More Punjabi Kahaniya  Posts
ਅੱਖਾਂ ਮੂਹਰੇ ਬੋਲਦੀ ਯਾਦ


ਅੱਖਾਂ ਮੂਹਰੇ ਬੋਲਦੀ ਯਾਦ (ਕਹਾਣੀ)
ਗੁਰਮਲਕੀਅਤ ਸਿੰਘ ਕਾਹਲੋਂ
ਜਦ ਕਦੇ ਮੈੰ ਕਾਗਜ਼ ਪੈਨ ਫੜਕੇ ਬੈਠਦਾ ਤਾਂ ਸੱਤੀ ਸਾਹਮਣੇ ਆ ਖੜੀ ਹੁੰਦੀ। ਲਗਣ ਲਗਦਾ ਜਿੰਵੇ ਉਹ ਮੇਰੀ ਕਲਮ ਦੀ ਸਿਆਹੀ ਸੁਕਾ ਦੇਂਦੀ ਹੋਵੇ। ਮੇਰੀਆਂ ਯਾਦਾਂ ਵਾਲਾ ਪਹੀਆ ਗਿੜਨ ਲਗ ਪੈਂਦਾ। ਮੈਂ ਅਤੀਤ ਵਿਚ ਗੁਆਚ ਜਾਂਦਾ। ਉਸਨੇ ਓਹੀ ਸੂਟ ਪਾਇਆ ਹੁੰਦਾ, ਗੁਲਾਬ ਦੇ ਪੱਤਿਆਂ ਵਰਗੀਆਂ ਹਰੀਆਂ ਬੂਟੀਆਂ ਵਾਲਾ ਪਿਆਜੀ ਰੰਗਾ ਤੇ ਕਿਤੇ ਕਿਤੇ ਖਿੜੇ ਹੋਏ ਸੂਹੇ ਫੁੱਲ। ਅੱਧਾ ਸਿਰ ਚੁੰਨੀ ਨਾਲ ਢੱਕਿਆ ਹੋਇਆ । ਮੇਰੇ ਕੰਨ ਖੜੇ ਹੋ ਜਾਂਦੇ ਉਸਦੀ ਸ਼ਹਿਦ ਵਰਗੀ ਅਵਾਜ ਸੁਣਨ ਲਈ। ਹਰ ਉਹ ਕਦੇ ਬੋਲਦੀ ਨਾ, ਸਿਰਫ ਵੇਖਦੀ ਤੇ ਕੁਝ ਸਕਿੰਟਾਂ ਬਾਦ ਲੋਪ ਹੋ ਜਾਂਦੀ। ਪਰ ਅੱਜ ਤਾਂ ਉਹ ਬੋਲ ਰਹੀ ਸੀ, ਏਨੀ ਸਾਫ ਤੇ ਸਪਸ਼ਟ ਅਵਾਜ ਵਿਚ ਕਿ ਮੇਰੇ ਕੰਨਾਂ ਲਈ ਭੁਲੇਖੇ ਦੀ ਗੁੰਜਾਇਸ਼ ਨਹੀਂ ਸੀ ਰਹਿਣ ਦਿਤੀ। “ਹੋਰਾਂ ਬਾਰੇ ਐਨਾ ਕੁਝ ਲਿਖੀ ਜਾਨੇ ਓਂ, ਪਰ ਮੇਰੇ ਬਾਰੇ ਲਿਖਦਿਆਂ ਤੁਹਾਡੀ ਸਿਆਹੀ ਕਿਉਂ ਖਤਮ ਹੋ ਜਾਂਦੀ ਐ। ਕਿਤੇ ਉਹਨਾਂ ਦਿਨਾਂ ਦੀ ਯਾਦ ਧੁੰਦਲੀ ਤੇ ਨਹੀਂ ਕਰੀ ਜਾ ਰਹੇ ਤੁਸੀਂ। ਹਾਂ, ਜੇ ਕਹੋ ਤਾਂ ਮੈਂ ਤੁਹਾਡੇ ਮਨ ਚੋਂ ਨਿਕਲ ਜਾਨੀਂ ਆਂ ?” ਸੱਤੀ ਦੀ ਗਲ ਸੁਣਦਿਆਂ ਈ ਮੈਂ ਆਪਣੇ ਅੰਦਰ ਝਾਤੀ ਮਾਰੀ. ਕੁਝ ਵੀ ਤੇ ਫੇਡ ਨਹੀਂ ਸੀ ਹੋਇਆ ਉਸ ਵਿਚੋਂ। ਅੱਧੀ ਸਦੀ ਪਹਿਲਾਂ ਵਾਲੇ ਸਾਰੇ ਸੀਨ ਤਰੋਤਾਜਾ ਲਗੇ, ਜਿੰਵੇ ਕਲ ਦੀ ਗਲ ਹੋਵੇ। ਮੈਂ ਵੇਖਿਆ ਆਖਰੀ ਸ਼ਬਦ ਕਹਿੰਦਿਆਂ ਉਸਦੀ ਮੁਸਕਰਾਹਟ ਉਦਾਸੀ ਵਿਚ ਬਦਲ ਗਈ ਸੀ। ਪਰ ਮੈਨੂੰ ਝਟਕਾ ਜਰੂਰ ਲਗਾ ਸੀ ਉਸਦੇ ਮੂੰਹੋ ਸੁਣਕੇ । “ਉਸਨੇ ਇੰਜ ਦਾ ਸੋਚ ਕਿੰਵੇ ਲਿਆ?” ਮੈਂ ਆਪਣੇ ਆਪ ਨੂੰ ਕਈ ਸਵਾਲ ਕੀਤੇ। “ਇਹੋ ਜਿਹਾ ਤਾਂ ਕੁਝ ਵੀ ਨਹੀਂ”, ਮੇਰੇ ਮਨ ਨੇ ਸੁਚੇਤ ਹੋਕੇ ਜਵਾਬ ਦਿਤਾ। ਮੈਂ ਅਜੇ ਆਪਣੇ ਮਨ ਦੀ ਉਦੇੜ ਬੁਣ ਚੋਂ ਉਭਰਨ ਦਾ ਯਤਨ ਈ ਕਰ ਰਿਹਾ ਸੀ ਕਿ ਉਹ ਫਿਰ ਸਾਹਮਣੇ ਆਕੇ ਖੜੋਈ। ਇਸ ਵਾਰ ਉਹ ਬੜੇ ਠਰੰਮੇ ਵਿਚ ਲਗ ਰਹੀ ਸੀ। ਉਸਦਾ ਚਿਹਰਾ ਸਾਫ ਦਸ ਰਿਹਾ ਸੀ ਕਿ ਇਸ ਵਾਰ ਉਹ ਪੁੱਛਣ ਨਹੀਂ, ਕੁਝ ਦਸਣ ਆਈ ਹੈ। ਬੜੇ ਤਹੱਲਮ ਜਿਹੇ ਨਾਲ ਕੋਲ ਪਈ ਕੁਰਸੀ ਤੇ ਆਣ ਬੈਠੀ ਤੇ ਪਿਛੇ ਨੂੰ ਖਿਸਕੀ ਚੁੰਨੀ ਠੀਕ ਕਰਦਿਆਂ ਉਸਦੇ ਬੁੱਲਾਂ ਦੀ ਮੁਸਕਾਨ ਹੋਰ ਫੈਲ ਗਈ । ਬਿਲਕੁਲ ਉਹੀ ਮੁਸਕਾਨ ਜੋ ਪੰਜ ਦਹਾਕੇ ਪਹਿਲਾਂ ਹੋਇਆ ਸੱਤੀ ਦੇ ਚਿਹਰੇ ਤੇ ਅਕਸਰ ਹੋਇਆ ਕਰਦੀ ਸੀ। ਕੁਰਸੀ ਨਾਲ ਢੋਅ ਲਾਉਂਦਿਆਂ ਮੈਂ ਸਮਝ ਗਿਆ ਕਿ ਅੱਜ ਉਸ ਕੋਲ ਸਮਾਂ ਹੈ ਲੰਮੀਆਂ ਗਲਾਂ ਕਰਨ ਲਈ। ਇਸਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਉਹ ਆਪ ਹੀ ਸ਼ੁਰੂ ਹੋ ਗਈ। “ਮੈਂ ਸੋਚਿਆ ਅੱਜ ਉਹ ਗਲਾਂ ਵੀ ਕਰ ਲਈਏ ਜੋ ਸ਼ਾਇਦ ਉਦੋਂ ਰਹਿ ਗਈਆਂ ਹੋਣ। ਰਾਇਕੋਟ ਦੇ ਨਾਲ ਈ ਸੀ ਸਾਡਾ ਪਿੰਡ।ਸਾਡੇ ਘਰੋਂ ਮਸੀਂ ਮੀਲ ਕੁ ਦੂਰ ਸੀ ਸ਼ਹਿਰ ਵਾਲਾ ਹਾਈ ਸਕੂਲ। ਮੈਨੂੰ ਛੇਂਵੀਂ ਜਮਾਤ ਚ ਦਾਖਲ ਕਰਵਾਉਣ ਮੰਮੀ ਡੈਡੀ ਦੋਵੇਂ ਗਏ ਸੀ। ਦਫਤਰ ਵੜਦਿਆਂ ਈ ਬੜਾ ਮਾਣ ਸਤਿਕਾਰ ਕੀਤਾ ਸੀ ਹੈਡਮਾਸਟਰ ਹਰਦੀਪ ਸਿੰਘ ਗਰੇਵਾਲ ਹੋਰਾਂ। ਚਾਅ ਜਿਹਾ ਚੜ ਗਿਆ ਸੀ ਉਨ੍ਹਾਂ ਨੂੰ। ਚਾਅ ਚੜਦਾ ਵੀ ਕਿਉਂ ਨਾ। ਇਕ ਤਾਂ ਕਾਲਜ ਵਿਚ ਡੈਡੀ (ਪੁਲੀਸ ਇੰਸਪੈਕਟਰ ਗਰੇਵਾਲ) ਤੇ ਉਹ ਜਮਾਤੀ ਸੀ। ਉਪਰੋਂ ਮੰਮੀ (ਮਿਸਜ਼ ਗਰੇਵਾਲ) ਉਨ੍ਹਾਂ ਦੀ ਰਿਸ਼ਤੇਦਾਰੀ ਚੋਂ ਭੈਣ ਸੀ। ਉਸਨੂੰ ਸਮਝ ਨਹੀਂ ਸੀ ਲਗ ਰਹੀ ਕਿ ਬੜੇ ਸਤਿਕਾਰ ਨਾਲ ਦੋਵੇਂ ਹੱਥ ਜੋੜਕੇ ਅੰਕਲ ਜੀ ਸਤਿ ਸ਼੍ਰੀ ਅਕਾਲ ਕਹਿਣ ਵਾਲੀ ਬੱਚੀ ਨੂੰ ਉਹ ਭਤੀਜੀ ਸਮਝੇ ਜਾਂ ਭਾਣਜੀ। ਦਾਖਲੇ ਵਾਲੀ ਰਸਮ ਪੂਰੀ ਕਰਕੇ ਹੈਡਮਾਸਟਰ ਹੋਰੀਂ ਮੈਨੂੰ ਮੇਰੀ ਜਮਾਤ ਵਿਖਾ ਲਿਆਏ ਤਾਂ ਕਿ ਕਲ ਨੂੰ ਆਕੇ ਮੈਨੂੰ ਆਪਣੀ ਜਮਾਤ ਦਾ ਕਮਰਾ ਕਿਸੇ ਨੂੰ ਪੁਛਣਾ ਨਾ ਪਵੇ। ਆਪ ਨਾਲ ਜਾਣ ਤੋਂ ਹੀ ਛੇਵੀਂ ਦੀ ਇੰਚਾਰਜ ਦਲਜੀਤ ਕੌਰ ਸਮਝ ਗਏ ਸੀ ਕੁੜੀ ਦਾ ਖਾਸ ਖਿਆਲ ਰਖਣਾ ਪੈਣਾ। ਸ਼ਾਇਦ ਪੌਸ਼ਾਕ ਦੀ ਸਾਦਗੀ, ਦੋ ਗੁੱਤਾਂ ਨਾਲ ਸੰਵਰੇ ਹੋਏ ਵਾਲ ਤੇ ਬੋਲਚਾਲ ਨੇ ਇੰਚਾਰਜ ਸਾਹਿਬਾ ਦਾ ਮਨ ਮੋਹ ਲਿਆ ਸੀ। ਪਤਾ ਨਈ ਮੈਨੂੰ ਪਹਿਲਾਂ ਭੁਲੇਖਾ ਲਗਾ ਸੀ ਜਾਂ ਸੱਤੀ ਪਹਿਲਾਂ ਵਾਲੇ ਕਪੜੇ ਬਦਲ ਆਈ ਸੀ। ਹੁਣ ਉਸਨੇ ਨੀਲੀਆਂ ਤੇ ਗੁਲਾਬੀ ਬੂਟੀਆਂ ਵਾਲਾ ਸਫੇਦ ਸੂਟ ਪਾਇਆ ਹੋਇਆ ਸੀ। ਹਮੇਸ਼ਾਂ ਵਾਂਗ ਅੱਧਾ ਕੁ ਸਿਰ ਕੰਨੀ ਗੋਟੇ ਵਾਲੀ ਹਲਕੇ ਨੀਲੇ ਰੰਗ ਦੀ ਚੁੰਨੀ ਨਾਲ ਢੱਕਿਆ ਹੋਇਆ। ਕੁਰਸੀ ਤੇ ਥੋੜਾ ਹੋਰ ਠੀਕ ਹੋਕੇ ਉਸ ਗਲ ਅਗਾਂਹ ਤੋਰੀ। “ਡੈਡੀ ਨੇ ਬੜੀ ਰੀਝ ਨਾਲ ਮੈਨੂੰ ਦਿਲੀਓਂ ਲਿਆਕੇ ਦਿਤਾ ਸੀ ਲਾਲ ਤੇ ਨੀਲੀਆਂ ਧਾਰੀਆਂ ਵਾਲਾ 22 ਇੰਚ ਵਾਲਾ ਲੇਡੀ ਸਾਈਕਲ। ਮੈਂ ਚੌਥੀ ਚ ਪੜਦੀ ਸੀ ਜਦ ਵੀਰੇ ਨੇ ਸਾਈਕਲ ਚਲਾਉਣ ਦੀ ਜਾਚ ਸਿਖਾਈ ਸੀ। ਪਹਿਲੇ ਪਹਿਲ ਮੇਰੇ ਤੋਂ ਕਈ ਵਾਰ ਡਿਗਿਆ ਸੀ ਉਸਦਾ ਸਾਈਕਲ ਜਾਚ ਸਿਖਦੇ ਸਿਖਦੇ। ਦੋ ਕੁ ਦਿਨਾਂ ਬਾਦ ਡੰਡੇ ਦੇ ਹੇਠੋਂ ਈ ਦੂਜੇ ਪਾਸੇ ਵਾਲੇ ਪੈਡਲ ਤੇ ਪੈਰ ਰਖਕੇ ਚਲਾਉਣ ਲਗ ਪਈ ਸੀ ਮੈਂ। ਉਸਦਾ ਸਾਈਕਲ ਹੈ ਵੀ ਤੇ ਬਹੁਤ ਉਚਾ ਸੀ। ਡੈਡੀ ਨੇ ਜਾਣਕੇ ਵਡਾ ਸਾਈਕਲ ਲਿਆਕੇ ਦਿਤਾ ਸੀ ਵੀਰੇ ਨੂੰ। ਕਹਿੰਦੇ ਸੀ ਪੈਡਲ ਮਾਰਦਿਆਂ ਹੇਠਾਂ ਤਕ ਭਾਰ ਪਾਉਣ ਨਾਲ ਲੱਤਾਂ ਲੰਮੀਆਂ ਹੋਕੇ ਕੱਦ ਉਚਾ ਹੋ ਜਾਂਦਾ। ਕਿੰਨਾਂ ਚਾਅ ਸੀ ਮੈਨੂੰ ਨਵੇਂ ਸਾਈਕਲ ਦਾ। ਸ਼ਾਇਦ ਇਸ ਕਰਕੇ ਵੀ ਕਿ ਉਹ ਮੇਰਾ ਆਪਣਾ ਸੀ। ਉਸਦਾ ਹੈਂਡਲ ਫੜਨ ਤੋਂ ਪਹਿਲਾਂ ਵੀਰੇ ਜਾਂ ਮੰਮੀ ਤੋਂ ਪੁੱਛਣਾ ਨਹੀਂ ਸੀ ਪੈਂਦਾ। ਮਹੀਨੇ ਤੋਂ ਵੀ ਜਿਆਦਾ ਮੈਂ ਸਾਈਕਲ ਦੇ ਡੰਡਿਆਂ ਉਪਰਲੇ ਕਾਗਜੀ ਲਪੇਟ ਨਹੀਂ ਸੀ ਲਹਿਣ ਦਿਤੇ, ਕਿਤੇ ਨੀਲੀਆਂ ਲਾਲ ਧਾਰੀਆਂ ਤੇ ਦਾਗ ਨਾ ਪੈ ਜਾਣ। ਸਾਡੇ ਘਰ ਮੱਖੀ ਮੱਛਰ ਸਾਰੇ ਪਿੰਡ ਤੋਂ ਘੱਟ ਹੁੰਦੇ ਸੀ। ਪਿੰਡ ਦੇ ਲੋਕਾਂ ਨੂੰ ਗਲਾਂ ਕਰਦਿਆਂ ਮੈਂ ਆਪ ਸੁਣਿਆ ਸੀ, ਅਖੇ ਕੀੜੇ ਪਤੰਗੇ ਵੀ ਠਾਣੇਦਾਰਾਂ ਦੇ ਘਰ ਜਾਣ ਤੋਂ ਡਰਦੇ ਨੇ। ਅਸਲ ਵਿਚ ਮੰਮੀ ਸਫਾਈ ਬੜੀ ਰਖਦੇ ਸੀ ਘਰ ਤੇ ਆਲੇ ਦੁਆਲੇ ਦੀ। ਸਿਆਣੀ ਉਮਰ ਦੀਆਂ ਜਨਾਨੀਆਂ ਅਕਸਰ ਗਲਾਂ ਕਰਦੀਆਂ ਸੀ ਕਿ ਸਫਾਈ ਉਹੀ ਰਖ ਸਕਦਾ ਜਿਹੜਾ ਸਾਫ ਸੁਥਰੇ ਮਹੌਲ ਵਿਚ ਪਲਿਆ ਹੋਏ। ਮੰਮੀ ਤਾਂ ਘਰ ਮੂਹਰਿਓਂ ਲੰਘਦੀ ਗਲੀ ਵਿਚ ਵੀ ਰੋਜ ਪਾਣੀ ਦਾ ਛਿੜਕਾ ਕਰਵਾ ਦੇਂਦੇ ਹੁੰਦੇ ਸੀ। ਉਦੋਂ ਸਾਈਕਲ ਤੇ ਗੱਡੇ ਰੇਹੜੇ ਈ ਹੁੰਦੇ ਸੀ। ਪਿੰਡ ਵਿਚ ਦੂਜਾ ਟਰੈਕਟਰ ਮੇਰੇ ਦਾਦਾ ਜੀ ਨੇ ਲਿਆ ਸੀ। ਕਿਤੇ ਪਿੰਡ ਵਿਚੋਂ ਕਾਰ ਜਾਂ ਸਕੂਟਰ ਲੰਘਣਾ ਜਾਂ ਆਉਣਾ ਤਾਂ ਲੋਕਾਂ ਦੇ ਝੁੰਡ ਜੁੜ ਜਾਣੇ ਉਸ ਮਸ਼ੀਨ ਨੂੰ ਵੇਖਣ ਲਈ। ਉਦੋਂ ਸਕੂਲ ਟੀਚਰਾਂ ਨੂੰ ਮਾਸਟਰ ਜੀ ਤੇ ਭੈਣ ਜੀ ਕਿਹਾ ਜਾਂਦਾ ਸੀ। ਸਾਡੀ ਭੈਣ ਜੀ ਦਲਜੀਤ ਕੌਰ ਹਲਵਾਰਿਓਂ ਆਉਂਦੇ ਸੀ। ਬੜਾ ਪਿਆਰ ਕਰਦੇ ਸੀ ਮੈਨੂੰ। ਜਦ ਕੋਈ ਸਵਾਲ ਗਲਤ ਹੋਣਾ, ਉਨ੍ਹਾਂ ਕਹਿਣਾ ਕੀ ਗਲ ਪੜੇ ਲਿਖੇ ਮਾਪਿਆਂ ਦੀ ਧੀ ਏਂ, ਧਿਆਨ ਦਿਆ ਕਰ। ਮੇਰੇ ਮਨ ਨੂੰ ਟੁੰਬ ਜਾਂਦੀ ਸੀ ਭੈਣ ਜੀ ਦੀ ਇਹ ਗਲ। ਮੈਂ ਸਤਵੀਂ ‘ਚ ਸੀ ਜਦ ਸਾਡੇ ਸਕੂਲ ਪਰਤਾਪ ਸਿੰਘ ਕੈਰੋਂ ਆਏ ਸੀ। ਉਦੋਂ ਮੁੱਖ ਮੰਤਰੀ ਸਨ ਉਹ ਪੰਜਾਬ ਦੇ। ਹੁਣ ਵਾਂਗ ਚਿੜੀ ਦੇ ਪੌਂਚੇ ਜਿੰਨਾ ਪੰਜਾਬ ਨਹੀਂ ਸੀ ਹੁੰਦਾ ਉਦੋਂ। ਕਿਥੇ ਚੰਬਾ, ਡਲਹੋਜੀ, ਮਨਾਲੀ, ਕਾਂਗੜਾ, ਸ਼ਿਮਲਾ ਤੇ ਪਾਉਂਟਾ ਸਾਹਿਬ ਤੇ ਕਿਥੇ ਫਰੀਦਾਬਾਦ, ਗੁੜਗਾਵਾਂ, ਰਿਵਾੜੀ , ਸਰਸਾ ਤੇ ਚੌਟਾਲਾ। ਏਨਾ ਵੱਡਾ ਹੁੰਦਾ ਉਦੋਂ ਪੰਜਾਬ। ਕੈਰੋਂ ਸਾਹਿਬ ਨੂੰ ਫੰਡ ਇਕੱਠਾ ਕਰਕੇ ਦਿਤਾ ਸੀ ਇਲਾਕੇ ਵਾਲਿਆਂ। ਔਰਤਾਂ ਦੇ ਸੋਨੇ ਦੇ ਗਹਿਣੇ ਵੀ ਸਨ । ਚੀਨ ਨਾਲ ਪਹਿਲੀ ਲੜਾਈ ਲਗੀ ਸੀ ਉਦੋਂ। ਕਹਿੰਦੇ ਹੁੰਦੇ ਸੀ ਚੀਨ ਨੇ ਭਰਾ ਮਾਰ ਕੀਤੀ ਆ। ਸਾਡੀ ਜਮਾਤ ਵਾਲੇ ਕਮਰੇ ਮੂਹਰੇ ਮੇਜ ਕੁਰਸੀਆਂ ਲਵਾਕੇ ਦੁਪਹਿਰ ਦੀ ਰੋਟੀ ਖਵਾਈ ਸੀ ਕੈਰੋਂ ਸਾਹਿਬ ਤੇ ਨਾਲ ਆਏ ਚਾਰ ਪੰਜ ਹੋਰਾਂ ਨੂੰ। ਉਦੋਂ ਹੂਟਰ ਨਹੀਂ ਸੀ ਵਜਦੇ ਹੁੰਦੇ ਮੰਤਰੀਆਂ ਦੇ ਅੱਗੇ ਪਿਛੇ। ਮੈਂ ਆਪ ਵੇਖਿਆ ਸੀ ਖਾਕੀ ਵਰਦੀ ਵਾਲਾ ਇਕੋ ਈ ਸੀ ਉਨ੍ਹਾਂ ਦੇ ਨਾਲ। ਖਾਕੀ ਰੰਗ ਮੈਨੂੰ ਕਿੰਨਾਂ ਚੰਗਾ ਲਗਦਾ ਹੁੰਦਾ ਸੀ । ਜਦ ਕਦੇ ਅਸੀਂ ਦਿੱਲੀ ਜਾਣਾ ਤਾਂ ਖਾਕੀ ਵਰਦੀ ਪਾਕੇ ਡਿਊਟੀ ਜਾਣ ਲਗੇ ਡੈਡੀ ਨੇ ਮੈਨੂੰ ਜੱਫੀ ‘ਚ ਘੁੱਟਕੇ ਜਾਣਾ ਨਹੀਂ ਸੀ ਭੁਲਦੇ। ਕਈ ਵਾਰ ਮੰਮੀ ਨੇ ਕਹਿ ਵੀ ਦੇਣਾ, ਐਨਾ ਘੁਟਕੇ ਕਿਤੇ ਕੁੜੀ ਦੀ ਹੱਡੀ ਪੱਸਲੀ ਨਾ ਹਿਲਾ ਦਿਓ। ਉਦੋਂ ਅਠਵੀਂ ਦੇ ਸਲਾਨਾ ਪੇਪਰ ਬੋਰਡ ਵਲੋਂ ਹੁੰਦੇ ਸੀ। ਸਾਰੀ ਜਮਾਤ ਚੋਂ ਅੱਵਲ ਆਈ ਸੀ ਮੈਂ। ਸਾਡੇ ਨਤੀਜੇ ਤੋਂ ਅਗਲੇ ਦਿਨ ਮੰਮੀ ਲੱਡੂਆਂ ਦੇ ਦੋ ਡੱਬੇ ਲੈਕੇ ਸਕੂਲ ਗਏ ਸੀ। ਇਕ ਭੈਣ ਜੀ ਦਲਜੀਤ ਕੌਰ ਨੂੰ ਦਿਤਾ ਤੇ ਦੂਜਾ ਹੈਡਮਾਸਟਰ ਜੀ ਨੂੰ। ਭੈਣ ਜੀ ਨੇ ਮੰਮੀ ਨੂੰ ਬੜੀ ਘੁੱਟ ਕੇ ਜੱਫੀ ਪਾਈ ਸੀ ਤੇ ਡੱਬਾ ਖੋਲਕੇ ਪਹਿਲਾ ਲੱਡੂ ਮੰਮੀ ਨੂੰ ਖਵਾਇਆ ਸੀ। ਉਸੇ ਦਿਨ ਭੈਣ ਜੀ ਨੇ ਆਪਣੇ ਵਿਆਹ ਤੇ ਆਉਣ ਦਾ ਸੱਦਾ ਦਿਤਾ ਸੀ ਮੰਮੀ ਨੂੰ ਤੇ ਨਾਲ ਤਕੀਦ ਵਰਗੀ ਤਾੜਨਾ ਕੀਤੀ ਕਿ ਕੋਈ ਬਹਾਨਾ ਨਹੀਂ ਚਲਣਾ। ਵਿਸਾਖੀ ਤੋਂ ਅਗਲੇ ਦਿਨ ਸੀ ਵਿਆਹ। ਡੈਡੀ ਵੀ ਆਏ ਹੋਏ ਸੀ। ਅਸੀਂ ਸਾਰੇ ਈ ਗਏ ਸੀ। ਡੋਲੀ ਵੇਲੇ ਭੈਣ ਜੀ ਮੰਮੀ ਦੇ ਗਲ ਲਗਕੇ ਰੋਏ ਸੀ। ਵਾਪਸ ਆਉਂਦਿਆਂ ਮੰਮੀ ਮੈਨੂੰ ਜੱਫੀ ‘ਚ ਲੈਕੇ ਹੰਝੂ ਕੇਰੀ ਜਾਣ। ਕਹਿੰਦੇ ਸੀ ਮੈਨੂੰ ਸੱਤੀ ਤੇ ਆਉਣ ਵਾਲਾ ਇਹ ਦਿਨ ਯਾਦ ਆਈ ਜਾਂਦਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਰੱਬ ਨੇ ਉਨ੍ਹਾਂ ਦੀ ਸੱਤੀ ਤੇ ਇਹ ਦਿਨ ਆਉਣ ਈ ਨਹੀਂ ਦੇਣਾ। ਮੈਂ ਨੌਵੀ ਵਿਚ ਹੋਗੀ ਸੀ, ਪਰ ਬਹੁਤਾ ਪਿਆਰ ਮੇਰਾ ਭੈਣ ਜੀ ਦਲਜੀਤ ਨਾਲ ਈ ਸੀ। ਕਈ ਮਹੀਨੇ ਉਹ ਲਾਲ ਚੂੜਾ ਪਾਕੇ ਆਉਂਦੇ ਰਹੇ। ਕਿੰਨਾਂ ਫਬਦਾ ਸੀ ਉਨ੍ਹਾਂ ਦੀਆਂ ਕਲਾਈਆਂ ਤੇ। ਕਦੇ ਕਦੇ ਮੇਰੇ ਮੂੰਹੋ ਚੂੜੇ ਦੀ ਸਿਫਤ ਹੋ ਜਾਣੀ । ਮੇਰੀ ਸਹੇਲੀ ਪੰਮੀ ਨੇ ਬੜਾ ਛੇੜਨਾ ਮੈਨੂੰ ਚੂੜੇ ਵਾਲੀ ਗਲ ਤੋਂ। ਉਸੇ ਨੇ ਈ ਦਸਿਆ ਸੀ ਚੂੜਾ ਨਾਨਕੇ ਲਿਆਉਂਦੇ ਹੁੰਦੇ ਆ। ਨਾਨਕਿਆਂ ਵਾਲੀ ਗਲ ਮੈਨੂੰ ਉਦਾਸ ਕਰਦੀ। ਮੈਂ ਕਦੇ ਵੇਖੇ ਈ ਨਈਂ ਸੀ ਆਪਣੇ ਨਾਨਕੇ। ਮੰਮੀ ਦਸਦੇ ਸੀ ਕਿ ਉਨ੍ਹਾਂ ਦੇ ਵਿਆਹ ਤੋਂ ਕੁਝ ਸਾਲ ਬਾਦ ਈ ਉਹ ਵਲੈਤ ਚਲੇ ਗਏ ਸੀ ਸਾਰੇ। ਫੌਜੀ ਹੋਣ ਕਰਕੇ ਮੇਰੇ ਨਾਨਾ ਜੀ ਵਲੈਤੀਆਂ ਦੇ ਬੜੇ ਭੇਤੀ ਹੋ ਗਏ ਸਨ। ਦੂਜੀ ਸੰਸਾਰ ਜੰਗ ਵਿਚ ਉਨ੍ਹਾਂ ਦੇ ਚੰਗੇ ਕੰਮ ਤੋਂ ਗੋਰਾ ਅਫਸਰ ਬੜਾ ਖੁਸ਼ ਹੋਇਆ ਸੀ। ਇਕ ਵਾਰ ਨਾਲ ਈ ਲੈ ਗਿਆ ਸੀ ਨਾਨਾ ਜੀ ਨੂੰ । ਕਈ ਮਹੀਨੇ ਰਹਿ ਕੇ ਆਏ ਸੀ ਉਦੋਂ ਉਹ ਵਲੈਤ । ਮੰਮੀ ਸਾਰੇ ਭੈਣ ਭਰਾਵਾਂ ਤੋਂ ਛੋਟੇ ਸੀ। ਮੈਨੂੰ ਤਾਂ ਨਾਨਕਿਆਂ ਚੋਂ ਕਿਸੇ ਦੀ ਸ਼ਕਲ ਵੀ ਯਾਦ ਨਹੀਂ। ਮੰਮੀ ਦਸਦੇ ਹੁੰਦੇ ਸੀ ਕਿ ਮੈਂ 4 ਕੁ ਸਾਲਾਂ ਦੀ ਸੀ ਉਦੋਂ । ਸਾਰਾ ਟੱਬਰ ਇਕੱਠਾ ਚਲੇ ਗਿਆ ਸੀ ਵਲੈਤ। ਦੋ ਕੁ ਸਾਲ ਬਾਦ ਨਾਨਾ ਜੀ ਆਕੇ ਜਮੀਨ ਭਾਂਡਾ ਵੇਚ ਗਏ ਸੀ। ਦਸਦੇ ਸੀ ਕਿ ਉਨ੍ਹਾਂ ਉਥੇ ਕਪੜੇ ਦੀ ਫੈਕਟਰੀ ਲਾ ਲਈ ਸੀ। ਮਾਮਿਆਂ ਨੇ ਰਲਕੇ ਚੰਗਾ ਕੰਮ ਤੋਰ ਲਿਆ...

ਸੀ। ਇਕ ਮਾਮੀ ਦੇ ਪੇਕੇ ਬੜੇ ਸਾਲਾਂ ਤੋਂ ਉਥੇ ਸਨ। ਉਨ੍ਹਾਂ ਨੇ ਜਾਂਦੇ ਈ ਪਰਵਾਰ ਨੂੰ ਚੰਗੇ ਰਾਹੇ ਪਾ ਲਿਆ ਸੀ। ਵਿਚਕਾਰਲੀ ਮਾਮੀ ਐਮ ਡੀ ਬਣੀ ਸੀ ਢਿਲੋਂ ਗਾਰਮੈਂਟਸ ਦੀ ਤੇ ਛੋਟੇ ਮਾਮਾ ਜੀ ਸੇਲਜ਼ ਮੈਨੇਜਰ ਸਨ। ਦਸਦੇ ਸੀ ਕਿ ਐਕਸਪੋਰਟ ਹੋਣ ਲਗ ਪਏ ਸੀ ਉਨ੍ਹਾਂ ਦੇ ਪ੍ਰੋਡਕਟਸ। ਅਸਲ ਵਿਚ ਡੈਡੀ ਦਾ ਸਖਤ ਸੁਭਾਅ ਉਨ੍ਹਾਂ ਨੂੰ ਰਾਸ ਨਹੀਂ ਸੀ ਆਇਆ। ਇਸੇ ਕਰਕੇ ਉਹ ਰਿਜ਼ਰਵ ਜਿਹੇ ਰਹਿੰਦੇ ਸੀ ਸਾਡੇ ਨਾਲ। ਇਕ ਵਾਰ ਮੰਮੀ ਵੀ ਜਾ ਆਏ ਸੀ ਉਨ੍ਹਾਂ ਕੋਲ ਬਰਮਿੰਘਮ। ਛੋਟੀ ਹੋਣ ਕਰਕੇ ਮੈਨੂੰ ਨਹੀਂ ਸੀ ਲੈਕੇ ਗਏ। ਕਈ ਫਰਾਕਾਂ ਲੈਕੇ ਆਏ ਸੀ ਮੇਰੇ ਲਈ ਵਲੈਤ ਤੋਂ। ਇਕ ਫਰਾਕ ਮੰਮੀ ਨੇ ਸਾਂਭ ਕੇ ਰਖ ਲਈ ਸੀ, ਕਹਿੰਦੇ ਸੀ ਪੋਤੀ ਜਾਂ ਦੋਹਤੀ ਜੋ ਵੀ ਪਹਿਲਾਂ ਆਈ, ਉਸੇ ਨੂੰ ਪਾਊਂ। ਕਿੰਨੀ ਦੂਰ ਦੀ ਸੋਚਦੇ ਸੀ ਨਾ ਮੰਮੀ। ਉਨ੍ਹਾਂ ਦੇ ਮਨੋ ਨਿਕਲੀ ਹਰ ਖਾਹਸ਼ ਪੂਰੀ ਹੋ ਜਾਂਦੀ ਸੀ। ਤਾਂ ਈ ਤਾਂ ਉਪਰ ਜਾਣ ਲਗਿਆਂ ਦੀ ਅਰਦਾਸ ਪੂਰੀ ਕਰ ਦਿਤੀ ਸੀ ਰੱਬ ਨੇ, ਆਖਰੀ ਸਾਹ ਤੋਂ ਪਹਿਲਾਂ ਤੁਹਾਨੂੰ ਮਿਲਣ ਵਾਲੀ। ਸ਼ਾਇਦ ਇਸੇ ਲਈ ਤਾਂ ਲੋਕ ਇਸਨੂੰ ਰੂਹਾਂ ਦੇ ਰਿਸ਼ਤੇ ਮੰਨਦੇ ਨੇ। ਮਨ ਸੱਚਾ ਹੋਵੇ, ਸਬੱਬ ਕੁਦਰਤ ਬਣਾ ਈ ਦੇਂਦੀ ਆ। ਮੈਂ ਵੀ ਕਿੰਨੀ ਕਮਲੀ ਆਂ, ਆਪਣੀ ਗਲ ਕਰਦੀ ਕਰਦੀ ਕਿਧਰ ਜਾ ਪਹੁੰਚੀ ਨਾਨਕਿਆਂ ਤਕ। ਮੇਰੇ ਦਾਦਾ ਦਾਦੀ ਤਿੰਨ ਮਹੀਨੇ ਦੇ ਫਰਕ ਨਾਲ ਅਗੇ ਪਿਛੇ ਤੁਰਗੇ ਸੀ। ਡੈਡੀ ਨੇ ਰਾਇਕੋਟ ਵਾਲੀ ਪੈਲੀ ਮਹਿੰਗੀ ਵੇਚਕੇ ਮਾਨਸੇ ਕੋਲ ਖਰੀਦ ਲਏ ਸੀ ਉਸਤੋਂ ਤਿੰਨ ਗੁਣਾ ਖੇਤ। ਟਿੱਬੇ ਸੀ ਬਹੁਤੇ, ਪਰ ਟਰੈਕਟਰ ਲੈਕੇ ਤੇ ਬੰਬੀ ਲਵਾਕੇ ਛੇਤੀ ਹੀ ਅਬਾਦ ਕਰ ਲਏ ਸੀ। ਅੱਜ ਤਕ ਸੁਨੱਖੀਆਂ ਮੁਟਿਆਰਾਂ ਲਈ ਮਾਲਵੇ ਵਿਚ ਮਸ਼ਹੂਰ ਹੈ ਉਹ ਪਿੰਡ। ਮੈਨੂੰ ਇਹ ਗਲ ਕਿੰਨੀ ਚੰਗੀ ਲਗਦੀ ਹੁੰਦੀ ਸੀ ਕਿ ਮੈਂ ਉਸੇ ਪਿੰਡ ਵਾਲੀ ਬਣਗੀ ਸੀ। ਜਦ ਮੈਂ ਬਰਨਾਲੇ ਜੇ ਬੀ ਟੀ ਕਰਦੀ ਸੀ ਤਾਂ ਕੁੜੀਆਂ ਛੇੜਦੀਆਂ ਹੁੰਦੀਆਂ ਸੀ ਸਾਡੇ ਪਿੰਡ ਦਾ ਨਾਂਅ ਲੈਕੇ। ਕੋਰਸ ਪਾਸ ਕਰਕੇ ਬਹੁਤੀ ਦੇਰ ਘਰ ਨਈਂ ਸੀ ਬਹਿਣਾ ਪਿਆ। ਦੂਜੇ ਮਹੀਨੇ ਈ ਉਸੇ ਮੇਨ ਸੜਕ ਤੇ ਪੈਂਦੇ ਸਰਕਾਰੀ ਸਕੂਲ ਵਿਚ ਨੌਕਰੀ ਲਗ ਗਈ ਸੀ ਮੇਰੀ। ਘਰ ਦੇ ਨੇੜਿਓਂ ਈ ਬੱਸ ਮਿਲ ਜਾਂਦੀ ਤੇ ਸਕੂਲ ਮੂਹਰੇ ਲਾਹ ਦੇਂਦੀ। ਢਾਈ ਕੁ ਸਾਲ ਲੰਘੇ ਸੀ ਮਸੀਂ, ਕਿ ਆਪਾਂ ਮਿਲ ਪਏ। ਬਾਦ ਵਿਚ ਸਮੇਂ ਨੇ ਪਤਾ ਨਈ ਕਿਉਂ ਏਨੀ ਤੇਜੀ ਫੜੀ ਲਈ ਸੀ। ਉਹ ਗਲਾਂ ਨਈਂ ਦੁਹਰਾਉਂਦੀ ਮੈਂ ਹੁਣ। ਕਿੰਨੀ ਬੇਸਬਰੀ ਹੁੰਦੀ ਸੀ ਨਾ ਸਾਨੂੰ ਇਕ ਦੂਜੇ ਦੀ ਚਿੱਠੀ ਦੀ।ਕਿੰਨਾਂ ਚੰਗਾ ਲਗਦਾ ਸੀ ਨਾ ਆਈ ਚਿੱਠੀ ਨੂੰ ਵਾਰ ਵਾਰ ਪੜਨਾ। ਚਿੱਠੀਆਂ ਦੇ ਅੱਖਰ ਦੂਜੇ ਦੇ ਮਨ ਦੀ ਅਵਾਜ ਬਣਕੇ ਕੰਨਾਂ ਵਿਚ ਗੂੰਜਣ ਲਗ ਜਾਂਦੇ ਸੀ। ਕਿੰਨੇ ਚੰਗੇ ਦਿਨ ਸੀ ਨਾ ਉਹ ? ਸਕੂਲ ਵਿਚ ਕਿਸੇ ਨੂੰ ਹੋਰਾਂ ਦੀ ਨਿੱਜਤਾ ਨਾਲ ਸਰੋਕਾਰ ਨਹੀਂ ਸੀ ਹੁੰਦਾ। ਕਿਸੇ ਨੇ ਕਦੇ ਨਈ ਸੀ ਸੋਚਿਆ ਕਿ ਮੇਰੇ ਨਾਂਅ ਤੇ ਹਰ ਹਫਤੇ ਚਿੱਠੀਆਂ ਕਿਉਂ ਤੇ ਕਿਥੋਂ ਆਉਣ ਲਗ ਪਈਆਂ। ਪਤਾ ਨਈਂ ਸੱਚ ਸੀ ਜਾਂ ਮੈਨੂੰ ਲਗਦਾ ਸੀ ਕਿ ਡੀ ਐਸ ਪੀ ਦੀ ਧੀ ਦਾ ਪ੍ਰਭਾਵ ਜਿਹਾ ਬਣਿਆ ਹੋਇਆ ਸੀ ਸਾਰਿਆਂ ਤੇ। ਕਿੰਨੀਆਂ ਗਲਾਂ ਕੀਤੀਆਂ ਸੀ ਅਸੀਂ ਉਸ ਦਿਨ ਬਰਨਾਲੇ। ਘੜੀ ਦੀ ਛੋਟੀ ਸੂਈ ਦੇ ਚੱਕਰ ਪੂਰਾ ਕਰਦਿਆਂ ਕਰਦਿਆਂ ਅਸੀਂ ਧਰਤੀ ਦਾ ਚੌਗਿਰਦਾ ਗਾਹ ਮਾਰਿਆ ਸੀ। ਬੇਝਿਜਕ ਹੋਕੇ ਆਪਣੇ ਗੁਣ ਔਗੁਣ ਫਰੋਲ ਮਾਰੇ ਸੀ ਆਪਾਂ। ਚੰਗੇ ਮਾੜੇ ਲੋਕਾਂ ਦੇ ਵਰਕੇ ਫਰੋਲ ਲਏ ਸੀ। ਹੁਣ ਦੇ ਕੰਪਿਊਟਰਾਂ ਵਾਂਗ ਸਾਡੇ ਦਿਮਾਗਾਂ ਨੇ ਡਾਟਾ ਸ਼ੇਅਰ ਕਰ ਲਿਆ ਸੀ ਇਕ ਦੂਜੇ ਨਾਲ। ਕਿੰਨਾਂ ਹੈਰਾਨ ਕੀਤਾ ਸੀ ਨਾ ਸਾਨੂੰ ਖਿੜਕੀ ਵਿਚੋਂ ਦਿਸੇ ਚੜਦੇ ਸੂਰਜ ਦੀ ਲਾਲੀ ਨੇ। ਫਿਰ ਕਿੰਨੀ ਕਾਹਲੀ ਪੈ ਗਈ ਸੀ ਸਾਨੂੰ। ਪਰ ਮਨ ਤਾਂ ਅਜੇ ਭਰੇ ਈ ਨਈਂ ਸੀ। ਲਗਦਾ ਸੀ ਕਈ ਕੁਝ ਦਸਣਾ ਪੁੱਛਣਾ ਅਜੇ ਬਾਕੀ ਰਹਿ ਗਿਆ। ਕਿੰਨਾਂ ਚੰਗਾ ਲਗਾ ਸੀ ਮੈਨੂੰ ਕਿ ਕਪੜਿਆਂ ਦੇ ਰੰਗਾਂ ਬਾਰੇ ਵੀ ਸਾਡੀ ਪਸੰਦ ਇਕ ਹੀ ਸੀ। ਭੂਆ ਜੀ ਦੇ ਘਰ ਦੇ ਬਾਹਰਲੇ ਗੇਟ ਤੇ ਚੜੀ ਬੌਗਲਵੇਲੀਆ ਦੀ ਵੇਲ ਦੇ ਸੂਹੇ ਫੁੱਲ ਤੁਹਾਨੂੰ ਕਿੰਨੇ ਚੰਗੇ ਲਗੇ ਸੀ। ਬੱਸ ਅੱਡੇ ਤੇ ਪਹੁੰਚ ਕੇ ਅਸੀਂ ਵੱਖ ਵੱਖ ਦਿਸ਼ਾਵਾਂ ਵਾਲੇ ਰੂਟ ਤੇ ਚਲਣ ਵਾਲੀਆਂ ਬੱਸਾਂ ਵਿਚ ਬੈਠੇ ਕਿੰਨੀ ਦੇਰ ਇਕ ਦੂਜੇ ਵਲ ਵੇਖਦੇ ਰਹੇ ਸੀ। ਮੈਨੂੰ ਬੁਰਾ ਲਗਾ ਸੀ ਕਿ ਮੇਰੀ ਬੱਸ ਤੁਹਾਡੇ ਵਾਲੀ ਤੋਂ ਪਹਿਲਾਂ ਕਿਉਂ ਚਲ ਪਈ। ਕਿੰਨਾ ਚੰਗਾ ਲਗਾ ਸੀ ਨਾ ਜਦ ਅਸੀਂ ਤੇ ਸਾਡੇ ਮਾਪੇ ਜਲੰਧਰ ਇਕ ਦੂਜੇ ਨੂੰ ਮਿਲੇ ਸੀ। ਬੇਸ਼ੱਕ ਡੈਡੀ ਜੱਕੋ ਤੱਕੀ ਵਿਚ ਸਨ, ਪਰ ਮੇਰੇ ਤੇ ਮੰਮੀ ਦੀ ਅੜੀ ਮੂਹਰੇ ਸਹਿਜੇ ਈ ਮੰਨ ਗਏ ਸੀ। ਯਾਦ ਐ ਨਾ ਤੁਹਾਨੂੰ, ਰਿਸ਼ਤੇ ਉਤੇ ਮੋਹਰ ਲਗਣ ਬਾਦ ਅਸੀਂ ਜਿੱਤੇ ਜਿੱਤੇ ਮਹਿਸੂਸ ਕਰਨ ਲਗ ਪਏ ਸੀ। ਤੁਸੀਂ ਆਪ ਈ ਲਿਖਿਆ ਸੀ ਕਿ ਸਾਡੀ ਜਿੱਤ ਦੇ ਅਹਿਸਾਸ ਸਾਡੇ ਅੱਖਰਾਂ ਚੋਂ ਬੋਲਣ ਲਗ ਪਏ ਆ। ਡੈਡੀ ਤਾਂ ਤੁਹਾਡੀ ਨੌਕਰੀ ਦੇ ਪ੍ਰਬੰਧ ਵੀ ਕਰਨ ਲਗ ਪਏ ਸੀ। ਉਹ ਦੂਰ ਦੀ ਸੋਚਦੇ ਸੀ ਕਿ ਵਿਆਹ ਤੋਂ ਬਾਦ ਕਿਤੇ ਤੁਹਾਡੇ ਮਨ ਵਿਚ ਵਿਹਲੇ ਹੋਣ ਵਾਲੀ ਸੋਚ ਦਾ ਗਲਬਾ ਨਾ ਭਾਰੂ ਹੋਜੇ। ਮੰਮੀ ਡੈਡੀ ਨੇ ਇਕੋ ਮਿਲਣੀ ਵਿਚ ਈ ਤੁਹਾਡੇ ਸੁਭਾਅ ਤੇ ਆਦਤਾਂ ਦਾ ਪਤਾ ਲਾ ਲਿਆ ਸੀ। ਕਾਲਜ ਦੇ ਅਖੀਰਲੇ ਸਾਲ ਦੇ ਤੁਹਾਡੇ ਪੇਪਰ ਸੁਰੂ ਹੁੰਦੇ ਈ ਸਾਡੀ ਡਾਕ ਨੂੰ ਕੁਝ ਸਾਹ ਆਇਆ ਸੀ। ਮੈਂ ਈ ਤੇ ਕਿਹਾ ਸੀ ਨਾ ਕਿ ਪੇਪਰਾਂ ਵਲ ਧਿਆਨ ਦਿਓ। ਬੜਾ ਔਖੇ ਲੰਘਦੇ ਸੀ ਬਿਨਾਂ ਚਿੱਠੀ 5-6 ਦਿਨ। ਫਿਰ ਸਾਡੀ ਆਦਤ ਬਣ ਗਈ ਸੀ। ਜੂਨ ਮਹੀਨੇ ਦੀ 11 ਤਰੀਕ ਸੀ ਸ਼ਾਇਦ, ਐਤਵਾਰ ਦੀ ਛੁੱਟੀ ਸੀ। ਆਪਣੀ ਸੰਭਾਲ ਵਿਚ ਮੈਂ ਪਹਿਲੀ ਵਾਰ ਸਰੀਰ ਨੂੰ ਨਿਤਾਣਾ ਜਿਹਾ ਮਹਿਸੂਸ ਕੀਤਾ ਸੀ। ਮੰਮੀ ਦਿੱਲੀ ਗਏ ਹੋਏ ਸੀ ਡੈਡੀ ਕੋਲ। ਵੀਰ ਜੀ ਡਾਕਟਰ ਕੋਲ ਲੈਕੇ ਗਏ। ਡਾ ਜੈਨ ਸ਼ਹਿਰ ਦਾ ਮਸ਼ਹੂਰ ਡਾਕਟਰ ਹੁੰਦਾ ਸੀ ਉਦੋਂ। ਜਿੰਨੇ ਕੁ ਟੈਸਟ ਉਦੋਂ ਹੁੰਦੇ ਸੀ, ਉਸਨੇ ਕਰਵਾਏ ਤੇ ਕਿਹਾ ਕਮਜੋਰੀ ਹੀ ਹੈ। ਕੁਝ ਦਵਾਈਆਂ ਦੇਕੇ ਸਾਨੂੰ ਘਰ ਭੇਜ ਦਿਤਾ ਸੀ ਡਾਕਟਰ ਸਾਹਿਬ ਨੇ। ਵੀਰ ਜੀ ਸ਼ਹਿਰੋਂ ਈ ਮੰਮੀ ਨੂੰ ਤਾਰ ਦੇ ਆਏ ਸੀ ਛੇਤੀ ਆਉਣ ਦੀ। ਘਰ ਆਕੇ ਕਈ ਦਿਨ ਠੀਕ ਰਹਿਣ ਕਰਕੇ ਮੈਂ ਭੁਲ ਵੀ ਗਈ ਸੀ ਕਿ ਬਿਮਾਰ ਹੋਈ ਸੀ। ਚਿੱਤ ਚੇਤਾ ਵੀ ਨਈ ਸੀ ਕਿ ਸਾਡਾ ਸਰੀਰਕ ਵਿਛੋੜਾ ਦਿਨੋ ਦਿਨ ਨੇੜੇ ਆ ਰਿਹਾ। 15-16 ਜੁਲਾਈ ਦੀ ਰਾਤ ਅੱਧਿਓਂ ਟੱਪ ਚੁੱਕੀ ਸੀ ਜਦ ਮੰਮੀ ਨੇ ਹਲੂਣ ਕੇ ਮੈਨੂੰ ਉਠਾਉਣਾ ਚਾਹਿਆ। ਕਹਿੰਦੇ ਤੂੰ ਸਾਹ ਔਖੇ ਔਖੇ ਕਿਉਂ ਲੈ ਰਹੀ ਏਂ। ਉਠ ਕੇ ਬੈਠੀ ਤਾਂ ਲਗਿਆ ਸਰੀਰ ਨਿਢਾਲ ਹੋ ਗਿਆ। ਬੈਠਣਾ ਔਖਾ ਲਗਣ ਲਗਾ। ਮੰਮੀ ਕਹਿਣ ਤੂੰ ਰਾਤੀਂ ਕਿਉਂ ਨਈ ਦਸਿਆ ਜੇ ਕੋਈ ਤਕਲੀਫ ਸੀ ਤਾਂ। ਮੈਂ ਯਾਦ ਕੀਤਾ, ਰਾਤੀਂ ਤਾਂ ਮੈਂ ਤਾਂ ਤੁਹਾਨੂੰ ਚਿੱਠੀ ਲਿਖ ਰਹੀ ਸੀ, ਅੱਧੀ ਕੁ ਲਿਖਕੇ ਛਡ ਦਿਤੀ ਸੀ ਕਿ ਸਵੇਰੇ ਪੂਰੀ ਕਰ ਲਊਂਗੀ। ਤੜਕੇ ਦੀ ਲੋਅ ਲਗਦੇ ਈ ਕਾਰ ਮੰਗਵਾ ਕੇ ਮੈਨੂੰ ਡਾ ਜੈਨ ਕੋਲ ਲੈਕੇ ਗਏ। ਉਸਨੇ ਮੰਮੀ ਨੂੰ ਪਾਸੇ ਜਿਹੇ ਲਿਜਾਕੇ ਪਹਿਲੇ ਦਿਨ ਕੀਤੇ ਟੈਸਟਾਂ ਦੀ ਰਿਪੋਰਟ ਦਾ ਸੱਚ ਦਸ ਦਸਕੇ ਦੁੱਖਾਂ ਦੇ ਪਹਾੜ ਹੇਠ ਦਬਣ ਵਰਗਾ ਕਰਤਾ ਸੀ। ਮੰਮੀ ਤੇ ਵੀਰ ਜੀ ਨੇ ਪਹਿਲੀ ਵਾਰ ਸੁਣਿਆ ਸੀ ਜਾਨਲੇਵਾ ਲੁਕੀਮੀਆਂ ਦਾ ਨਾਂਅ। ਡਾਕਟਰ ਦੀ ਗਲ ਸੁਣਕੇ ਉਨ੍ਹਾਂ ਤੇ ਅਸਮਾਨ ਡਿੱਗ ਗਿਆ ਸੀ। ਮੈਂਨੂੰ ਥੋੜੀ ਹੋਸ਼ ਸੀ ਉਦੋਂ। ਕੈਬਿਨ ਦੇ ਸ਼ੀਸ਼ੇ ਚੋਂ ਮੈਨੂੰ ਅਵਾਜ ਤਾਂ ਨਈ ਸੀ ਸੁਣਦੀ, ਪਰ ਮੰਮੀ ਦੇ ਚਿਹਰੇ ਦੇ ਬਦਲਦੇ ਰੰਗ ਤੇ ਮੱਥੇ ਦੀਆਂ ਲਕੀਰਾਂ ਦੇ ਡੂੰਗੇ ਹੋਣ ਦਾ ਅਹਿਸਾਸ ਜਿਹਾ ਹੋ ਰਿਹਾ ਸੀ। ਆਖਰ ਮਾਂ ਸੀ ਮੇਰੀ ਤੇ ਮਾਂ ਧੀ ਵਿਚ ਆਂਦਰਾਂ ਦੀ ਸਾਂਝ ਹੁੰਦੀ ਐ। ਡਾਕਟਰ ਦੀ ਬੇਉਮੀਦ ਵਾਲੀ ਗਲ ਅਣਗੋਲਿਆ ਕਰਕੇ ਮੰਮੀ ਉਥੋਂ ਈ ਪਟਿਆਲੇ ਲੈ ਗਏ। ਉਦੋਂ ਇਲਾਜ ਤੇ ਜਾਨਾਂ ਬਚਾਉਣ ਵਿਚ ਰਜਿੰਦਰਾ ਹਸਪਤਾਲ ਦਾ ਨਾਂਅ ਹੁੰਦਾ ਸੀ। ਡਾਕਟਰਾਂ ਸਾਰੇ ਟੈਸਟ ਕੀਤੇ, ਨਤੀਜੇ ਡਾ ਜੈਨ ਵਾਲੇ ਹੀ ਨਿਕਲੇ। ਡੈਡੀ ਮੰਮੀ ਉਮੀਦ ਨਹੀਂ ਸੀ ਛਡ ਰਹੇ, ਪਰ ਅਰਦਾਸਾਂ ਨੂੰ ਵਿਰਥਾ ਨਾ ਜਾਣ ਦੇਣਾ ਉਨ੍ਹਾਂ ਦੇ ਵਸੋਂ ਬਾਹਰ ਹੋ ਰਿਹਾ ਸੀ। ਡਾਕਟਰਾਂ ਚੋਂ ਈ ਇਕ ਡੈਡੀ ਦਾ ਜਮਾਤੀ ਸੀ। ਉਸਨੇ ਸਮਝਾਇਆ ਕਿ ਮੇਰੇ ਵਰਗੇ ਅਭਾਗੇ ਲੋਕਾਂ ਦੇ ਖੂਨ ਵਿਚ ਕਿਸੇ ਕਾਰਣ ਪੈਦਾ ਕੈਂਸਰ ਸੈਲ (ਲੁਕੀਮੀਆ) ਲੰਮਾ ਸਮਾਂ ਜੀਵਿਤ ਰੂਪ ਵਿਚ ਚੁਪ ਚਾਪ ਪਲਦੇ ਰਹਿੰਦੇ ਨੇ ਤੇ ਮਰੀਜ ਨੂੰ ਆਪਣੀ ਹੋਂਦ ਦਾ ਜਰਾ ਵੀ ਅਹਿਸਾਸ ਨਹੀਂ ਹੋਣ ਦਿੰਦੇ। ਜਦੋ ਉਤੇਜਿਤ ਹੋਣ ਲਗਣ ਤਾਂ ਬੜੀ ਤੇਜੀ ਨਾਲ ਮਰੀਜ ਨੂੰ ਪਕੜ ਵਿਚ ਲੈਕੇ ਜਾਨ ਲੇਵਾ ਹੋ ਜਾਂਦੇ ਐ। ਡਾਕਟਰ ਅੰਕਲ ਦਸਦੇ ਸੀ ਕਿ ਉਦੋਂ ਤਾਂ ਅਮਰੀਕਨ ਵਿਗਿਆਨੀਆਂ ਨੇ ਇਸਤੇ ਖੋਜ ਸ਼ੁਰੂ ਹੀ ਕੀਤੀ ਸੀ ਕਿ ਇਨਾਂ ਦੀ ਪੈਦਾਇਸ਼ ਦਾ ਸ੍ਰੋਤ ਕੀ ਹੈ। ਇਲਾਜ ਬਾਰੇ ਤਾਂ ਉਸਤੋਂ ਕਈ ਸਾਲ ਬਾਦ ਖੋਜ ਹੋਣ ਲਗੀ ਹੋਊ ? ਰਜਿੰਦਰਾ ਵਿਚ ਦੋ ਦਿਨ ਲੰਘੇ ਸੀ ਕਿ ਉਹੀ ਦਿਨ ਚੜ ਆਇਆ ਜਿਸ ਦਿਨ ਤੁਸੀ ਦੁਨੀਆ ਤੇ ਆਏ ਸੀ। ਲੁਕੀਮੀਆ ਨੇ ਹਾਵੀ ਹੋਕੇ ਸਾਨੂੰ ਸਰੀਰਕ ਤੌਰ ਤੇ ਵੱਖ ਕਰ ਦਿਤਾ। ਚਲੋ ਹੁਣ ਹੋਰ ਗਲ ਕਰਦੇ ਹਾਂ। ਮੈਂ ਵੇਖਿਆ ਹੁਣ ਉਸਦੇ ਚਿਹਰੇ ਦਾ ਰੰਗ ਫਿੱਕਾ ਪੈਣ ਲਗਾ। ਬੁੱਲਾਂ ਤੋਂ ਮੁਸਕਰਾਹਟ ਗਾਇਬ ਹੋ ਗਈ। ਪਤਾ ਨਹੀਂ ਦੂਰੀ ਵਧ ਰਹੀ ਸੀ ਜਾਂ ਮੇਰੀ ਨਜਰ ਘਟ ਰਹੀ ਸੀ, ਉਹ ਪਰੇ ਹੀ ਪਰੇ ਜਾ ਰਹੀ ਸੀ। ਜਿੰਵੇ ਜਿੰਵੇ ਮੈਂ ਯਤਨ ਕਰ ਰਿਹਾ ਸੀ, ਉਸਨੂੰ ਹੌਸਲਾ ਦਿਆਂ, ਉਹ ਅੱਖੋਂ ਉਹਲੇ ਹੁੰਦੀ ਜਾ ਰਹੀ ਸੀ। ਮੇਰੀ ਸੁਰਤ ਪਰਤਣ ਲਗ ਪਈ ਸੀ। ਰਜਾਈ ਦਾ ਪੱਲਾ ਚੁੱਕ ਕੇ ਵੇਖਿਆ, ਚੜਦੇ ਪਾਸੇ ਵਾਲੀ ਖਿੜਕੀ ਦੇ ਖੁੱਲੇ ਪਰਦੇ ਚੋਂ ਸੂਰਜ ਦੀਆਂ ਸੰਤਰੇ ਰੰਗੀਆਂ ਕਿਰਨਾਂ ਅੰਦਰ ਵੜਨ ਦਾ ਯਤਨ ਕਰ ਰਹੀਆਂ ਸੀ। ਰਜਾਈ ਪਰੇ ਨੂੰ ਖਿਸਕਾ ਕੇ ਮੈੰ ਬੈਠ ਗਿਆ। ਪਤਾ ਈ ਨਾ ਲਗਾ ਕਦੋਂ ਮੇਰਾ ਮਨ ਬੋਲਣ ਲਗਿਆ ਤੇ ਅਵਾਜ ਹਵਾ ਦੀਆਂ ਤਰੰਗਾਂ ਰਾਹੀਂ ਕੰਨੀ ਪੈਂਣ ਲਗੀ । “ਕਿਹਦੇ ਨਾਲ ਗਲ ਕਰ ਰਹੇ ਓ ਪਾਪਾ, ਨਾਲ ਦੇ ਕਮਰੇ ਚੋਂ ਉਠ ਕੇ ਆਈ ਬੇਟੀ ਨੇ ਪੁਛਿਆ, ਹੁਣੇ ਤੁਸੀ ਕਿਸੇ ਦੇ ਪਿਆਰ ਤੇ ਪ੍ਰੇਮੀਆਂ ਦੇ ਮਨ ਦੀ ਥਾਹ ਪਾਉਣ ਬਾਰੇ ਕੋਈ ਗਲ ਕਰ ਰਹੇ ਸੀ ਕਿਸੇ ਨਾਲ?” ਅਚਾਨਕ ਮੈਥੋਂ ਕਹਿ ਹੋ ਗਿਆ “ਸ਼ਾਇਦ ਉਹ ਮੇਰੀ ਕੋਈ ਯਾਦ ਬੋਲ ਰਹੀ ਹੋਵੇ।” +16044427676 – ਮਿਤੀ 11-09-2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)