More Punjabi Kahaniya  Posts
ਜਰਮਨੀ ਵਿੱਚ ਪੰਜਾਬਣਾਂ ਦਾ ਆਗਮਨ


ਜਰਮਨੀ ਵਿੱਚ ਪੰਜਾਬਣਾਂ ਦਾ ਆਗਮਨ
ਪਿੰਡ ਦੀ ਕੁੜੀ ਦਾ ਘਮੰਡੀ ਰਵੱਈਆ
ਮੈਂ ਚੁਬਾਰੇ ਚੋਂ ਉੱਤਰ ਕੇ ਸ਼ਦੈਣਾ ਦੀ ਤਰਾਂ ਬੀਹੀ ਦੇ ਮੋੜ ਤੱਕ ਗਈ ਉਹਨੂੰ ਦੇਖਣ ਲਈ ਗਈ ਕਿ ਖਬਰੈ ਉਹ ਆ ਗਿਆ ਆ !
ਪਰ ਮੇਰਾ ਇਹ ਵਹਿਮ ਸੀ ਭੁਲੇਖਾ ਸੀ ।
ਕਿਸੇ ਕੱਚ ਦੀ ਅੈਸੀ ਕਿਰਚੀ ਜੋ ਮੇਰੇ ਦਿਲ ਵਿੱਚ ਧੱਸ ਗਈ ਸੀ । ਜਿਸ ਕਿਰਚੀ ਦੀ ਤਕਲੀਫ਼ ਉਦਾਸੀ ,ਵੈਰਾਗ ਮੈਨੂੰ ਹਰ ਮੌਸਮ ਵਿੱਚ ਮਹਿਸੂਸ ਹੋਇਆ ।
ਉਸ ਕਿਰਚ ਦਾ ਲਹੂ ਮੇਰੇ ਦਿਲ ਦੇ ਵਿਹੜੇ ਡੁੱਲਦਾ ,ਵਿਹੜਾ ਰੱਤ ਨਾਲ ਰੰਗਿਆ ਜਾਂਦਾ ਪਰ ਮੇਰੀ ਅੱਖ ਚੋਂ ਇੱਕ ਵੀ ਹੰਝੂ ਨਾ ਕਿਰਦਾ ।
ਯਾਦਸ਼ਤ ਕਾ ਕਮਜੋਰ ਹੋਨਾ ਕੋਈ ਬੁਰੀ ਬਾਤ ਨਹੀਂ
ਬਹੁਤ ਤਕਲੀਫ ਮੇਂ ਰਹਿਤੇਂ ਹੈ ਵੋਹ ਲੋਗ
ਜੋ ਬਹੁਤ ਕੁਛ ਯਾਦ ਰੱਖਤੇ ਹੈਂ ।
ਰੱਬ ਨੇ ਮੈਨੂੰ ਦੋ ਤਰਾਂ ਦਾ ਹੁਣ ਤੱਕ ਹੁਨਰ ਦੇ ਦਿੱਤਾ ਸੀ।
ਤਕਲੀਫ਼ ਵਿੱਚ ਸੋਹਣਾ ਹੱਸਣ ਅਤੇ ਅੰਦਰਲੇ ਦਰਦ ਨੂੰ ਛੁਪਾਉਣ ਲਈ ਅਤੇ ਹੱਸ ਕੇ ਇਹ ਝੂਠ ਮੂਠ ਦਾ ਕਹਿਣਾ ਕਿ ‘ਮੈ ਠੀਕ ਹਾਂ ।
ਇਹ ਕਲਾ ਤਕਰੀਬਨ ਹਰ ਕਿਸੇ ਦੇ ਅੰਦਰ ਹੁੰਦੀ ਹੀ ਹੈ।
ਕੌਣ ਕੇਹਤਾ ਹੈ ਕਿ ਹਮ ਝੂਠ ਨਹੀਂ ਬੋਲਤੇ
ਤੁੰਮ ਮੇਰਾ ਹਾਲ ਤੋਂ ਪੁੱਛੋ
ਹਮ ਮੁਸਕਰਾ ਕਰ ਕਹਿ ਦੇਂਗੇ ਸਭ ਠੀਕ ਹੈ ।
ਇਹ ਝੂਠ ਦੀ ਕਲਾ ਮੇਰੇ ਅੌਖੇ ਤੇ ਉਦਾਸ ਦਿਨਾਂ ਵਿੱਚ ਮੇਰਾ ਸਹਾਰਾ ਤੇ ਮੇਰਾ ਪਰਦਾ ਬਣ ਕੇ ਨਿੱਤਰੀ ਅਤੇ ਅੱਜ ਵੀ ਵਫ਼ਾਦਾਰੀ ਨਾਲ -ਨਾਲ ਜੁੜੀ ਹੈ।
ਉਸ ਅਧੂਰੀ ਮੁਹੱਬਤ ਦੀ ਤਕਲੀਫ ਜਿੰਦਗੀ ਦੇ ਕਈ ਵਰੇ ਨਾਲ ਨਾਲ ਤੁਰਦੀ ਰਹੀ।ਮੈਨੂੰ ਬਹੁਤ ਦੇਰ ਤੀਕਰ ਤਕਲੀਫ ਦਿੰਦੀ ਰਹੀ ।
ਮੈਂ ਰੋੰਦੀ ਰਹੀ ਖੁਦ ਉੱਤੇ ਨਰਾਜ ਹੁੰਦੀ ਰਹੀ । ਉਹਨੂੰ ਹੱਦ ਤੋਂ ਵੱਧ ਨਫਰਤ ਕਰਦੀ ਰਹੀ ਯਾਦ ਕਰਦੀ ਰਹੀ ।
ਫਿਰ ਹੌਲੀ ਹੌਲੀ ਮਨ ਸਮਝਾ ਗਿਆ ,ਜਾਂ ਖੁਦ ਨੂੰ ਸਮਝਾ ਲਿਆ । ਮੈਂ ਦੁਬਾਰਾ ਜਿੰਦਗੀ ਦੀ ਦੇਹਲੀ ਤੇ ਆ ਗਈ ਸੀ ।
ਮੈਂ ਮੁੜ ਤੋਂ ਬਾਹਰ ਜਾਣ ਦੇ ਸੁਪਨੇ ਦੇਖਣ ਲੱਗੀ ।ਮੁੜ ਤੋਂ ਬੱਦਲਾਂ ਦੀਆਂ ਫੱਭੀਆਂ ਤੇ ਆਪਣਾ ਨਾਂ ਲਿਖਣ ਲੱਗੀ ਸੀ।
ਵਕਤ ਰਹਿਤਾ ਨਹੀਂ ਟਿਕ ਕਰ ਕਹੀਂ ਬੀ
ਆਦਤੇਂ ਇਸ ਕੀ ਵੀ ਆਦਮੀ ਜੈਸੀ ਹੈਂ
ਉਸ ਦਿਨ ਨਲਕੇ ਤੇ ਕੱਪੜੇ ਧੋਂਦੀ ਦੇ ਮੇਰੇ ਕੋਲ ਸਾਡੇ ਪਿੰਡ ਦੀ ਇਹ ਅੱਧਖੜ ਕੁੜੀ ਜਿਹਨੂੰ ਅਸੀਂ ਭੈਣ ਕਹੀ ਦਾ ਸੀ ਜਿਹੜੇ ਰਿਸ਼ਤੇ ਕਰਾਉੰਦੀ ਸੀ ਮੇਰੇ ਕੋਲ ਆ ਕੇ ਬਹਿ ਗਈ ।
ਕੁਝ ਦੇਰ ਇਧਰ ਉਧਰ ਦੀ ਗੱਲ ਕਰਨ ਮਗਰੋ ਕਹਿੰਦੀ ,”ਤੇਰਾ ਬਾਹਰ ਜਾਣ ਦਾ ਚਾਅ ਖਤਮ ਹੋ ਗਿਆ ਕਿ ਹਾਲੇ ਵੀ ਆ?”
ਮੈਂ ਹੱਥ ਵਿਚਲੀ ਚਾਦਰ ਨਿਚੋੜਦੀ ਨੇ ਕਿਹਾ ,ਮੈਂ ਤਾਂ ਹੁਣੇ ਇਸੇ ਵਕਤ ਜਾਣ ਨੂੰ ਤਿਆਰ ਆਂ । ਭੈਣ ਮੇਰਾ ਜਵਾਬ ਸੁਣ ਕੇ ਹੱਸਦੀ ਨੇ ਕਿਹਾ,ਅੱਛਾ! ਤੇਰੀ ਮਾਂ ਕੋਲ ਜਾਂਦੀ ਆਂ ਤੇ ਦੱਸਦੀ ਆਂ ,ਇੱਕ ਮੁੰਡਾ 34-35 ਸਾਲਾਂ ਦਾ ਜਰਮਨ ਚੋਂ ਵਿਆਹ ਕਰਾਉਣ ਆਇਆ ਆ ।”
ਭੈਣ ਨੇ ਮਾਂ ਕੋਲ ਗੱਲ ਕੀਤੀ ਮਾਂ ਨੇ ਤਾਂ ਹਾਂ ਕਰ ਦਿੱਤੀ ਜਦ ਬਾਪ ਨੂੰ ਪਤਾ ਲੱਗਾ ਕਿ ਮੁੰਡਾ ਮੇਰੇ ਤੋ ਤੇਰਾਂ ਚੌਦਾਂ ਸਾਲ ਵੱਡਾ ਆ ..ਬਾਪ ਨੇ ਦੋ ਹਰਫਾਂ ਚ .ਰਿਸ਼ਤੇ ਨੂੰ ਮਨਾਹ ਕਰ ਦਿੱਤਾ ਕਿ ਮੁੰਡੇ ਦੀ ਉਮਰ ਵੱਡੀ ਆ ॥
ਮੈਂ ਬਾਪ ਮੂਹਰੇ ਅੜ ਗਈ ਤੇ ਕਿਹਾ, ਮੈਨੂੰ ਉਮਰ ਅਮਰ ਨਾਲ ਕੁਝ ਨਹੀਂ ਮੈਂ ,ਬਸ ਬਾਹਰ ਜਾਣਾ ਹੀ ਜਾਣਾ ਆ ।
ਰੱਬ ਜਾਣੇ ਮੇਰੇ ਅੰਦਰ ਉਸ ਵੇਲੇ ਕਿਥੋਂ ਬਗਾਵਤ ਜਾਗ ਪਈ ਕਿ ਆਪਣੇ ਰੋਹਬਦਾਰ ਬਾਪ ਮੂਹਰੇ ਚੁੰਨੀ ਬਗੈਰ ਖੜੀ ਸੀ ।
ਉਹ ਅੈਸਾ ਸਮਾਂ ਸੀ ਜਦ ਮੇਰਾ ਬਾਪ ਪਹਿਲੀ ਬਾਰ ਮੈਨੂੰ ਇਸ ਤਰਾਂ ਬੇਡਰ ਜਿਹੀ ਹੋ ਕੇ ਆਪਣੇ ਸੁਪਨਿਆਂ ਦੇ ਹੱਕ ਵਿੱਚ ਆਪਣੇ ਬਾਪ ਮੂਹਰੇ ਬੋਲ ਰਹੀ ਨੂੰ ਦੇਖ ਰਿਹਾ ਸੀ॥
ਮੈਂ ਇਸ ਵਕਤ ਪਿੰਡ ਚੋਂ ਲਾਪਤਾ ਹੋਣਾ ਚਾਹੁੰਦੀ ਸੀ ,ਜਾਂ ਮੈਂ ਆਪਣੇ ਵੈਰਾਗ ਤੋਂ ਤੰਗ ਸੀ , ਹਾਰ ਗਈ ਸੀ ।
ਕਿਸੇ ਦੀ ਰੜਕਦੀ ਯਾਦ ਤੋਂ ਦੂਰ ਨੱਠਣਾ ਚਾਹੁੰਦੀ ਸੀ ।
ਬਾਪ ਮੇਰੇ ਬਦਲੇ ਹੋਏ ਰੱਵੀਏ ਨੂੰ ਹੈਰਾਨੀ ਵਾਲੀ ਨਜ਼ਰ ਨਾਲ ਦੇਖ ਰਿਹਾ ਸੀ ।
ਫਿਰ ਮੈਂ ਬਾਪ ਨੂੰ ਤਰਲਾ ਜਿਹਾ ਪਾ ਕੇ ਕਿਹਾ,ਮੇਰੀਆਂ ਸਾਰੀਆਂ ਸਹੇਲੀਆਂ ਬਾਹਰ ਚਲੇ ਗਈਆਂ ਨੇ ਮੇਰਾ ਇਸ ਪਿੰਡ ਵਿੱਚ ਦਮ ਘੁੱਟਦਾ ਹੈ।
ਮੇਰਾ ਪੜਾਈ ਵਿੱਚ ਚਿਤ ਨਹੀਂ ਲੱਗਦਾ ,ਮੈਂ ਕਿਸੇ ਵੀ ਹਾਲ ਵਿੱਚ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੀ ਆਂ । ਮੈਂ ਇੱਕੋ ਸਾਹੇ ਬਾਪ ਮੂਹਰੇ ਆਪਣੇ ਦਿਲ ਦੇ ਖੁਹਾਇਸ਼ ਦੀ ਅਰਜੀ ਪੇਸ਼ ਕਰ ਦਿੱਤੀ।
ਮਾਂ ਨੇ ਲਾਗੇ ਮੰਜੇ ਤੇ ਪਈ ਚੁੰਨੀ ,ਮੈਨੂੰ ਫੜਾਉਂਦੀ ਨੇ ਕਿਹਾ,”ਚੱਲ ਰਿਸ਼ਤੇ ਬਾਰੇ ਸੋਚ ਲੈਂਦੇ ਆਂ,ਪਹਿਲਾਂ ਚੁੰਨੀ ਲੈ।”
ਭੈਣ ਰਿਸ਼ਤੇ ਦੀ ਦੱਸ ਪਾ ਕੇ ਘਰ ਪਰਤ ਗਈ ਸੀ ।ਉਹ ਮੇਰੇ ਮਾਂ -ਬਾਪ ਦੇ ਹੁੰਗਾਰੇ ਦੀ ਉਡੀਕ ਵਿੱਚ ਸੀ ।
ਉਧਰ ਵਿਸ਼ੀ ਨੂੰ ਉਹਦੀ ਵਿਧਵਾ ਭਰਜਾਈ ਨੇ ਦੱਸ ਦਿੱਤਾ ਸੀ ਕਿ ਸਾਡੇ ਪਿੰਡ ਦੀ ਹੀ ਕੁੜੀ ਹੈ ਪਰ ਹੈ ਛੋਟੀ ਉਮਰ ਦੀ ,”ਹੁਣ ਦੇਖੋ ਬਾਪ ਮੰਨਦਾ ਹੈ ਕਿ ਨਹੀਂ ” ਮਾਂ ਤਾਂ ਤਕਰੀਬਨ ਮੰਨ ਹੀ ਰਹੀ ਹੈ ।”
ਮੈਨੂੰ ਮੇਰੇ ਬਾਪ ਨੇ ਸਮਝਾਇਆ...

ਕਿ ਦੋ ਚਾਰ ਸਾਲ ਮੁੰਡੇ ਦਾ ਵੱਡਾ ਹੋਣਾ ਚੱਲਦਾ ਹੈ ਪਰ ਤੇਰਾਂ ਚੌਦਾਂ ਸਾਲ ਦਾ ਫਰਕਾ ਮਤਲਬ ਆ ਕਿ ਤੁਹਾਡੇ ਦੋਹਾਂ ਦੀਆਂ ਜਿੰਦਗੀ ਚ’ ਵੱਡਾ ਫਾਸਲਾ ਹੋਣਾ।
ਤੂੰ ਮੇਰੀ ਲਾਡਲੀ ਧੀ ਆਂ ਪੁੱਤਾਂ ਤੋਂ ਵੱਧ ਪਿਆਰੀ ਅੈਂ।
ਮੈਂ ਤੇਰੇ ਚਾਅ ਵਿਆਹ ਸ਼ਗਨਾਂ ਤੇ ਖੁਸ਼ੀਆਂ ਨਾਲ ਕਰਨੇ ਹਨ ।
ਪਰ ਮੈਂ ਸੀ ਕਿ ਜਿੱਦ ਤੇ ਅੜੀ , ਕਿ ਜਾਣਾ ਹੈ ਤਾਂ ਬਾਹਰ ਹੀ ਜਾਣਾ ਹੈ ।
ਖੈਰ! ਇੱਕ ਦੋ ਦਿਨਾਂ ਮਗਰੋਂ ਮੇਰੇ ਰੋਕੇ ਦਾ ਦਿਨ ਤੈਅ ਕਰ ਦਿੱਤਾ ਗਿਆ ।
ਉਸ ਦਿਨ ਬੈਠਕ ਵਿੱਚ ਸਭ ਦੇ ਬੈਠਿਆਂ ਵਿਸ਼ੀ ਨੇ ਲੱਗਦੇ ਹੱਥ ਇੱਕ ਗੱਲ ਸੱਭ ਦੇ ਸਾਹਮਣੇ ਰੱਖਣ ਲਈ ਆਪਣੇ ਵੱਲ ਧਿਆਨ ਖਿੱਚਿਆ ,”ਮੈਂ ਇੱਕ ਦੋ ਗੱਲਾਂ ਸਭ ਦੇ ਸਾਹਮਣੇ ਰੱਖਣਾ ਚਾਹੁੰਦਾ ਆਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਕਿਸੇ ਭੁਲੇਖੇ ਚ ਨਾ ਰਹੇ ।”
ਸਭ ਵਿਸ਼ੀ ਵੱਲ ਦੇਖਣ ਲੱਗ ਪਏ ਕਿ ਕਿਹੜੀ ਅੈਸੀ ਸ਼ਰਤ ਜਾਂ ਗੱਲ ਹੈ !
ਉਸ ਨੇ ਪਰਾਂ ਬੈਠੇ ਨੇ ਬੈਂਤ ਦੀ ਕੁਰਸੀ ਪੱਖੇ ਮੂਹਰੇ ਖਿੱਚਦੇ ਨੇ ਕਿਹਾ ,” ਨੰਬਰ ਇੱਕ ਮੈਂ ਅੱਜ ਤੋਂ ਤੀਜੇ ਦਿਨ ਮਗਰੋਂ ਵਿਆਹ ਦੀ ਗੁਜਾਰਿਸ਼ ਕਰਾਂਗਾ ਕਿਉਂ ਕਿ ਮੇਰੀ ਛੁੱਟੀ ਤਕਰੀਬਨ ਖਤਮ ਆ ।
ਵਿਆਹ ਵੀ ਬਗੈਰ ਲੈਣ ਦੇਣ ਤੇ ਦਾਜ ਤੋ ਹਊ ਗਾ ।
ਦੂਜਾ ਕਿ ਮੇਰੇ ਜਰਮਨ ਗੋਰੀ ਤੋਂ ਦੋ ਬੱਚੇ ਹਨ।ਗੋਰੀ ਤੋਂ ਤਲਾਕ ਲਿਆ ਹੈ ਪਰ ਬੱਚਿਆਂ ਨੂੰ ਮੈਂ ਮਿਲਦਾ ਹਾਂ ।ਕੱਲ ਨੂੰ ਤੁਹਾਡੀ ਧੀ ਜਾਂ ਤੁਸੀਂ ਨਾ ਕਹਿਣਾ ਸਾਨੂੰ ਦੱਸਿਆ ਨਹੀਂ ।
ਜੇਕਰ ਤੁਹਾਨੂੰ ਮੇਰੇ ਬੱਚਿਆਂ ਨੂੰ ਮਿਲਣਾ ਨਹੀਂ ਪਸੰਦ ਹੈ ਤਾਂ ਆਪਾ ਹੁਣੇ ਰਿਸ਼ਤਾ ਖਤਮ ਕਰ ਸਕਦੇ ਹਾਂ ।
ਇਥੇ ਵਿਸ਼ੀ ਦਾ ਸਿੱਧਾ ਸਿੱਧਾ ਇਸ਼ਾਰਾ ਮੇਰੇ ਵੱਲ ਸੀ ।
ਉਸਨੇ ਮੇਰੇ ਬਾਪ ਵੱਲ ਮੂੰਹ ਕਰਦਿਆਂ ਗੱਲ ਕਰਦੇ ਨੇ ਕਿਹਾ,”ਮੈਂ ਕਿਸੇ ਵੀ ਹਾਲ ਵਿੱਚ ਆਪਣੇ ਬੱਚਿਆਂ ਤੋਂ ਜੁਦਾ ਨਹੀਂ ਹੋ ਸਕਦਾ ਅਤੇ ਨਾ ਹੀ ਤੁਹਾਡੀ ਧੀ ਮੈਨੂੰ ਕਿਸੇ ਗੱਲ ਤੇ ਰੋਕੇ !”
ਮੇਰੇ ਬਾਪ ਨੇ ਮੇਰੇ ਵੱਲ ਦੇਖਿਆ ਤੇ ਪੁੱਛਿਆ ,”ਤੈਨੂੰ ਮੰਨਜੂਰ ਹੈ?
ਕਿਉਂ ਕਿ ਇਸ ਮੁੱਦੇ ਨੇ ਤੇਰੀ ਆਉਣ ਵਾਲੀ ਜਿੰਦਗੀ ਵਿੱਚ ਬਹੁਤ ਵੱਡੀ ਉਲਝਣ ਪੈਦਾ ਕਰਨੀ ਹੈ ।”
ਮੇਰੇ ਬਾਪ ਨੇ ਮੁਝਾਏ ਹੋਏ ਸ਼ਬਦਾਂ ਵਿੱਚ ਮੇਰੇ ਤੋਂ ਪੁੱਛਿਆ ।
ਮੈਂ ਸਿਰ ਨੂੰ ਹਾਂ ਵਿੱਚ ਹਿਲਾ ਕੇ ਕਿਹਾ ਮੈਨੂੰ ਕੋਈ ਦਿੱਕਤ ਨਹੀਂ ਹੈ।
ਮੇਰਾ ਬਾਪ ਹਾਲੇ ਵੀ ਇਸ ਰਿਸ਼ਤੇ ਲਈ ਨਾਹ ਕਰਨ ਵਿੱਚ ਰਜ਼ਾਮੰਦ ਸੀ ਪਰ ਮੇਰੀ ਖੁਸ਼ੀ ਖਾਤਿਰ ਉਹ ਚੁੱਪ ਰਿਹਾ।
ਵਿਆਹ ਦੀ ਤਰੀਖ ਪੱਕੀ ਕੀਤੀ ਗਈ ।
ਵਿਸ਼ੀ ਭਲਵਾਨ ਤੇ ਪਰਿਵਾਰ ਨੂੰ ਮੇਰੇ ਮਾਂ ਬਾਪ ਤੇ ਭੈਣ ਨੇ ਕੁਝ ਦਿਨਾਂ ਬਾਦ ਵਿਆਹ ਦੀ ਰਸਮ ਨਿਭਾਉਣ ਲਈ ਮੁੜ ਮਿਲਣ ਲਈ ਸ਼ੁੱਭ ਇਛਾਵਾਂ ਦਿੰਦਿਆਂ ਵਿਦਾ ਲਈ।
ਰੋਕੋ ਦੇ ਦੋ ਦਿਨ ਮਗਰੋਂ ਵਿਆਹ ਹੋ ਗਿਆ । ਸੌਹਰੇ ਪਰਿਵਾਰ ਵਿੱਚ ਮੇਰਾ ਸਵਾਗਤ ਹੋਇਆ । ਵਿਸ਼ੀ ਵਾਪਸ ਜਰਮਨੀ ਆ ਗਿਆ ਅਤੇ ਮੇਰੇ ਲਈ ਵੀਜੇ ਲਈ ਅਪਲਾਈ ਕਰ ਦਿੱਤਾ ਗਿਆ ਡੇਢ ਕੁ ਸਾਲ ਵਿੱਚ ਮੈਨੂੰ ਜਰਮਨੀ ਜਾਣ ਦਾ ਵੀਜਾ ਮਿਲ ਗਿਆ ।
ਇਸ ਦੌਰਾਨ ਮੇਰਾ ਮੇਰੇ ਸੌਹਰੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ।
ਮੈਂ ਹੁਣ ਤੱਕ ਗਰੂਰ ਨਾਲ ਭਰ ਚੁੱਕੀ ਸੀ ਕਿ ਮੈਂ ਬਾਹਰ ਜਾ ਰਹੀ ਆਂ ।
ਕਈ ਬਾਰ ਮਾਪਿਆਂ ਦਾ ਬਹੁਤਾ ਲਾਡ ਪਿਆਰ ਵੀ ਧੀ ਪੁੱਤ ਦੀ ਆਦਤ ਵਿਗਾੜ ਦਿੰਦਾ ਹੈ।
ਸਮਝ ਲਵੋ ਕਿ ਮੈਂ ਸੁਭਾਅ ਦੇ ਤੌਰ ਤੇ ਸ਼ੁਰੂ ਤੋਂ ਮਰਜੀ ਦੀ ਮਾਲਕ ਰਹੀ ਸੀ ।ਕਿਉਂ ਕਿ ਮਾਂ ਬਾਪ ਦੇ ਬਹੁਤੇ ਲਾਡ ਨੇ ਮੈਨੂੰ ਜਿੱਦੀ ਆਕੜ ਵਾਲੀ ਗਰੂਰ ਵਾਲੀ ਤੇ ਮੂੰਹ ਫੱਟ ਪਹਿਲਾਂ ਹੀ ਬਣਾ ਦਿੱਤਾ ਸੀ ।ਉਹਨਾਂ ਲਈ ਮੇਰੀ ਇਹ ਸਭ ਲਾਡ ਵਾਲੀ ਆਦਤ ਸੀ।
ਇਸ ਵਕਤ ਮੈਂ ਸਮੇਂ ਦੀ ਰਫਤਾਰ ਆਪਣੇ ਹੱਥ ਵਿੱਚ ਸਮਝਦੀ ਸੀ ,ਕਿਉਂਕਿ ਹਰ ਕੰਮ ਮੇਰੇ ਹੱਕ ਵਿੱਚ ਹੁੰਦਾ ਜਾ ਰਿਹਾ ਸੀ ।
ਮੇਰਾ ਘਮੰਡ ਹੋਰ ਵੱਧ ਰਿਹਾ ਸੀ ।
ਸਮਾਂ 1991 ਦਾ ਸੀ ਜਿਸ ਦੌਰ ਵਿੱਚ ਮੈਂ ‘ਪਾਨਮ ਏਅਰ ‘ ਲਾਈਨ ਰਾਹੀਂ ਜਰਮਨੀ ਦੇ ਫਰੈਂਕਫੋਰਟ ਏਅਰ ਪੋਰਟ ਤੇ ਪੁਹੰਚੀ ।
ਮੇਰਾ ਵਧੀਏ ਤਰੀਕੇ ਨਾਲ ਸਵਾਗਤ ਕੀਤਾ ਗਿਆ । ਜਰਮਨ ਦੀਆਂ ਸਾਫ ਸੁਥਰੀਆਂ ਸੜਕਾਂ ਤੇ ਵਿਸ਼ੀ ਦੀ Opel ਕਾਰ ਦੌੜ ਰਹੀ ਸੀ ਤੇ ਮੈਂ ਇਸ ਵਕਤ ਬਾਹਰ ਆਉਣ ਦੇ ਘਮੰਡ ਦੀ ਟੀਸੀ ਤੇ ਸੀ ਤੇ ਨਾਲ ਆਪਣੀ ਕਿਸਮਤ ਤੇ ਖੁਸ਼ ਸੀ ।
ਸੱਤਵੀਂ ਮੰਜ਼ਿਲ ਤੇ ਬਣੇ ਹੋਏ ਦੋ ਕਮਰੇ ਦੇ ਮਕਾਨ ਵਿੱਚ ਵਿਸ਼ੀ ਨੇ ਮੇਰਾ ਦਿਲੋਂ ਖੁਸ਼ ਹੋ ਕੇ ਸਵਾਗਤ ਕੀਤਾ।
ਡਰਾਇੰਗ ਰੂਮ ਦੀ ਹਰ ਸ਼ੈ ਮਹਿੰਗੀ ਤੇ ਢੁੱਕਦੇ ਥਾਂ ਸਜੀ ਹੋਈ ਸੀ।
ਮੈਂ ਹਰ ਚੀਜ਼ ਹਰ ਨਜਾਰਾ ਦੇਖ ਦੇਖ ਖੁਸ਼ ਹੋ ਰਹੀ ਸੀ ।
ਵਿਸ਼ੀ ਮੈਨੂੰ ਚਾਅ ਨਾਲ ਘਰ ਦੀ ਹਰ ਚੀਜ਼ ਹਰ ਵਸਤੂ ਦਿਖਾ ਰਿਹਾ ਸੀ ।
ਇਸ ਵਕਤ ਮੈਨੂੰ ਜਰਮਨੀ ਆਈ ਨੂੰ ਸਾਲ ਹੋ ਗਿਆ ਸੀ।
ਜਿੰਦਗੀ ਬਹੁਤ ਵਧੀਆ ਨਿਕਲ ਰਹੀ ਸੀ।ਛੇ ਮਹੀਨੇ ਦੇ ਵਿੱਚ ਵਿੱਚ ਮੈਂ ਜਰਮਨ ਬੋਲੀ ਸਿੱਖ ਲਈ ਸੀ।
ਵਿਸ਼ੀ ਕਮਾਉ ਇਨਸਾਨ ਸੀ ,ਮੇਰੇ ਲਈ ਕਿਸੇ ਵੀ ਸ਼ੈ ਦੀ ਘਾਟ ਜਾਂ ਹਸਰਤ ਬਾਕੀ ਨਹੀਂ ਸੀ।
ਮੂੰਹੋ ਕੱਢੀ ਗੱਲ ਵਿਸ਼ੀ ਵੱਲੋਂ ਪੂਰੀ ਹੋ ਰਹੀ ਸੀ ।ਮੇਰੇ ਸ਼ੌਂਕ ਬਾਪ ਦੇ ਘਰ ਨਾਲੋਂ ਹੋਰ ਮਹਿੰਗੇ ਹੋਣ ਲੱਗੇ ।
ਮੈਂ ਬਾਪ ਦੇ ਘਰ ਜਿਵੇਂ ਜਿੱਦ ਕਰਕੇ ਗੱਲ ਮਨਾ ਲੈੰਦੀ ਸੀ ਵਿਸ਼ੀ ਨਾਲ ਵੀ ਉਸੇ ਤਰਾਂ ਕਰਨ ਲੱਗੀ ਅਤੇ ਮੇਰੀ ਜਿੱਦ ਪੁੱਗਣ ਲੱਗੀ।
ਜਾਂ ਤਾਂ ਮੇਰੀ ਉਮਰ ਕੱਚੀ ਸੀ ਜਾਂ ਮੇਰੀ ਜਿੱਦ ਸੀ ਜਾਂ ਮੇਰਾ ਗਰੂਰ ਸੀ ਜਾਂ ਵਿਸ਼ੀ ਦਾ ਮੇਰੇ ਲਈ ਬਹੁਤਾ ਪਿਆਰ ਤੇ ਨਰਮ ਰੱਵਈਆ ਸੀ ਜਾਂ ਮੇਰੇ ਮਾਂ ਬਾਪ ਦਾ ਮੈਨੂੰ ਹੱਦੋ ਵੱਧ ਪਿਆਰ ਤੇ ਸ਼ਾਹੀ ਜਿੰਦਗੀ ਦਾ ਘਮੰਡ ਸੀ ।
ਮੈਂ ਇੱਕ ਦਿਨ ਵਿਸ਼ੀ ਨੂੰ ਕਿਹਾ ,ਤੁਹਾਡੇ ਬੱਚੇ ਮੈਨੂੰ ਪਸੰਦ ਨਹੀਂ ਅਤੇ ਮੈਂ ਨਹੀਂ ਚਹੁੰਦੀ ਉਹ ਹਰ ਦੂਜੇ ਹਫਤੇ ਇਸ ਘਰ ਆਉਣ । ਵਿਸ਼ੀ ਲਈ ਮੇਰਾ ਇਸ ਤਰਾਂ ਉਸ ਦੇ ਬੱਚਿਆਂ ਲਈ ਕਹਿਣਾ ਬਰਦਾਸ਼ਤ ਤੋਂ ਬਾਹਰ ਸੀ।
24.07.2022
ਅੰਜੂਜੀਤ ਪੰਜਾਬਣ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)