼ਿਆਲਾ ਚ ਖੋਇਆ ਪਿਆ ਏ…. 

ਮੈਂ :- ਕੋਈ ਨ੍ਹੀ ਜਦੋਂ ਕੋਈ ਗੱਲ ਹੋਈ ਦੱਸਦੂੰ… ਫਿਲਹਾਲ ਤਾਂ ਕੋਈ ਗੱਲ ਨ੍ਹੀ…. 

ਇੰਝ ਹੀ ਕੰਮ ਕਰਦੇ ਕਰਾਉਂਦੇ ਸਾਰਾ ਦਿਨ ਬੀਤ ਗਿਆ… ਤੇ ਘਰ ਆ ਗਿਆ… ਘਰ ਆਉਂਦਿਆ ਹੀ ਮੈਂ ਜਲਦੀ ਤੋਂ ਜਲਦੀ ਭੱਜ ਛੱਤ ਤੇ ਚੜ੍ਹ ਗਿਆ… ਮੈਂਨੂੰ ਇੰਝ ਸੀ ਕਿ ਖੋਰੇ ਉਹੀ ਕੁੜੀ ਮੈਂਨੂੰ ਫ਼ੇਰ ਤੋਂ ਦਿਸ ਜਾਵੇ… ਪਰ ਬਹੁਤਾ ਸਮਾਂ ਓਥੇ ਹੀ ਖੜ੍ਹਾ ਰਿਹਾ ਪਰ ਉਹ ਕਿਤੇ ਵੀ ਨਾ ਦਿਸੀ… ਮੇਰਾ ਮਨ ਉਦਾਸ ਜਿਹਾ ਹੋਈ ਜਾ ਰਿਹਾ ਸੀ ਕਿ ਕਿਤੇ ਉਹ ਆਪਣੇ ਘਰ ਵਾਪਿਸ ਚਲੀ ਨਾ ਗਈ ਹੋਵੇ….. ਮੈਂ ਜਿੱਥੇ ਉਹ ਪਰੋਣੀ ਆਈ ਹੋਈ ਸੀ  ਉਹਨਾਂ ਘਰ ਮੂਹਰੇ ਵੀ ਦੋ ਗੇੜੇ ਮਾਰ ਆਇਆ, ਕਿ ਖ਼ਬਰੇ ਕਿਤੇ ਦਿਸ ਹੀ ਜਾਵੇ ਪਰ ਮੇਰੀਆਂ ਕਸਾਈਆਂ ਚੱਪਲਾਂ ਦਾ ਵੀ ਕੋਈ ਮੁੱਲ ਨਾ ਪਿਆ…. ਉਹਨਾਂ ਦੇ ਘਰ ਵੱਲ ਜਾਂਦਿਆਂ ਨੇ ਮੈਂ ਦੇਖਿਆ ਕਿ ਓਥੇ ਸਾਡੇ ਪਿੰਡ ਦੇ ਹੋਰ ਵੀ ਬਹੁਤ ਮੁੰਡੇ ਖੜੇ ਸੀ… ਜਿਵੇਂ ਕਿ ਉਹ ਵੀ ਓਸੇ ਕੁੜੀ ਨੂੰ ਦੇਖਣ ਲਈ ਹੀ ਐਥੇ ਆਏ ਹੋਏ ਨੇ… ਇਹਨਾਂ ਨੂੰ ਇੰਝ ਖੜ੍ਹੇ ਦੇਖ ਮੈਂਨੂੰ ਇਹਨਾਂ ਤੇ ਗੁੱਸਾ ਵੀ ਆਈ ਜਾ ਰਿਹਾ ਸੀ… ਪਰ ਮੈਂ ਕਰ ਵੀ ਕੀ ਸਕਦਾ ਸੀ…. ਫ਼ੇਰ ਮੈਂ ਇਹ ਵੀ ਸੋਚਣ ਲੱਗਾ ਕਿ ਇਹ ਤਾਂ ਕਈ ਮੇਰੇ ਤੋਂ ਵੀ ਜ਼ਿਆਦਾ ਸੋਹਣੇ ਤੇ ਵਧੀਆ ਘਰੋਂ ਹਨ ਤੇ ਫ਼ੇਰ ਜੇ ਓਸ ਕੁੜੀ ਨੇ ਗੱਲ ਕਰਨੀ ਹੋਈ ਤਾਂ ਉਹ ਇਹਨਾਂ ਚੋਂ ਹੀ ਕਿਸੇ ਇੱਕ ਨਾਲ ਕਰ ਲਵੇਗੀ…. ਮੈਂਨੂੰ ਮੇਰਾ ਪੱਤਾ ਬਿਲਕੁਲ ਹੀ ਕੱਟਦਾ ਨਜ਼ਰ ਆ ਰਿਹਾ ਸੀ…. ਮੇਰੇ ਦਿਲ ਵਿੱਚ ਬਹੁਤ ਹੀ ਗੱਲਾਂ ਸੀ ਜੋ ਮੈਂ ਉਸ ਨਾਲ ਕਰਨਾ ਚਾਹੁੰਦਾ ਸੀ… ਤੇ ਘਰ ਆਕੇ ਸਾਰੀਆਂ ਗੱਲਾਂ ਆਪਣੀ ਡਾਇਰੀ ਨੂੰ ਹੀ ਆਪਣਾ ਯਾਰ ਬਣਾ ਇਸੇ ਨਾਲ ਕਰਨ ਲੱਗਾ…….

~

ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ
ਨੀ ਮੂਹਰੇ ਬੈਠ ਸੁਣ ਲੈ… 

ਚਿੜੀਆਂ ਦੀਆਂ ਚਿਹਕਾਂ ਸੁਣ 
ਜੀ ਜਿਆ ਲੱਗੇ
ਦਿਲ ਤੇਰੇ ਲਈ ਬਚਾਇਆ 
ਬਾਕੀ ਗਏ ਸਭ ਠੱਗੇ 
ਬੈਠਾ ਸੁਪਨੇ ਸੰਜੋਈ ਤੇਰੇ ਵਾਸਤੇ 
ਤੂੰ ਵੀ ਖ਼ੂਆਬ ਬੁਣ ਲੈ 
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ 
ਨੀ ਮੂਹਰੇ ਬੈਠ ਸੁਣ ਲੈ….. 

ਕਿੰਨੇ ਅਰਮਾਨ ਸਾਰੇ 
ਤੇਰੇ ਨਾਮ ਨੇ 
ਦੱਸਿਆ ਕਿਸੇ ਨ੍ਹੀ 
ਤਾਹੀਓਂ ਗੁਮਨਾਮ ਨੇ 
ਅਰਮਾਨਾਂ ਵਾਲੀ ਪੌਣੀ ਵਿੱਚੋਂ ਮੇਰੇ ਸੋਹਣੀਏ
ਤੂੰ ਅਰਮਾਨ ਪੁਣ ਲੈ 
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ 
ਨੀ ਮੂਹਰੇ ਬੈਠ ਸੁਣ ਲੈ….. 

ਤੇਰਾ ਹੁਸਨ ਜਿਵੇਂ ਲੱਖਾਂ ਹੀ 
ਪਤਾਸੇ ਘੋਲੇ ਨੇ 
ਅਸੀਂ ਦਿਲਾਂ ਵਾਲੇ ਭੇਤ
ਡਾਇਰੀ ਨਾਲ ਖੋਲੇ ਨੇ 
ਲੱਖਾਂ ਦੀ ਕਤਾਰ ਤੇਰੇ ਪਿੱਛੇ ਸੋਹਣੀਏ
ਨੀ ਵਿੱਚੋਂ ਸਾਨੂੰ ਚੁਣ ਲੈ 
ਕਿੰਨੀਆਂ ਨੇ ਰੀਝਾਂ ਤੇਰੇ ਵਾਸਤੇ 
ਨੀ ਮੂਹਰੇ ਬੈਠ ਸੁਣ ਲੈ….. 

~

ਰੋਟੀ ਖ਼ਾਲੋ ਲੇਖਕ ਸਾਬ ਜੇ ਲਿਖਿਆ ਗਿਆ ਹੋਵੇ ਕੁਝ…. (ਇਹ ਆਵਾਜ਼ ਮੇਰੀ ਮੰਮੀ ਦੀ ਸੀ ਜੋ ਰੋਟੀ ਖਾਣ ਲਈ ਬੁਲਾ ਰਹੇ ਸੀ)

ਮੈਂ :- ਹਾਂ ਜੀ… ਆਇਆ ਜੀ… ( ਮੈਂ ਆਪਣੀ ਡਾਇਰੀ ਤੇ ਪੇਨ ਨੂੰ ਕਿਤਾਬਾਂ ਵਾਲੇ ਰੱਖਣੇ ਵਿੱਚ ਰੱਖ ਦਿੱਤਾ ਜੋ ਕਿ ਮੇਰੇ ਤੋਂ ਬਿਨਾਂ ਕੋਈ ਵੀ ਨ੍ਹੀ ਸੀ ਖੋਲ੍ਹਦਾ) 

ਮੰਮੀ :- ਤੂੰ ਰੋਟੀ ਨ੍ਹੀ ਖਾਈ ਸੀ ਦੁਪਿਹਰ ਦੀ…? ਰੋਟੀ ਆਲਾ ਡੱਬਾ ਸਾਰਾ ਓਵੇਂ ਹੀ ਪਿਆ…? ਕੀ ਗੱਲ ਸਵੇਰੇ ਵੀ ਨ੍ਹੀ ਸੀ ਖ਼ਾਕੇ ਗਿਆ ਸੀ… ਠੀਕ ਤਾਂ ਹੈ ਸਭ (ਮੇਰੀ ਮੰਮੀ ਨੇ ਮੇਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ) 

ਮੈਂ :- ਓਹ ਸਵੇਰੇ ਲੇਟ ਹੋ ਰਿਹਾ ਸੀ ਕੰਮ ਤੋਂ ਤੇ ਓਥੇ ਬਾਹਰੋਂ ਮੰਗਵਾ ਕੇ ਖਾ ਲਿਆ ਸੀ ਕੁਝ… 11 ਕੇ ਵਜ਼ੇ ਖਾਇਆ ਸੀ ਤਾਂ ਕਰਕੇ ਦੁਪਿਹਰੇ ਆਲੀ ਭੁੱਖ ਜੀ ਵੀ ਮਰਗੀ…. (ਮੈਂ...

ਮੰਮੀ ਨੂੰ ਬਹਾਨਾ ਜਿਹਾ ਲਾ ਦਿੱਤਾ ਇਸ ਤੋਂ ਪਹਿਲਾਂ ਉਹ ਕੁਝ ਹੋਰ ਪੁੱਛਦੇ ਮੈਂ ਪਹਿਲਾਂ ਹੀ ਕਹਿ ਦਿੱਤਾ) 
ਮੰਮੀ ਰੋਟੀ ਲੈਕੇ ਆ ਜਲਦੀ ਭੁੱਖ ਲੱਗ ਰਹੀ ਆ….. 

ਮੰਮੀ :- ਹਾਂ ਲਿਆਂਦੀ ਆ…. 

ਮੈਂ :- ਬਾਕੀ ਖ਼ਾ ਲਈ ਸਭ ਨੇ… 

ਮੰਮੀ :- ਹਾਂ ਕਦੋਂ ਦੀ… ਤੂੰ ਹੀ ਪਤਾ ਨੀ ਕੀ ਲਿਖਦਾ ਰਹਿਨਾ ਏ ਕਾਪੀ ਜੀ ਚ…. ਨਾ ਦੱਸਦਾ ਕਿਸੇ ਨੂੰ ਵੀ ਕੀ ਲਿਖਦਾ…. ਤਾਂਹੀ ਕੱਲਾਂ ਜਿਆ ਰਹਿ ਜਾਨਾ ਏ…. 

ਮੈਂ :- ਹਾ.. ਹਾ.. ਕੁਝ ਨ੍ਹੀ ਆ ਇਸ ‘ਚ… ਬਸ ਉਈਂ ਲਿਖਦਾ…… ਮੈਂਨੂੰ ਵਧੀਆ ਲੱਗਦਾ…. 

ਰੋਟੀ ਖਾ ਮੈਂ ਜਲਦੀ ਸੋਣ ਦੀ ਕੋਸ਼ਿਸ ਕੀਤੀ.. ਤਾਂ ਕਿ ਮੈਂ ਸਵੇਰੇ ਜਲਦੀ ਉੱਠ ਛੱਤ ਤੇ ਜਾ ਸਕਾਂ.. ਤੇ ਜੇ ਉਹ ਕੁੜੀ ਅਜੇ ਨਾ ਗਈ ਹੋਵੇ ਕੀਤੇ ਤਾਂ ਉਸਨੂੰ ਦੇਖ ਸਕਾਂ…. 
ਰੱਬਾ ਉਹ ਕਿਤੇ ਵੀ ਨਾ ਗਈ ਹੋਵੇ ਤੇ ਸਵੇਰੇ ਜਲਦੀ ਛੱਤ ਤੇ ਆ ਜਾਵੇ….. (ਮੈਂ ਉਂਝ ਹੀ ਮਨ ਵਿੱਚ ਰੱਬ ਨੂੰ ਅਰਦਾਸਾਂ ਦੀ ਅਰਜ਼ੀ ਪਾਈ ਜਾ ਰਿਹਾ ਸੀ… ਖੋਰੇ ਰੱਬ ਨੂੰ ਮੇਰੀ ਉਹਦੇ ਲਈ ਤੜਫ ਦਾ ਥੋੜ੍ਹਾ ਜਿਹਾ ਤਰਸ ਜਿਹਾ ਆ ਜਾਵੇ…) 

~

ਸਵੇਰ ਹੋਈ ਤੇ ਅੱਗੇ ਨਾਲੋਂ ਜਲਦੀ ਉੱਠ ਭੱਜ ਕੇ ਛੱਤ ਤੇ ਚਲਾ ਗਿਆ ਸੀ….. ਅੱਜ ਤੋਂ ਪਹਿਲਾਂ ਐਨੀ ਸਵੇਰੇ ਸਵੇਰੇ ਮੇਰੇ ਚ ਏਨੀ ਫੁਰਤੀ ਬਿਨਾਂ ਚਾਹ ਪੀਤੇ ਕਦੀ ਨਾ ਆਈ… ਪਰ ਅੱਜ ਪਤਾ ਨ੍ਹੀ ਕਾਹਦਾ ਨਸ਼ਾ ਸੀ… ਛੱਤ ਤੇ ਜਾ ਕੇ ਖਲੋ ਗਿਆ… ਪਰ ਮੈਂਨੂੰ ਉਹੀ ਕੁੜੀ ਨਜ਼ਰ ਨਾ ਆਈ… ਪੰਜ ਦਸ ਮਿੰਟ ਇੰਤਜ਼ਾਰ ਵੀ ਕਰਿਆ ਪਰ ਕੋਈ ਫਾਇਦਾ ਨਾ ਹੋਇਆ… ਹੁਣ ਮੈਂਨੂੰ ਯਕੀਨ ਜਿਆ ਹੋਣ ਲੱਗ ਪਿਆ ਸੀ ਕਿ ਉਹ ਪੱਕਾ ਹੀ ਆਪਣੇ ਘਰ ਨੂੰ ਵਾਪਿਸ ਚਲੀ ਗਈ ਏ… ਤੇ ਮੈਂ ਉਦਾਸ ਜਿਆ ਹੋਕੇ ਨੀਚੇ ਨੂੰ ਜਾਣ ਲੱਗਾ…. ਸਵੇਰੇ ਦੀ ਕਸਰਤ ਕਰਨ ਦਾ ਵੀ ਬਿਲੁਕਲ ਮਨ ਨਾ ਹੋਇਆ…. ਮੈਂ ਨੀਚੇ ਉਤਰਦੇ ਉਤਰਦੇ ਨੇ ਇੱਕ ਅਖੀਰ ਵਾਰੀ ਪਿੱਛੇ ਵੱਲ ਨੂੰ ਮੁੜ ਕੇ ਦੇਖਿਆ ਤਾਂ ਅਚਾਨਕ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਨੇ ਦਸਤਕ ਦਿੱਤੀ… ਇਸ ਖੁਸ਼ੀ ਪਿੱਛੇ ਉਹੀ ਕੁੜੀ ਸੀ ਜੋ ਕਿ ਹੁਣ ਓਸੇ ਛੱਤ ਤੇ ਮੈਂਨੂੰ ਦਿਖਾਈ ਦੇ ਰਹੀ ਸੀ… ਮੈਂ ਬਹੁਤ ਖੁਸ਼ ਹੋਇਆ…. ਤੇ ਖੁਸ਼ੀ ਵਿੱਚ ਮੈਂ ਉਸ ਵੱਲ ਆਪਣਾ ਹੱਥ ਖੜਾ ਕਰ ਹੈਲੋ ਵਿੱਚ ਹਿਲਾ ਦਿੱਤਾ… ਉਸਨੂੰ ਮੇਰੀ ਇਸ ਹਰਕਤ ਦਾ ਜਿਵੇਂ ਬੁਰਾ ਲੱਗਿਆ ਹੋਵੇ… ਉਸਨੇ ਘੂਰੀ ਜਿਹੀ ਵੱਟੀ ਤੇ ਨੀਚੇ ਨੂੰ ਚਲੀ ਗਈ…. ਮੈਂਨੂੰ ਇਹ ਨਹੀਂ ਸੀ ਪਤਾ ਕਿ ਉਹ ਉਪਰ ਹੀ ਇੱਕ ਮਿੰਟ ਲਈ ਆਈ ਸੀ ਜਾਂ ਫ਼ੇਰ ਮੇਰੀ ਇਸ ਹਰਕਤ ਕਰਕੇ ਉਹ ਜਲਦੀ ਨੀਚੇ ਉਤਰ ਗਈ…. ਇੱਕ ਗੱਲੋਂ ਤਾਂ ਮੈਂ ਖੁਸ਼ ਵੀ ਬਹੁਤ ਸੀ ਕਿ ਉਹ ਅਜੇ ਐਥੇ ਹੀ ਆ,.. ਵਾਪਿਸ ਆਪਣੇ ਘਰ ਨੂੰ ਨਹੀਂ ਗਈ ਤੇ ਦੂਜਾ ਇਸ ਗੱਲ ਦਾ ਗ਼ਮ ਵੀ ਸੀ ਕਿ ਉਸਨੂੰ ਮੇਰਾ ਇਸ ਤਰ੍ਹਾਂ ਨਾਲ ਹੱਥ ਮਾਰਨਾ ਚੰਗਾ ਨਹੀਂ ਲੱਗਿਆ ਹੋਣਾ….. 

~

ਨੀਚੇ ਉਤਰ ਤਿਆਰ ਹੋ ਕੰਮ ਤੇ ਜਾਣ ਲਈ ਮੈਂ ਆਪਣੇ ਪਿੰਡ ਵਾਲੇ ਬੱਸ ਅੱਡੇ ਤੇ ਖਲੋ ਗਿਆ…. ਐਥੇ ਮੈਂ ਪਟਿਆਲਾ ਨੂੰ ਜਾਂਦੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ… ਕੋਲੋਂ ਦੀ ਗੱਡੀਆਂ ਤੇਜ਼ ਰਫਤਾਰ ਨਾਲ ਸੂਹ.. ਸੂਹ ਕਰਦਿਆਂ ਲੰਘੀ ਜਾ ਰਹੀਆ ਸੀ… ਤੇ ਮੈਂ ਨਾਲ ਦੀ ਦੀਵਾਰ ਤੇ ਲੱਗੇ ਪੋਸਟਰ ਤੇ ਲਿਖਿਆ ਕੁਝ ਪੜ੍ਹ ਰਿਹਾ ਸੀ… ਪੋਸਟਰ ਪੜ੍ਹ ਮੈਂ ਆਪਣਾ ਧਿਆਨ ਦੂਜੇ ਪਾਸੇ ਕੀਤਾ ਤਾਂ ਮੈਂ ਦੇਖਿਆ, ਐਥੇ ਬਿਲਕੁਲ ਮੇਰੇ ਕੋਲ ਉਹੀ ਕੁੜੀ ਖੜ੍ਹੀ ਹੋਈ ਏ.. ਇਹ ਮੇਰਾ ਸੁਪਨਾ ਤਾਂ ਨ੍ਹੀ… ਨਾ.. ਨਾ,,… ਸੁਪਨਾ ਨੀ ਇਹ ਤਾਂ ਹਕੀਕਤ ਏ… ਪਰ ਸੱਚੀ ਇਹ ਹਕੀਕਤ ਏ… ਯਕੀਨ ਜਿਆ ਤਾਂ ਹੋ ਨ੍ਹੀ ਰਿਹਾ…. ਮੈਂ ਆਪਣੇ ਨਾਲ ਹੀ ਗੱਲਾਂ ਕਰਨ ਲੱਗ ਪਿਆ… ਤੇ ਓਸੇ ਕੁੜੀ ਵੱਲ ਦੇਖੀ ਗਿਆ… ਉਹ ਬਹੁਤ ਅਜੀਬ ਜਿਹੀ ਗੱਲ ਸੀ… ਕਿਵੇਂ ਮੈਂ ਉਸ ਵੱਲ ਘੂਰ ਘੂਰ ਦੇਖ ਰਿਹਾ ਸੀ…. , ਕੀ ਪਤਾ ਉਦੋਂ ਉਸਨੂੰ ਕਿਵੇਂ ਦਾ ਲੱਗ ਰਿਹਾ ਹੋਵੇ…. ਖੈਰ ਕੋਲ ਜੋ ਉਸਨੂੰ ਬੱਸ ਅੱਡੇ ਤੇ ਛੱਡਣ ਆਇਆ ਸੀ, ਉਸਨੂੰ ਤਾਂ ਮੈਂ ਜਾਣਦਾ ਹਾਂ… ਇਹ ਉਹੀ ਹੈ ਜਿਹਨਾਂ ਦੇ ਘਰੇ ਉਹ ਕੁੜੀ ਰਹਿਣ ਆਈ ਹੋਈ ਏ…. ਮੈਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ…. ਮੈਂ ਪਹਿਲਾਂ ਤਾਂ ਕਦੇ ਉਸ ਨੂੰ ਕਦੇ ਇੰਨੇ ਸਤਿਕਾਰ ਨਾਲ ਬੁਲਾਇਆ ਨਹੀਂ ਸੀ ਜਿੰਨਾਂ ਕਿ ਅੱਜ ਬੁਲਾਇਆ….. ਅੱਗਿਓਂ ਉਹਨਾਂ ਨੇ ਵੀ ਮੇਰੀ ਕੀਤੀ ਸਸਰੀ ਕਾਲ ਦਾ ਜਵਾਬ ਦਿੱਤਾ ਤੇ ਮੈਂਨੂੰ ਪੁੱਛਣ ਲੱਗੇ ਕਿ ਤੂੰ ਵੀ ਪਟਿਆਲੇ ਜਾਣਾ…? 

ਮੈਂ ਹਾਂ ਜੀ ਵਿੱਚ ਜਵਾਬ ਦਿੱਤਾ…..

ਅੰਕਲ ਬੋਲੇ ਕਿ ਪੁੱਤ ਇਹ ਕੁੜੀ ਨੇ ਵੀ ਪਟਿਆਲੇ ਹੀ ਜਾਣਾ ਇਹਨੂੰ ਇੰਨਾਂ ਪਤਾ ਨ੍ਹੀ ਐਥੇ ਬਾਰੇ… ਤੂੰ ਦੱਸ ਦੇਵੀਂ ਮਾੜਾ ਜਿਆ… ਇਹ ਐਥੇ ਨਵੀਂ ਆਈ ਆ…. 

ਮੈਂ ਅੰਦਰੋਂ ਅੰਦਰੀ ਬਹੁਤ ਹੀ ਜ਼ਿਆਦਾ ਖੁਸ਼ ਹੋਇਆ… ਜਿਵੇਂ ਕਿ ਮੇਰੇ ਦਿਲ ਦੀ ਗੱਲ ਕਿਸੇ ਨੇ ਬਿਨਾਂ ਕਹੇ ਹੀ ਬੁੱਝ ਲਈ ਹੋਵੇ… ਹੋਰ ਕੀ ਚਾਹੀਦਾ ਸੀ ਮੈਂਨੂੰ… ਮੈਂ ਤਾਂ ਆਪ ਉਸ ਨਾਲ ਗੱਲ ਕਰਨ ਲਈ ਮਰਿਆ ਜਾ ਰਿਹਾ ਸੀ… ਇਹ ਤਾਂ ਬਹੁਤ ਹੀ ਵਧੀਆ ਗੱਲ ਹੋਈ ਮੇਰੇ ਨਾਲ…. ਮੈਂ ਆਪਣੀ ਖੁਸ਼ੀ ਨੂੰ ਉਹਨਾਂ ਸਾਹਮਣੇ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ… ਇਸੇ ਲਈ ਥੋੜ੍ਹਾ ਜਿਹਾ ਆਰਾਮ ਨਾਲ ਬੋਲਿਆ… 

ਮੈਂ :- ਕੋਈ ਨ੍ਹੀ ਅੰਕਲ ਜੀ… ਮੈਂਨੂੰ ਸਾਰਾ ਪਤਾ ਪਟਿਆਲੇ ਦਾ ਮੈਂ ਦੱਸਦੂੰ ਜਿੱਥੇ ਵੀ ਜਾਣਾ ਹੋਇਆ ਇਹਨਾਂ ਨੇ….. 

ਹੁਣ ਅੰਦਰੋਂ ਅੰਦਰੀ ਸੋਚੀ ਜਾ ਰਿਹਾ ਸੀ ਕਿ ਜਲਦੀ ਤੋਂ ਜਲਦੀ ਬੱਸ ਆਵੇ ਤੇ ਮੈਂ ਇਸ ਨਾਲ ਕੋਈ ਗੱਲ ਕਰਾਂ…. 

ਕਹਿਣ ਦੀ ਦੇਰ ਸੀ ਕਿ ਇੰਨੇ ਨੂੰ ਬੱਸ ਵੀ ਦੂਰੋਂ ਆਉਂਦੀ ਦਿਸ ਪਈ…. ਮੇਰੇ ਨਾਲ ਤਾਂ ਬਹੁਤ ਕਮਾਲ ਹੋ ਰਿਹਾ ਸੀ ਅੱਜ… ਜਿਵੇਂ ਅੱਜ ਰੱਬ ਮੇਰੀ ਕੋਲ ਹੋਕੇ ਸੁਣ ਰਿਹਾ ਹੋਵੇ… ਮੈਂਨੂੰ ਲੱਗ ਰਿਹਾ ਸੀ ਜੇਕਰ ਮੈਂ ਰੱਬ ਤੋਂ ਇਸ ਵਕਤ ਕੁਝ ਵੀ ਮੰਗ ਲਵਾਂ ਤਾਂ ਉਹਨੇ ਪਹਿਲੇ ਬੋਲ ਮੇਰੀ ਖੁਵਾਹਿਸ਼ ਪੂਰੀ ਕਰ ਦੇਣੀ ਏ…. 

ਮੈਂ :- ਚਲੋ ਠੀਕ ਐ ਅੰਕਲ ਜੀ ਬੱਸ ਆ ਗਈ ਤੇ ਅਸੀਂ ਚਲਦੇ ਆ…. 

ਧਿਆਨ ਨਾਲ ਜਾਈਂ ਪੁੱਤ… ਉਹਨਾਂ ਨੇ ਓਸੇ ਕੁੜੀ ਨੂੰ ਕਿਹਾ ਤੇ ਮੈਂ ਤੇ ਉਹ ਕੁੜੀ ਬੱਸ ਚੜ ਗਏ ਤੇ ਉਸ ਨੂੰ ਸੀਟ ਤੇ ਬਿਠਾ ਕੇ ਆਪ ਓਸ ਨਾਲ ਬੈਠ ਗਿਆ…. ਮੇਰੀ ਖੁਸ਼ੀ ਹੁਣ ਸੱਤਵੇਂ ਅਸਮਾਨ ਤੇ ਸੀ ਜਿਸਦੀ ਇੱਕ ਝਲਕ ਪਾਉਣ ਲਈ ਮੈਂ ਸਵੇਰੇ ਸ਼ਾਮ ਆਪਣੇ ਘਰ ਦੀ ਛੱਤ ਤੇ ਜਾਂਦਾ ਸੀ ਅੱਜ ਉਹੀ ਮੇਰੇ ਨਾਲ ਦੀ ਸੀਟ ਤੇ ਮੇਰੇ ਨਾਲ ਬੈਠੀ ਹੈ…. ਅੱਜ ਖੂਬਸੂਰਤ ਵੀ ਬਹੁਤ ਲੱਗ ਰਹੀ ਸੀ…. ਸੰਤਰੀ ਜਿਹੇ ਰੰਗ ਦਾ ਸੂਟ ਤੇ ਕਾਲੇ ਰੰਗ ਦਾ ਦੁਪੱਟਾ…… ਉਸਨੇ ਦੁਪੱਟੇ ਨਾਲ ਆਪਣਾ ਅੱਧਾ ਜਿਹਾ ਮੂੰਹ ਲਪੇਟਿਆ ਹੋਇਆ ਸੀ…. ਤੇ ਸਭ ਤੋਂ ਵੱਧ ਤਾਂ ਉਸਦੀਆਂ ਅੱਖਾਂ ਨੀਰਾ ਈ ਕੇਹਰ ਢਾਅ ਰਹੀਆਂ ਸੀ… ਜਿਵੇਂ ਸਾਰੇ ਈਸ਼ਕ ਪਿਆਰ ਮੁਹੱਬਤ ਕਰਨ ਵਾਲੇ ਸਾਰੇ ਉਸਦੇ ਹੀ ਪੁਜਾਰੀ ਹੋਣ…. ਉਸਦੇ ਚਿਹਰੇ ਤੇ ਨੀਰਾ ਨੂਰ ਸੀ… ਅੱਖਾਂ ਵਿੱਚ ਹਲਕਾ ਜਿਆ ਸੂਰਮਾ ਤਾਂ ਜਿਵੇਂ ਸਾਰਿਆਂ ਰੰਗਾਂ ਦਾ ਰਾਜਾ ਬਣ ਉਹਨਾਂ ਦੀਆਂ ਅੱਖਾਂ ਵਿੱਚ ਆਪਣਾ ਰਾਜ ਕਰੀ ਬੈਠਾ ਸੀ…. ਮੈਂ ਚਾਹੁੰਦਾ ਸੀ ਕਿ ਇਹ ਸਫ਼ਰ ਕਦੀ ਵੀ ਖ਼ਤਮ ਨਾ ਹੋਵੇ, ਤੇ ਮੈਂ ਉਸ ਕੋਲ ਬੈਠਾ ਬਸ ਉਸ ਨੂੰ ਦੇਖਦਾ ਹੀ ਰਹਾਂ…. ਉਸਦੀ ਸਾਦਗੀ ਨੇ ਮੇਰਾ ਮਨ ਪੂਰੀ ਤਰ੍ਹਾਂ ਨਾਲ ਮੋਹ ਲਿਆ ਸੀ….. ਐਨੇ ਸਾਦੇ ਜਿਹੇ ਢੰਗ ਨਾਲ ਤਿਆਰ ਹੋ ਉਹ ਬਹੁਤ ਹੀ ਸੋਹਣੀ ਲੱਗਦੀ ਪਈ ਸੀ…. ਉਹ ਬਿਲਕੁਲ ਹੀ ਇਕ ਨਰਮੇ ਵਰਗੀ ਜਾਂ ਕਹਿ ਲਵੋ ਕਿ ਬਿਲਕੁਲ ਹੀ ਚਰਖੇ ਦੀ ਤੰਦ ਵਾਂਗ ਲੱਗ ਰਹੀ ਸੀ,, ਜਿਵੇਂ ਚਰਖੇ ਦੀ ਤੰਦ ਹੁੰਦੀ ਏ ਬਿਲਕੁਲ ਮਲੂਕ ਜਿਹੀ ਜਿਸਨੂੰ ਜੇਕਰ ਜ਼ਿਆਦਾ ਜ਼ੋਰ ਨਾਲ ਖਿੱਚ ਦੇਈਏ ਤਾਂ ਉਹ ਟੁੱਟ ਜਾਂਦੀ ਐ…..ਉਂਝ ਹੀ ਲੱਗ ਰਹੀ ਸੀ ਜਿਸਨੂੰ ਜੇਕਰ ਛੋਟੀ ਜਿਹੀ ਖ਼ਰੋਚ ਵੀ ਆ ਜਾਵੇ ਤਾਂ ਉਹ ਟੁੱਟ ਜਾਵੇਗੀ…. 

~

ਸਾਦਗੀ ਏ ਮਾਤ ਪਾਉਂਦੀ ਤੇਰੀ ਮੁਟਿਆਰੇ ਨੀ 
ਚਰਖੇ ਦੀ ਤੰਦ ਵਾਂਗ ਜਾਪਦੀ ਏ ਨਾਰੇ ਨੀ। 

ਅੰਬਰਾਂ ਚੋਂ ਮੀਂਹ ਵਰ੍ਹੇ 
ਜਦੋਂ ਹੋਵੇ ਤੂੰ ਉਦਾਸ ਵੇ 
ਇੱਕ ਤੁਹੀਂ ਏ ਜਰੂਰੀ 
ਤੁਹੀਂ ਸਭਨਾਂ ਤੋਂ ਖ਼ਾਸ ਵੇ 
ਜਦੋਂ ਛੱਤ ਤੇ ਖਲੋਏ 
ਟੁੱਟ ਜਾਣ ਤਾਰੇ ਨੀ, 
ਚਰਖੇ ਦੀ ਤੰਦ ਵਾਂਗ 
ਜਾਪਦੀ ਏ ਨਾਰੇ ਨੀ। 

ਆਉਂਦਾ ਏ ਖ਼ਿਆਲ ਤੇਰਾ 
ਜਾਗਾਂ ਜਦੋਂ ਰਾਤਾਂ ਨੂੰ 
ਚਿੱਟਾ ਚਾਨਣ ਦੇਵੇ 
ਲੱਗਦਾ ਤੂੰਹੀ ਪ੍ਰਭਾਤਾਂ ਨੂੰ
ਕਰ ਦੇਵੇ ਮਿੱਠੇ ਤੂੰ 
ਸਮੁੰਦਰ ਜੋ ਖਾਰੇ ਨੀ 
ਚਰਖੇ ਦੀ ਤੰਦ ਵਾਂਗ 
ਜਾਪਦੀ ਏ ਨਾਰੇ ਨੀ। 

ਚੰਨ ਵੀ ਤਾਰੀਫ਼ ਤੇਰੀ 
ਹੁਣ ਚਾਹਵੇ ਲਿਖਣਾ
ਆਇਆ ਚਿਹਰੇ ਉੱਤੇ ਨੂਰ ਕਿਵੇਂ 
ਤੈਥੋਂ ਚਾਹੇ ਪੁੱਛਣਾ
ਉਹ ਤਾਂ ਕਦੇ ਕਦੇ ਮੇਰੇ ਕੋਲੋਂ 
ਪੁੱਛੇ ਤੇਰੇ ਬਾਰੇ ਨੀ 
ਚਰਖੇ ਦੀ ਤੰਦ ਵਾਂਗ 
ਜਾਪਦੀ ਏ ਨਾਰੇ ਨੀ। 

ਕਿੰਝ ਦਿਲ ਦੀ ਕਿਤਾਬ 
ਤੇਰੇ ਮੂਰੇ ਆਣ ਖੋਲ੍ਹਾ ਮੈਂ 
ਕਿੰਨਾਂ ਕਰਦੇ ਆਂ ਪਿਆਰ ਤੈਂਨੂੰ
ਦੱਸ ਕਿੰਝ ਤੈਂਨੂੰ ਬੋਲਾਂ ਮੈਂ 
ਕੋਸ਼ਿਸ ਵੀ ਬਹੁਤ ਕੀਤੀ ਏ
ਪਰ ਹਰ ਵਾਰ ਹਾਰੇ ਨੀ 
ਚਰਖੇ ਦੀ ਤੰਦ ਵਾਂਗ 
ਜਾਪਦੀ ਏ ਨਾਰੇ ਨੀ 

ਸਾਦਗੀ ਏ ਮਾਤ ਪਾਉਂਦੀ ਤੇਰੀ ਮੁਟਿਆਰੇ ਨੀ 
ਚਰਖੇ ਦੀ ਤੰਦ ਵਾਂਗ ਜਾਪਦੀ ਏ ਨਾਰੇ ਨੀ। 

~

ਕਿੰਨੇ ਸਮੇਂ ਤੋਂ ਡਰਦੇ ਡਰਦੇ ਨੇ ਹੁਣ ਉਸ ਨੂੰ ਬੁਲਾ ਹੀ ਲਿਆ.. ਤੇ ਮੈਂ ਪੁੱਛਿਆ….. ਤੁਸੀਂ ਪਟਿਆਲੇ ‘ਚ ਕਿੱਥੇ ਜਾਣਾ ਜੀ ਵੈਸੇ …..? 

ਮੈਂਨੂੰ ਡਰ ਵੀ ਲੱਗ ਰਿਹਾ ਸੀ, ਕਿਧਰੇ ਪੁੱਠਾ ਹੀ ਨਾ ਬੋਲ ਦੇਵੇ, ਇੰਨੇ ਨੂੰ ਕੰਡਕਟਰ ਵੀ ਆ ਗਿਆ ਟਿਕਟ ਕੱਟਣ ਲਈ ਤੇ ਮੈਂ ਵੀਹ ਰੁਪਏ ਕੱਢ ਉਸਨੂੰ ਪਟਿਆਲੇ ਦੀ ਇੱਕ ਟਿਕਟ ਕੱਟਣ ਲਈ ਕਹਿ ਦਿੱਤਾ…. 
ਉਹ ਕੁੜੀ ਨੇ ਵੀ ਆਪਣੇ ਪਰਸ ਚੋਂ ਪੈਸੇ ਕੱਢ ਕੰਡਕਟਰ ਨੂੰ ਪੈਸੇ ਦੇਣ ਲੱਗੀ ਤਾਂ ਮੈਂ ਉਸ ਨੂੰ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਮੈਂ ਇਹ ਉਸਦੀ ਟਿਕਟ ਹੀ ਲਈ ਹੈ… ਮੈਂ ਤਾਂ ਪਟਿਆਲੇ ਰੋਜ ਜਾਣਾ ਹੁੰਦਾ ਇਸੇ ਲਈ ਆਣ-ਜਾਣ ਲਈ ਬੱਸ ਪਾਸ ਬਣਾਇਆ ਹੋਇਆ ਏ…. ਇਹ ਫੜੋ ਤੁਹਾਡੀ ਟਿਕਟ…… 

ਪਰ ਉਸਨੇ ਟਿਕਟ ਫੜਨੋ ਮਨ੍ਹਾਂ ਕਰ ਦਿੱਤਾ ਤੇ ਕਿਹਾ…. ਤੁਸੀਂ ਮੇਰੀ ਟਿਕਟ ਕਿਉਂ ਲਈ… 

ਮੈਂ :- ਫ਼ੇਰ ਕੀ ਹੋਇਆ ਜੀ…. ਤੁਸੀਂ ਸਾਡੇ ਪਿੰਡ ਦੇ ਮਹਿਮਾਨ ਹੋ… ਤੇ ਸਾਡੇ ਹੁੰਦੇ ਤੁਸੀਂ ਪੈਸੇ ਖ਼ਰਚ ਦੇ ਚੰਗੇ ਨਹੀਂ ਸੀ ਲੱਗਦੇ… ਨਾਲੇ ਅੰਕਲ ਜੀ ਨੇ ਥੋਡੀ ਜ਼ੁੰਮੇਵਾਰੀ ਮੈਂਨੂੰ ਦਿੱਤੀ ਐ…… 
(ਮੈਂ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਸੀ ਉਸ ਕੋਲ ਉਹ ਵੀ ਬਿਨਾਂ ਸੋਚੇ ਸਮਝੇ…) 

ਅੱਗਿਓਂ ਉਹ ਬੋਲੀ…. 
ਅੱਛਾ ਜੀ….ਕੋਈ ਲੋੜ ਨ੍ਹੀ ਜੀ ਥੋਡੀ ਮਹਿਮਾਨ ਨਵਾਜੀ ਦੀ…. ਆਹ ਫੜ੍ਹੋ ਵੀਹ ਰੁਪਏ ਤੇ ਹੁਣ ਫੜਾਓ ਟਿਕਟ….. 

ਮੈਂ ਵੀ ਟਿਕਟ ਫੜਾ ਦਿੱਤੀ ਤੇ ਜ਼ਿਆਦਾ ਨਾ ਕੁਝ ਬੋਲਿਆ…. 

~

ਹੁਣ ਅੱਧੇ ਰਾਸਤੇ ਤੋਂ ਵੱਧ ਦਾ ਫ਼ਾਸਲਾ ਤਾਂ ਅਸੀਂ ਤੈਅ ਕਰ ਲਿਆ ਸੀ ਪਰ ਕੋਈ ਚੱਜ ਨਾਲ ਗੱਲ ਵੀ ਨਾ ਕਰੀ…. ਅੱਜ ਪਤਾ ਨ੍ਹੀ ਬੱਸ ਵਾਲਾ ਵੀ ਐਨੀ ਤੇਜ਼ ਬੱਸ ਕਿਉਂ ਚਲਾ ਰਿਹਾ ਸੀ… ਮਿੰਟਾਂ ਵਿੱਚ ਹੀ ਰਾਸਤਾ ਖ਼ਤਮ ਹੁੰਦਾ ਜਾ ਰਿਹਾ ਸੀ…ਰਾਸਤੇ ਵਿੱਚ ਆਉਂਦੇ ਸਫੇ਼ਦੇ ਤੇ ਦਰੱਖਤਾਂ ਨੂੰ ਪਿੱਛੇ ਵੱਲ ਛੱਡੀ ਅਸੀਂ ਅੱਗੇ ਵੱਲ ਨੂੰ ਭੱਜੀ ਜਾ ਰਹੇ ਸੀ…. ।

ਮੈਂ ਫ਼ੇਰ ਉਸ ਨੂੰ ਬੁਲਾ ਪੁੱਛਿਆ…. ਅੱਛਾ ਜੀ…ਆਪਾਂ ਕਿੱਥੋਂ ਕਿੱਥੇ ਆ ਗਏ ,ਪਰ ਅਜੇ ਤੱਕ ਤੁਸੀਂ ਆਪਣਾ ਨਾਮ ਨ੍ਹੀ ਦੱਸਿਆ ਜੀ….. ਥੋਡਾ ਨਾਮ ਕੀ ਐ ਜੀ ਤੇ ਤੁਸੀਂ ਆਏ ਕਿੱਥੋਂ ਓ ਤੇ ਹੁਣ ਜਾ ਕਿੱਥੇ ਰਹੇ ਓ …….? 

ਉਹ ਭਾਗ ਦੂਜੇ ਵਿੱਚ……. ਬਹੁਤ ਜਲਦ (ਭਾਗ ਦੂਜਾ) ….. 

~~ਧੰਨਵਾਦ ਜੀ ~~

                        ਗੁਰਦੀਪ ਰੱਖੜਾ (9465666693)
********

ਨੋਟ :- ਇਸ ਕਹਾਣੀ ਦੇ ਸਬੰਧ ਵਿੱਚ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਇਸ ਕਹਾਣੀ ਦਾ ਅਗਲਾ ਭਾਗ ਪੜ੍ਹਨ ਲਈ ਜਾਂ ਸਾਡੀਆਂ ਹੋਰ ਲਿਖੀਆਂ ਕਹਾਣੀਆਂ ਪੜ੍ਹਨ ਲਈ ਤੁਸੀਂ ਸਾਡੇ (WhatsApp) ਵਾਟਸਆਪ ਨੰਬਰ ਜਾਂ (instagram) ਇੰਨਸਟਾਗ੍ਰਾਮ ਤੇ ਵੀ ਜੁੜ ਸਕਦੇ ਓ। ਤੁਸੀਂ ਸਾਨੂੰ ਮੈਸੇਜ਼ ਭੇਜ ਸਕਦੇ ਓ ਜਾਂ ਫ਼ੇਰ ਕਾਲ ਕਰ ਸਕਦੇ ਓ ਜੀ। 
ਇਸ ਕਹਾਣੀ ਨੂੰ ਪੜ੍ਹਨ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ। 

                                       
ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੂ-ਬ-ਰੂ ਹੋ ਰਹੀ ਹੈ। ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ, ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ਜੀ ।

ਵੱਲੋਂ :- ਗੁਰਦੀਪ ਰੱਖੜਾ 
  
ਵਾਟਸਆਪ ਨੰਬਰ (WhatsApp number ) :- +91 9465666693

ਇੰਨਸਟਾਗ੍ਰਾਮ (instagram) :- @gurdeep.rakhra

Email :- gurdeeprakhra22@gmail.com 

***********

...
...



Related Posts

Leave a Reply

Your email address will not be published. Required fields are marked *

One Comment on “ਇੱਕ ਨਜ਼ਰ (ਗੁਰਦੀਪ ਰੱਖੜਾ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)