ਭਾਦੋਂ ਦੀ ਧੁੱਪ”
ਇਕ ਪੁਰਾਣੀ ਕਹਾਵਤ ਹੈ ਕਿ ਭਾਦੋਂ ਦੀ ਧੁੱਪ ਦਾ ਮਾਰਿਆ ਜੱਟ ਸਾਧ ਹੋ ਗਿਆ ਸੀ। ਚਲੋ ਬਜੁਰਗਾਂ ਤੋਂ ਸੁਣਦੇ ਆਏ ਹਾਂ ਸੱਚ ਹੈ ਕਿ ਝੂਠ ਇਹ ਬਾਅਦ ਦੀ ਗੱਲ ਹੈ ਪਰ ਜੋ ਅਸੀਂ ਰਾਤਾਂ ਨੂੰ ਦਾਦੇ ਦਾਦੀ ਤੋਂ ਸੁਣਦੇ ਸੀ ਕਿ ਦੋ ਸਕੇ ਭਰਾ ਵੱਡਾ ਵਿਆਹਿਆ ਹੋਇਆ ਛੋਟਾ ਛੜਾ ਦੋਵੇਂ ਖੇਤੀ ਬਾੜੀ ਦਾ ਕੰਮ ਕਰਦੇ ਸੀ। ਛੋਟਾ ਥੋੜਾ ਪਰਮਾਤਮਾ ਦੀ ਭਗਤੀ ਵਿੱਚ ਵਿਸ਼ਵਾਸ ਰੱਖਦਾ ਸੀ। ਇਕ ਦਿਨ ਬੜੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਦਾ ਕਰਦਾ ਇਹ ਕਹਿ ਕੇ ਕਿਧਰੇ ਦੌੜ ਗਿਆ ਕਿ ਮੈਂ ਤਾਂ ਜੰਗਲਾਂ ਵਿੱਚ ਚੱਲਿਆ ਹਾਂ ਭਗਤੀ ਕਰਨ ਲਈ ਇਸ ਲਈ ਮੈਨੂੰ ਕਿਤੇ ਨਹੀਂ ਲੱਭਣਾ। ਚਲੋ ਜੀ ਇਸੇ ਤਰ੍ਹਾਂ ਸਮਾਂ ਬੀਤ ਦਾ ਗਿਆ ਕਿਆ ਹੋਇਆ ਦਸ ਬਾਰਾਂ ਸਾਲਾਂ ਬਾਅਦ ਇਕ ਦਿਨ ਛੋਟਾ ਭਰਾ ਭਗਵੇਂ ਜਿਹੇ ਭੇਸ ਵਿੱਚ ਘਰ ਆ ਗਿਆ ਤੇ ਭਰਜਾਈ ਨੂੰ ਪੁਛਿਆ ਕੇ ਭਰਾ ਕਿਥੇ ਹੈ ਤਾਂ ਉਸ ਦੀ ਭਰਜਾਈ ਨੇ ਕਿਹਾ ਕਿ ਵੀਰ ਤੇਰਾ ਸਵੇਰ ਦਾ ਖੇਤਾਂ ਵਿੱਚ ਹਲ ਚਲਾ ਰਿਹਾ ਹੈ ਮੈਂ ਉਸਦੀ ਰੋਟੀ ਲੈਕੇ ਜਾਣੀ ਸੀ ਰਸਤੇ ਵਿੱਚ ਪੈਂਦੀ ਵੇਈਂ ਦਾ ਪਾਣੀ ਚੜਿਆ ਹੋਇਆ ਹੈ ਮੇਰੇ ਤੋਂ ਰੋਟੀ ਲੈਕੇ ਪਾਰ ਨਹੀੰ ਜਾਇਆ ਜਾਣਾ, ਤਾਂ ਭਗਤੀ ਕਰਕੇ ਆਏ ਦੇਵਰ ਨੇ ਭਰਜਾਈ ਨੂੰ ਚੁੱਲ੍ਹੇ ਵਿੱਚੋਂ ਰਾਖ ਚੁੱਕ ਫੂਕ ਜਿਹੀ ਮਾਰੀ ਮੁੱਠੀ ਵਿੱਚ ਦੇ ਦਿੱਤੀ ਕੇ ਜਦੋਂ ਵੇਈਂ ਪਾਰ ਕਰਨੀ ਹੈ ਤਾਂ ਇਹ ਰਾਖ ਵਿੱਚ ਸੁੱਟ ਦੇਵੀਂ ਵੇਈਂ ਦਾ ਪਾਣੀ ਤੈਨੂੰ ਰਸਤਾ ਦੇ ਦੇਵੇਗਾ। ਉਸਦੀ ਭਰਜਾਈ ਪਤੀ ਦੀ ਰੋਟੀ ਲੈ ਖੇਤਾਂ ਨੂੰ ਚਲ ਪਈ ਜਦੋਂ ਵੇਈਂ ਆਈ ਉਸਨੇ ਉਵੇਂ ਹੀ ਰਾਖ ਪਾਣੀ ਵਿੱਚ ਸੁੱਟੀ ਪਾਣੀ ਨੇ ਰਸਤਾ ਦੇ ਦਿੱਤਾ ਤੇ ਉਹ ਪਤੀ ਦੇਵ ਨੂੰ ਖੇਤ ਵਿੱਚ ਰੋਟੀ ਖਾਣ ਲਈ ਜਾ ਅਵਾਜ ਮਾਰੀ ਤਾਂ ਉਹ ਵੇਖ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਤੂੰ...
ਏਨੇ ਪਾਣੀ ਵਿੱਚੋਂ ਦੀ ਕਿਵੇਂ ਲੰਘ ਕੇ ਆਈ ਤਾਂ ਉਸ ਨੇ ਸਾਰੀ ਗੱਲ ਦੱਸੀ ਕਿ ਤੇਰਾ ਛੋਟਾ ਭਰਾ ਆ ਗਿਆ ਹੈ ਉਹਨੇ ਮੈਨੂੰ ਰਾਖ ਦਿੱਤੀ ਸੀ ਜਿਸ ਕਰਕੇ ਮੈਨੂੰ ਪਾਣੀ ਨੇ ਰਸਤਾ ਦੇ ਦਿੱਤਾ ਪਰ ਹੁਣ ਮੇਰੇ ਪਾਸ ਰਾਖ ਨਹੀਂ ਹੈ ਮੈਂ ਹੁਣ ਕਿਵੇਂ ਜਾਵਾਂਗੀ। ਉਸਦੇ ਪਤੀ ਨੇ ਅਰਾਮ ਨਾਲ ਰੋਟੀ ਖਾਧੀ ਪਰਮਾਤਮਾ ਦਾ ਸ਼ੁਕਰ ਕੀਤਾ ਤੇ ਮਿੱਟੀ ਦੀ ਮੁੱਠੀ ਭਰ ਪਤਨੀ ਨੂੰ ਦੇ ਦਿੱਤੀ ਕਿ ਵੇਈਂ ਪਾਰ ਕਰਨ ਸਮੇਂ ਪਾਣੀ ਵਿੱਚ ਇਹ ਮਿੱਟੀ ਸੁੱਟ ਦੇਵੀਂ ਤੈਨੂੰ ਰਸਤਾ ਮਿਲ ਜਾਵੇਗਾ, ਇਵੇਂ ਹੀ ਹੋਇਆ ਪਾਣੀ ਨੇ ਰਸਤਾ ਦੇ ਦਿਤਾ ਤੇ ਉਹ ਘਰ ਵਾਪਸ ਆ ਗਈ। ਇਹ ਵੇਖ ਉਸ ਦਾ ਦੇਵਰ ਬੜਾ ਹੈਰਾਨ ਪ੍ਰੇਸ਼ਾਨ ਕਿ ਮੈਂ ਤਾਂ ਇਕ ਪਾਸੇ ਤੋਂ ਜਾਣ ਲਈ ਰਾਖ ਦਿੱਤੀ ਸੀ ਇਹ ਵਾਪਸ ਕਿਵੇਂ ਆਈ। ਜਦੋਂ ਭਰਜਾਈ ਤੋਂ ਇਹ ਸਵਾਲ ਪੁੱਛਿਆ ਕਿ ਤੂੰ ਵਾਪਸ ਕਿਵੇਂ ਆਈ ਉਸ ਨੇ ਸਾਰਾ ਕੁੱਝ ਦੱਸ ਦਿੱਤਾ ਕਿਵੇਂ ਉਧਰੋਂ ਤੇਰੇ ਭਰਾ ਨੇ ਮਿੱਟੀ ਦੀ ਮੁੱਠ ਭਰਕੇ ਦਿੱਤੀ ਸੀ ਜਿਸ ਕਰਕੇ ਪਾਣੀ ਨੇ ਮੈਨੂੰ ਵਾਪਸ ਆਉਣ ਲਈ ਰਾਹ ਦੇ ਦਿੱਤਾ। ਇਹ ਸੁਣ ਹੈਰਾਨ ਹੋ ਗਿਆ ਕਿ ਮੈਂ ਬਾਰਾਂ ਸਾਲ ਜੰਗਲਾਂ ਵਿੱਚ ਗਾਲ ਦਿੱਤੇ ਮੇਰੇ ਭਰਾ ਨੇ ਘਰ ਬੈਠਿਆ ਹੀ ਇਤਨਾ ਕੁੱਝ ਪ੍ਰਾਪਤ ਕਰ ਲਿਆ, ਜਾਕੇ ਆਪਣੇ ਭਰਾ ਦੇ ਪੈਰੀਂ ਜਾ ਡਿੱਗਾ ਅਤੇ ਅੱਗੋਂ ਲਈ ਭਰਾ ਨੂੰ ਬਚਨ ਦਿੱਤਾ ਕਿ ਤੇਰੇ ਨਾਲ ਕਿਰਤ ਕਰਕੇ ਪਰਮਾਤਮਾ ਦਾ ਜਸ ਗਾਉਂਦਿਆ ਦੁੱਖੀਆਂ ਦਾ ਦਰਦ ਵੰਡਾਵਾਂਗਾ ਭੁੱਖਿਆ ਤਾਈਂ ਲੰਗਰ ਛਕਾਵਾਂਗਾ ਇਸ ਵਿੱਚ ਹੀ ਪਰਮਾਤਮਾ ਵੱਲੋਂ ਸਾਜੀ ਇਸ ਸ੍ਰਿਸਟੀ ਵਿੱਚ ਆਉਣ ਦਾ ਮਨੋਰਥ ਪੂਰਾ ਹੋਵੇਗਾ।
“ਜਸਵੰਤ ਸਿੰਘ ਢੀਂਡਸਾ”੨੫.੭.੨੦੨੨