More Punjabi Kahaniya  Posts
ਮੇਰਾ ਹਬੀਬ – ਭਾਗ ਦੂਜਾ


ਹਬੀਬ ਦਾ ਰੰਗ ਸਾਂਵਲਾ, ਬਰੀਕ ਨਕਸ਼ਾਂ ਵਾਲਾ ਬੁਧੀਮਾਨ ਚਿਹਰਾ ਤੇ ਦਾੜ੍ਹੀ…ਤੈਨੂੰ ਪਤਾ ਈ ਏ, ਮੈਂ ਧਰਮਾਂ (ਵਿਚ ਉਸ ਤਰ੍ਹਾਂ ਨਹੀਂ ਪੈਂਦੀ), ਓਦੋਂ ਵੀ ਇੰਝ ਈ ਸਾਂ- ਪਰ ਹਬੀਬ ਮੈਨੂੰ ਕੋਈ ਸੰਤ, ਕੋਈ ਮਹਾਤਮਾ ਜਾਪਦਾ ਸੀ। ਇਸ ਅਹਿਸਾਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ, ਇਸਦਾ ਵਾਸਤਾ ਮਨੁੱਖੀ ਕਦਰਾਂ ਨਾਲ ਸੀ, ਸੂਝ ਦੇ ਜਲਾਲ ਨਾਲ ਸੀ….
“ਤੇ ਜ਼ਿੰਦਗੀ ਓਦੋਂ ਇਕ ਨਗਮਾ ਸੀ, ਇਕ ਨਾਚ, ਤੇ ਸਚਾਈ ਲਈ ਜਦੋ-ਜਹਿਦ, ਤੇ ਅਸੀਂ ਦੋਵੇਂ ਜਿਵੇਂ ਇਨਸਾਨੀਅਤ ਦੇ ਆਰਕੈਸਟਰੇ ਵਿਚ ਵੱਜ ਰਹੇ ਦੋ ਸਾਜ਼ ਸਾਂ, ..ਦੋ ਇਕ-ਸੁਰ ਸਾਜ਼…
“ਜਦੋਂ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਅਸਾਂ ਦੋਵਾਂ ਸਵਿਜਰ.ਲੈਂਡ ਵਿਚ ਛੁੱਟੀਆਂ ਬਿਤਾਣ ਦੀ ਸਲਾਹ ਬਣਾਈ।
“ਹਬੀਬ ਨੇ ਕਿਹਾ, ’ਤੂੰ ਕਈ ਵਾਰ ਖੁੱਲ੍ਹ ਕੇ ਨਹੀਂ ਗੌਂਦੀ। ਇੱਥੇ ਲੰਡਨ ਵਿਚ ਸਾਡੇ ਆਲੇਦੁਆਲੇ ਇਕ ਭੀੜ ਹੁੰਦੀ ਏ ਤੇ ਇਸ ਭੀੜ ਵਿਚ ਤੇਰੀ ਕਮਰਾ-ਸਾਥਣ ਵਰਗੇ ਸਿਆਣੇ ਲੋਕ ਬਹੁਤ ਹੁੰਦੇ ਨੇ, ਜਿਹੜੇ ਹਰ ਤਰ੍ਹਾਂ ਦੀ ਤਮੀਜ਼ ਸਿਖਾਣਾ ਚਾਂਹਦੇ ਨੇ। ਤੇ ਇਨ੍ਹਾਂ ਸਭਨਾ ਵਿਚ ਕਈ ਵਾਰੀ ਖੁੱਲ੍ਹ ਕੇ ਗੌਣਾ ਤਾਂ ਇਕ ਪਾਸੇ, ਖੁਲ੍ਹ ਕੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਏ। ਸਵਿਟਜ਼ਰਲੈਂਡ ਦੇ ਬਨਾਂ ਵਿਚ ਤੂੰ ਤੇ ਮੈਂ ਖੂਬ ਖੁਲ੍ਹ ਕੇ ਗੰਵਾਂਗੇ। ਤੇ ਨਾਲੇ ਮੈਂ ਤੈਨੂੰ ਬੰਗਾਲੀ ਸਿਖਾਵਾਂਗਾ, ਤੇ ਤੂੰ ਮੈਨੂੰ ਪੰਜਾਬੀ ਸਿਖਾਈਂਫੇਰ ਅਸੀਂ ਅੰਗਰੇਜ਼ੀ ਵਿਚ ਨਹੀਂ, ਆਪੋ ਆਪਣੀ ਬੋਲੀ ਵਿਚ ਇਕ ਦੂਜੇ ਨਾਲ ਗੱਲਾਂ ਕਰਿਆ ਕਰਾਂਗੇ।”
“ਤੇ ਸਵਿਟਜ਼ਰਲੈਂਡ…ਉਹਦੇ ਬਨ…ਉਦੇ ਪਹਾੜ, ਹਬੀਬ ਤੇ ਮੈਂ, ਤੇ ਬੰਗਾਲੀ ਤੇ ਪੰਜਾਬੀ, ਤੇ ਸਾਡੇ ਗੀਤ….
“ਜਦੋਂ ਅਸੀਂ ਇਕ ਦੂਜੇ ਦੀ ਬੋਲੀ ਸਿੱਖ ਰਹੇ ਹੁੰਦੇ ਤਾਂ ਸਾਨੂੰ ਜਾਪਦਾ ਜਿਵੇਂ ਅਸੀਂ ਧੁੰਦ ਵਿਚ ਇਕੱਠੇ ਤੁਰ ਰਹੇ ਹੋਵੀਏ- ਕੁਝ ਦਿਸ ਰਿਹਾ ਸੀ, ਕੁਝ ਨਹੀਂ ਸੀ ਦਿਸਦਾ..
“ਤੇ ਅਸੀਂ ਸੂਰਜ ਦੇ ਚੜ੍ਹਾਅ ਨੂੰ, ਸਵੇਰ ਦੇ ਫੁੱਲਾਂ ਨੂੰ, ਦੁਪਹਿਰ ਦੇ ਚਾਨਣ ਤੇ ਸ਼ਾਮ ਦੇ ਪੰਛੀਆਂ ਨੂੰ, ਸੂਰਜ ਅਸਤ ਤੇ ਤ੍ਰਕਾਲਾਂ ਦੇ ਪਹਿਲੇ ਤਾਰੇ ਨੂੰ- ਸਭ ਨੂੰ ਖੁਲ੍ਹ ਕੇ ਗੰਵੇ ਸਾਂਝੇ ਗੀਤਾਂ ਨਾਲ ‘ਹੈਲੋ’ ਆਖਦੇ; ਤੇ ਫੇਰ ਰਾਤ ਆਉਂਦੀ ਤੇ ਸਾਡੇ ਗੀਤ ਉਦੋਂ ਮਖਮਲੀ ਹਨੇਰੇ ਦੀ ਬੁਕਲ ਵਿਚ ਵੀ ਜਾਗਦੇ ਰਹਿੰਦੇ।
“ਇਕ ਦਿਨ ਅਸੀਂ ਦੋਵੇਂ ਨਦੀ ਵਿਚ ਨਹਾ ਕੇ ਬਾਹਰ ਨਿਕਲੇ। ਹਬੀਬ ਦੀ ਦਾੜ੍ਹੀ ਵਿਚ ਨਦੀ ਦੇ ਜਲ ਦੇ ਤੁਪਕੇ ਸਨ। ਉਹਦੇ...

ਸਾਂਵਲੇ ਬੁਲ੍ਹ ਸਿਲ੍ਹੇ ਤੇ ਵਧੇਰੇ ਸਾਂਵਲੇ ਹੋ ਚੁਕੇ ਸਨ, ਤੇ ਉਹਦੀਆਂ ਅੱਖਾਂ ਨੂੰ ਜਿਵੇਂ ਇਸ ਜਲ ਨੇ ਹੋਰ ਗਹਿਰਾਈ ਦੇ ਦਿੱਤੀ ਸੀ। ਉਹਨੇ ਮੇਰੇ ਦੋਵੇਂ ਹਥ ਫੜ ਲਏ, ਤੇ ਮੈਨੂੰ ਕਿਹਾ, “ਅਸੀਂ ਹਮੇਸ਼ਾ ਇਕ ਦੂਜੇ ਨੂੰ ਮੁਹੱਬਤ ਕਰਦੇ ਰਹਾਂਗੇ, ਪਰ ਮੁਹੱਬਤ ਵਿਚ ਕਦੇ ਡਿਗਾਂਗੇ ਨਹੀਂ…”
“ਊਂ..ਹੂੰ..ਇਹ ਫ਼ਿਕਰਾ ਤਰਜਮੇ ਵਿਚ ਕੁਝ ਨਹੀਂ ਬਣਦਾ। ਮੈਂ ਤੈਨੂੰ ਹਬੀਬ ਦਾ ਆਪਣਾ ਫ਼ਿਕਰਾ ਹੂ ਬ ਹੂ ਸੁਣਾਂਦੀ ਹਾਂ। ਉਹਨੇ ਅੰਗਰੇਜ਼ੀ ਵਿਚ ਕਿਹਾ ਸੀ: ” We will always love each other, but we will not fall in love…” (ਅਸੀਂ ਇੱਕ ਦੂਜੇ ਨੂੰ ਪਿਆਰ ਤਾਂ ਹਮੇਸ਼ਾ ਕਰਦੇ ਰਹਾਂਗੇ ਪਰ ਸਾਨੂੰ ਇਕ ਦੂਜੇ ਨਾਲ ਪਿਆਰ ਨਹੀਂ ਹੋ ਜਾਵੇਗਾ)
“ਫੇਰ ਗਰਮੀਆਂ ਦੀਆਂ ਛੁੱਟੀਆਂ ਮੁਕ ਗਈਆਂ, ਤੇ ਸਾਨੂੰ ਲੰਡਨ ਦੀ ਭੀੜ ਵਿਚ ਆਣਾ ਪਿਆ। ਪਰ ਲੰਡਨ ਵਿਚ ਵੀ ਜਦ ਮੈਂ ਹਬੀਬ ਦੀਆਂ ਅੱਖਾਂ ਵਿਚ ਵੇਖਦੀ, ਉਨ੍ਹਾਂ ਵਿਚ ਨਦੀਓਂ ਨਹਾ ਕੇ ਨਿਕਲੇ ਬਿੰਦ ਵਾਲੀ ਗਹਿਰਾਈ ਮੈਨੂੰ ਲਭਦੀ।
“ਅਸੀਂ ਇਕ ਦੂਜੇ ਨਾਲ ਰਲ ਕੇ ਬੜੀਆਂ ਤਜਵੀਜ਼ਾਂ ਬਣਾਈਆਂ: ਇਮਤਿਹਾਨਾਂ ਤੋਂ ਬਾਅਦ ਅਸੀਂ ਇਕੱਠੇ ਗਾਵਾਂਗੇ, ਨੱਚਾਂਗੇ; ਅਫ਼ਰੀਕਾ ਦੀ ਆਜ਼ਾਦੀ-ਲਹਿਰ ਲਈ ਪੈਸੇ ਤੇ ਲੋਕਾਂ ਦੀ ਹਮਦਰਦੀ ਜੋੜਾਂਗੇ; ਅਸੀਂ ਹਿੰ-ਪਾਕ ਦੋਸਤੀ ਉਤੇ ਇਕ ਗੀਤ-ਨਾਟ ਤਿਆਰ ਕਰਾਂਗੇ ਤੇ ਇਹਨੂੰ ਇਕ ਦੇਸ਼ ‘ਚੋਂ ਬਣੇ ਦੋਵਾਂ ਦੇਸਾਂ ਦੇ ਸ਼ਹਿਰ ਸ਼ਹਿਰ, ਪਿੰਡ ਪਿੰਡ ਜਾ ਕੇ ਲੋਕਾਂ ਸਾਹਮਣੇ ਪੇਸ਼ ਕਰਾਂਗੇ। ਇਸ ਗੀਤ-ਨਾਟ ਵਿਚ ਖ਼ੀ ਰਾਮ ਬੋਸ ਹੋਵੇਗਾ, ਤੇ ਜਲ੍ਹਿਆਂਵਾਲਾ, ਤੇ ਭਗਤ ਸਿੰਘ…
“ਅਸੀਂ ਜਦੋਂ ਕਦੇ ਵੀ ਭਵਿਖ ਵਲ ਨੀਝ ਲਾਂਦੇ, ਤਾਂ ਸਾਨੂੰ ਦਿਸਦਾ: ਅਸੀਂ ਦੋਵੇਂ ਇਕੱਠੇ ਸਾਂ, ਕਦੇ ਧੁੰਦ ਵਿਚ, ਕਦੇ ਚਾਨਣੇ ਵਿਚ, ਪਰ ਸਦਾ ਇਕੱਠੇ, ਤੇ ਬਹੁਤੀ ਵਾਰ ਗੌਂ ਰਹੇ, ਨਚ ਰਹੇ…
“ਭਵਿੱਖ ਬਾਰੇ ਅਸੀਂ ਹੋਰ ਕੋਈ ਗੱਲ ਕਦੇ ਪੱਕੀ ਨਹੀਂ ਸੀ ਕੀਤੀ; ਹਾਂ ਹਬੀਬ ਮੈਨੂੰ ਸਦਾ ਇਹ ਕਹਿੰਦਾ, ‘ਤੇਰੀ ਥਾਂ ਅਫ਼ਰੀਕਾ ਵਿਚ ਨਹੀਂ, ਤੇਰੇ ਆਪਣੇ ਦੇਸ਼ ਵਿਚ ਏ। ਅਸੀਂ ਆਪੋ-ਆਪਣੇ ਦੇਸ਼ ਵਿਚ ਹੀ ਲੋਕਾਂ ਲਈ ਵਧ ਤੋਂ ਵਧ ਸਹਾਈ ਹੋ ਸਕਦੇ ਹਾਂ…’
ਆਖਰੀ ਭਾਗ ਕਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)