ਡਾਇਲਾਗ *******
ਫਿਲਮਾਂ ਦੇਖ ਦੇਖ ਕੇ ਸਾਰੇ ਟੱਬਰ ਦੀ ਜ਼ਿੰਦਗੀ ਹੀ ਫਿਲਮੀ ਹੋ ਗਈ।ਜਿੱਥੇ ਦੇਖੋ…ਫਿਲਮਾਂ ਦੇ ਡਾਇਲਾਗ ਬੋਲਦੇ ਰਹਿੰਦੇ।
ਰੂਹੀ ਕਹਿੰਦੀ
“ਯੇ ਕੌਲੀ ਮੁਝੇ ਦੇ ਦੇ ਠਾਕੁਰ..”
ਰੋਹਿਤ ਕਿਸੇ ਨਾਲ਼ੋਂ ਘੱਟ ਏ?
“ਕੌਲੀਅ ਅ ਅ…ਅੱਛਾ?”
“ਇਸਕੇ ਲਿਏ ਤੁਝੇ ਮੇਰੀ ਲਾਸ਼ ਪਰ ਸੇ ਗੁਜ਼ਰਨਾ ਪੜੇਗਾ..” ਕਹਿ ਕੇ ਰੋਹਿਤ ਬਾਹਰ ਭੱਜ ਗਿਆ ਤੇ ਰੂਹੀ ਓਹਦੇ ਮਗਰ ਮਗਰ..।
ਨਿੱਤ ਦਾ ਏਹੀ ਕੰਮ…।ਕਦੇ ਰੋਹਿਤ ਸੀ.ਆਈ.ਡੀ. ਵਾਲ਼ੇ ਏ ਸੀ ਪੀ ਪ੍ਰਦੁਮਨ ਦੇ ਰੋਲ਼ ‘ਚ ਆ ਜਾਂਦਾ।ਇੱਕ ਦਿਨ ਪਿਓ ਪੁੱਤ ਬਜ਼ਾਰੋਂ ਆਏ ਤੇ ਮੈਨੂੰ ਗੇਟ ਖੋਲ੍ਹਣ ਵਿੱਚ ਜ਼ਰਾ ਦੇਰ ਕੀ ਹੋਈ,ਬਾਪ ਨੂੰ ਕਹਿੰਦਾ ,”ਦਰਵਾਜ਼ਾ ਤੋੜ ਦੋ ਦਇਆ..।”
ਮੇਰੀਆਂ ਤਾਂ ਵੱਖੀਆਂ ਦੁਖਣ ਲੱਗੀਆਂ ਹੱਸ ਹੱਸ ਕੇ।
ਕਦੇ ਕਦੇ ਖਿਝ ਵੀ ਚੜ੍ਹਦੀ ..ਹਰ ਵਕਤ ਫਿਲਮੀ ਗੱਲਾਂ!
ਇਹ ਜ਼ਿੰਦਗੀ ਬਹੁਤ ਸੋਹਣੀ ਬੀਤ ਰਹੀ ਸੀ,ਜੇਕਰ ਇੱਕ ਤੂਫਾਨ ਨਾ ਆਉਂਦਾ।ਦਰਅਸਲ ਹੱਸਦੇ ਖੇਡਦੇ ਨਿਆਣੇ..ਪਤਾ ਨਹੀਂ ਕਦੋਂ ਜਵਾਨ ਹੋ ਗਏ।ਪੁੱਤਰ ਨੂੰ ਨੌਕਰੀ ਮਿਲ਼ ਗਈ।ਛੋਟੀ ਰੂਹੀ ਦੀ ਪੜ੍ਹਾਈ ਜਾਰੀ ਸੀ।ਰੋਹਿਤ ਦੇ ਵਿਆਹ ਦੀ ਗੱਲ ਹੁੰਦੀ ਤਾਂ ਚੁੱਪ ਵੱਟ ਜਾਂਦਾ।
ਆਖਰ ਇੱਕ ਦਿਨ ਪੁੱਛ ਹੀ ਲਿਆ,”ਪੁੱਤਰ !ਤੇਰੀ ਆਪਣੀ ਪਸੰਦ ਹੈ ਤਾਂ ਦੱਸ..ਆਖਰ ਤੂੰ ਗੱਲ ਕਿਉਂ ਨਹੀੰ ਸੁਣਦਾ?”
ਉਹ ਨੀਵੀੰ ਪਾ ਕੇ ਬੈਠਾ ਰਿਹਾ..ਪਰ ਓਹਦੀਆਂ ਅੱਖਾਂ ਦੀ ਉਦਾਸੀ ਬਹੁਤ ਕੁਝ ਦੱਸ ਰਹੀ ਸੀ।
ਮੈਂ ਉਸਨੂੰ ਬੁੱਕਲ਼ ਵਿੱਚ ਲੈ ਕੇ ਫੇਰ ਪੁੱਛਿਆ।
“ਮੰਮਾ..ਹੈ ਇੱਕ ਕੁੜੀ..ਮੇਰੇ ਨਾਲ਼ ਹੀ ਕੰਮ ਕਰਦੀ ਆ..ਪਰ ਤੁਹਾਨੂੰ ਪਤਾ ਕਿ ਪਾਪਾ ਇਸ ਆਪਣੀ ਮਰਜੀ ਦੇ ਵਿਆਹ ਦੇ ਖਿਲਾਫ਼ ਨੇ..ਓਹਨਾਂ ਨਹੀਂ ਮੰਨਣਾ..।”
“ਹਾਂ..ਇਹ ਤਾਂ ਹੈ।ਇਸ ਮਾਮਲੇ ‘ਚ ਤੇਰੇ ਪਾਪਾ ਦਾ ਸੁਭਾਅ ਬਹੁਤ ਸਖਤ ਆ..ਕੋਈ ਨੀੰ..ਕਰਦੇਂ ਆਂ ਕੋਈ ਹੱਲ।”
ਪੁੱਤਰ ਮੋਹ ਨੇ ਮਜਬੂਰ ਕਰ ਦਿੱਤਾ..ਰੂਹੀ ਨਾਲ਼ ਰਲ਼ ਕੇ ਇੱਕ ਜੁਗਤ ਸੋਚੀ।ਮੇਰੀ ਇੱਕ ਸਹੇਲੀ ਨੂੰ ਵਿਚੋਲਗਿਰੀ ਕਰਨ ਲਈ ਮਨਾ ਲਿਆ।
ਘਰ ਚੰਗਾ ਸੀ ਤੇ ਕੁੜੀ ਵੀ ਵਧੀਆ ਲੱਗੀ।ਡਰ ਤਾਂ ਲਗਦਾ ਸੀ ਕਿ ਘਰ ਦੇ ਮੁਖੀ...
ਤੋਂ ਏਨੀ ਵੱਡੀ ਗੱਲ ਲੁਕਾਈ…ਖੈਰ..ਦੇਖੀ ਜਾਊ।
ਸ਼ਗਨ ਵਾਲ਼ਾ ਦਿਨ ਵੀ ਆ ਗਿਆ।ਰੂਹੀ ਨੇ ਖ਼ੁਸ਼ੀ ਖ਼ੁਸ਼ੀ ਸਭ ਤਿਆਰੀਆਂ ਕੀਤੀਆਂ।ਕੁੜੀ ਦੇ ਘਰ ਜਾਣ ਤੋਂ ਪਹਿਲਾਂ ਮਨ ਤੇ ਬੋਝ ਰੱਖਣਾ ਚੰਗਾ ਨਾ ਲੱਗਾ ਤੇ….ਰੂਹੀ ਨੇ ਆਪਣੇ ਪਾਪਾ ਨੂੰ ਸਭ ਕੁਝ ਦੱਸ ਦਿੱਤਾ।
ਹੁਣ ਤਾਂ ਬੱਸ…ਆਉਣ ਵਾਲ਼ੇ ਤੁਫ਼ਾਨ ਦਾ ਇੰਤਜ਼ਾਰ ਸੀ।ਰੂਹੀ ਤੇ ਉਸਦੇ ਪਾਪਾ ਸੋਫ਼ੇ ਤੇ ਆਹਮੋ ਸਾਹਮਣੇ ਬੈਠੇ ਸੀ, ਰੋਹਿਤ ਇੱਕ ਕੁਰਸੀ ਦੇ ਲਾਗੇ ਖੜ੍ਹਾ, ਲਗਦਾ ਸੀ ..ਬੱਸ ਰੋਇਆ ਕਿ ਰੋਇਆ..ਤੇ ਮੈੰ?
ਮੈਂ ਦਰਵਾਜ਼ੇ ਨਾਲ਼ ਲੱਗੀ ਖੜ੍ਹੀ ਸੀ,ਕਿਸੇ ਕਟਿਹਰੇ ‘ਚ ਖੜ੍ਹੇ ਮੁਜਰਿਮ ਵਾਂਗ..।
ਆਖਰ ਰੋਹਿਤ ਦੇ ਪਾਪਾ ਨੇ ਚੁੱਪ ਤੋੜੀ,” ਇਹ ਤਾਂ ਨਿਆਣੇ ਆ…ਤੈਨੂੰ ਤਾਂ ਪਤਾ ਸੀ ਕਿ ਮੈਂ ਆਪਣੇ ਅਸੂਲਾਂ ਨਾਲ਼ ਸਮਝੌਤਾ ਨਹੀਂ ਕਰ ਸਕਦਾ…ਕੋਈ ਵਿਆਹ ਵਿਊਹ ਨਹੀੰ ਹੋਣਾ..ਤੂੰ ਬਹੁਤ ਵੱਡੀ ਗਲਤੀ ਕੀਤੀ ਆ…।”
ਇੱਕ ਪਲ਼ ਲਈ ਸਭ ਨੂੰ ਜਿਵੇਂ ਸੱਪ ਸੁੰਘ ਗਿਆ।
ਪਰ ਪਤਾ ਨਹੀੰ ਕਿਵੇੰ ਮੈਂ ਫਿਲਮੀ ਮਾਂ ਬਣ ਕੇ ਕਹਿ ਗਈ,” ਆਖਿਰ ਮਾਂ ਹੂੰ ਇਸਕੀ…ਔਰ ਕਯਾ ਕਰਤੀ..ਬੇਟੇ ਕੇ ਪਿਆਰ ਮੇਂ ਮਜਬੂਰ ਥੀ..।”
…ਤੇ ਸਿਰ ਝੁਕਾਈ..ਟੇਢੀਆਂ ਜਿਹੀਆਂ ਅੱਖਾਂ ਕਰਕੇ ਆਸੇ ਪਾਸੇ ਦੇਖਣ ਦਾ ਯਤਨ ਕੀਤਾ।
ਜਾਨ ਵਿੱਚ ਜਾਨ ਆ ਗਈ ਜਦੋਂ ਰੋਹਿਤ ਦੇ ਪਾਪਾ ਨੂੰ ਹਾਸਾ ਰੋਕਣ ਦੀ ਅਸਫਲ ਕੋਸ਼ਿਸ਼ ਕਰਦਿਆਂ ਦੇਖਿਆ।
ਘਰ ਦਾ ਮਾਹੌਲ ਫੇਰ ਤੋੰ ਖ਼ੁਸ਼ਨੁਮਾ ਹੋ ਗਿਆ।ਰੂਹੀ ਤੇ ਰੋਹਿਤ ਵੀ ਖੁੱਲ ਕੇ ਹੱਸ ਪਏ।
“ਤੁਸੀਂ ਤੇ ਥੋਡੇ ਡਾਇਲਾਗ…ਕਿਤੇ ਮੇਰੀ ਆਉਣ ਵਾਲ਼ੀ ਧੀ ਨੂੰ ਨਾ ‘ਵਗਾੜ ਦਿਓ।ਛੇਤੀ ਚੱਲੋ…ਕੁੜੀ ਅਾਲ਼ੇ ਉਡੀਕਦੇ ਹੋਣੇ ਆ…।”
ਕਹਿ ਕੇ ਰੋਹਿਤ ਦੇ ਪਾਪਾ ਕਾਰ ਦੀ ਚਾਬੀ ਚੱਕ ਕੇ ਬਾਹਰ ਤੁਰ ਗਏ।
ਸਾਨੂੰ ਸੁੱਖ ਦਾ ਸਾਹ ਆਇਆ….।ਸਹੀ ਮੌਕੇ, ਘਬਰਾਹਟ ਵਿੱਚ ਬੋਲੇ ਇੱਕ ‘ਡਾਇਲਾਗ’ ਨੇ ਸਾਨੂੰ ਬਚਾ ਦਿੱਤਾ ਸੀ।
ਦੀਪ ਵਿਰਕ
ਜੁਲਾਈ 31,2022