More Punjabi Kahaniya  Posts
ਫਰੇਬ ਕਿਸ਼ਤ – 11


ਕਹਾਣੀ – ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 11
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=336096105193322&id=100063788046394
11
ਜੈਲਦਾਰ ਫੱਸ ਤਾਂ ਕਸੂਤਾ ਗਿਆ ਸੀ ਪਰ ਓਹ ਕਿਸੇ ਨਾ ਕਿਸੇ ਤਰੀਕੇ ਬਚਣਾ ਚਾਹੁੰਦਾ ਸੀ। ਇਸੇ ਲਈ ਤਰਾਂ-ਤਰਾਂ ਦੇ ਤਰੀਕੇ ਸੋਚ ਰਿਹਾ ਸੀ ਜਿਸ ਨਾਲ ਓਹ ਸ਼ਿਵਾਨੀ ਕੋਲੋਂ ਬਚ ਸਕੇ। ਸਭ ਤੋਂ ਪਹਿਲਾਂ ਤਾਂ ਜੈਲਾ ਆਪਣੇ ਦੋਸਤਾਂ ਕੋਲ ਗਿਆ। ਛਿੰਦੇ ਅਤੇ ਘੋਕੀ ਕੋਲ ਜਾ ਕੇ ਜੈਲਦਾਰ ਨੇ ਆਪਣੇ ਨਾਲ ਬੀਤੀ ਸਾਰੀ ਗੱਲ ਦੱਸੀ।
“ਓਹ ਕੁੜੀ ਤਾਂ ਠੱਗ ਨਿੱਕਲੀ ਯਾਰ! ਤੇ ਓਹ ਵੀ ਸਿਰੇ ਦੀ ਚਲਾਕ ਠੱਗ!! ਓਦੇ ਕੋਲ ਮੇਰੀ ਵੀਡੀਓ ਆ! ਜੇ ਓਨੇ ਓਹ ਵੀਡੀਓ ਪੁਲਸ ਨੂੰ ਦਿਖਾ ਦਿੱਤੀ ਤਾਂ ਮੈਨੂੰ ਬਲਾਤਕਾਰ ਦੇ ਚੱਕਰਾਂ ਚ ਫਸਾ ਓਨੇ ਜੇਲ ਕਰਾ ਦੇਣੀ ਆ!! ਬਾਈ ਓਏ ਮੈਂ ਤਾਂ ਮਾਰਿਆ ਗਿਆ ਯਾਰ!! ਮੈਂ ਕੀ ਕਰਾਂ!!?” ਜੈਲਾ ਬੋਲਿਆ।
“ਪਹਿਲਾਂ ਤੂੰ ਆਰਾਮ ਨਾਲ ਬੈਠ ਜਾ!! ਠੰਡੇ ਦਿਮਾਗ ਨਾਲ ਸੋਚਦੇ ਆ ਕਿ ਕਰਨਾ ਕੀ ਹੈ!” ਘੋਕੀ ਬੋਲਿਆ।
“ਮੇਰੇ ਹਿਸਾਬ ਨਾਲ ਤੂੰ ਮੁਲਕ ਤੋਂ ਬਾਹਰ ਨਿੱਕਲ ਜਾ! ਯੂਪੀ ਰਾਂਹੀ ਨੇਪਾਲ ਭੱਜ ਜਾ”। ਛਿੰਦਾ ਬੋਲਿਆ, “ਇੰਤਜਾਮ ਅਸੀਂ ਕਰ ਦਿੰਨੇ ਆ!”
ਇਹ ਗੱਲ ਜੈਲੇ ਨੂੰ ਸਹੀ ਜਾਪੀ।
“ਜੇ ਤੂੰ ਗਾਇਬ ਈ ਹੋ ਗਿਆ ਤਾਂ ਓਹ ਡਰਾਊ ਕੀਹਨੂੰ ਬਾਈ!!? ਫੇਰ ਦਿਖਾਈ ਜਾਵੇ ਜੀਹਨੂੰ ਦਖਾਓਣੀ ਆ ਵੀਡੀਓ!” ਛਿੰਦੇ ਨੇ ਕਿਹਾ।
“ਬਾਈ ਮੈਨੂੰ ਤੂੰ ਨੇਪਾਲ ਕੱਢ ਸਕਦਾ ਯਾਰ!!?” ਜੈਲਾ ਬੋਲਿਆ, “ਮੈਂ ਕਿਸੇ ਹਾਲ ਓਸ ਕੁੜੀ ਨੂੰ ਪੈਸੇ ਨੀ ਦੇਣਾ ਚਾਹੁੰਦਾ!”
“ਸਭ ਹੋਜੂ ਬਾਈ!! ਸਭ ਹੋਜੂ!! ਬੱਸ ਤੂੰ ਤਿਆਰੀ ਖਿੱਚ ਲਾ!!” ਘੋਕੀ ਨੇ ਕਿਹਾ।
ਛਿੰਦਾ, ਘੋਕੀ ਤੇ ਜੈਲਾ ਇਹ ਸਭ ਗੱਲਾਂ ਕਰ ਹੀ ਰਹੇ ਸਨ ਕਿ ਓਥੇ ਪੰਮਾ ਪਹੁੰਚ ਗਿਆ। ਪੰਮੇ ਨੂੰ ਆਪਣੇ ਸਾਹਮਣੇ ਦੇਖ ਜੈਲਾ ਹੈਰਾਨ ਰਹਿ ਗਿਆ। ਇਹ ਕਿਵੇਂ ਓਥੇ ਆ ਗਿਆ ਸੀ!?
“ਭਾਜੀ ਤੁਸੀਂ!?” ਜੈਲਾ ਬੋਲਿਆ।
“ਹਾਂ ਜੈਲੇ!! ਮੈਂ!” ਪੰਮੇ ਨੇ ਕਿਹਾ, “ਜਦੋਂ ਮੈਂ ਕਿਸੇ ਉਪਰ ਨਜ਼ਰ ਰੱਖਣੀ ਹੋਵੇ ਤਾਂ ਫੇਰ ਮੈਂ ਓਦਾ ਪਰਛਾਵਾਂ ਬਣ ਜਾਨਾ ਹੁੰਨਾ”।
“ਭਾਜੀ ਮੈਨੂੰ ਸਮਝ ਨੀ ਆ ਰਿਹਾ ਕਿ ਤੁਸੀਂ ਕੀ ਗੱਲ ਕਰ ਰਹੇ ਓ!” ਜੈਲੇ ਨੇ ਕਿਹਾ।
“ਇਹ ਦੋਵੇਂ ਤੇਰੇ ਦੋਸਤ ਨੇ?” ਪੰਮਾ ਬੋਲਿਆ।
“ਹਾਂਜੀ ਭਾਜੀ!”
“ਇਹ ਤੈਨੂੰ ਨੇਪਾਲ ਕੱਢਣ ਵਾਲੇ ਨੇ! ਹਨਾ?” ਪੰਮੇ ਨੇ ਕਿਹਾ।
“ਨਹੀਂ ਭਾਜੀ”।
“ਮੈਂ ਸਭ ਸੁੱਣ ਲਿਆ ਹੈ ਜੈਲਿਆ! ਤੂੰ ਮੇਰੇ ਨਾਲ ਹੁੱਣ ਝੂਠ ਨੀ ਬੋਲ ਸਕਦਾ”। ਪੰਮੇ ਨੇ ਕਿਹਾ।
ਜੈਲਾ ਹੋਰ ਘਬਰਾ ਗਿਆ।
“ਘਬਰਾ ਨਾ ਜੈਲੇ ਘਬਰਾ ਨਾ!! ਤੇਰੇ ਸਾਹਮਣੇ ਵੀ ਓਹੀ ਦਿੱਕਤ ਆਈ ਹੈ ਜੋ ਵਿਕਾਸ ਦੇ ਸਾਹਮਣੇ ਆਈ ਸੀ। ਤੂੰ ਵੀ ਉਸੇ ਔਰਤ ਦੇ ਜਾਲ ਵਿੱਚ ਫੱਸ ਗਿਆ ਏ ਜਿਸਦੇ ਜਾਲ ਚ ਵਿਕਾਸ ਫਸਿਆ ਸੀ! ਤੇ ਵਿਕਾਸ ਵਰਗੇ ਕਈ ਫਸੇ ਨੇ!!” ਪੰਮਾ ਬੋਲਿਆ।
ਜੈਲਦਾਰ ਦਾ ਮੰਨ ਕੀਤਾ ਕਿ ਓਹ ਪੰਮੇ ਨੂੰ ਸਭ ਦੱਸ ਹੀ ਦਵੇ ਤਾਂ ਚੰਗਾ ਹੈ! ਸ਼ਾਇਦ ਪੁਲਸ ਹੀ ਜੈਲੇ ਦੀ ਕੁੱਛ ਮੱਦਦ ਕਰ ਸਕੇ!
“ਮੇਰੇ ਉਪਰ ਯਕੀਨ ਕਰ ਜੈਲੇ! ਮੈਂ ਇੰਸਪੈਕਟਰ ਪਠਾਨ ਦਾ ਆਦਮੀ ਆ! ਇਸ ਵਕਤ ਸਾਡੇ ਨਾਲ ਰਲ ਜਾ!! ਸਿਰਫ ਪਠਾਨ ਈ ਤੈਨੂੰ ਬਚਾ ਸਕਦਾ!! ਉਸ ਔਰਤ ਤੋਂ ਸਿਰਫ ਪਠਾਨ ਈ ਤੈਨੂੰ ਬਚਾ ਸਕਦਾ!!” ਪੰਮਾ ਬੋਲਿਆ।
“ਤਾਂ ਬਚਾ ਲਵੋ ਭਾਜੀ!! ਮੈਨੂੰ ਬਚਾ ਲਵੋ!!!” ਜੈਲੇ ਨੇ ਪੰਮੇ ਸਾਹਮਣੇ ਹੱਥ ਜੋੜ ਲਏ।
“ਤਾਂ ਫੇਰ ਇਕ ਕੰਮ ਕਰ!! ਆਹ ਪਸਤੌਲ ਆਪਣੇ ਹੱਥ ‘ਚ ਫੜ!” ਪੰਮੇ ਨੇ ਇਕ ਪਸਤੌਲ ਜੈਲਦਾਰ ਦੇ ਹੱਥ ਫੜਾ ਦਿੱਤੀ।
ਜੈਲਦਾਰ ਨੇ ਬਿਨਾ ਸੋਚੇ ਸਮਝੇ ਪਿਸਤੌਲ ਫੜ ਲਈ। ਪੰਮੇ ਨੇ ਆਪਣੀ ਜੇਬ ਵਿੱਚੋਂ ਇਕ ਰੁਮਾਲ ਕੱਢਿਆ ਅਤੇ ਜੈਲੇ ਹੱਥੋਂ ਓਹ ਪਿਸਤੌਲ ਵਾਪਸ ਲੈ ਲਈ। ਹੁੱਣ ਪੰਮੇ ਨੇ ਓਹ ਪਿਸਤੌਲ ਰੁਮਾਲ ਨਾਲ ਫੜੀ ਹੋਈ ਸੀ। ਉਸ ਪਿਸਤੌਲ ਉਪਰ ਜੈਲੇ ਦੀਆਂ ਉਂਗਲਾ ਦੇ ਨਿਸ਼ਾਨ ਆ ਗਏ ਸਨ। ਜਿਓਂ ਹੀ ਪੰਮੇ ਨੇ ਜੈਲੇ ਦੇ ਹੱਥੋਂ ਓਹ ਪਿਸਤੌਲ ਫੜੀ ਤਾਂ ਉਸਨੇ ਕੋਲ ਖੜੇ ਛਿੰਦੇ ਅਤੇ ਘੋਕੀ ਨੂੰ ਗੋਲੀਆਂ ਮਾਰ ਦਿੱਤੀਆਂ। ਛਿੰਦਾ ਅਤੇ ਘੋਕੀ ਉਸੇ ਪਲ ਮਾਰੇ ਗਏ।
“ਓਏ!!!” ਜੈਲਾ ਚੀਕਿਆ ਅਤੇ ਪੰਮੇ ਨੂੰ ਫੜਨ ਲੱਗਿਆ।
ਪਰ ਪੰਮੇ ਨੇ ਜੈਲੇ ਵੱਲ ਪਿਸਤੌਲ ਕਰ ਲਈ। ਜੈਲਾ ਸਮਝ ਨਹੀਂ ਸੀ ਪਾ ਰਿਹਾ ਕਿ ਪੰਮੇ ਨੇ ਆਖਿਰ ਛਿੰਦੇ ਅਤੇ ਘੋਕੀ ਨੂੰ ਕਿਓਂ ਮਾਰਿਆ!? ਓਹ ਤਾਂ ਪੁਲਿਸ ਵਾਲਾ ਹੈ!!?
ਪੰਮਾ ਜੈਲੇ ਵੱਲ ਦੇਖ ਹੱਸਣ ਲੱਗਿਆ। ਜੈਲਾ ਹਜੇ ਤੱਕ ਸਮਝ ਨਹੀਂ ਪਾ ਰਿਹਾ ਸੀ ਕਿ ਆਖਿਰ ਚੱਕਰ ਕੀ ਹੈ!? ਓਹ ਸਵਾਲਾਂ ਦੇ ਘੇਰੇ ਵਿੱਚ ਸੀ!!
“ਤੈਨੂੰ ਕੀ ਲੱਗਿਆ ਸਾਲਿਆ!!?” ਪੰਮਾ ਬੋਲਿਆ, “ਮੈਂ ਓਹ ਪੁਲਸ ਵਾਲੇ ਦੇ ਨਾਲ ਆ!!?”
ਕਹਿੰਦਾ ਹੋਇਆ ਪੰਮਾ ਉੱਚੀ-ਉੱਚੀ ਹੱਸਣ ਲੱਗਿਆ।
“ਤੂੰ!! ਤੂੰ ਕੌਣ ਆ!!?” ਜੈਲਾ ਬੋਲਿਆ।
“ਸ਼ਿਵਾਨੀ ਦਾ ਅਸਲੀ ਪਤੀ!!” ਪੰਮੇ ਨੇ ਕਿਹਾ।
ਜੈਲਾ ਦੰਗ ਰਹਿ ਗਿਆ!! ਪੰਮਾ ਹੱਸਦਾ ਰਿਹਾ।
“ਤੈਨੂੰ ਕੀ ਲੱਗਿਆ!!? ਹੈਂ!!!!?” ਪੰਮਾ ਸ਼ੈਤਾਨ ਦੀ ਤਰਾਂ ਹੱਸਦਾ ਹੋਇਆ ਬੋਲਿਆ, “ਸਾਲਿਆ ਓਦੇ ਹੱਥ ਬਹੁਤ ਲੰਬੇ ਆ!!!”
ਅਚਾਨਕ ਓਥੇ ਸ਼ਿਵਾਨੀ ਵੀ ਪਹੁੰਚ ਜਾਂਦੀ ਹੈ। ਜੈਲਾ ਸ਼ਿਵਾਨੀ ਨੂੰ ਦੇਖਦਾ ਹੈ। ਇਸ ਸਮੇਂ ਜੈਲੇ...

ਦਾ ਦਿਮਾਗ ਕੰਮ ਕਰਨਾ ਬੰਦ ਕਰ ਚੁੱਕਿਆ ਸੀ। ਸ਼ਿਵਾਨੀ ਜੈਲੇ ਸਾਹਮਣੇ ਪੰਮੇ ਦੇ ਗਲ ਲੱਗ ਜਾਂਦੀ ਹੈ ਅਤੇ ਫਿਰ ਦੋਵੇਂ ਇਕ-ਦੂਸਰੇ ਨੂੰ ਚੁੰਮਦੇ ਹਨ।
ਸ਼ਿਵਾਨੀ ਫੇਰ ਜੈਲੇ ਵੱਲ ਦੇਖਦੀ ਹੈ।
“ਇਹ ਮੇਰਾ ਅਸਲੀ ਪਤੀ ਹੈ”। ਸ਼ਿਵਾਨੀ ਬੋਲਦੀ ਹੈ, “ਮੇਰਾ ਅਸਲੀ ਪਾਰਟਨਰ! ਇਨੂੰ ਮੈਂ ਈ ਇੰਸਪੈਕਟਰ ਪਠਾਨ ਮਗਰ ਲਾਇਆ ਸੀ! ਤਾਂ ਕਿ ਮੈਂ ਓਦੇ ਤੋਂ ਦੋ ਕਦਮ ਅੱਗੇ ਰਹਿ ਸਕਾਂ! ਸਮਝਿਆ!!”
ਜੈਲਾ ਕੁੱਛ ਬੋਲਣ ਦੇ ਲਾਇਕ ਹੀ ਨਹੀਂ ਹੀ ਰਿਹਾ। ਸ਼ਿਵਾਨੀ ਬੜੀ ਪਹੁੰਚੀ ਹੋਈ ਚੀਜ਼ ਸੀ।
“ਵਿਕਾਸ ਦੇ ਜਿਓਂਦੇ ਹੋਣ ਬਾਰੇ ਵੀ ਮੈਨੂੰ ਪੰਮੇ ਨੇ ਈ ਦੱਸਿਆ ਸੀ!! ਹੁੱਣ ਤੂੰ ਵੀ ਮੇਰੇ ਕੋਲੋਂ ਨਹੀਂ ਬਚ ਸਕਦਾ! ਮੈਂ ਦਲਦਲ ਦੀ ਤਰਾਂ ਆ! ਜਿੰਨਾ ਸਾਲਿਆ ਨਿਕਲਣ ਦੀ ਕੋਸ਼ਿਸ਼ ਕਰੇਂਗਾ ਓਨਾ ਈ ਫੱਸਦਾ ਜਾਏਂਗਾ!! ਸਮਝਿਆ!!” ਸ਼ਿਵਾਨੀ ਬੋਲੀ।
“ਹੁੱਣ ਵੀ ਜੇ ਤੂੰ ਕੋਈ ਚਲਾਕੀ ਕਰੀ ਨਾ! ਤਾਂ ਇੰਨਾ ਦੋ ਖੂਨਾ ਦਾ ਇਲਜ਼ਾਮ ਤੇਰੇ ਸਿਰ ਲਗਾ ਦੇਣਾ ਮੈਂ!” ਪੰਮਾ ਬੋਲਿਆ, “ਮੇਰੇ ਕੋਲ ਇਹ ਪਿਸਤੌਲ ਆ! ਜੀਹਦੇ ਤੇ ਤੇਰੀਆਂ ਉਂਗਲਾਂ ਦੇ ਨਿਸ਼ਾਨ ਨੇ ਸਮਝਿਆ! ਮੈਂ ਬੱਸ ਇੰਨਾ ਕਰਨਾ ਕਿ ਇਹ ਪਿਸਤੌਲ ਜਾ ਕੇ ਪਠਾਨ ਨੂੰ ਦੇਣੀ ਆ!! ਓਹ ਮੇਰੇ ਤੇ ਅੱਖ ਬੰਦ ਕਰਕੇ ਭਰੋਸਾ ਕਰਦਾ!!”
“ਦੋ ਦਿਨ ਨੇ ਤੇਰੇ ਕੋਲ!! ਸਿਰਫ ਦੋ ਦਿਨ!! ਸਮਝ ਗਿਆ!!?” ਸ਼ਿਵਾਨੀ ਬੋਲੀ, “ਤੇ ਇਹ ਪਿਸਤੌਲ ਸਾਡੇ ਕੋਲ ਆ!”
ਕਹਿ ਕੇ ਸ਼ਿਵਾਨੀ ਤੇ ਪੰਮਾ ਓਥੋਂ ਚਲੇ ਗਏ। ਜੈਲਾ ਵੀ ਭੱਜ ਗਿਆ। ਓਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਸੀ। ਜੈਲਾ ਸਮਝ ਗਿਆ ਸੀ ਕਿ ਹੁੱਣ ਚਲਾਕੀ ਕਰਨ ਦਾ ਕੋਈ ਫਾਇਦਾ ਨਹੀਂ। ਉਸ ਦੀਆਂ ਜ਼ਮੀਨਾ ਖਰੀਦਣ ਲਈ ਤਾਂ ਉਸਦੇ ਸ਼ਰੀਕ ਕਿੰਨੀ ਦੇਰ ਤੋਂ ਤਿਆਰ ਸਨ। ਬੱਸ ਜੈਲਾ ਹੀ ਨਹੀਂ ਸੀ ਮੰਨ ਰਿਹਾ। ਪਰ ਹੁੱਣ ਜੈਲਾ ਸ਼ਿਵਾਨੀ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ।
ਜਦੋਂ ਤੱਕ ਓਹ ਘਰ ਪਹੁੰਚਿਆ ਤਾਂ ਉਸਨੇ ਸੋਚਿਆ ਕਿ ਹੁੱਣ ਤੱਕ ਤਾਂ ਛਿੰਦੇ ਅਤੇ ਘੋਕੀ ਦੀ ਲਾਸ਼ ਕੋਲ ਪੁਲਿਸ ਪਹੁੰਚ ਚੁੱਕੀ ਹੋਏਗੀ। ਉਸਨੇ ਆ ਕੇ ਆਪਣੇ ਇਕ ਰਿਸ਼ਤੇਦਾਰ ਨੂੰ ਫੋਨ ਖੜਕਾਇਆ ਅਤੇ ਕਿਹਾ ਕਿ ਓਹ ਆਪਣੀ ਸਾਰੀ ਜ਼ਮੀਨ ਵੇਚਣਾ ਚਾਹੁੰਦਾ ਹੈ।
ਜਦੋਂ ਜੈਲਾ ਫੋਨ ਕਰ ਹਟਿਆ ਤਾਂ ਉਸਨੇ ਪਿੱਛੇ ਮੁੱੜ ਕੇ ਦੇਖਿਆ। ਓਥੇ ਕਾਲੀ ਖੜੀ ਸੀ। ਕਾਲੀ ਹਜੇ ਤੱਕ ਪੁਲਸ ਤੋਂ ਫਰਾਰ ਸੀ। ਪਰ ਪੁਲਿਸ ਉਸਦੀ ਤਲਾਸ਼ ਜਗਾ-ਜਗਾ ਕਰ ਰਹੀ ਸੀ। ਕਾਲੀ ਜੈਲੇ ਨੂੰ ਲੁਕਦੀ-ਛਿਪਦੀ ਮਿਲਣ ਆਈ ਸੀ।
“ਕੀ ਹੋਇਆ ਜੈਲੇ? ਤੂੰ ਆਪਣੀ ਜਮੀਨ ਕਿਓੰ ਵੇਚ ਰਿਹਾ?” ਕਾਲੀ ਬੋਲੀ।
ਜੈਲਾ ਕੁੱਛ ਦੇਰ ਕਾਲੀ ਵੱਲ ਦੇਖਦਾ ਰਿਹਾ। ਜਿਵੇਂ ਉਸਨੂੰ ਕੋਈ ਸਹਾਰਾ ਮਿਲ ਗਿਆ ਹੋਵੇ। ਜੈਲੇ ਨੂੰ ਲੱਗਿਆ ਸ਼ਾਇਦ ਕਾਲੀ ਉਸਦੀ ਮੱਦਦ ਕਰ ਸਕੇ।
“ਮੈਂ ਬੜਾ ਕਸੂਤਾ ਫਸ ਗਿਆਂ ਕਾਲੀ!” ਜੈਲਾ ਬੋਲਿਆ, “ਇਕ ਕੁੜੀ ਮਿਲੀ ਸੀ ਮੈਨੂੰ! ਦਸ ਕੁ ਦਿਨ ਹੋਏ! ਬੱਸ ਇੰਨਾ ਦਸ ਦਿਨਾ ਚ ਹੀ ਓਨੇ ਮੇਰੀ ਜਿੰਦਗੀ ਹਿਲਾ ਕੇ ਰੱਖ ਤੀ!!”
“ਕੌਣ ਕੁੜੀ?” ਕਾਲੀ ਬੋਲੀ।
“ਸ਼ਿਵਾਨੀ ਨਾਮ ਹੈ ਓਦਾ! ਠੱਗ ਆ ਇਕ ਨੰਬਰ ਦੀ!!” ਜੈਲਦਾਰ ਬੋਲਿਆ, “ਓਨੇ!……..ਛਿੰਦੇ ਤੇ ਘੋਕੀ ਨੂੰ ਵੀ ਮਾਰਤਾ!”
“ਕੀ!?” ਕਾਲੀ ਹੈਰਾਨ ਹੋਈ।
“ਹਾਂ ਕਾਲੀ! ਸਭ ਖਤਮ ਹੋ ਗਿਆ!” ਜੈਲਾ ਬੋਲਿਆ, “ਮੈਥੋਂ ਓਨੇ ਪੰਜ ਕਰੋੜ ਮੰਗਿਆ!! ਤੇ ਮੈਨੂੰ ਓਹ ਸਾਰਾ ਪੈਸਾ ਦੇਣਾ ਈ ਪੈਣਾ! ਨਈ ਤਾਂ ਮੈਂ ਓਦੇ ਬੁਣੇ ਹੋਏ ਜਾਲ ਚ ਫਸਜੂੰ!”
“ਮੈਂ ਤੈਨੂੰ ਕੁੱਛ ਨੀ ਹੋਣ ਦੇ ਸਕਦੀ ਜੈਲਿਆ!” ਕਾਲੀ ਬੋਲੀ।
“ਤੂੰ ਕੁੱਛ ਕਰ ਸਕਦੀ ਆ ਮੈਨੂੰ ਬਚਾਓਣ ਲਈ!?” ਜੈਲਾ ਉਮੀਦ ਨਾਲ ਭਰ ਗਿਆ।
“ਤੇਰੇ ਲਈ ਈ ਤਾਂ ਜਿਓਨੀ ਆ ਮੈਂ ਕਮਲਿਆ!! ਜੇ ਤੂੰ ਨਾ ਹੁੰਦਾ ਤਾਂ ਮੈਂ ਕੱਦ ਦੀ ਨੇ ਮਰ ਜਾਣਾ ਸੀ!!” ਕਾਲੀ ਬੋਲੀ, “ਮੈਂ ਤੇਰੇ ਲਈ, ਤੇਰਾ ਪਿਆਰ ਪਾਓਣ ਲਈ ਆਪਣਾ ਸਾਰਾ ਪਰਿਵਾਰ ਮਾਰ ਤਾ!! ਤਾਂ ਤੇਰੇ ਲਈ ਇਕ ਓਹ ਕੁੜੀ ਨੀ ਮਾਰ ਸਕਦੀ!!”
“ਤੂੰ ਕਰ ਸਕਦੀ ਆ ਇਹ!?” ਜੈਲਾ ਬੋਲਿਆ।
“ਹਾਂ! ਜੇ ਤੂੰ ਮੇਰੇ ਨਾਲ ਵਿਆਹ ਕਰੇਂਗਾ ਤਾਂ!” ਕਾਲੀ ਨੇ ਸ਼ਰਤ ਰੱਖੀ।
“ਮੈਂ ਕੁੱਛ ਵੀ ਕਰੂੰ ਕਾਲੀ!! ਬੱਸ ਓਦੇ ਇਸ ਚੱਕਰਵਿਊ ਚੋਂ ਮੈਨੂੰ ਬਾਹਰ ਕੱਢ ਲਾ!!” ਜੈਲਾ ਬੋਲਿਆ।
“ਤੂੰ ਘਬਰਾ ਨਾ!” ਕਾਲੀ ਬੋਲੀ, “ਜੇ ਮੇਰੇ ਜੈਲੇ ਵੱਲ ਕਿਸੇ ਨੇ ਅੱਖ ਵੀ ਚੱਕੀ ਤਾਂ ਮੈਂ ਸਵਾਹ ਕਰਦੂੰ ਓਨੂੰ!”
“ਇੰਨਾ ਪਿਆਰ ਕਰਦੀ ਆ ਤੂੰ ਮੈਨੂੰ!?” ਜੈਲਦਾਰ ਬੋਲਿਆ।
“ਤੂੰ ਤਾਂ ਮੇਰਾ ਸਭ ਕੁੱਛ ਆ ਜੈਲੇ! ਕਾਲੀ ਬੋਲੀ, “ਮੈਨੂੰ ਹੋਰ ਕੁੱਛ ਨੀ ਚਾਹੀਦਾ! ਬੱਸ ਤੇਰਾ ਪਿਆਰ ਚਾਹੀਦਾ!!”
“ਤਾਂ ਫੇਰ ਠੀਕ ਆ ਕਾਲੀ! ਮੈਂ ਵੀ ਹੁੱਣ ਪਿੱਛੇ ਨੀ ਹੱਟਦਾ! ਸਾਰੀ ਜਮੀਨ ਵੇਚ-ਵੱਟ ਕੇ, ਜੋ ਵੀ ਪੈਸਾ ਮਿਲਿਆ! ਸਾਰਾ ਆਪਾਂ ਲੈ ਕੇ ਇੱਥੋਂ ਕਿਤੇ ਦੂਰ ਚਲੇ ਜਾਵਾਂਗੇ!!” ਜੈਲਦਾਰ ਨੇ ਕਿਹਾ।
“ਭਾਵੇਂ ਇਕ ਵੀ ਪੈਸਾ ਨਾ ਚੱਕ! ਮੈਂ ਤਾਂ ਕਹਿਨੀ ਆ ਛੱਡ ਸਾਰੀ ਜਮੀਨ-ਜਾਇਦਾਦ!! ਸਾਰੇ ਕਾਗਜ਼ ਓਨੂੰ ਹਰਾਮਦੀ ਨੂੰ ਦੇ ਕੇ ਤੇ ਆਪਣਾ ਖਹਿੜਾ ਛੁਡਾ! ਚੱਲ ਆਪਾਂ ਕਿਤੇ ਦੂਰ ਚੱਲਦੇ ਆ!” ਕਾਲੀ ਨੇ ਕਿਹਾ।
“ਨਹੀਂ ਕਾਲੀ!! ਇਹ ਕਰੋੜਾਂ ਦੀ ਜਾਇਦਾਦ ਮੈਂ ਆਪਣੇ ਸ਼ਰੀਕਾਂ ਨੂੰ ਨੀ ਦਿੱਤੀ!! ਤਾਂ ਓਦੇ ਨਾਮ ਕਿਓਂ ਕਰਾਂ!?” ਜੈਲਾ ਲਾਲਚ ਕਰ ਰਿਹਾ ਸੀ, “ਠੀਕ ਆ ਮੈਂ ਮਜਬੂਰ ਆ ਅੱਜ ਆਪਣੀ ਜਮੀਨ ਵੇਚਣ ਲਈ! ਪਰ ਪੈਸਾ ਇਕ ਵੀ ਓਨੂੰ ਨੀ ਦੇਣਾ ਮੈਂ!! ਮਰ ਜੂੰ!!! ਪਰ ਓਨੂੰ ਨੀ ਦਿੰਦਾ!!”
“ਮਰਨਾ ਤੂੰ ਕਿਓਂ ਆ ਜੈਲੇ!? ਮਰੇਗੀ ਤਾਂ ਓਹ!!” ਕਾਲੀ ਬੋਲੀ।
ਇੰਸਪੈਕਟਰ ਯੂਸੁਫ ਪਠਾਨ ਵਿਕਾਸ ਦੇ ਘਰ ਗਿਆ। ਓਹ ਉਸਦੀ ਪਤਨੀ ਨਾਲ ਮਿਲਣ ਗਿਆ ਸੀ। ਪਠਾਨ ਨੂੰ ਪਤਾ ਚੱਲਿਆ ਸੀ ਕਿ ਓਹ ਠੱਗ ਕੁੜੀ ਜਿਸਦੀ ਤਲਾਸ਼ ਪਠਾਨ ਕਰ ਰਿਹਾ ਹੈ, ਓਹ ਵਿਕਾਸ ਦੀ ਪਤਨੀ ਦੀ ਦੋਸਤ ਬਣੀ ਸੀ।
ਯੁਸਫ ਪਠਾਨ ਨੇ ਸੋਚਿਆ ਕਿ ਵਿਕਾਸ ਦੀ ਪਤਨੀ ਕੋਲੋਂ ਉਸ ਕੁੜੀ ਦੀ ਕੋਈ ਤਸਵੀਰ ਮਿਲ ਸਕੇ। ਖੈਰ ਤਸਵੀਰ ਤਾਂ ਨਹੀਂ ਮਿਲ ਸਕੀ! ਪਰ ਕੁੱਛ ਹੋਰ ਜਰੂਰ ਪਤਾ ਚੱਲ ਗਿਆ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)