ਤੀਜੀ ਜਮਾਤ ਵਿਚ ਹੋਵਾਂਗਾ..ਪਿਤਾ ਜੀ ਬਟਾਲੇ ਲਾਗੇੇ ਛੀਨੇ ਰੇਲਵੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..ਉਹ ਹਰ ਰੋਜ ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..!
ਇੱਕ ਦਿਨ ਇੰਝ ਹੀ ਬੈਠਾ ਸਾਂ ਬਾਹਰ ਰੌਲਾ ਪੈ ਗਿਆ ਕੇ ਕੋਈ ਬੰਦਾ ਗੱਡੀ ਥੱਲੇ ਆ ਗਿਆ..!
ਅਸੀਂ ਬਾਹਰ ਨੂੰ ਦੌੜੇ..ਮੈਨੂੰ ਘਰੇ ਭੇਜ ਦਿੱਤਾ ਪਰ ਮੈਂ ਸਭ ਕੁਝ ਲੁਕ ਕੇ ਵੇਖਦਾ ਰਿਹਾ..ਉਹ ਤਕੜੇ ਜੁੱਸੇ ਵਾਲਾ ਨੌਜੁਆਨ ਸੀ..ਰੇਲਵੇ ਪੁਲਸ ਨੇ ਉਸਦੀ ਦੇਹ ਫੱਟੇ ਤੇ ਰੱਖ ਪਲੇਟਫਾਰਮ ਤੇ ਲੈ ਆਂਦੀ..!
ਘੜੀ ਕੂ ਮਗਰੋਂ ਹੀ ਸਾਮਣੇ ਪੈਦੇ ਪਿੰਡ ਕੈਲੇ ਕਲਾਂ ਤੋਂ ਕਿੰਨੇ ਸਾਰੇ ਲੋਕ ਨੱਸੇ ਆਏ..ਉਸਦੀ ਨਵੀਂ ਵਿਆਹੀ ਪਤਨੀ ਵੀ ਓਹਨਾ ਵਿਚ ਹੀ ਸੀ..ਉਹ ਉਸਦੇ ਅਡੋਲ ਪਏ ਸਰੀਰ ਨੂੰ ਕਲਾਵੇ ਵਿਚ ਲੈਂਦੀ ਹੋਈ ਪੁੱਛੀ ਜਾ ਰਹੀ ਸੀ ਕੇ ਅਖੀਰ ਗੱਲ ਕੀ ਹੋਈ..ਮੈਨੂੰ ਦੱਸ ਸਹੀ..ਤੈਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ..ਮੈਨੂੰ ਕਿਸਦੇ ਆਸਰੇ ਛੱਡ ਗਿਆ..ਏਡੀ ਲੰਮੀ ਕਿਹੜੇ ਆਸਰੇ ਨਿਕਲੂਗੀ..ਫੇਰ ਉਸਨੇ ਆਪਣੀਆਂ ਸਾਰੀਆਂ ਚੂੜੀਆਂ ਤੋੜ ਸੁੱਟੀਆਂ..ਨਾਲ ਆਈਆਂ ਬਜ਼ੁਰਗ ਔਰਤਾਂ ਉਸਨੂੰ ਦੂਰ ਲੈ ਗਈਆਂ..!
ਮਗਰੋਂ ਪਤਾ ਲੱਗਾ ਕੇ ਸਹੁਰੇ ਘਰ ਆਏ ਹੋਏ ਨੂੰ ਕਿਸੇ ਨੇ ਕੋਈ ਐਸੀ ਗੱਲ ਆਖ਼ ਦਿੱਤੀ ਕੇ ਉਹ ਦਿਲ ਤੇ ਲੈ ਗਿਆ..ਫੇਰ ਪੈਲੀਆਂ ਵੱਲ ਫੇਰਾ ਮਾਰਨ ਦਾ ਬਹਾਨਾ ਲਾ ਕੇ ਬਾਹਰ ਨਿੱਕਲ ਇੱਕ ਕਿਲੋਮੀਟਰ ਦੂਰ ਟੇਸ਼ਨ ਤੇ ਆ ਕੇ ਗੱਡੀ ਹੇਠ ਸਿਰ ਦੇ ਦਿੱਤਾ..!
ਦੋਸਤੋ ਦਫਤਰਾਂ ਕੰਮਾਂ-ਕਾਰਾਂ ਮਹਿਫ਼ਿਲਾਂ,ਪਾਰਟੀਆਂ ਵਿਆਹਾਂ ਮੰਗਣਿਆਂ ਅਤੇ ਕਾਰੋਬਾਰ ਦੇ ਸਿਲਸਿਲੇ ਵਿਚ ਲੋਕਾਈ ਦੇ ਸਮੁੰਦਰ ਵਿਚ ਵਿਚਰਦਿਆਂ ਕਿੰਨੇ ਸਾਰੇ ਏਦਾਂ ਦੇ ਲੋਕ ਅਕਸਰ ਹੀ ਮਿਲ ਜਾਂਦੇ ਨੇ ਜਿਨਾਂ ਦਾ ਸਿਰਫ ਤੇ ਸਿਰਫ ਇੱਕੋ ਮੰਤਵ ਇਹ ਹੁੰਦਾ ਹੈ ਕੇ ਤੁਹਾਨੂੰ ਨਕਾਰਾਤਮਿਕਤਾ ਦੇ ਸਮੁੰਦਰ ਵਿਚ ਧੱਕ ਕੇ ਤੁਹਾਡੇ ਜ਼ਿਹਨ ਅੰਦਰ ਹੀਣ-ਭਾਵਨਾ ਵਾਲੀ ਸੋਚ ਭਾਰੂ ਕਰਨੀ..!
ਅਕਸਰ ਹੀ ਸ਼ਕਲਾਂ-ਸੂਰਤਾਂ ਤੇ ਟਿੱਪਣੀਆਂ ਕਰਨੀਆਂ ਓਹਨਾ ਦੀ ਆਦਤ ਹੁੰਦੀ ਏ..ਸਰੀਰਕ ਬਣਤਰ ਬਾਰੇ ਮਖੌਲ ਬਣਾਏ ਜਾਂਦੇ..ਗਲ ਪਾਏ ਹੋਏ ਕੱਪੜਿਆਂ ਨੂੰ ਗਹੁ ਨਾਲ ਇੰਝ ਤੱਕਿਆ ਜਾਂਦਾ ਏ ਕੇ ਤੁਸੀਂ ਰਹਿੰਦੀ ਪਾਰਟੀ ਵੇਲੇ ਤੱਕ ਆਪਣੇ ਆਪ ਤੇ ਹੀ ਕੇਂਦਰਿਤ ਹੋਏ ਇਹੋ ਸੋਚੀ ਜਾਵੋ ਕੇ ਸ਼ਾਇਦ ਮੇਰੀ ਸਖਸ਼ੀਅਤ ਵਿਚ ਕੁਝ ਗਲਤ ਹੈ..!
ਤੁਹਾਡੇ ਕੀਤੇ ਕੰਮਾ ਵਿਚ ਬਿਨਾ ਵਜਾ ਗਲਤੀਆਂ ਕੱਢੀਆਂ ਜਾਂਦੀਆਂ ਨੇ..ਔਲਾਦ ਭੈਣ ਭਰਾਵਾਂ ਦੇ ਫੇਲ ਪਾਸ ਹੋ ਜਾਣ ਬਾਰੇ ਕੰਸੋਵਾਂ ਲਈਆਂ ਜਾਂਦੀਆਂ ਅਤੇ ਫੇਰ ਪਰਾ ਵਿਚ ਬੈਠ ਮਿਰਚ ਮਸਲੇ ਲਾ ਲਾ ਚਰਚਾ ਕੀਤੀ ਜਾਂਦੀ ਏ..ਜੀਵਨ ਸਾਥੀ ਵਾਲੇ ਰਿਸ਼ਤਿਆਂ ਬਾਰੇ ਅੱਪਡੇਟ ਵੀ...
ਲਈ ਜਾਂਦੀ ਏ..ਬਿਜਨਸ ਦੇ ਘਾਟਿਆਂ ਅਤੇ ਪ੍ਰੋਮੋਸ਼ਨ ਵੇਲੇ ਹੋਈਆਂ ਨਾ-ਇੰਸਾਫ਼ੀਆਂ ਦਾ ਇਹਸਾਸ ਇਸ ਤਰੀਕੇ ਨਾਲ ਕਰਾਇਆ ਜਾਂਦਾ ਏ ਕੇ ਤੁਸੀਂ ਪਤਾਲ ਵਿਚ ਧਸਦੇ ਜਾਵੋ..!
ਦੌਲਤ ਅਤੇ ਕਾਰਾਂ ਕੋਠੀਆਂ ਦੀ ਬੇਸ਼ਰਮੀ ਨਾਲ ਕੀਤੀ ਜਾਂਦੀ ਸ਼ਰੇਆਮ ਨੁਮਾਇਸ਼ ਦਾ ਮੰਤਵ ਸਿਰਫ ਤੇ ਸਿਰਫ ਏਹੀ ਹੁੰਦਾ ਏ ਕੇ ਅਗਲੇ ਨੂੰ ਛੋਟੇ ਹੋਣ ਦਾ ਇਹਸਾਸ ਕਰਵਾਇਆ ਜਾਵੇ..!
ਇਥੋਂ ਤੱਕ ਕੇ ਤੁਹਾਡੀਆਂ ਕਾਰਾਂ ਅਤੇ ਗਲ਼ ਪਾਏ ਕੱਪੜਿਆਂ ਦੇ ਬਰੈਂਡ ਵੇਖ ਇਹ ਤਹਿ ਕੀਤਾ ਜਾਂਦਾ ਏ ਕੇ ਤੁਹਾਨੂੰ “ਤੂੰ” ਆਖ ਸੰਭੋਧਨ ਹੋਣਾ ਏ ਕੇ “ਤੁਸੀਂ” ਆਖਣਾ ਏ..!
ਪਰਿਵਾਰਿਕ ਇੱਕਠਾਂ ਵਿਚ ਮਿਲਦੀਆਂ ਤਨਖਾਹਾਂ ਅਤੇ ਅਹੁਦਿਆਂ ਦਾ ਮੁਕਾਬਲਾ ਕੀਤਾ ਜਾਂਦਾ..ਵਿਆਹਾਂ ਸ਼ਾਦੀਆਂ ਮੌਕੇ ਤੇ ਖਾਸ ਖਾਸ ਸਰਦੇ ਪੁੱਜਦਿਆਂ ਦੇ ਵੱਖਰੇ ਟੇਬਲ ਲਾਏ ਜਾਂਦੇ ਫੇਰ ਖਾਸ ਖਾਸ ਪ੍ਰਾਹੁਣਿਆਂ ਲਈ ਪੜੇ ਲਿਖੇ ਬਹਿਰੇ ਸੇਵਾ ਵਿਚ ਹਾਜਿਰ ਕੀਤੇ ਜਾਂਦੇ ਹਨ..!
ਲਿਸਟ ਬੜੀ ਲੰਮੀ ਹੈ ਪਰ ਸਾਰਿਆਂ ਦਾ ਕੇਂਦਰੀ ਭਾਵ ਇੱਕ ਹੀ ਏ..ਅਸੀ ਬੇਹਤਰ ਤੁਸੀਂ ਹਰ ਪੱਖੋਂ ਘਟੀਆ..!
ਮੁੱਕਦੀ ਗੱਲ ਇਹ ਹੈ ਕੇ ਜਿੰਦਗੀ ਜਿਉਣ ਦੇ ਦੋ ਹੀ ਤਰੀਕੇ ਨੇ..ਪਹਿਲਾ ਜਾਂ ਤੇ ਆਪਣੇ ਆਪ ਨੂੰ ਪੂਰੀ ਤਰਾਂ ਨਿਗੂਣਾ ਅਤੇ ਨਿਮਾਣਾ ਜਿਹਾ ਮੰਨ ਦੂਜੇ ਦੇ ਰਹਿਮੋ ਕਰਮ ਤੇ ਛੱਡ ਕੇ ਇਸ ਗੱਲ ਦੀ ਉਡੀਕ ਕੀਤੀ ਜਾਵੇ ਕੇ ਅਗਲਾ ਤੁਹਾਡੀ ਕਿੰਨੀ ਕੂ ਬੋਲੀ ਲਾਉਂਦਾ ਹੈ..ਤੇ ਦੂਜਾ ਇਹ ਕੇ ਆਪਣੀ ਜਮੀਰ ਅਤੇ ਸਵੈਮਾਣ ਵਾਲੇ ਘੋੜੇ ਨੂੰ ਅੰਬਰਾਂ ਦੀ ਉਡਾਰੀ ਲੁਆ ਖੁਦ ਦੀ ਕੀਮਤ ਐਸ ਤਰੀਕੇ ਨਾਲ ਮਿੱਥੀ ਜਾਵੇ ਕੇ ਵੱਡੇ ਤੋਂ ਵੱਡੇ ਨਾਢੂ ਖਾਂ ਅਖਵਾਉਣ ਵਾਲੇ ਨੂੰ ਵੀ ਤੁਹਾਡੀ ਬੋਲੀ ਲਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇ..!
ਦੋਸਤੋ ਫਰਜ ਕਰੋ ਜੇ ਅਠਾਰਵੀਂ ਸਦੀ ਵਿਚ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਦੇ ਮੱਸੇ-ਰੰਘੜ ਨੂੰ ਇਸ ਕੰਮੋਂ ਰੋਕਣ ਲਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੀਰਾਂ ਕੋਟ ਦਰਸ਼ਨੀ ਡਿਓਢੀ ਕੋਲ ਆ ਕੇ ਧਰਨੇ ਤੇ ਬੈਠ ਗਏ ਹੁੰਦੇ ਤਾਂ ਅੱਜ ਕਿਥੇ ਖਲੋਤੇ ਹੁੰਦੇ..ਪੱਕੀ ਗੱਲ ਦੋਹਾਂ ਦੇ ਵਜੂਦ ਰੇਤ ਦੇ ਕਿਣਕਿਆਂ ਵਾਂਙ ਇਤਿਹਾਸਿਕ ਪੰਧ ਤੋਂ ਕਿਧਰੇ ਕਿਰ ਗਏ ਹੁੰਦੇ..ਇਤਿਹਾਸ ਸਿਰਜਣ ਲਈ ਡਾਹਡਿਆਂ ਦੇ ਐਨ ਸਿਰ ਤੇ ਖਲੋ ਕੇ ਬਰੋਬਰ ਦੀ ਧਿਰ ਬਣ ਸਾਰੇ ਹਿਸਾਬ ਕਿਤਾਬ ਨਕਦੋਂ ਨਕਦ ਕਰਨੇ ਹੀ ਪੈਂਦੇ ਨੇ..!
ਹਰਪ੍ਰੀਤ ਸਿੰਘ ਜਵੰਦਾ