ਕਿੱਟੀ ਪਾਰਟੀ
ਲੌਕਅਪ ਦੇ ਵਿੱਚ ਬੰਦ ਰੱਜੇ-ਪੁੱਜੇ ਤੇ ਕਹਿੰਦੇ-ਕਹਾਉਂਦੇ ਘਰ ਦੀਆਂ ਇਹ ਕੁੜੀਆਂ ਆਪਣੀ-ਆਪਣੀ ਚੁੰਨੀ ਦੇ ਨਾਲ ਮੂੰਹ ਲਕੋਕੇ ਬੈਠੀਆਂ ਸਨ ਤੇ ਕੁੱਝ ਕੋਲ ਤਾਂ ਚੁੰਨੀਆਂ ਵੀ ਨਹੀਂ ਸਨ ਤੇ ਉਹ ਇੰਞ ਹੀ ਨੀਵੀਂ ਪਾਈ ਖੜ੍ਹੀਆਂ ਸਨ।ਮਨ ਹੀ ਮਨ ਅੱਗੇ ਆਉਣ ਵਾਲੇ ਤੂਫ਼ਾਨ ਲਈ ਖੁਦ ਨੂੰ ਤਿਆਰ ਕਰ ਰਹੀਆਂ ਸਨ।ਇਹ ਕੁੜੀਆਂ ਜਿਨ੍ਹਾਂ ਨੂੰ ਕੁੜੀਆਂ ਕਹਿਣਾ ਸ਼ਾਇਦ ਗਲਤ ਹੋਵੇਗਾ,ਉਮਰ ਦੇ ਤੀਹ ਬਸੰਤਾਂ ਤੋਂ ਵੱਧ ਪਾਰ ਕਰ ਚੁੱਕੀਆਂ ਇਹ ਕੁੜੀਆਂ ਦੀ ਬਜਾਏ ਔਰਤਾਂ ਦੀ ਸ਼੍ਰੇਣੀ ਚ ਫਿੱਟ ਹੁੰਦੀਆਂ ਸਨ |
ਬਿਨਾਂ ਕੋਈ ਗੁਣਾਹ ਕੀਤੇ ਗੁਣਾਹਗਾਰ ਸਾਬਤ ਹੋ ਗਈਆਂ ਇਹ ਔਰਤਾਂ ਆਪਣੇਆਪ ਨੂੰ ਘਰਦਿਆਂ ਤੇ ਬਾਹਰਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਰਹੀਆਂ ਸਨ।
“ਡਾਕਟਰ ਸਾਹਿਬ ਨੇ ਤਾਂ ਮੈਨੂੰ ਘਰੇ ਵੜ੍ਹਣ ਨੀਂ ਦੇਣਾ!ਪਰ ਮੈਂ ਵੀ ਨੰਗੀ-ਚਿੱਟੀ ਹੋ ਕੇ ਕਹਿ ਦਵਾਂਗੀ ਕਿ..ਕਿ..ਕਿ….”
ਏਦੂ ਵੱਧ ਸੋਚਣਾ ਮੁਸ਼ਕਲ ਹੋ ਰਿਹਾ ਸੀ ਮਿਸੇਜ ਮੰਜੂ ਗੁਪਤਾ ਲਈ।ਸ਼ਹਿਰ ਦੇ ਸਭ ਤੋਂ ਵੱੱਡੇ ਡਾਕਟਰ ਦੀ ਵਾਈਫ਼ (ਘਰਵਾਲੀ) ਹੋਣਾ ਐਨਾਂ ਵੀ ਸੌਖਾ ਨੀਂ!
ਸਾਰੀ ਇੱਜ਼ਤ,ਰੁੱਤਬਾ ਸਭ ਦਾਅ ਤੇ ਲੱਗ ਗਿਆ ਸੀ।
” ਵੀਰਾ ! ਤਾਂ ਮੈਨੂੰ ਜ਼ਮੀਨ ਚ ਹੀ ਗੱਡ ਦਿਊ ਜੇ ਉਸਨੂੰ ਪਤਾ ਲੱਗ ਗਿਆ ਤਾਂ!ਪਰ ਉਸਨੂੰ ਦੱਸੂ ਕੌਣ।”ਨਿੱਕੀ ਮਨ ਹੀ ਮਨ ਸੋਚ ਰਹੀ ਸੀ।
ਪੁਲਿਸ ਵਾਲਿਆਂ ਨੂੰ ਤਾਂ ਉਸਨੇ ਆਪਣੇ ਘਰ ਦਾ ਨੰਬਰ ਵੀ ਨਹੀਂ ਦਿੱਤਾ ਸੀ ਕਿ ਕਿਤੇ ਵੀਰੇ ਨੂੰ ਨਾ ਪਤਾ ਲੱਗ ਜਾਵੇ। ਜਦੋਂ ਆਪਣੀ ਮਰਜ਼ੀ ਨਾਲ ਛੱਡਣਗੇ ਠੀਕ ਐ,ਪਰ ਵੀਰੇ ਨੂੰ ਨਹੀਂ ਦੱਸਣਾ ਕੁੱਝ।ਵੀਰੇ ਨੇ ਜਾਨ ਤੋਂ ਮਾਰ ਦੇਣਾ ਐ ਉਸਨੂੰ।
ਪਰ ਉਹ ਬੇਵਕੂਫ਼ ਇਹ ਭੁੱਲ ਗਈ ਸੀ ਕਿ ਐਦਾਂ ਦੀ ਗੱਲ ਵੀ ਕਦੇ ਲੁੱਕਦੀ ਐ!
” ਤੁਹਾਡੀ ਜ਼ਮਾਨਤ ਹੋ ਗਈ ਐ!” ਇੱਕ ਮਹਿਲਾ ਪੁਲਿਸ ਕਰਮਚਾਰੀ ਨੇ ਲੌਕਅਪ ਦਾ ਦਰਵਾਜ਼ਾ ਖੌਲਦੇ ਕਿਹਾ।
ਬਾਹਰ ਆਏ ਤਾਂ ਉਹਨਾਂ ਦੇ ਘਰਦੇ ਦੋ ਗੱਡੀਆਂ ਲੈਕੇ ਖੜ੍ਹੇ ਸਨ।ਨੀਵੀਆਂ ਪਾਕੇ ਖੜ੍ਹੀਆਂ ਇਹਨਾਂ ਔਰਤਾਂ ਚੌਂ ਕਿਸੇ ਚ ਐਨੀ ਹਿੰਮਤ ਨਹੀਂ ਸੀ ਕਿ ਘਰਦਿਆਂ ਦੀਆਂ ਅੱਖਾਂ ਚ ਅੱਖਾਂ ਪਾਕੇ ਵੇਖ ਸਕਣ।
“ਚੱਲੋ!ਬੈਠੋ ਸਾਰੇ ਗੱਡੀ ਚ!”ਨਿੱਕੀ ਦਾ ਵੀਰ ਬਬਲੀ ਗੁੱਸੇ ਚ ਹੁੜਕਾ ਰਿਹਾ ਸੀ ਸਭ ਨੂੰ।
ਕਿਸੇ ਦੇ ਮੂੰਹ ਚੌਂ ਚੂੰ ਨਹੀਂ ਨਿੱਕਲੀ ਤੇ ਚੁੱਪਚਾਪ ਜਾਕੇ ਗੱਡੀਆਂ ਚ ਬਹਿ ਗਈਆ।
ਉੱਧਰ ਡਾਕਟਰ ਅਨਿੱਲ ਗੁਪਤਾ ਸ਼ਹਿਰ ਦਾ ਮੰਨਿਆ-ਪ੍ਮੰਨਿਆਂ ਡਾਕਟਰ, ਲੱਗਾ ਸੀ ਪੁਲਿਸ ਵਾਲਿਆਂ ਨਾਲ ਜੋੜ੍ਹ-ਤੋੜ੍ਹ ਕਰਨ ,ਤਾਂ ਜੋ ਗੱਲ ਬਾਹਰ ਨਾ ਜਾ ਸਕੇ ਤੇ ਉਸਦੀ ਰਹੀ-ਸਹੀ ਇੱਜ਼ਤ ਬੱਚ ਸਕੇ।ਪੂਰੇ ਸਹਿਰ ਚ ਰਸੂਖ ਸੀ ਉਸਦਾ।ਉਸਦੇ ਆਪਣੇ ਕਸਬੇ...
ਚ ਇਹ ਗੱਲ ਅੱਗ ਵਾਂਗ ਫ਼ੈਲ ਗਈ ਸੀ,ਪਰ ਉਹ ਨਹੀਂ ਚਾਹੁੰਦਾ ਸੀ ਕਿ ਅਗਲੇ ਦਿਨ ਦੇ ਅਖ਼ਬਾਰਾਂ ਤੇ ਟੀਵੀ ਚੈਨਲਾਂ ਤੇ ਇਹ ਖ਼ਬਰ ਆਵੇ ਤੇ ਲੋਕ ਉਸਤੇ ਚਿੱਕੜ ਉਛਾਲਣ ਕਿ ਡਾਕਟਰ ਗੁਪਤਾ ਦੀ ਘਰਵਾਲੀ……ਇਹ ਤੇ ਉਸਦੀ ਘਰਵਾਲੀ ਉਹ…..ਵਗੈਰਾ ਵਗੈਰਾ।
ਪੁਲਿਸ ਵਾਲਿਆਂ ਨੇ ਵੀਹ ਲੱਖ ਰੁਪਏ ਮੰਗੇ ਸੀ ਕੇਸ ਰਫ਼ਾ-ਦਫ਼ਾ ਕਰਨ ਲਈ ਤੇ ਆਪਣਾ ਮੂੰਹ ਬੰਦ ਕਰਨ ਲਈ।ਐਨੀ ਰਕਮ ਦੇਣੀ ਸੌਖੀ ਤਾਂ ਨਹੀਂ ਸੀ,ਪਰ ਕਹਿੰਦੇ ਨੇ ਮਰਦੇ ਨੂੰ ਅੱਕ ਚੱਬਣਾ ਹੀ ਪੈਂਦਾ ਐ।ਉਸਨੇ ਨਾਲਦਿਆਂ ਨਾਲ ਗੱਲ ਕੀਤੀ,ਪਰ ਕੋਈ ਵੀ ਪੈਸੇ ਦੇਣ ਨੂੰ ਤਿਆਰ ਨਹੀਂ ਸੀ।ਆਖਿਰ ਡਾਕਟਰ ਨੇ ਆਪ ਹੀ ਸਾਰੀ ਰਕਮ ਦਾ ਬੰਦੋਬਸਤ ਕੀਤਾ,ਜੋ ਕਿ ਉਸਲਈ ਕੋਈ ਵੱਡੀ ਰਕਮ ਨਹੀਂ ਸੀ।ਸਾਰੀ ਉਮਰ ਉਸਨੇ ਪੈਸੇ ਕਮਾਉਣ ਤੋਂ ਬਿਨਾਂ ਕੀਤਾ ਵੀ ਕੀ ਸੀ!ਸਹੀਂ-ਗਲਤ ਕੰਮ ਕਰਕੇ ਬੱਸ ਪੈਸੇ ਹੀ ਕਮਾਏ ਸਨ।
ਇੱਕ ਪੱਤਰਕਾਰ ਵੀ ਮੌਕੇ ਤੇ ਮੌਜ਼ੂਦ ਸੀ ।ਉਸਦਾ ਮੂੰਹ ਬੰਦ ਕਰਾਉਣ ਲਈ ਪੰਜ਼ ਲੱਖ ਰੁਪਏ ਉਸਨੂੰ ਵੀ ਦੇਣੇ ਪਏ।ਇਹ ਜੋ ਆਪ ਬੁਲਾਈ ਮੁਸੀਬਤ ਗਲ ਪਾਈ ਸੀ ਉਸਦੀ ਘਰਵਾਲੀ ਨੇ ਉਸਦਾ ਹੱਲ ਤਾਂ ਕੱਢਣਾ ਹੀ ਸੀ,ਨਹੀਂ ਤਾਂ ਸੱਚ ਸਾਹਮਣੇ ਆ ਜਾਂਦਾ।ਦੁਨੀਆਂ ਦੀਆਂ ਨਜ਼ਰਾਂ ਚ ਉਹ ਇੱਕ ਖੁਸ਼ਹਾਲ ਕਪਲ(ਜੌੜਾ) ਸਨ ਤੇ ਅੱਜ ਸਭਨੂੰ ਪਤਾ ਚੱਲ ਜਾਂਦਾ ਕਿ…
ਇੰਡੀਕਾਂ ਤੇ ਸੈਂਟਰੋਂ ਗੱਡੀ ਵਿੱਚ ਬੈਠੀਆਂ ਇਹ ਔਰਤਾਂ ਜਿਨ੍ਹਾਂ ਦੀ ਜ਼ਮਾਨਤ ਹੋ ਚੁੱਕੀ ਸੀ ਆਪਣੇ ਭਵਿੱਖ ਬਾਰੇ ਸੋਚ ਰਹੀਆਂ ਸਨ।ਪਰ ਕੁੱਝ ਹੋਰ ਵੀ ਸਨ ਜਿਨ੍ਹਾਂ ਦੀ ਜ਼ਮਾਨਤ ਨਹੀਂ ਹੋਈ ਸੀ ਤੇ ਨਾ ਹੀ ਹੋਣ ਦੀ ਕੋਈ ਉਮੀਦ ਸੀ।ਇਹ ਤਿੰਨ ਨੌਜ਼ਵਾਨ ਨਾਲ ਦੇ ਲੌਕਅਪ ਵਿੱਚ ਬੰਦ ਆਪਣੇ ਅੰਜ਼ਾਮ ਦੀ ਸੋਚ ਰਹੇ ਸਨ।ਇਹ ਤਿੰਨ ਇੱਕ ਅਜ਼ਿਹੇ ਗੁਣਾਹ ਚ ਫੜ੍ਹੇ ਗਏ ਸਨ ਜੋ ਕਿ ਸਾਡੇ ਆਸ-ਪਾਸ ਆਮ ਕਰਕੇ ਵੇਖਣ ਨੂੰ ਨਹੀਂ ਮਿੱਲਦਾ।
ਚੱਲਦਾ……..
ਦੋਸਤੋ!ਇਹ ਐ ਮੇਰੀ ਕਹਾਣੀ ਕਿੱਟੀ-ਪਾਰਟੀ ।ਕਿੱਦਾਂ ਲੱਗਾਂ ਆਗਾਜ਼?
ਕੀ ਪੜ੍ਹਣਾ ਚਾਹੋਗੇ ਅੱਗੇ ਵੀ ਇਸਨੂੰ।ਇਹ ਮੇਰੀ ਕਹਾਣੀ ਇੱਕ ਲੀਕ ਤੋਂ ਹੱਟਕੇ ਕਹਾਣੀ ਹੋਵੇਗੀ,ਜੋ ਹੋ ਸਕਦਾ ਐ ਸੱਭਿਆ ਲੋਕਾਂ ਦੇ ਗਲੇ ਨਾ ਉੱਤਰੇ।ਕਿਉਂਕਿ ਇਸ ਕਹਾਣੀ ਵਿੱਚ ਜੋ ਖੁੱਲ੍ਹ ਹੋਵੇਗੀ ,ਮੇਰੀਆਂ ਕਹਾਣੀਆਂ ਚ ਆਮ ਕਰਕੇ ਨਹੀਂ ਹੁੰਦੀ।ਪਰ ਸਮਾਜ ਦੇ ਇੱਕ ਲੁੱਕੇ ਨੰਗੇ ਸੱਚ ਤੋਂ ਰੁਬਰੂ ਕਰਾਉਣਾ ਬਹੁਤ ਜ਼ਰੂਰੀ ਐ।ਸੋ ਜੋ ਲੋਕ ਪੜ੍ਹਣਾ ਚਾਹੁੰਦੇ ਨੇ ਦੱਸਣ ਤੇ ਇਹ ਵੀ ਦੱਸਣ ਕਿ ਸ਼ੁਰੂਆਤ ਕਿੱਦਾਂ ਦੀ ਐ ਤੇ ਜਿਨ੍ਹਾਂ ਦੋਸਤਾਂ ਨੂੰ ਖੁੱਲ੍ਹ ਪਸੰਦ ਨਹੀਂ ਆਉਂਦੀ ,ਉਹਨਾਂ ਤੋਂ ਪਹਿਲਾਂ ਹੀ ਮੁਆਫ਼ੀ ਮੰਗਦੀ ਆਂ।ਜ਼ਰੂਰੀ ਨੀਂ ਕਿ ਉਹ ਵੀ ਪੜ੍ਹਣ।ਤੁਹਾਡੇ ਮਸ਼ਵਰਿਆਂ ਦੀ ਉਡੀਕ ਚ।
ਰੀ…..ਤ
reetikakhankaur