More Punjabi Kahaniya  Posts
ਜ਼ਿੰਦਗੀ ਦਾ ਕਾਰਵਾਂ (ਪਰਵੀਨ ਰੱਖੜਾ)


ਅੱਜ ਮੌਸਮ ਥੋੜ੍ਹਾ ਸੁਹਾਨਾ ਸੀ। ਮੇਰੇ ਕੋਲ ਗਲਾਸ ਵਿਚ ਗਰਮਾ-ਗਰਮ ਚਾਹ ਪਈ ਸੀ ਤੇ ਮੇਰੇ ਹੱਥ ਵਿਚ ਕਾਪੀ ਤੇ ਪੈਨ ਸੀ। ਮੈਂ ਆਪਣੀ ਇਕ ਪੁਸਤਕ ਦਾ ਅਗਲਾ ਭਾਗ ਲਿਖਣ ਦੀ ਤਿਆਰੀ ਕਰ ਰਿਹਾ ਸੀ। ਮੈਂ ਕਮਰੇ ਵਿਚ ਬੈਠਾ ਰੋਸ਼ਨਦਾਨ ਵਿਚੋਂ ਲੰਘ ਰਹੇ ਬੱਦਲਾਂ ਨੂੰ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਕਹਾਣੀ ਸ਼ੁਰੂ ਕਿਦਾਂ ਕਰਾਂ।
ਅਚਾਨਕ ਮੇਰੀ ਨਜ਼ਰ ਮੇਰੇ ਫੋਨ ਉੱਤੇ ਪਈ, ਕਿਸੇ ਦਾ ਵਟਸਐਪ ਉੱਤੇ ਅਣਜਾਣ ਨੰਬਰ ਉਤੋਂ ਸੰਦੇਸ਼ ਆਇਆ ਹੋਇਆ ਸੀ। ਮੈਨੂੰ ਲੱਗਿਆ ਸ਼ਾਇਦ ਕਿਸੇ ਨੇ ਮੇਰੀ ਪੁਸਤਕ ਪੜ੍ਹ ਕੇ ਮੈਸਜ ਕਰਿਆ ਹੋਊਗਾ ਤਾਂ ਮੈਂ ਉਸਦਾ ਜਵਾਬ ਦੇ ਦਿਤਾ…
ਅਣਜਾਣ :- ਹੈਲੋ ਸਰ
ਮੈਂ :- ਹੈਲੋ ਜੀ, ਕੌਣ…?
ਅਣਜਾਣ :- ਸਰ ਮੈਂ ਤੁਹਾਡੀ ਕਿਤਾਬ ਪੜੀ ਸੀ “ਮੈਂ ਰੱਬ ਲੱਭਦਾ”, ਤੇ ਮੈਨੂੰ ਬਹੁਤ ਵਧਿਆ ਲੱਗੀ ਜੀ।
ਮੈਂ :- ਸ਼ੁਕਰੀਆ ਜੀ, ਤੁਸੀ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਕਿਤਾਬ ਪੜ੍ਹੀ।
ਅਣਜਾਣ :- ਨਹੀਂ ਸਰ, ਬਹੁਤ ਵਧਿਆ ਲਿਖੀ ਤੁਸੀ…ਮੈਂ ਸੋਚਿਆ ਜਿਸਦੀ ਸੋਚ ਏਦਾਂ ਦੀ ਹੈ ਉਸ ਨਾਲ ਗੱਲ ਕਰਕੇ ਦੇਖਿਆ ਜਾਵੇ…ਉਹ ਇਨਸਾਨ ਕਿਦਾਂ ਦਾ ਹੋ ਸਕਦਾ ਹੈ।
ਮੈਂ :- ਮਿਹਰਬਾਨੀ ਜੀ…ਵੈਸੇ ਨਾਮ ਕੀ ਆਪਣਾ ਤੇ ਕਿਹੜੀ ਜਗ੍ਹਾ ਤੋਂ ਹੋ ਤੁਸੀ…?
ਅਣਜਾਣ – ਸਰ ਮੇਰਾ ਨਾਮ ਰਮਨਦੀਪ ਹੈ…
(ਨਾਮ ਦੱਸਣ ਤੋਂ ਬਾਅਦ ਉਸਨੇ ਆਪਣੇ ਪਿੰਡ ਦਾ ਨਾਮ ਦੱਸਿਆ, ਮੈਂ ਉਸਦਾ ਅਸਲੀ ਨਾਮ ਤੇ ਪਿੰਡ ਦਾ ਨਾਮ ਨਹੀਂ ਸਕਦਾ)
ਮੈਂ :- ਤੁਹਾਡੇ ਪਿੰਡ ਦੇ ਨਾਲ ਜੋ ਕਾਲਜ ਹੈ, ਮੈਂ ਉਥੇ ਹੀ ਪੜਾਈ ਕੀਤੀ ਹੈ ਜੀ।
ਅਣਜਾਣ :- ਅੱਛਾ ਸਰ, ਮੈਂ ਵੀ ਸਰ ਓਹੀ ਕਾਲਜ ਵਿਚ ਪੜ ਦੀ ਹਾਂ ਜੀ।
ਮੈਂ :- ਅੱਛਾ ਜੀ…ਵਧਿਆ ਫਿਰ ਤਾਂ
ਅਣਜਾਣ :- ਬਹੁਤ ਖੁਸ਼ੀ ਹੋਈ ਜੀ ਸੁਣ ਕੇ, ਕਿ ਤੁਸੀ ਸਾਡੇ ਕਾਲਜ ਵਿਚ ਹੀ ਪੜ੍ਹੇ ਹੋ।

ਇਹ ਕਹਿਣ ਤੋਂ ਬਾਅਦ ਸਾਡੀ ਥੋੜ੍ਹਾ ਸਮਾਂ ਗੱਲਬਾਤ ਹੋਈ। ਮੈਂ ਉਸਨੂੰ ਕਿਹਾ…
“ਚੱਲੋ ਜੀ…ਫਿਰ ਗੱਲ ਕਰਦੇ ਹਾਂ ਆਪਾਂ…ਮੈਂ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ”
ਉਸ ਤੋਂ ਬਾਅਦ ਮੈਂ ਆਪਣੀ ਕਹਾਣੀ ਬਾਰੇ ਸੋਚਣ ਲੱਗ ਗਿਆ।
ਅਗਲੇ ਦਿਨ ਉਸਦਾ ਫਿਰ ਮੈਸੇਜ ਆ ਗਿਆ। ਹੋਲੀ ਹੋਲੀ ਅਸੀਂ ਇਕ ਦੂਜੇ ਨਾਲ ਕਾਫੀ ਗੱਲਾਂ ਕਰਨ ਲੱਗ ਗਏ। ਉਸਦੀ ਮੱਤ ਨਿਆਣਿਆਂ ਵਰਗੀ ਸੀ ਤੇ ਉਹ ਗੱਲਾਂ ਵਿਚੋਂ ਗੱਲ ਕੱਢਣ ਵਿੱਚ ਮਾਹਿਰ ਸੀ। ਜਿਸ ਕਰਕੇ ਸਾਡੀਆਂ ਗੱਲਾਂ ਕਦੇ ਵੀ ਖ਼ਤਮ ਨਹੀਂ ਸੀ ਹੁੰਦੀਆਂ। ਮੈਂਨੂੰ ਆਮ ਤੌਰ ਤੇ ਘੱਟ ਹੀ ਗੱਲ ਕਰਨਾ ਪਸੰਦ ਹੈ ਤੇ ਮੈਂ ਜ਼ਿਆਦਾ ਘੁਲਦਾ ਮਿਲਦਾ ਵੀ ਨਹੀਂ ਕਿਸੇ ਨਾਲ, ਕਿਉਕਿ ਮੇਰਾ ਸੁਭਾਅ ਹੀ ਏਦਾਂ ਦਾ ਹੈ। ਪਰ ਉਸਦਾ ਹਰ ਸਮੇਂ ਹੱਸਦੇ ਰਹਿਣਾ, ਮਜ਼ਾਕ ਕਰਦੇ ਰਹਿਣਾ, ਜਵਾਕਾਂ ਵਰਗੀਆਂ ਗੱਲਾਂ ਕਰਨੀਆਂ, ਮੈਨੂੰ ਚੰਗਾ ਲੱਗਦਾ ਸੀ।
ਇਕ ਦਿਨ ਗੱਲਾਂ-ਗੱਲਾਂ ਵਿਚ ਮੈਂ ਉਸਨੂੰ ਪੁੱਛਿਆ…
ਮੈਂ :- ਰਮਨ…ਤੇਰੇ ਘਰ ਕੌਣ-ਕੌਣ ਹੈ…?
ਰਮਨ :- ਜੀ…ਮੈਂ ਤੇ ਮੇਰਾ ਡੈਡੀ, ਮੰਮੀ ਦੀ ਸਵਰਗਵਾਸ ਹੋ ਗਿਆ ਸੀ ਜੀ ਕੁਝ ਸਾਲ ਪਹਿਲਾਂ
ਮੈਂ :- ਮਾਫ ਕਰਨਾ ਯਾਰ…ਤੁਹਾਡੇ ਡੈਡੀ ਕਿ ਕਰਦੇ ਨੇ…?
ਰਮਨ :- ਜੀ…ਕੁਝ ਨਹੀਂ
ਮੈਂ :- ਕੁਝ ਨਹੀਂ…ਮਤਲਬ …?
ਰਮਨ :- ਸਰ…ਉਹਨਾਂ ਦੀ ਸਾਲ ਕੇ ਪਹਿਲਾਂ ਇਕ ਲੱਤ ਟੁੱਟ ਗਈ ਸੀ ਜੀ…ਜਿਸ ਕਰਕੇ ਉਹ ਕੋਈ ਵੀ ਕੰਮ ਕਰਨ ਦੇ ਅਸਮਰੱਥ ਹਨ।
ਮੈਂ :- (ਥੋੜ੍ਹਾ ਮਾਯੂਸ ਜਾ ਹੋਕੇ) ਤੁਹਾਡਾ ਕੋਈ ਭੈਣ-ਭਾਈ ਨਹੀਂ ਹੈ…!
ਰਮਨ :- ਸਰ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਹੈ ਜੀ ਤੇ ਭਾਈ ਮੇਰਾ ਵਿਆਹ ਤੋਂ ਬਾਅਦ ਸਾਡੇ ਤੋਂ ਅਲੱਗ ਹੋ ਗਿਆ ਸੀ ਜੀ ਕਿਉਂਕਿ ਮੇਰੇ ਭਾਈ ਦੀ ਘਰਵਾਲੀ ਬਹੁਤ ਪੜੀ ਲਿਖੀ ਹੈ ਜੀ। ਉਹ ਸਾਡੇ ਨਾਲ ਰਹਿਣਾ ਪਸੰਦ ਨਹੀਂ ਕਰਦੀ ਜੀ। ਜਿਸ ਕਰਕੇ ਉਹ ਸ਼ਹਿਰ ਵਿਚ ਰਹਿੰਦੇ ਹਨ।
ਮੈਂ :- ਰਮਨ ਤੁਹਾਡੇ ਘਰ ਦਾ ਖਰਚ ਕਿਵੇਂ ਚੱਲਦਾ ਫਿਰ…?
ਰਮਨ :- ਸਰ… ਮੇਰਾ ਭਾਈ ਸਾਡੇ ਲਈ ਖਰਚ ਭੇਜ ਦਿੰਦਾ ਜੀ…ਜਿਸ ਨਾਲ ਗੁਜ਼ਾਰਾ ਹੋ ਜਾਂਦਾ ਸਾਡਾ…

ਮੈਂ ਮੈਸਜ ਕਰਦਾ ਕਰਦਾ ਅਚਾਨਕ ਰੁੱਕ ਗਿਆ। ਮੈਂ ਸੋਚਣ ਲੱਗਾ,
“ਯਾਰ ਰਮਨ ਦੇ ਹਾਸੇ ਪਿੱਛੇ ਕਿੰਨੀ ਉਦਾਸੀ ਹੈ। ਉਸ ਨੇ ਕਦੇ ਵੀ ਆਪਣੀਆਂ ਗੱਲਾਂ ਤੋਂ ਇਹ ਪਤਾ ਨਹੀਂ ਲੱਗਣ ਦਿਤਾ ਕਿ ਉਸਦੀ ਜ਼ਿੰਦਗੀ ਵਿਚ ਕਿੰਨੀਆਂ ਮੁਸ਼ਕਲਾਂ ਹਨ। ਏਨੀ ਛੋਟੀ ਉਮਰ ਦੇ ਵਿਚ ਉਸ ਦੇ ਉਪਰ ਘਰ ਦੀਆਂ ਜਿੰਮੇਵਾਰੀਆਂ ਆ ਗਈਆਂ। ਉਹ ਘਰ ਦਾ ਸਾਰਾ ਕੰਮ ਕਰਦੀ ਹੈ , ਆਪਣੇ ਡੈਡੀ ਦੀ ਵੀ ਦੇਖਭਾਲ ਕਰਦੀ ਹੈ ਤੇ ਆਪਣੇ ਆਪ ਨੂੰ ਵੀ ਸੰਭਾਲਦੀ ਹੈ।”

ਉਸਦੀ ਮਾਸੂਮੀਅਤ ਤੇ ਉਸਦੀਆਂ ਗੱਲਾਂ ਮੇਰੇ ਦਿਮਾਗ ਵਿਚ ਘੁੰਮ ਰਹੀਆਂ ਸਨ। ਮੈਂ ਕਾਫੀ ਸਮਾਂ ਉਸਦੇ ਬਾਰੇ ਸੋਚਦਾ ਰਿਹਾ।
ਉਸਦੇ ਬਾਰੇ ਸੋਚਦੇ ਸੋਚਦੇ ਅਚਾਨਕ ਮੇਰੇ ਦਿਮਾਗ ਵਿਚ ਕੁਝ ਸਤਰਾਂ ਆ ਗਈਆਂ। ਜਿਹਨਾਂ ਨੂੰ ਮੈਂ ਕਾਪੀ ਉੱਤੇ ਉਤਾਰ ਲਿਆ…

ਤੇਰੀ ਹਾਸੇ ਪਿੱਛੇ ਉਦਾਸੀ ਨੂੰ
ਮੈਂ ਸਮਝ ਨਾ ਸਕਿਆ ਕਿਉਂ ਨਹੀਂ
ਤੇਰੀ ਹਰ ਇਕ ਨਾਦਾਨੀ ਨੂੰ
ਮੈਂ ਸਮਝ ਨਾ ਸਕਿਆ ਕਿਉਂ ਨਹੀਂ

ਮੈਂ ਨਫਰਤ ਕਰਦਾ ਸੀ ਤੂੰ
ਜ਼ਿੰਦਗੀ ਜਿਉਣਾ ਦਿਖਾ ਦਿਤਾ
ਹਰ ਮੁਸੀਬਤ ਦਾ ਸਾਹਮਣਾ
ਡੱਟ ਕੇ ਕਰਨਾ ਸਿਖਾ ਦਿਤਾ

ਤੈਨੂੰ ਮਿਲਿਆ ਤਾਂ ਨਹੀਂ ਕਦੇ
ਪਰ ਮਿਲਣਾ ਜਰੂਰ ਚਾਹਵਾਂ ਮੈਂ
ਤੇਰੇ ਪਿੰਡ ਵੱਲ ਨੂੰ ਜਾਂਦੀਆਂ ਜੋ
ਸੱਚੀ ਚੁੰਮਣਾ ਚਾਹਾਂ ਰਾਹਵਾਂ ਮੈਂ

ਤੈਨੂੰ ਦੇਖਿਆ ਹੀ ਕਿਥੇ ਹਾਲੇ
ਇਕ ਮੂਰਤ ਦਿਲ ਚ ਬਣਾਲੀ ਆ
ਤੇਰਾ ਇਕ ਪਾਲ ਦਾ ਦੀਦਾਰ ਕਰਨੇ ਨੂੰ
ਕਿਉਂ ਦਿਲ ਜਾ ਪਿਆ ਕਾਹਲੀ ਆ

ਅਸੀਂ ਕਾਫੀ ਦਿਨ ਲਗਾਤਾਰ ਗੱਲਾਂ ਕਰਦੇ ਰਹੇ। ਰਮਨ ਦਾ ਕਹਿਣਾ ਸੀ ਕਿ “ਸਰ ਮੈਨੂੰ ਤੁਹਾਡੇ ਨਾਲ ਗੱਲ ਕਰਨ ਦੀ ਆਦਤ ਪੈ ਗਈ ਹੈ ਜੀ”
ਤੇ ਕੀਤੇ ਨਾ ਕੀਤੇ ਸ਼ਾਇਦ ਮੈਨੂੰ ਵੀ ਉਸ ਨਾਲ ਗੱਲ ਕਰਨ ਦੀ ਆਦਤ ਜਿਹੀ ਪੈ ਗਈ ਸੀ। ਇਹਨਾਂ ਸਭ ਗੱਲਾਂ ਦੇ ਵਿਚ ਮੈਂ ਕੁਝ ਵੀ ਲਿਖ ਨਹੀਂ ਸੀ ਪਾ ਰਿਹਾ ਸੀ, ਕਿਉਂਕਿ ਲਿਖਣ ਵਾਲਾ ਸਾਰਾ ਸਮਾਂ ਮੇਰਾ ਉਸ ਨਾਲ ਗੱਲਾਂ ਵਿਚ ਬਤੀਤ ਹੋਣ ਲੱਗ ਗਿਆ ਸੀ। ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਮੇਰਾ ਕੀਤੇ ਨਾ ਕੀਤੇ ਲਿਖਣ ਵਾਲੇ ਪਾਸੇ ਬਹੁਤ ਨੁਕਸਾਨ ਹੋ ਰਿਹਾ ਸੀ। ਹੋਲੀ ਹੋਲੀ ਮੈਂ ਉਸ ਨਾਲ ਗੱਲ ਕਰਨੀ ਘਟਾ ਦਿਤੀ ਤੇ ਇਕ ਦਿਨ ਮੈਂ ਉਸਨੂੰ ਕਹਿ ਦਿਤਾ…
“ਯਾਰ, ਆਪਾਂ ਕਦੇ ਕਦੇ ਗੱਲ ਕਰ ਲਿਆ ਕਰਾਂਗੇ, ਮੈਨੂੰ ਮੁਸ਼ਕਿਲ ਆਉਦੀ ਲਿਖਣੇ ਵਿਚ, ਕਿਉਂਕਿ ਮੇਰਾ ਧਿਆਨ ਆਪਣੀਆਂ ਗੱਲਾਂ ਵਿਚ ਹੀ ਰਹਿੰਦਾ ਹੈ। ਜਿਸ ਕਰਕੇ ਮੇਰਾ ਧਿਆਨ ਨਹੀਂ ਲੱਗ ਪਾਉਂਦਾ ਲਿਖਣੇ ਵਿਚ…”
ਇਹ ਕਹਿਣ ਤੋਂ ਬਾਅਦ ਮੈਂ ਉਸਦੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਤੇ ਮੈਂ ਆਪਣੇ ਲਿਖਣ ਵਾਲੇ ਕੰਮ ਵਿਚ ਰੁੱਝ ਗਿਆ।
ਰਮਨ ਦਾ ਵੀ ਉਸ ਦਿਨ ਤੋਂ ਬਾਅਦ ਕਦੀ ਕੋਈ ਮੈਸੇਜ ਨਹੀਂ ਸੀ ਆਇਆ। ਮੈਂ ਆਪਣੀ ਆਮ ਜ਼ਿੰਦਗੀ ਵਿਚ ਪਰਤ ਆਇਆ ਤੇ ਆਪਣਾ ਸਾਰਾ ਧਿਆਨ ਲਿਖਣ ਵਾਲੇ ਪਾਸੇ ਲਾ ਦਿਤਾ।
ਇਸ ਗੱਲ ਨੂੰ ਤਕਰੀਬਨ 2 ਕੁ ਮਹੀਨੇ ਬੀਤ ਗਏ। ਇਕ ਰਾਤ ਉਸਦਾ ਅਚਾਨਕ 9 ਕੁ ਵਜੇ ਮੈਸੇਜ ਆਇਆ…
ਰਮਨ :- ਹੈਲੋ ਸਰ
ਮੈਂ :- ਹੈਲੋ ਜੀ, ਹੋਰ ਘਰ ਠੀਕ ਨੇ ਸਭ
ਰਮਨ :- ਨਹੀਂ ਸਰ, ਡੈਡੀ ਨਾਲ ਛੋਟਾ ਜਾ ਹਾਦਸਾ ਹੋ ਗਿਆ ਜੀ, ਜਿਸ ਕਰਕੇ ਉਹਨਾਂ ਦੀ ਲੱਤ ਫਿਰ ਤੋਂ ਟੁੱਟ ਗਈ। ਮੈਂ ਰਾਜਿੰਦਰਾ ਹਸਪਤਾਲ ਵਿਚ ਹਾਂ ਜੀ ਇਸ ਸਮੇਂ, ਮੇਰੇ ਕੋਲ ਕੋਈ ਨਹੀਂ ਸੀ, ਮੈਂ ਕੱਲੀ ਸੀ ਡੈਡੀ ਕੋਲ ਤਾਂ ਤੁਹਾਨੂੰ ਮੈਸੇਜ ਕਰ ਲਿਆ ਜੀ।
ਮੈਂ :- ...

ਕਿਵੇਂ ਯਾਰ…ਬਹੁਤ ਮਾੜਾ ਹੋਇਆ ਇਹ ਤਾਂ, ਕਿਵੇਂ ਆ ਹਾਲਾਤ ਤੁਹਾਡੇ ਡੈਡੀ ਦੀ…
ਰਮਨ :- ਹਾਂਜੀ… ਠੀਕ ਹੈ ਹੁਣ…ਕੱਲ ਸਵੇਰੇ ਘਰ ਚੱਲ ਜਾਣਾ ਜੀ ਅਸੀਂ…।
ਮੈਂ :- ਤੁਸੀ ਕਿਹਾ ਤੁਸੀ ਕੱਲੇ ਹੋ…ਤੁਹਾਡਾ ਭਾਈ ਨਹੀਂ ਕੋਲ ਤੁਹਾਡੇ…?
ਉਹ ਕਿਥੇ ਹੈ…?
ਰਮਨ :- ਨਹੀਂ ਜੀ…ਉਹ ਆਪਣੇ ਘਰ ਚੱਲ ਗਏ। ਭਾਬੀ ਕੱਲੇ ਸੀ ਘਰ…ਇਸ ਕਰਕੇ…
ਮੈਂ :- ਯਾਰ ਹੱਦ ਹੈ…ਆਪਣੀ ਜਵਾਨ ਭੈਣ ਨੂੰ ਕੱਲੇ ਛੱਡ ਕੇ ਕੋਈ ਭਾਈ ਕਿਵੇਂ ਜਾ ਸਕਦਾ ਹੈ। 100 ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਹਸਪਤਾਲ ਵਿਚ…ਤੁਹਾਡੀ ਭਾਬੀ ਤੇ ਭਾਈ ਦੋਵੇਂ ਆ ਜਾਂਦੇ ਹਸਪਤਾਲ…ਬੁਰੇ ਸਮੇਂ ਤਾਂ ਘੱਟੋ ਘੱਟ ਤੁਹਾਡੇ ਨਾਲ ਰਹਿਣ…
(ਮੈਂ ਆਪਣੇ ਮਨ ਵਿਚ ਕਾਫੀ ਬੁਰਾ ਭਲਾ ਬੋਲਣ ਲੱਗ ਗਿਆ ਰਮਨ ਦੇ ਭਾਈ ਨੂੰ)
ਸਾਡੀ ਥੋੜ੍ਹਾ ਸਮਾਂ ਗੱਲ ਹੋਈ। ਮੈਨੂੰ ਰਮਨ ਦੇ ਭਾਈ ਤੇ ਬਹੁਤ ਗੁੱਸਾ ਆ ਰਿਹਾ ਸੀ।
ਅਗਲੇ ਦਿਨ ਰਮਨ ਹੁਣੀ ਘਰ ਪਹੁੰਚ ਗਏ। ਮੈਂ ਰਮਨ ਦਾ ਤੇ ਉਸਦੇ ਡੈਡੀ ਦਾ ਹਾਲ ਚਾਲ ਪੁੱਛਿਆ। ਹੁਣ ਸਭ ਠੀਕ ਸੀ। ਸਾਡੀ ਉਸਤੋਂ ਬਾਅਦ ਕੋਈ ਗੱਲ ਨਹੀਂ ਹੋਈ।
ਇਸ ਗੱਲ ਨੂੰ ਹਾਲੇ ਮਹੀਨਾ ਕੁ ਹੀ ਬੀਤਿਆ ਸੀ ਕਿ ਇਕ ਰਾਤ ਫਿਰ ਮੈਨੂੰ ਰਮਨ ਦਾ ਮੈਸੇਜ ਆਇਆ। ਮੈਂ ਉਸ ਸਮੇਂ ਇਕ ਕਹਾਣੀ ਲਿਖ ਰਿਹਾ ਸੀ। ਮੈਂ ਮੈਸੇਜ ਨੂੰ ਅਣਦੇਖਿਆ ਕਰਕੇ ਆਪਣੀ ਕਹਾਣੀ ਲਿਖਦਾ ਰਿਹਾ। ਉਸਦੇ 5-6 ਮੈਸੇਜ ਆਏ ਪਰ ਮੈਂ ਕਿਸੇ ਦਾ ਜਵਾਬ ਨਾ ਦਿੱਤਾ। ਮੈਨੂੰ ਡਰ ਸੀ ਕਿ ਜੇ ਮੈਂ ਉਸ ਨਾਲ ਗੱਲ ਕਰਦਾ ਤਾਂ ਮੇਰੇ ਦਿਮਾਗ ਵਿਚ ਜੋ ਚੱਲ ਰਿਹਾ ਸੀ, ਕੀਤੇ ਉਹ ਮੇਰੇ ਦਿਮਾਗ ਵਿਚੋਂ ਨਿੱਕਲ ਨਾ ਜਾਏ। ਕਹਾਣੀ ਲਿਖਦੇ-ਲਿਖਦੇ ਮੈਨੂੰ ਕਾਫੀ ਰਾਤ ਹੋ ਗਈ ਸੀ ਤੇ ਉਸਤੋਂ ਬਾਅਦ ਮੈਂ ਸੋ ਗਿਆ।
ਰਮਨ ਦਾ ਫਿਰ ਅਗਲੀ ਸਵੇਰ ਤਕਰੀਬਨ 11 ਕੁ ਵਜੇ ਮੈਸੇਜ ਆਇਆ।
ਰਮਨ :- ਹੈਲੋ ਸਰ
ਮੈਂ :- ਹੈਲੋ…ਡੈਡੀ ਕਿਵੇਂ ਆ ਹੁਣ ਤੁਹਾਡੇ
ਰਮਨ :- ਡੈਡੀ ਨਹੀਂ ਜੀ ਹੁਣ…
ਮੈਂ :- ਡੈਡੀ ਨਹੀਂ ਹੁਣ…ਮਤਲਬ
ਰਮਨ :- ਡੈਡੀ ਮੰਮੀ ਕੋਲ ਗਏ ਜੀ…
ਮੈਂ :- ਮੰਮੀ ਕੋਲ ਗਏ…? ਰਮਨ ਸਾਫ-ਸਾਫ ਦੱਸ…ਕਿ ਹੋਇਆ…?
ਰਮਨ :- ਡੈਡੀ ਨੂੰ ਦਿਲ ਦਾ ਦੌਰਾ ਪਿਆ ਸੀ ਸਰ। ਉਹਨਾਂ ਦਾ ਸਵਰਗਵਾਸ ਹੋ ਗਿਆ ਜੀ।

(ਉਸਦੇ ਇਨ੍ਹਾਂ ਕਹਿੰਦੇ ਹੀ ਮੈਂ ਬਹੁਤ ਜਿਆਦਾ ਹੈਰਾਨ ਹੋ ਗਿਆ। ਇਕ ਪੱਲ ਲਈ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿਤਾ। ਮੈਂ ਸੋਚਿਆ “ਇਹ ਕਿ ਹੋ ਗਿਆ ਯਾਰ ਰਮਨ ਨਾਲ, ਪਹਿਲਾ ਮੰਮੀ ਸਾਥ ਛੱਡ ਗਈ ਸੀ , ਹੁਣ ਡੈਡੀ ਵੀ, ਭਾਈ ਉਸਦਾ ਨਾਲ ਨਹੀਂ ਰਹਿੰਦਾ, ਕੱਲੀ ਕਿਵੇਂ ਰਹੁ ਰਮਨ ਹੁਣ।”

ਮੈਂ :- ਯਾਰ ਰਮਨ…ਹੁਣ ਫਿਰ ਤੂੰ ਕੱਲੇ ਕਿਦਾਂ ਰਹੇਗੀ…ਤੁਹਾਡੇ ਭਾਈ ਨੇ ਨੀ ਕਿਹਾ… ਮੇਰੇ ਕੋਲ ਆਜਾ…
ਰਮਨ :- ਕਿਹਾ ਸੀ ਜੀ…ਉਹਨਾਂ ਨੇ ਕਿਹਾ ਕਿ ਜੇ ਤੂੰ ਸਾਡੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਰਹਿ ਸਕਦੀ ਹੈ। ਬਾਕੀ ਜਿਵੇਂ ਤੈਨੂੰ ਠੀਕ ਲੱਗੇ।
ਮੈਂ :- ਕਿਸੇ ਰਿਸ਼ਤੇਦਾਰ ਨੇ ਨਹੀਂ ਕਿਹਾ ਕਿ ਸਾਡੇ ਕੋਲ ਆਜਾ…
ਰਮਨ :- ਰਿਸ਼ਤੇਦਾਰ ਕਹਿੰਦੇ ਕਿ ਤੂੰ ਸਾਡੇ ਨਾਲ ਰਹਿਣ ਆਜਾ…10 ਦਿਨ ਸਾਡੇ ਨਾਲ ਰਹਿ ਜਾਇਆ ਕਰ…10 ਦਿਨ ਦੂਜੇ ਰਿਸ਼ਤੇਦਾਰ ਦੇ…ਮੈਂ ਸੋਚਿਆ ਮੈਂ ਆਪਣੇ ਆਪ ਨੂੰ ਏਦਾਂ ਨਹੀਂ ਰੋਲਣਾ…ਮੈਂ ਕੱਲੀ ਰਹਿ ਲਵਾਂਗੀ ਆਪਣੇ ਘਰ…

ਰਿਸ਼ਤੇ ਵੀ ਸਕੇ ਆਪਣਾ
ਰੰਗ ਦਿਖਾ ਗਏ ਨੇ
ਏਥੇ ਨਾ ਕੋਈ ਕਿਸੇ ਦਾ
ਇਹ ਗੱਲ ਸਿਖਾ ਗਏ ਨੇ

ਅੱਲੜ੍ਹ ਉਮਰੇ ਸਿਰ ਉੱਤੇ
ਕਿਉਂ ਰੱਖੀ ਪੰਡ ਆ ਦੁੱਖਾਂ ਦੀ
ਦਿਲ ਮੇਰਾ ਆ ਰੋਂਦਾ ਰਹਿੰਦਾ
ਕਿਸੇ ਆਵਾਜ਼ ਨਾ ਸੁਣੀ ਹੁਕਾਂ ਦੀ

ਪਹਿਲਾਂ ਖੋਲੀ ਮਾਂ ਰੱਬ ਨੇ
ਫਿਰ ਬਾਪੂ ਨੂੰ ਕਿਉਂ ਖੋਲਿਆ ਏ
ਇਸ ਕਲਯੁੱਗੀ ਦੁਨਿਆਂ ਉੱਤੇ
ਮੈਨੂੰ ਕੱਲੀ ਨੂੰ ਕਿਉਂ ਰੋਲਿਆ ਏ

ਖੁਸ਼ੀਆਂ ਨੂੰ ਮੇਰੀ ਜ਼ਿੰਦਗੀ ਚੋ
ਇਕ -ਇਕ ਕਰਕੇ ਕੱਡਤਾ ਏ
ਜਿਨ੍ਹਾਂ ਦਾ ਸੀ ਵੱਧ ਜਾਨੋ ਕਰਦੀ
ਮੈਨੂੰ ਇਕ-ਇਕ ਕਰ ਸਭ ਛੱਡ ਤਾ ਏ

ਮੈਨੂੰ ਉਸ ਦੀਆਂ ਇਹ ਗੱਲਾਂ ਸੁਣ ਕੇ ਉਸ ਉਪਰ ਬਹੁਤ ਮਾਣ ਮਹਿਸੂਸ ਹੋਇਆ। ਮੈਨੂੰ ਏਦਾਂ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿਚ ਬਹੁਤ ਦੁੱਖ ਦਰਦ ਹਨ ਪਰ ਉਸਦੇ ਦੁੱਖਾਂ ਸਾਹਮਣੇ ਮੇਰੇ ਦੁੱਖ ਤਾਂ ਕੁਝ ਵੀ ਨਹੀਂ ਹਨ। ਇਨ੍ਹਾਂ ਕੁਝ ਹੋਣ ਦੇ ਬਾਵਜੂਦ ਉਹ ਮੁਸਕਰਾ ਰਹੀ ਹੈ। ਉਸਦੀ ਮੁਸਕੁਰਾਹਟ ਪਿੱਛੇ ਕਿੰਨਾ ਦਰਦ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਉਹ ਹੁਣ ਆਪਣੇ ਭਵਿੱਖ ਬਾਰੇ ਸੋਚ ਰਹੀ ਹੈ। ਕਿੰਨੀਆਂ ਹੀ ਕੁੜੀਆਂ ਹਨ ਜੋ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹਨ ਤੇ ਹਿੰਮਤ ਹਾਰ ਜਾਂਦੀਆਂ ਹਨ। ਉਹਨਾਂ ਨੂੰ ਰਮਨ ਤੋਂ ਕੁਝ ਸਿੱਖਣਾ ਚਾਹੀਦਾ ਹੈ। ਏਨੀ ਛੋਟੀ ਉਮਰ ਹੋਣ ਦੇ ਬਾਵਜੂਦ ਉਹ ਡਗਮਗਾਈ ਨਹੀਂ, ਸਗੋਂ ਉਸਨੇ ਆਪਣੇ ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਲਿਆ ਹੈ।
ਦੇਖੋ…ਆਪਾਂ ਨੂੰ ਬਹੁਤ ਕੁਝ ਦਿਤਾ ਰੱਬ ਨੇ ਤੇ ਇਸ ਜ਼ਿੰਦਗੀ ਨੇ, ਆਪਾਂ ਬਸ ਉਹਨਾਂ ਚੀਜ਼ਾਂ ਦੀ ਕਦਰ ਨਹੀਂ ਪਾਉਂਦੇ। ਜਿਸ ਦਿਨ ਤੁਸੀ ਉਹਨਾਂ ਚੀਜ਼ਾਂ ਦੀ ਕਦਰ ਪਾਉਣ ਲੱਗ ਗਏ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਬਹੁਤ ਸ਼ਿਕਾਇਤਾਂ ਘੱਟ ਜਾਣਗੀਆਂ।

ਕੁਝ ਦਿਨ ਰਮਨ ਦੀ ਬੜੀ ਭੈਣ ਉਸ ਨਾਲ ਰਹਿ ਤੇ ਹੁਣ ਰਮਨ ਆਪਣੇ ਭਾਈ ਨਾਲ ਉਸਦੇ ਘਰ ਰਹਿ ਰਹੀ ਹੈ।

ਰਮਨ ਦੀਆਂ ਗੱਲਾਂ ਸੁਣ ਕੇ ਮੇਰੇ ਦਿਮਾਗ ਵਿਚ ਅਚਾਨਕ ਕੁਝ ਲਾਈਨਾਂ ਆਈਆਂ। ਮੈਂ ਕਾਪੀ ਚੱਕੀ ਤੇ ਲਿਖਣੀਆਂ ਸ਼ੁਰੂ ਕਰ ਦਿਤੀਆਂ।

ਕਰਕੇ ਹੌਂਸਲਾ ਹਾਲਾਤਾਂ ਦੇ ਨਾਲ
ਮੱਥਾ ਲਾਕੇ ਲੜ ਦੇ ਆਂ
ਜਿਨ੍ਹਾਂ ਮਰਜ਼ੀ ਰਵਾਵੇ ਰੱਬ
ਅਸੀਂ ਲੇਖਾਂ ਮੂਹਰੇ ਅੜ ਦੇ ਆਂ

ਕਿਸਮਤ ਨੂੰ ਮਨਜ਼ੂਰ ਸੀ ਜੋ
ਉਹ ਤਾਂ ਚੱਲੋ ਹੁਣ ਹੋ ਗਿਆ ਏ
ਇਹ ਦੁਨੀਆਂ ਚਲਾਉਣ ਵਾਲਾ ਤਾਂ
ਲੱਗਦਾ ਕਦੋਂ ਦਾ ਸੋ ਗਿਆ ਏ

ਜਿਦਾਂ ਦਾ ਮਾਹੌਲ ਉਦਾਂ ਹੀ
ਢਲਦੇ ਜਾਂਦੇ ਆਂ
ਅੱਗ ਦੇ ਅੰਗਾਰਿਆਂ ਉੱਤੇ
ਚੱਲਦੇ ਜਾਂਦੇ ਆਂ

ਅਸੀਂ ਕਿਸਮਤ ਸਹਾਰੇ ਬਹਿਕੇ ਰੋਣਾ
ਕਦੇ ਵੀ ਸਿੱਖਿਆ ਨੀ
ਅਸੀਂ ਲੇਖਾਂ ਤੋਂ ਉਹ ਵੀ ਖੋ ਲੈਣਾ
ਜੋ ਸਾਡੇ ਹਿੱਸੇ ਲਿਖਿਆ ਨੀ

ਇਹ ਕੋਈ ਕਹਾਣੀ ਨਹੀਂ ਹੈ। ਇਹ ਕਿਸੇ ਦੀ ਜ਼ਿੰਦਗੀ ਹੈ। ਜਿਸਨੂੰ ਮੈਂ ਆਪਣੇ ਲਫ਼ਜ਼ਾਂ ਵਿਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸੋ ਪ੍ਰਤੀਸ਼ਤ ਸੱਚ ਹੈ। ਜ਼ਿੰਦਗੀ ਕਦੇ ਵੀ ਸੌਖੀ ਨਹੀਂ ਹੁੰਦੀ। ਚਾਹੇ ਤੁਸੀ ਕਿੰਨੇ ਵੀ ਬੜੇ ਇਨਸਾਨ ਬਣ ਜਾਓ। ਕਿਸੇ ਨਾ ਕਿਸੇ ਤਰ੍ਹਾਂ ਦੀ ਮੁਸੀਬਤ ਵਿਚ ਹਮੇਸ਼ਾ ਹੀ ਘਿਰੇ ਰਹੋਗੇ। ਸੋ ਹਾਲਾਤਾਂ ਦੇ ਨਾਲ ਮੱਥਾ ਲਾ ਕੇ ਲੜਨਾ ਸਿੱਖੋ, ਗਿਰਨਾ ਸਿੱਖੋ, ਫੇਰ ਉੱਠਣਾ ਸਿੱਖੋ, ਫਿਰ ਚੱਲਣਾ ਸਿੱਖੋ। ਤਾਂਹੀ ਤੁਸੀ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੋਗੇ।

ਨੋਟ :- “ਮੈਂ ਤੇ ਮੇਰੇ 20 ਲੇਖਕ ਵੀਰਾਂ ਤੇ ਭੈਣਾਂ ਨੇ ਮਿਲ ਕੇ ਇਕ ਕਿਤਾਬ ਕਰ ਰਹੇ ਹਾਂ ਜੀ, ਜਿਸ ਦਾ ਨਾਮ ਹੈ “ਇਕ ਨਵੀਂ ਸ਼ੁਰੂਆਤ”
ਜਿਸ ਵਿਚ 20 ਲੇਖਕਾਂ ਵੱਲੋਂ ਲਿਖੀਆਂ ਕਵਿਤਾਵਾਂ ਹੋਣਗੀਆਂ ਜੀ।
ਜਿਸ ਨੂੰ ਅਸੀਂ ਬੜੇ ਪੱਧਰ ਉੱਤੇ ਪਬਲਿਸ਼ ਕਰਵਾ ਰਹੇ ਹਾਂ। ਜਿਸਨੂੰ ਅਗਸਤ ਤੱਕ ਜਾਰੀ ਕਰ ਦਿਤਾ ਜਾਏਗਾ ਜੀ। ਇਸ ਕਿਤਾਬ ਸਬੰਧੀ ਹੋਰ ਜਾਣਕਾਰੀ ਲਈ ਤੁਸੀ ਮੈਨੂੰ ਵਟਸਐਪ ਉੱਤੇ ਮੈਸੇਜ ਕਰ ਸਕਦੇ ਹੋ ਜੀ। ਉਮੀਦ ਕਰਦੇ ਹਾਂ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੇ ਉਤਰਾਂਗੇ ।
ਪਰਵੀਨ ਰੱਖੜਾ
(8360000267)

ਬਾਕੀ ਤੁਸੀ ਇਸ ਕਹਾਣੀ ਸਬੰਧੀ ਜਾਂ ਮੇਰੀਆਂ ਲਿਖੀਆਂ ਹੋਰ ਕਹਾਣੀਆਂ ਪੜ੍ਹਨ ਦੇ ਲਈ ਮੈਨੂੰ ਵਟਸਐਪ ਉੱਤੇ ਮੈਸੇਜ ਕਰ ਸਕਦੇ ਹੋ ਜੀ।
ਪਰਵੀਨ ਰੱਖੜਾ
(8360000267)

...
...



Related Posts

Leave a Reply

Your email address will not be published. Required fields are marked *

4 Comments on “ਜ਼ਿੰਦਗੀ ਦਾ ਕਾਰਵਾਂ (ਪਰਵੀਨ ਰੱਖੜਾ)”

  • 👌👌👌👌👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)