ਮੈਨੂੰ ਨਹੀ ਪਤਾ, ਬਸ ਮੇਰੀ ਬੇਬੇ ਮੇਰਾ ਬੜਾ ਫ਼ਿਕਰ ਤੇ ਮੋਹ ਕਰਦੀ ਆ ਜੇ ਇਹਨੂੰ ਪਿਆਰ ਆਖਦੇ ਆ ਤਾ ਫਿਰ ਇਕ ਹੋਰ ਕਮਲੀ ਜਿਹੀ ਵੀ ਆ ਮੇਰੀ ਜਿੰਦਗੀ ‘ਚ ਜੋ ਮੈਨੂੰ ਜਮਾ ਮੇਰੀ ਬੇਬੇ ਅਰਗੀ ਲੱਗਦੀ ਆ, ਬੇਬੇ ਨਾਲ ਤਾਂ ਮੇਰਾ ਲਹੂ ਦਾ ਰਿਸ਼ਤਾ ਏ ਪਰ ਉਹਦੇ ਨਾਲ ਰੂਹ ਦਾ।
ਇੰਟਰਨੈੱਟ ਦਾ ਜ਼ਮਾਨਾ ਤਾਂ ਨਹੀ ਸੀ ਉਦੋ ਪਰ ਕਾਲਜ ਜਾਣ ਦਾ ਜਰੂਰ ਸੀ, ਉਹ ਮੈਨੂੰ ਉੱਥੇ ਹੀ ਮਿਲੀ…..ਉਹ ਸ਼ਹਿਰਨ ਸੀ ਤੇ ਮੈਂ ਮਾਹਤੜ ਨਿਰਾ ਪੈਂਡੂ ! ਦੋਸਤੀ ਹੋਈ ਕਿਉਕਿ ਸੁਭਾਅ ਤੇ ਵਿਚਾਰ ਮਿਲਦੇ ਸੀ, ਗੱਲਾਂ ਕਰਦਿਆਂ ਮੈਂ ਹਾਲੇ ਕੁਝ ਆਖਣਾ ਹੀ ਹੁੰਦਾ ਉਹ ਪਹਿਲਾ ਆਖ ਦਿੰਦੀ ਤੇ ਕਦੇ-ਕਦੇ ਇਦਾ ਹੀ ਉਹਦੇ ਨਾਲ ਵੀ ਹੁੰਦਾ। ਮੇਰੇ ਅਰਗੇ ਤਾਂ ਕਾਲਜ ਵੀ ਮੱਕੀ ਦੀ ਰੋਟੀ ਲੈ ਜਾਦੇ ਸੀ ਕਿਉਕਿ ਉਹਨੂੰ ਪਸੰਦ ਸੀ, ਕਦੇ-ਕਦਾਈ ਉਹਨੇ ਆਖਣਾ ਕੋਈ ਗੱਲ ਹੀ ਸੁਣਾਂਦੇ ਤੇ ਫਿਰ ਮੈਂ ਜਿਉ ਲੱਗਣਾ ਪਿੰਡ, ਪਾਥੀਆਂ, ਗਹੀਰਿਆ, ਸੱਥਾਂ ਤੇ ਮੇਲਿਆਂ ਦੀਆ ਗੱਲਾ ਸੁਣਾਉਣ ਤਾ ਉਹਨੇ ਬੜੀ ਰੀਝ ਨਾਲ ਸੁਣਨਾ ਜਿਦਾ ਮੈਂ ਉਸਨੂੰ ਪਰੀ ਕਥਾਵਾਂ ਸੁਣਾਉਣ ਲੱਗਾ ਹੋਵਾ।
ਉਹਨੇ ਇੱਕ ਦਿਨ ਆਖਿਆ ਕਿ ਮੈਨੂੰ ਆਦਤ ਪੈ ਗਈ ਤੇਰੀ….ਤੇਰੇ ਬਿਨ੍ਹਾ ਖੋਹ ਜਿਹੀ ਪੈਦੀ ਏ, ਜਦ ਤੂੰ ਦੂਰ ਜਾਦਾ ਏ ਤਾ ਇੰਞ ਲੱਗਦਾ ਜਿਦਾ ਬਚਪਨ ‘ਚ ਮੇਰਾ ਪਿਆਰਾ ਖਿਡੋਣਾ ਦੂਰ ਕਿਤੇ ਗੁੰਮ ਗਿਆ ਹੋਵੇ, ਮੈਂ ਬਥੇਰਾ ਸਮਝਾਇਆ ਕਿ ਕਮਲੀਏ ਤੇਰਾ-ਮੇਰਾ ਕੀ ਮੇਲ ਆ ਭਲ਼ਾ ??
ਤੇਰੇ ਫ਼ਰਾਕ ਸੂਟ ਤੇ ਜੀਨਾਂ...
ਸਾਡੇ ਪਿੰਡ ਨੀ ਚੱਲਣੇ, ਬੇਬੇ ਤਾ ਹੁਣ ਤੱਕ ਸਿਰ ਕੱਜਦੀ ਆ, ਤੇਰੇ ਹੱਥ ‘ਚ ਪਾਏ ਚਾਂਦੀ ਦੇ ਕੜੇ ਨਾਲੋ ਬਾਪੂ ਮੇਰੇ ਨੂੰ ਸਰਬ ਲੋਹ ਦਾ ਕੜਾ ਪਸੰਦ ਏ, ਹਾਜ਼ਰੀ ਦੀ ਲਾਹ ਬੇਬੇ ਨੂੰ ਮੱਝਾਂ ਦਾ ਫ਼ਿਕਰ ਹੁੰਦਾ, ਤੇਰੇ ਸ਼ਹਿਰ ਤਰ੍ਹਾ ਸਾਡੇ ਪਿੰਡ ਹੋਟਲ ਤਾਂ ਨਹੀ ਹੁੰਦੇ …ਸਾਡੇ ਤਾਂ ਸਵੇਰੇ ਚਿੱਬੜਾਂ ਦੀ ਚਟਣੀ ਤੇ ਦਿਨ ਢਲੇ ਜੇ ਗੁਆਂਢਣ ਕਚਰੀਡੇ ਦੇਜੇ ਤਾ ਅਸੀ ਤਾ ਉਹੀ ਤੜਕ ਕੇ ਰੋਟੀ ਤੇ ਰੱਖ ਖਾ ਲੈਨੇ ਆ ਪਰ ਹਾ ਦਿਲ ਦਰਿਆ ਸਾਡੇ ਪੈਂਡੂਆਂ ਦਾ ਜਨੌਰਾ-ਜਾਨਵਰਾਂ ਨੂੰ ਬੇਬੇ ਨਾਲ ਹੀ ਪਕਾ ਦਿੰਦੀ ਆ ਤੇ ਆਥਣੇ ਜਿਹੇ ਬਾਪੂ ਲੱਸੀ ‘ਚ ਚੂਰ ਉਹਨਾਂ ਨੂੰ ਖੁਆ ਦਿੰਦਾ ਤੇ ਘਰੇ ਪ੍ਰਾਹੁਣੇ ਆਏ ਤੇ ਮਾਂ ਨੂੰ ਇਉ ਚਾਅ ਚੜਦਾ ਜਿਦਾ ਵਿਹੜੇ ਰੱਬ ਆਇਆ ਹੁੰਦਾ।
ਉਹਨੇ ਹੱਸ ਕੇ ਆਖਿਆ ਮੈਂ ਫਿਰ ਵੀ ਤੇਰੇ ਨਾਲ ਰਹਿਣਾ ਏ, ਹੁਣ ਕਦੇ-ਕਦਾਈ ਚੁੱਲ੍ਹੇ ‘ਚ ਬੈਠੀ ਨੂੰ ਪੁੱਛ ਬੈਠਦਾ ਕਿ ਮੈਂ ਤੇਰੇ ਕਿਧਰੇ ਚਾਅ ਤਾਂ ਨੀ ਮਾਰਤੇ ਤਾਂ ਕਮਲੀ ਚਿਹਰੇ ਤੇ ਸੰਗ ਜਿਹੀ ਲਿਆ ਆਖਦੀ ਏ ਮੇਰੀ ਜਿੰਦਗੀ ਦਾ ਸਭ ਤੋਂ ਵੱਡਾ ਚਾਅ ਤੂੰ ਏ ਬਸ ਹੁਣ ਤਾ ਸਾਰੀ ਉਮਰ ਉਸ ਡਾਹਡੇ ਦਾ ਸ਼ੁਕਰਾਨਾ ਕਰਦਿਆ ਲੰਘਾਉਣੀ ਏ।
ਕਮਲ ਕੌਰ