(ਮਿੰਨੀ ਕਹਾਣੀ)
ਰਿਸ਼ਤੇ
ਉਹਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦ ਉਸਦੀ ਸੱਸ ਨੇ ਉਸਨੂੰ ਅਵਾਜ਼ ਮਾਰਦਿਆਂ ਕਿਹਾ,”ਕੁੜੇ ਪ੍ਰੀਤਮ ਕੁਰੇ ਕਿਥੇ ਐਂ, ਆ ਕੇ ਆਹ ਜਵਾਕ ਦਾ ਪੋਤੜਾ ਬਦਲ ।”ਅੱਜ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ । ਦਰਅਸਲ ਉਹ ਆਵਦੇ ਭੂਤ ਕਾਲ ਵਿੱਚ ਗੁਆਚ ਗਈ ਸੀ ।ਉਹ ਸੋਚ ਰਹੀ ਸੀ ਕਿਵੇਂ ਵਿਆਹ ਦੇ ਦੋ ਸਾਲਾਂ ਵਿੱਚ ਹੀ ਉਸ ਦੀ ਜਿੰਦਗੀ ਬੇਰੰਗ ਹੋ ਗਈ ਸੀ,ਜਦੋਂ ਅਚਾਨਕ ਇੱਕ ਸੜਕ ਹਾਦਸੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ।ਘਰ ਵਿਚ ਬਜ਼ੁਰਗ ਸੱਸ-ਸਹੁਰੇ ਅਤੇ ਗੋਦ ਤਿੰਨ ਮਹੀਨਿਆਂ ਦੇ ਪੁੱਤਰ ਤੋਂ ਇਲਾਵਾ ਹੁਣ ਹੋਰ ਕੌਣ ਸੀ ਉਸਦਾ ।ਸੋਚਦੀ ਹੁਣ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਬਤੀਤ ਕਰੂੰਗੀ । ਉਦਾਸੀਨਤਾ ਵਿੱਚ ਵਿਚਰਦਿਆਂ ਇਕ ਰਾਤ ਉਹਨੇ ਮਨ ਬਣਾ ਲਿਆ ਕਿ ਸਵੇਰੇ ਸਵੱਖਤੇ ਹੀ ਪੁੱਤਰ ਸਮੇਤ ਪਿੰਡ ਵਿਚਲੇ ਖੂਹ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਵੇਗੀ ।ਇਹਨਾਂ ਸੋਚਾਂ ਵਿਚ ਕਦੋਂ ਉਸਦੀ ਅੱਖ ਲੱਗ ਗਈ,ਪਤਾ ਵੀ ਨਹੀਂ ਲੱਗਿਆ ।
ਸੁਪਨੇ ਵਿੱਚ ਉਸਦੇ ਪਤੀ ਭਿੰਦਰ ਦੀ ਆਤਮਾ ਨੇ ਉਸਨੂੰ ਹਲੂਣਦਿਆਂ ਕਿਹਾ,”ਪ੍ਰੀਤਮ ਕੌਰੇ ਦੇਖੀ ਕਿਤੇ, ਕੋਈ ਅਜਿਹਾ ਕੰਮ ਨਾ ਕਰ ਬੈਠੀਂ, ਆਪਾਂ ਜਿਹੜਾ ਰਿਸ਼ਤਿਆਂ ਦਾ ਪੌਦਾ ਲਾਇਆ ਏ, ਕਿਧਰੇ ਉਹ ਸੰਘਣਾ ਛਾਂ ਦਾਰ ਰੁੱਖ ਬਣਨ ਤੋਂ ਪਹਿਲਾਂ ਹੀ ਸੁੱਕ ਸੜ ਜਾਵੇ ,ਹਰ ਹਾਲਤ ਏਸ ਪੌਦੇ ਦੀ ਸੰਭਾਲ ਕਰੀਂ।”ਉਸਨੇ ਆਪਣੇ ਮਨ ਨੂੰ ਸੰਭਾਲਦਿਆਂ ਪਤੀ ਦੀ ਆਤਮਾ ਨਾਲ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤਰ ਲਈ ਪਿਤਾ ,ਅਤੇ ਸੱਸ-ਸਹੁਰੇ ਲਈ ਪੁੱਤਰ ਵਾਲਾ ਰਿਸ਼ਤਾ ਨਿਭਾਵੇਗੀ , ਉਹਨਾਂ ਦੀ ਜ਼ਿੰਦਗੀ...
ਦਾ ਸਹਾਰਾ ਬਣੇਗੀ,ਇਸੇ ਮਕਸਦ ਦੀ ਪੂਰਤੀ ਲਈ ਜ਼ਿੰਦਗੀ ਜੀਵੇਗੀ ,ਉਸ ਵਿੱਚ ਨਵੀਂ ਹਿੰਮਤ ਤੇ ਜੋਸ਼ ਭਰ ਗਏ।ਉਹ ਪੁੱਤ ਨੂੰ ਸੱਸ-ਸਹੁਰੇ ਕੋਲ ਛੱਡ ਕੇ ਖੁਦ ਸੀਰੀ ਦੀ ਮੱਦਦ ਨਾਲ ਖੇਤੀ ਬਾੜੀ ਦਾ ਕੰਮ ਕਰਨ ਲੱਗੀ ,ਘਰ ਦਾ ਕੰਮ ਕਾਰ ਵੀ ਕਰਦੀ,ਜਿੰਦਗੀ ਦੇ ਉਭੜ-ਖਾਬੜ ਰਸਤਿਆਂ ਤੋਂ ਲੰਘਦੇ ਹੋਏ,ਪੁੱਤ ਨੂੰ ਪਾਲ ਪੋਸ਼ ਕੇ ਵੱਡਾ ਕੀਤਾ ,ਪੜਾਇਆ-ਲਿਖਾਇਆ,ਨੌਕਰੀ ਲੱਗਣ ਉਪਰੰਤ ਉਸਦਾ ਇਕ ਨੌਕਰੀ ਪੇਸ਼ਾ ਕੁੜੀ ਨਾਲ ਵਿਆਹ ਕਰ ਦਿੱਤਾ ।ਅੱਜ ਉਹ ਖੁਦ ਵੀ ਦਾਦੀ ਬਣ ਗਈ ਸੀ ।ਉਸ ਦੀ ਸੱਸ ਆਵਦੇ ਪੜਪੋਤੇ ਨੂੰ ਗੋਦੀ ਵਿੱਚ ਲੈ ਕੇ ਖੁਸ਼ੀ ਨਾਲ ਖੀਵੀ ਹੋਈ ਕਹਿ ਰਹੀ ਸੀ,”ਅੱਜ 25 ਵਰਿਆਂ ਬਾਅਦ ਮੇਰਾ ਭਿੰਦਰ ਪੁੱਤ ਵਾਪਸ ਆ ਗਿਆ।”
ਇਹ ਵਿਸਮਾਦੀ ਦ੍ਰਿਸ਼ ਦੇਖ ਕੇ ਪ੍ਰੀਤਮ ਕੌਰ ਖਿਆਲਾਂ ਵਿੱਚ ਆਵਦੇ ਪਤੀ ਦੀ ਆਤਮਾ ਨਾਲ ਗੱਲਾਂ ਕਰਨ ਲੱਗੀ,”ਲਓ ! ਦੇਖੋ ਸਰਦਾਰ ਜੀ ਅੱਜ ਆਪਣੇ ਰਿਸ਼ਤਿਆਂ ਦਾ ਲਾਇਆ ਹੋਇਆ ਪੌਦਾ,ਪੂਰਾ ਫਲਦਾਰ ਦਰੱਖਤ ਬਣ ਚੁੱਕਾ ਹੈ,ਸੰਘਣੀ ਤੇ ਠੰਡੀ ਛਾਂ ਦੇਣ ਯੋਗ ਹੋ ਗਿਆ ਹੈ ।”ਉਸਦੇ ਪਤੀ ਦੀ ਆਤਮਾ ਉਸਨੂੰ ਨਤਮਸਤਕ ਹੋ ਰਹੀ ਸੀ ।ਜਿਵੇਂ ਕਹਿ ਰਹੀ ਹੋਵੇ,”ਔਰਤ ਆਪਣੇ ਹਰ ਉਸ ਰੂਪ ‘ਚ ਧੰਨ ਹੈ,ਜਿਹੜੇ ਵੀ ਰੂਪ ‘ਚ ਆਵਦੀ ਜ਼ਿੰਮੇਵਾਰੀ ਨਿਭਾਉਂਦੀ ਹੈ,ਤੇ ਬਾਖੂਬੀ ਨਿਭਾਉਂਦੀ ਹੈ ।”
ਸੁਖਬੀਰ ਕੌਰ
10-03-2022