More Punjabi Kahaniya  Posts
ਅੰਨਾ ਮੋਹ


ਜੂਨ ਦੀ ਭਰ ਗਰਮੀ ਦਾ ਸਮਾਂ ਸੀ… ਟ੍ਰੇਨ ਦਾ ਜਨਰਲ ਡੱਬਾ ਸਵਾਰੀਆਂ ਨਾਲ ਭਰਦਾ ਜਾ ਰਿਹਾ ਸੀ… ਗੱਡੀ ਵਿੱਚ ਇੱਕ ਪਰਿਵਾਰ ਚੜ੍ਹਿਆ… ਜਿਸ ਵਿੱਚ ਚਾਰ ਭੈਣਾਂ, ਇੱਕ ਬੱਤੀ-ਪੈਂਤੀ ਸਾਲ ਦਾ ਜੋੜਾ ਤੇ ਦੋ ਛੋਟੇ ਬੱਚੇ ਸਨ…. ਉਹਨਾਂ ਨੇ ਸਾਰੀ ਬੋਗੀ ਫਿਰ ਕੇ ਵੇਖ ਲਈ…. ਪਰ ਉਹਨਾਂ ਸਾਰਿਆਂ ਦੇ ਇਕੱਠੇ ਬੈਠਣ ਲਈ ਕਿੱਧਰੇ ਵੀ ਜਗਾਹ ਨਹੀ ਸੀ… ਇੱਕ ਜਗਾਹ ਕੇਵਲ ਤਿੰਨ ਸੀਟਾਂ ਖਾਲੀ ਮਿਲਣ ਤੇ ਉੰਨਾ ਫਟਾਫਟ ਮੱਲ ਲਈਆਂ….
ਭੈਣਾਂ ਨੇ ਆਪਣੇ ਭਰਾ ਨੂੰ ਬਾਕੀ ਦੇ ਡੱਬੇ ਵਿੱਚ ਖਾਲੀ ਸੀਟਾਂ ਲੱਭ ਕੇ ਆਹਮਣੇ-ਸਾਹਮਣੇ ਬੈਠੀਆਂ ਸਵਾਰੀਆਂ ਨੂੰ ਅਡਜਸਟ ਕਰਵਾਉਣ ਲਈ ਕਿਹਾ ਤਾਂਕਿ ਉਨਾਂ ਦਾ ਸਾਰਾ ਪਰਵਾਰ ਇਕੱਠਿਆਂ ਬੈਠ ਕੇ ਸਫ਼ਰ ਕਰ ਸਕੇ… ਭਰਾ ਨੇ ਅੱਗੇ-ਪਿੱਛੇ ਵੇਖ ਕੇ ਦੋ-ਤਿੰਨ ਸਵਾਰੀਆਂ ਨੂੰ ਅਡਜਸਟ ਕਰਵਾਇਆ ਤੇ ਆਪ ਆਹਮੋ-ਸਾਹਮਣੀਆਂ ਸੀਟਾਂ ਤੇ ਸਾਰੇ ਜਣੇ ਬੈਠ ਗਏ… ਉਨ੍ਹਾਂ ਨੇ ਆਪਣਾ ਸਾਮਾਨ ਉੱਪਰ ਵਾਲੇ ਬਰਥ ਤੇ ਟਿਕਾਇਆ… ਗਰਮੀ ਦੇ ਮਾਹੋਲ ਵਿੱਚ ਸੈਟ ਹੋਣ ਲਈ ਓਹਨਾਂ ਸਾਰਿਆਂ ਨੇ ਪਹਿਲਾਂ ਪਾਣੀ ਪੀਤਾ ਤੇ ਕੁੱਝ ਦੇਰ ਬਾਅਦ ਗੱਡੀ ਚਲਦਿਆਂ ਹੀ ਉਹਨਾਂ ਨੇ ਆਪਣੇ ਬੈਗ ਵਿੱਚੋਂ ਰੋਟੀ ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ… ਸ਼ਾਇਦ ਗੱਡੀ ਫੜਣ ਦੇ ਚੱਕਰ ਵਿੱਚ ਉਹ ਰੋਟੀ ਨਹੀ ਸੀ ਖਾ ਸਕੇ… ਉਹ ਕੋਈ ਫੰਕਸ਼ਨ ਅਟੈਂਡ ਕਰਕੇ ਆਏ ਲੱਗਦੇ ਸਨ…. ਪਰ ਸਮੇੰ ਦੀ ਘਾਟ ਕਾਰਣ ਉਨ੍ਹਾਂ ਰੋਟੀ ਨਾਲ ਹੀ ਪੈਕ ਕਰਵਾ ਲਈ ਲੱਗਦੀ ਸੀ…. ਰੋਟੀ ਖਾ ਕੇ ਬੱਚਿਆਂ ਨੇ ਉੱਪਰ ਵਾਲੇ ਬਰਥ ਤੇ ਚੜਨ ਦੀ ਜ਼ਿੱਦ ਕੀਤੀ… ਭਰਾ ਨੇ ਆਪਣੇ ਬੱਚਿਆਂ ਨੂੰ ਉੱਪਰ ਵਾਲੀਆਂ ਸੀਟਾਂ ਤੇ ਬਿਠਾ ਦਿੱਤਾ….
ਹੁਣ ਸਾਰੇ ਬਹੁਤ ਆਰਾਮ ਨਾਲ ਬੈਠ ਗਏ… ਉਨਾਂ ਵਿੱਚੋਂ ਤਿੰਨ ਭੈਣਾਂ ਆਪਣੇ ਭਰਾ ਨਾਲੋੰ ਉਮਰ ਵਿੱਚ ਕਾਫੀ ਵੱਡੀਆਂ ਦਿਸਦੀਆਂ ਸਨ ਤੇ ਇੱਕ ਛੋਟੀ ਸੀ… ਉਨ੍ਹਾਂ ਨੇ ਹੁਣ ਵੇਹਲੇ ਹੋ ਕੇ ਗੱਪਾਂ ਮਾਰਦੇ ਹੋਏ ਸਫ਼ਰ ਕਰਨਾ ਸ਼ੁਰੂ ਕੀਤਾ….ਉਹਨਾਂ ਦੀਆ ਗੱਲਾ ਬੜੀਆਂ ਮਜਾਕ ਵਾਲੀਆ ਅਤੇ ਰੋਚਕ ਸਨ… ਸੱਭ ਤੋਂ ਵੱਡੇ ਭੈਣ ਜੀ ਚੇਹਰੇ ਤੋਂ ਸੁਭਾਅ ਦੇ ਕੁੱਝ ਸਖ਼ਤ ਤਬੀਅਤ ਦੇ ਲੱਗਦੇ ਸਨ… ਦੂਜੇ ਨੰਬਰ ਵਾਲੇ ਥੋੜੇ ਚੁਪਚਾਪ ਤੇ ਗੰਭੀਰ ਜੇਹੇ ਸੁਭਾਅ ਦੇ ਮਾਲਕ ਲੱਗੇ…. ਤੀਸਰੇ ਨੰਬਰ ਵਾਲੇ ਬੜੇ ਧੀਰ-ਗੰਭੀਰ ਪਰ ਮਿਲਾਪੜੇ ਤੇ ਹੱਸਮੁਖ ਸੁਭਾਅ ਵਾਲੇ ਲੱਗੇ…. ਸੱਭ ਤੋਂ ਛੋਟੀ ਭੈਣ ਤੇ ਭਰਾ ਬੜੇ ਹੀ ਮਜਾਕੀਆ ਸੁਭਾਅ ਦੇ ਸਨ… ਭਰਾ ਦੀ ਪਤਨੀ ਥੋੜਾ ਘੱਟ ਬੋਲਣ ਵਾਲੀ ਹੀ ਲੱਗਦੀ ਸੀ….
ਭਰਾ ਨੇ ਆਪਣੇ ਨਾਲ ਬੈਠੇ ਯਾਤਰੀ ਨੂੰ ਕਿਹਾ ਕਿ ਅਸੀਂ ਇੰਝ ਹੀ ਸਾਰੇ ਰਸਤੇ ਬੜੇ ਹਾਸੇ-ਖੇਡੇ ਕਰਦੇ ਜਾਣਾ ਹੈ… ਤੁਸੀਂ ਮਹਿਸੂਸ ਨਾ ਕਰਨਾ… ਉਸ ਸਵਾਰੀ ਨੇ ਕਿਹਾ – ਜਰੂਰ ਜੀ ਜਰੂਰ – ਤੁਸੀਂ ਆਪਣੇ ਸਫਰ ਦਾ ਪੂਰੀ ਤਰਾਂ ਅਂਨੰਦ ਲੈਂਦੇ ਹੋਏ ਜਾਵੋ – ਇਸੇ ਬਹਾਨੇ ਸਾਡਾ ਸਫ਼ਰ ਵੀ ਮਜੇ ਨਾਲ ਕੱਟ ਜਾਵੇਗਾ….
ਸੱਭ ਤੋਂ ਵਡੇ ਭੈਣ ਜੀ ਬਾਰ-ਬਾਰ ਬੱਚਿਆਂ ਤੋਂ ਬੜੇ ਔਖੇ ਹੋ ਰਹੇ ਸਨ…. ਬੱਚੇ ਉਪਰਲੀ ਸੀਟ ਤੇ ਬੈਠੇ ਜਲਦੀ ਹੀ ਉਕਤਾ ਗਏ ਤੇ ਥੱਲੇ ਆਉਣ ਦੀ ਜ਼ਿੱਦ ਕਰਣ ਲੱਗੇ … ਇਸ ਤੇ ਵੱਡੇ ਭੈਣ ਜੀ ਨੇ ਬੱਚਿਆਂ ਨੂੰ ਬੜੀ ਡਾਂਟ-ਡਪਟ ਕੀਤੀ ਤੇ ਕਿਹਾ – ਇੱਕੋ ਥਾਂ ਤੇ ਬੈਠੋ ਟਿੱਕ ਕੇ – ਖਬਰਦਾਰ ਬਾਰ-ਬਾਰ ਥੱਲੇ ਆਏ ਤਾਂ-…. ਇਸਤੇ ਤੀਜੇ ਨੰਬਰ ਵਾਲੇ ਦੀਦੀ ਨੇ ਬੜੇ ਲਾਡ-ਪਿਆਰ ਨਾਲ ਬੱਚਿਆਂ ਨੂੰ ਹੇਠਾਂ ਲਾਹਿਆ ਤੇ ਪਿਆਰ ਕਰਨ ਲੱਗੇ…. ਬੱਚੇ ਏਸ ਭੂਆ ਨਾਲ ਤੇ ਸੱਭ ਤੋਂ ਛੋਟੀ ਭੂਆ ਨਾਲ ਜਿਆਦਾ ਘੁਲੇ-ਮਿਲੇ ਲੱਗਦੇ ਸਨ… ਥੋੜੀ ਦੇਰ ਬਾਅਦ ਗੱਡੀ ਵਿੱਚ ਰਾਮਲੱਡੂ ਵੇਚਣ ਵਾਲਾ ਨਜ਼ਰ ਆਇਆ ਤਾਂ ਉਸਨੂੰ ਦੇਖ ਕੇ ਸਾਰੇ ਵੱਡੇ ਵੀ ਬੱਚੇ ਬਣ ਗਏ… ਉਹਨਾਂ ਲੱਡੂ ਖਰੀਦ ਕੇ ਬੜੇ ਸੁਆਦ ਨਾਲ ਖਾਧੇ….ਬੱਚਿਆਂ ਹੱਥੋਂ ਚੱਟਣੀ ਰੁੜਦੀ ਵੇਖ ਕੇ ਵੱਡੇ ਭੈਣ ਜੀ ਨੇ ਬੱਚਿਆਂ ਨੂੰ ਖੂਬ ਡਾਂਟਿਆ…. ਭਰਾ ਨੇ ਭੈਣਜੀ ਨੂੰ ਰੋਕਿਆ ਤੇ ਕਿਹਾ ਕਿ – ਕਿੰਨੀ ਵਾਰ ਸਮਝਾਇਆ ਹੈ ਕਿ ਬੱਚਿਆਂ ਨਾਲ ਏਹੋ- ਜਿਹਾ ਵਿਹਾਰ ਨਹੀਂ ਕਰੀਦਾ – ਪਰ ਤੁਸੀਂ ਸੁਣਦੇ ਹੀ ਨਹੀ – … ਉਸਦੀ ਪਤਨੀ ਆਪਣੇ ਬੱਚਿਆਂ ਨਾਲ ਅਜੇਹਾ ਹੁੰਦਿਆ ਦੇਖ ਕੇ ਅੰਦਰੋ-ਅੰਦਰ ਔਖੀ ਹੁੰਦੀ ਰਹੀ… ਪਰ ਚੁੱਪ ਰਹੀ…. ਦੂਜੇ ਨੰਬਰ ਵਾਲੇ ਦੀਦੀ ਨਿਊਟ੍ਰਲ ਜੇਹੇ ਬੈਠੇ ਰਹੇ….ਉਨ੍ਹਾਂ ਨੂੰ ਕੋਈ ਫ਼ਰਕ ਨਹੀ ਪਿਆ…..ਪਰ ਸੱਭ ਤੋ ਛੋਟੀ ਭੂਆ ਭਤੀਜਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਪਿਆਰ ਕਰਨ ਲੱਗੀ… ਏਸ ਤੇ ਵੱਡੇ ਭੈਣ ਜੀ ਕੋਲੋੰ ਬੈਠੀ ਭਰਜਾਈ ਉੱਠ ਗਈ… ਤੇ ਸਾਹਮਣੇ ਬੈਠੀ ਤੀਜੀ ਦੀਦੀ ਤੇ ਸੱਭ ਤੋਂ ਛੋਟੀ ਨਨਾਣ ਦੇ ਵਿੱਚਕਾਰ ਬੈਠ ਗਈ ਤੇ ਕਹਿਣ ਲੱਗੀ – ਠੰਡੇ ਪਾਸੇ ਬੈਠਣਾ ਚੰਗਾ ਹੈ – ਉੱਥੇ ਤਾਂ ਗਰਮ ਹਵਾ ਹੈ ਬਹੁਤ -…..ਤੇ ਭਰਜਾਈ ਜੀ ਆਪਣੇ ਸੱਜੇ-ਖੱਬੇ ਬੈਠੀਆਂ ਦੋਵੇਂ ਨਨਾਣਾ ਨਾਲ ਗੱਲਾਂ ਮਾਰਣ ਵਿੱਚ ਮਸ਼ਗੂਲ ਹੋ ਗਏ –
ਥੋੜੀ ਦੇਰ ਬਾਅਦ ਬੱਚੇ ਫੇਰ ਉੱਪਰ ਸੀਟਾਂ ਤੇ ਬੈਠਣ ਦੀ ਜ਼ਿੱਦ ਕਰਨ ਲੱਗੇ… ਵੱਡੇ ਭੈਣ ਜੀ ਦਾ ਪਾਰਾ ਫੇਰ ਉੱਪਰ ਚੜ ਗਿਆ… ਬਾਕੀ ਤਿਨੇੰ ਭੈਣਾ ਉਸ ਨੂੰ ਚੁੱਪ ਕਰਾਉਣ ਲੱਗੀਆਂ… ਨਾਲ ਵਾਲੀ ਸਵਾਰੀ ਬੜੀ ਹੈਰਾਨ ਹੋ ਰਹੀ ਸੀ ਕਿ ਭਤੀਜੇ-ਭਾਣਜੇ ਤਾਂ ਸੱਭ ਨੂੰ ਬੜੇ ਪਿਆਰੇ ਹੁੰਦੇ ਹਨ…. ਇਸ ਭੈਣ ਜੀ ਨੂੰ ਕਿਉਂ ਨਹੀ ਇੱਕ ਅੱਖ ਵੀ ਭਾਅ ਰਹੇ….ਬੱਚੇ ਹੈ ਵੀ ਤੇ ਬੜੇ ਪਿਆਰੇ ਸਨ… ਭਰਾ ਨੇ ਹੁਣ ਥੋੜੀ ਸਖਤੀ ਨਾਲ ਕਿਹਾ – ਭੈਣ ਜੀ, ਜਿਸ ਤਰਾਂ ਕਿਸੇ ਨਾਲ ਵਿਹਾਰ ਕਰੋਗੇ, ਉਸੇ ਤਰਾਂ ਅਗਲਾ ਤੁਹਾਡੇ ਨਾਲ ਕਰੇਗਾ -….. ਭੈਣ ਜੀ ਮੂੰਹ ਮਸੋਸਦੇ ਹੋਏ ਚੁੱਪ ਕਰ ਗਏ ….
ਏਸ ਤੋਂ ਇਲਾਵਾ ਸਾਰੇ ਭੈਣ-ਭਰਾ ਆਪਸ ਵਿੱਚ ਘਿਓ-ਖਿਚੜੀ ਸਨ… ਥੋੜੀ ਦੇਰ ਬਾਅਦ ਓਹ ਆਪਣੇ ਰਿਸ਼ਤੇਦਾਰੀ ਦੀਆਂ ਗੱਲਾਂ ਕਰਨ ਲੱਗੇ….ਉਹ ਆਪਣੀ ਮਾਮੀ ਦੇ ਸੁਭਾਅ ਦੀ ਚਰਚਾ ਕਰਣ ਲੱਗੇ ਤੇ ਤੀਜੇ ਨੰਬਰ ਵਾਲੀ ਭੈਣ ਨੂੰ ਸਾਰੇ ਵਾਰੋ-ਵਾਰੀ ਕਹਿਣ ਲੱਗੇ – ਤੂੰ ਕਿਉਂ ਪਾਨੀਪਤ ਤੋਂ ਆ ਕੇ ਹਰ ਵਾਰ ਮਿਲਣ ਜਾਂਦੀ ਏਂ ਸਾਵਿਤ੍ਰੀ ਮਾਮੀ ਨੂੰ – ਸਾਨੂੰ ਉਹ ਕਿਸੇ ਨੂੰ ਘਾਹ ਨਹੀਂ ਪਾਂਦੀ – ਤੈਨੂੰ ਬਹੁਤੇ ਪੈਸੇ ਵਾਲੀ ਨੂੰ ਵੇਖ ਕੇ ਠੀਕ ਵਿਹਾਰ...

ਕਰਦੀ ਹੈ -….ਇਸਤੇ ਪਾਨੀਪਤ ਵਾਲੇ ਦੀਦੀ ਕਹਿਣ ਲੱਗੇ – ਮੈਂ ਕਿਸੇ ਦੀ ਗੱਲ ਦਿਲ ਵਿੱਚ ਨਹੀਂ ਰੱਖਦੀ – ਮੈਨੂੰ ਸਾਰੇ ਇੱਕੋ ਜੇਹੇ ਹਨ – ਇਨੀ ਦੂਰੋਂ ਆ ਕੇ ਮਾਮੇ ਨੂੰ ਤਾਂ ਮਿਲਣ ਜਾਣਾ ਹੀ ਹੁੰਦਾ ਏ – ਫੇਰ ਮਾਮੀ ਦੇ ਮੱਥੇ ਲਗਣੋ ਕਿਵੇਂ ਰਹੀਏ -… ਇਸ ਤੇ ਭਰਾ ਉਸ ਨੂੰ ਮਜਾਕ ਕਰਨ ਲੱਗਾ – ਹਾਂ, ਤੈਨੂੰ ਖਵਾਂਦੀ ਹੈ ਨਾ ਚਮ-ਚਮ ਤੇ ਰਸਗੁਲੇ ਤਾਂ ਹੀ ਭੱਜੀ ਜਾਨੀ ਏ ਤੇ ਸਾਰਾ ਪਰਵਾਰ ਖਿੜਖਿੜਾ ਕੇ ਹੱਸ ਪਿਆ –
ਏਨੀ ਦੇਰ ਨੂੰ ਬਿਆਸ ਸਟੇਸ਼ਨ ਆ ਗਿਆ….ਸਟੇਸ਼ਨ ਤੇ ਕੋਈ ਬੰਦਾ ਛੱਲੀਆਂ ਭੁੰਨ ਕੇ ਵੇਚ ਰਿਹਾ ਸੀ…. ਸੱਭ ਤੋ ਛੋਟੀ ਭੈਣ ਨੇ ਕਿਹਾ – ਕਿੰਨੀ ਸੋਹਣੀ ਖੁਸ਼ਬੂ ਏ ਛੱਲੀਆਂ ਦੀ – ਜਾ ਵੀਰੇ ਸਾਰਿਆਂ ਲਈ ਲੈ ਕੇ ਆ -…. ਉੱਤੇ ਬੈਠੇ ਬੱਚੇ ਵੀ ਬੋਲ ਪਏ – ਅਸੀਂ ਵੀ ਖਾਣੀਆ- ਅਸੀਂ ਵੀ ਖਾਣੀਆ – …ਸਾਰਿਆਂ ਦੇ ਮੂੰਹ ਵਿੱਚ ਪਾਣੀ ਆ ਗਿਆ…. ਦੂਜੇ ਨੰਬਰ ਵਾਲੇ ਦੀਦੀ ਜਿਹੜੇ ਹੁਣ ਤੱਕ ਘੱਟ ਹੀ ਬੋਲੇ ਸਨ, ਪਿੱਛੋਂ ਵਾਜ ਮਾਰ ਕੇ ਕਹਿਣ ਲੱਗੇ – ਨੀਂਬੂ ਤੇ ਲੂਣ ਜਿਆਦਾ ਲੁਆ ਕੇ ਲਿਆਈਂ ਤੇ ਇਕ ਵਾਰ ਫੇਰ ਉਨ੍ਹਾਂ ਛੱਲੀਆਂ ਲੈ ਕੇ ਬੱਚਿਆਂ ਵਾਂਗ ਖਾਧੀਆਂ ਤੇ ਨਾਲ ਨਾਲ ਠੱਠੇ-ਮਜਾਕ ਵੀ ਕੀਤੇ…
ਥੋੜੀ ਦੇਰ ਬਾਅਦ ਉਹਨਾਂ ਦਾ ਹਾਸਿਆਂ ਦਾ ਸਟਾਕ ਖਤਮ ਹੋ ਗਿਆ… ਗੱਲਾਂ ਆਮ ਵਾਂਗ ਹੋਣ ਲੱਗੀਆਂ…. ਭਰਾ ਨੇ ਆਪਣੀਆਂ ਭੈਣਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਇਹ ਆਪਣੇ ਸੱਭ ਤੋ ਵੱਡੇ ਦੀਦੀ ਦਾ ਹਾਲ ਵੇਖੋ… ਕੂਕਰ ਭਰ ਕੇ ਸਬਜੀ ਰੱਖ ਦਿੱਤੀ ਗੈਸ ਚਲਾ ਕੇ…. ਕੂਕਰ ਫੱਟ ਗਿਆ ਤੇ ਉਬਲਦੀ-ਉਬਲਦੀ ਸਬ੍ਜ਼ੀ ਜਾ ਪਈ ਨਾਲ ਖੜੀ ਨੌਕਰਾਨੀ ਦੀ ਛੋਟੀ ਜੇਹੀ ਕੁੜੀ ਤੇ…. ਜਦੋਂ ਮੈਂ ਕਿਹਾ ਕਿ ਚੰਗਾ ਇਲਾਜ ਕਰਵਾ – ਆਖਰ ਬੱਚੀ ਹੀ ਤਾਂ ਹੈ – ਤਾਂ ਅੱਗੋੰ ਭੈਣ ਜੀ ਕਹਿਣ ਲੱਗੇ ਕਿ ਲੈ – ਪੱਟੀਆਂ ਕਰਵਾ ਤਾਂ ਦਿੱਤੀਆਂ ਨੇ – ਹੋਰ ਕੀ ਕਰੀਏ – ਨੌਕਰਾਂ ਨੂੰ ਏਨੇ ਸਿਰੇ ਚਾੜਣ ਦੀ ਕੀ ਲੋੜ ਏ -…. ਇਸਤੇ ਛੋਟੀਆਂ ਭੈਣਾਂ ਨੇ ਵੱਡੀ ਭੈਣ ਨੂੰ ਉਸਦੇ ਸਖ਼ਤ ਸੁਭਾਅ ਲਈ ਵਰਜਿਆ ਤੇ ਸਮਝਾਇਆ….ਥੋੜੀ ਦੇਰ ਚੁੱਪ ਰਹਿਣ ਤੋ ਬਾਅਦ ਵੱਡੀਆਂ ਭੈਣਾਂ ਪਾਨੀਪਤ ਵਾਲੀ ਦੀਦੀ ਨੂੰ ਉਸਦੀ ਨਵੀਂ ਆਈ ਨੂੰਹ ਦੇ ਸੁਭਾਅ ਬਾਰੇ ਪੁੱਛਣ ਲੱਗੀਆਂ… ਉਸਨੇ ਜਵਾਬ ਦਿੱਤਾ – ਅਸੀਂ ਆਪ ਹੀ ਠੰਡੇ ਰਹਿੰਦੇ ਹਾਂ ਤੇ ਬੱਚਿਆਂ ਨੂੰ ਵੀ ਆਪਣੀ ਜਿੰਦਗੀ ਮਾਨਣ ਦਾ ਪੂਰਾ ਮੌਕਾ ਦੇਨੇ ਆ – ਬੱਚੇ ਵੀ ਖੁਸ਼ ਤੇ ਅਸੀਂ ਵੀ ਖੁਸ਼ –
ਇਹ ਸੁਣਕੇ ਦੂਜੇ ਨੰਬਰ ਵਾਲੇ ਚੁੱਪ ਜੇਹੇ ਰਹਿਣ ਵਾਲੇ ਦੀਦੀ ਸੱਭ ਤੋ ਵਡੇ ਸਖ਼ਤ ਸੁਭਾਅ ਵਾਲੇ ਭੈਣ ਜੀ ਨੂੰ ਪੁੱਛਣ ਲੱਗੇ – ਤੁਹਾਡੀ ਨੂੰਹ ਰਾਣੀ ਤਾਂ ਨੌਕਰੀ ਕਰਦੀ ਹੈ – ਕਿਵੇਂ ਸੰਭਾਲਦੇ ਹੋ ਸਾਰਾ ਕੁੱਝ ਘਰ ਵਿੱਚ -…. ਵੱਡੇ ਭੈਣ ਜੀ ਕਹਿਣ ਲੱਗੇ – ਬੱਚਿਆਂ ਨੂੰ ਤਾਂ ਮੈਂ ਈ ਸਾਰਾ ਸੰਭਾਲਦੀ ਹਾਂ – ਸਵੇਰੇ ਤਿਆਰ ਕਰਕੇ ਸਕੂਲ ਭੇਜਣ ਦੀ ਡਿਉਟੀ ਵੀ ਮੇਰੀ ਹੀ ਹੈ – ਇਸਤੇ ਬਾਕੀ ਭੈਣਾਂ ਕਹਿਣ ਲੱਗੀਆਂ – ਤੁਹਾਡੀ ਨੂੰਹ ਨੌ ਵਜੇ ਸਕੂਲ ਜਾਂਦੀ ਹੈ – ਟਾਈਮ ਸਿਰ ਬੱਚਿਆਂ ਨੂੰ ਤਿਆਰ ਤਾਂ ਕਰ ਸਕਦੀ ਹੈ- ਤੁਸੀਂ ਸਿਰਫ ਹੈਲਪਿੰਗ ਹੈੰਡ ਦਿਆ ਕਰੋ – ਏਸ ਉਮਰ ਵਿੱਚ ਐਨੀ ਚੱਕੀ ਪੀਸਣ ਦੀ ਕੀ ਲੋੜ ਹੈ – ਇਹ ਗੱਲ ਸੁਣਕੇ ਵੱਡੇ ਭੈਣ ਜੀ ਦੇ ਚੇਹਰੇ ਦੇ ਸਖ਼ਤ ਭਾਵ ਇੱਕਦੱਮ ਨਰਮ ਹੋ ਗਏ… ਜਿਓਂ ਲੱਗੇ ਆਪਣੇ ਪੋਤਾ-ਪੋਤੀ ਪ੍ਰਤੀ ਮੋਹ ਦਿਖਾਉਣ ਤੇ ਕਹਿਣ ਲੱਗੇ – ਲੈ ਵਿਚਾਰੇ ਮਲੂਕ ਜੇਹੇ ਬੱਚੇ – ਕਿੱਥੇ ਸਵੇਰੇ-ਸਵੇਰੇ ਨੌਕਰੀ ਲਈ ਤਿਆਰ ਹੁੰਦੀ ਆਪਣੀ ਮਾਂ ਕੋਲੋਂ ਝਿੜਕਾਂ ਖਾਣ ਵਿਚਾਰੇ – ਨੂੰਹ ਵਿਚਾਰੀ ਨੌਕਰੀ ਵੀ ਕਰੇ ਤੇ ਬੱਚੇ ਵੀ ਸਾਂਭੇ – ਗਏ ਸਨ ਇੱਕ ਦੋ ਵਾਰ ਤਿਆਰ ਹੋਣ ਮਾਂ ਕੋਲ – ਮੇਰੀ ਨੂੰਹ ਤਾਂ ਉਨ੍ਹਾਂ ਦੀ ਜਾਨ ਈ ਕੱਢ ਲੈਂਦੀ ਏ – ਛੇਤੀ ਮੂੰਹ ਧੋਵੋ, ਛੇਤੀ ਬਰੁਸ਼ ਕਰੋ , ਨਾਵੋ ਛੇਤੀ – ਮੈਂ ਨਹੀਂ ਵੇਖ ਸਕਦੀ ਉਨ੍ਹਾਂ ਨੂੰ ਮਾਂ ਦੀਆ ਝਿੜਕਾਂ ਖਾਂਦਿਆ – ਮੈ ਤਾਂ ਆਪ ਈ ਹੋਲੀ-ਹੋਲੀ ਪਿਆਰ ਨਾਲ ਤਿਆਰ ਕਰ ਦੇਨੀ ਆਂ – ਦੁਪਹਿਰੇ ਵੀ ਉਨ੍ਹਾਂ ਦੇ ਸਕੂਲ ਤੋਂ ਆਣ ਤੋ ਪਹਿਲਾਂ ਈ ਗਰਮ-ਗਰਮ ਰੋਟੀ ਲਾਹ ਦੇਂਨੀ ਆ – ਰਾਤੀ ਵੀ ਅਕਸਰ ਮੇਰੇ ਕੋਲੋ ਹੀ ਸੋਂਦੇ ਨੇ – ਬਈ ਮੇਰਾ ਤਾਂ ਮੇਰੇ ਪੋਤੇ-ਪੋਤੀ ਨਾਲ ਬੜਾ ਮੋਹ ਏ -…..ਇਹ ਗੱਲਾ ਸੁਣ ਕੇ ਸਾਰੇ ਭੈਣ-ਭਰਾ ਤੇ ਨਾਲ ਬੈਠੇ ਸਵਾਰ ਵੱਡੇ ਭੈਣ ਜੀ ਦਾ ਮੂੰਹ ਹੀ ਵੇਖਦੇ ਰਹਿ ਗਏ… ਸਾਰਿਆਂ ਨੂੰ ਇੱਕ ਹੀ ਸੋਚ ਪੈ ਗਈ ਕਿ ਜੇਹੜੀ ਔਰਤ ਆਪਣੇ ਪੋਤੇ-ਪੋਤੀ ਦੇ ਉਮਰ ਦੇ ਭਤੀਜਿਆਂ ਨਾਲ ਏਨਾ ਸਖ਼ਤ ਵਤੀਰਾ ਕਰ ਰਹੀ ਹੈ… ਉਹਨਾਂ ਦੀ ਹਰੇਕ ਬੱਚਿਆਂ ਵਾਲੀ ਹਰਕਤ ਵੱਡੀ ਭੂਆ ਲਈ ਨਾ-ਸਹਿਣਯੋਗ ਹੈ… ਗਰੀਬ ਨੌਕਰ ਦੇ ਬੱਚੇ ਦਾ ਉਸਦੀ ਆਪਣੀ ਹੀ ਅਣਗਹਿਲੀ ਕਾਰਣ ਸਰੀਰ ਸੜ ਜਾਣ ਤੇ ਵੀ ਚੰਗਾ ਇਲਾਜ ਕਰਵਾਉਣ ਲਈ ਤਿਆਰ ਨਹੀ ਹੈ…. ਪਰ ਜਦੋਂ ਆਪਣੇ ਪੋਤੇ-ਪੋਤੀ ਦਾ ਜ਼ਿਕਰ ਆਇਆ ਤਾਂ ਕਿਵੇਂ ਬੇਅੰਤ ਪਿਆਰ ਵਿੱਚ ਭਿੱਜ ਗਈ ਤੇ ਪੱਥਰ ਤੋਂ ਮੋਮ ਬਣ ਗਈ… ਏਹ ਸੱਭ ਖੂਨ ਦੇ ਰਿਸ਼ਤਿਆਂ ਪ੍ਰਤੀ ਅੰਨੇ ਮੋਹ ਦਾ ਅਸਰ ਸੀ….
….ਗੁਰਮੀਤ ਸਚਦੇਵਾ….

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)