ਕਨੇਡਾ ਤੋਂ ਆਈ ਮੇਰੀ ਮਾਂ ਦੀ ਚਚੇਰੀ ਭੈਣ ਨਾਮ ਦੀ ਨਹੀਂ ਸਗੋਂ ਆਦਤਾਂ ਤੋਂ ਵੀ ਰਾਣੀਆਂ ਵਾਂਙ ਹੀ ਵਿਵਹਾਰ ਕਰਿਆ ਕਰਦੀ..!
ਸ੍ਰੀ ਹਰਗੋਬਿੰਦ ਪੁਰ ਕੋਲ ਵੱਸੇ ਸਾਡੇ ਪਿਛੜੇ ਜਿਹੇ ਪਿੰਡ ਵਿਚ ਭੁਚਾਲ ਆ ਜਾਂਦਾ..ਸਾਰਾ ਪਿੰਡ ਬਹਾਨੇ ਬਹਾਨੇ ਨਾਲ ਵੇਖਣ ਆਉਂਦਾ!
ਫੇਰ ਜਿੰਨੇ ਦਿਨ ਵੀ ਰਹਿੰਦੀ..ਬਸ ਇਹੋ ਝਾਕ ਰਹਿੰਦੀ ਕੇ ਮੈਂ ਜਿਥੇ ਵੀ ਪੱਬ ਧਰਾਂ ਲੋਕ ਓਥੇ ਥੱਲੇ ਆਪਣੀਆਂ ਤਲੀਆਂ ਟਿਕਾਉਂਦੇ ਰਹਿਣ!
ਮੇਰੀ ਮਾਂ ਅਤੇ ਮੈਨੂੰ ਹਮੇਸ਼ ਵੀ ਪਿੱਛੜੇ ਹੋਣ ਦਾ ਇਹਸਾਸ ਕਰਾਉਂਦੀ ਉਹ ਮੈਨੂੰ ਕਦੇ ਵੀ ਚੰਗੀ ਨਾ ਲੱਗਿਆ ਕਰਦੀ..!
ਹੈਰਾਨਗੀ ਇਸ ਗੱਲ ਦੀ ਸੀ ਮੇਰੀ ਮਾਂ ਬੱਸ ਹੱਸਦੀ ਹੀ ਰਹਿੰਦੀ..ਕਦੇ ਗੁੱਸਾ ਨਾ ਕਰਦੀ..!
ਮਾਸੀ ਜਦੋਂ ਵੀ ਬੇਟ ਵਾਲੀ ਬੰਬੀ ਵੱਲ ਜਾਂਦੀ ਤਾਂ ਉਸਦੀ ਨਜਰ ਹਮੇਸ਼ਾ ਹੀ ਦਰਿਆ ਕੰਢੇ ਵਾਲੀ ਪੈਲੀ ਦੀ ਵੱਟ ਕੋਲ ਉੱਗੇ ਇੱਕ ਰੁੱਖ ਹੇਠ ਲਮਕਦੇ ਬੀਜੜੇ ਦੇ ਕਿੰਨੇ ਸਾਰੇ ਆਹਲਣਿਆਂ ਤੇ ਰਹਿੰਦੀ..!
ਅਕਸਰ ਆਖਦੀ ਵੇ ਜੀਤਿਆ ਪੰਜ-ਛੇ ਦਾਤਰੀ ਨਾਲ ਵੱਢ ਕੇ ਮੈਨੂੰ ਦੇ ਦੇ..ਮੈਂ ਕਨੇਡਾ ਲੈ ਕੇ ਜਾਣੇ..ਡਰਾਇੰਗ ਰੂਮ ਵਿਚ ਸਜਾਉਂਣੇ..!
ਮੈਨੂੰ ਵਿਹੁ ਚੜ ਜਾਂਦਾ..ਫੇਰ ਦੱਬੇ ਸ਼ਬਦਾਂ ਵਿਚ ਆਖਦਾ..ਮਾਸੀ ਇਹਨਾਂ ਵਿਚ ਬਿਜੜਿਆਂ ਦੇ ਬੱਚੇ ਵੀ ਨੇ..ਫੇਰ ਉਹ ਕਿੱਧਰ ਜਾਣਗੇ..!
ਅੱਗੋਂ ਆਖਦੀ ਆਪੇ ਕਿਧਰੇ ਹੋਰ ਬਣਾ ਲੈਣਗੇ..ਇਹ ਤੇ ਘਰ ਬਦਲਦੇ ਹੀ ਰਹਿੰਦੇ ਨੇ!
ਇੱਕ ਵੇਰ ਦਰਿਆਓਂ ਪਾਰ ਹਾਜੀਪੁਰ ਸੁਨੇਹਾ ਦੇਣ ਜਾਣਾ ਪੈ ਗਿਆ..ਦੋ ਦਿਨ ਮਗਰੋਂ ਜਦੋਂ ਵਾਪਿਸ ਮੁੜਿਆ ਤਾਂ ਮਾਸੀ ਕਨੇਡਾ ਵਾਪਿਸ ਪਰਤ ਚੁਕੀ ਸੀ..!
ਮੈਨੂੰ ਹੋਰ ਤਾਂ ਕੁਝ ਨਾ ਸੁੱਝਿਆ..ਬੱਸ ਭੱਜਾ-ਭੱਜਾ ਦਰਿਆ ਕੰਢੇ ਵਾਲੀ ਪੈਲੀ ਕੋਲ ਜਾ ਅੱਪੜਿਆ..ਪੰਜ ਛੇ ਆਲ੍ਹਣੇ ਗਾਇਬ ਸਨ..ਮੇਰਾ ਰੋਣ ਨਿੱਕਲ ਗਿਆ..ਆਸੇ ਪਾਸੇ ਲੱਭਿਆ..ਕੋਈ ਹੇਠ ਡਿੱਗਿਆ ਬੋਟ ਹੀ ਲੱਭ ਪਵੇ..ਪਰ ਕੁਝ ਨਾ ਲੱਭਿਆ..!
ਕੋਲ ਖਲੋਤੇ ਚਾਚੇ ਦੇ ਗਲ਼ ਪੈ ਗਿਆ..ਅਖ਼ੇ ਤੂੰ ਪੌੜੀ ਹੀ ਕਿਓਂ ਲਾ ਕੇ ਦਿੱਤੀ..ਆਖਣ ਲੱਗਾ ਭਾਬੀ ਨੇ ਆਖਿਆ...
ਸੀ..ਫੇਰ ਮੈਂ ਕਿੰਨੇ ਦਿਨ ਬੀਜੀ ਨਾਲ ਨਾ ਬੋਲਿਆ..ਕਿੰਨੇ ਦਿਨ ਕਨੇਡਾ ਵਾਲੀ ਨੂੰ ਮਨ ਹੀ ਮਨ ਗਾਹਲਾਂ ਦਿੰਦਾ ਰਿਹਾ..!
ਰੱਬ ਕਰੇ ਤੇਰਾ ਜਹਾਜ ਹੀ ਸਮੁੰਦਰ ਵਿੱਚ ਜਾ ਪਵੇ..ਫੇਰ ਸੋਚਿਆ ਤੇਰੀ ਕੱਲੀ ਦੀ ਖਾਤਿਰ ਬਾਕੀ ਦੀਆਂ ਸਵਾਰੀਆਂ ਵੀ ਕਿਓਂ ਮਰਨ..!
ਖੈਰ ਸਮੇ ਦਾ ਚੱਕਰ ਚੱਲਿਆ..!
ਤਿੰਨ ਕੂ ਵਰ੍ਹਿਆਂ ਮਗਰੋਂ ਵਿਆਹ ਕਰਵਾ ਕੇ ਮੈਂ ਵੀ ਕਨੇਡਾ ਅੱਪੜ ਗਿਆ..ਓਸੇ ਰਾਣੀ ਮਾਸੀ ਦੇ ਸ਼ਹਿਰ..!
ਇੱਕ ਦਿਨ ਸਾਨੂੰ ਦੋਹਾਂ ਜੀਆਂ ਨੂੰ ਰੋਟੀ ਤੇ ਸੱਦ ਲਿਆ..!
ਮੇਰਾ ਜੀ ਨਾ ਕਰੇ ਪਰ ਜਾਣਾ ਪਿਆ..ਬੜੀ ਆਓ ਭਗਤ ਕੀਤੀ..ਮਹਿਲ ਵਰਗਾ ਘਰ ਸੀ ਉਸਦਾ..ਅਣਗਿਣਤ ਕਮਰੇ..!
ਪਰ ਘਰ ਵਿੱਚ ਕੋਈ ਹੋਰ ਜੀ ਨਾ ਦਿਸੇ..ਪੁੱਛ ਲਿਆ ਨਿਆਣੇ ਕਿਥੇ ਨੇ?
ਆਖਣ ਲੱਗੀ ਸਭ ਆਪੋ ਆਪਣੀਆਂ ਨਾਲਦੀਆਂ ਨਾਲ ਰਹਿਣ ਚਲੇ ਗਏ ਨੇ..ਨਾਲ ਹੀ ਪਿਛਲੇ ਸਾਲ ਤੁਰ ਗਏ ਮਾਸੜ ਨੂੰ ਯਾਦ ਕਰ ਅੱਖੀਆਂ ਭਰ ਲਈਆਂ..!
ਅਚਾਨਕ ਹੀ ਮੇਰਾ ਧਿਆਨ ਵੱਡੇ ਸਾਰੇ ਕਮਰੇ ਦੀ ਛੱਤ ਤੋਂ ਹੇਠਾਂ ਲਮਕਦੇ ਬੀਜੜੇ ਦੇ ਓਹਨਾ ਆਲ੍ਹਣਿਆਂ ਵੱਲ ਚਲਾ ਗਿਆ ਜਿਹੜੇ ਦਰਿਆ ਕੰਡੇ ਤੋਂ ਗਾਇਬ ਹੋ ਗਏ ਸਨ..!
ਮੇਰੀਆਂ ਅੱਖੀਆਂ ਵਿਚ ਵੀ ਹੰਜੂ ਆ ਗਏ..!
ਮਾਸੀ ਨੂੰ ਲੱਗਿਆ ਮੈਂ ਮਾਸੜ ਨੂੰ ਅਤੇ ਉਸਦੀ ਤੁਰ ਗਈ ਔਲਾਦ ਨੂੰ ਯਾਦ ਕਰ ਭਾਵੁਕ ਹੋ ਗਿਆ ਸਾਂ ਪਰ ਮੈਨੂੰ ਤੇ ਤਿੰਨ ਸਾਲ ਪਹਿਲਾਂ ਇਹਨਾਂ ਪੰਜ ਆਹਲਣਿਆਂ ਵਿਚੋਂ ਬੇਘਰ ਹੋ ਗਏ ਨਿੱਕੇ ਨਿੱਕੇ ਉਹ ਬੋਟ ਚੇਤੇ ਆ ਗਏ ਸਨ ਜਿਹਨਾਂ ਬਾਰੇ ਮੈਂ ਇਹ ਵੀ ਨਹੀਂ ਸਾਂ ਜਾਣਦਾ ਕੇ ਜਿਉਂਦੇ ਵੀ ਨੇ ਕੇ ਮਰ ਮੁੱਕ ਗਏ ਨੇ!
(ਅਸਲ ਵਾਪਰਿਆ ਵਰਤਾਰਾ)
ਹਰਪ੍ਰੀਤ ਸਿੰਘ ਜਵੰਦਾ