ਕੱਚੇ ਵੇਹੜੇ ਦਾ ਸਿੰਗਾਰ ਹੁੰਦਾ ਸੀ ” ਪੋਚਾ ”
ਅੱਜ ਦੇ ਸਮੇ ਅੰਦਰ ਅਸੀਂ ਬਹੁਤ ਕੁੱਝ ਗੁਆ ਚੁੱਕੇ ਹਾਂ ਪੰਜਾਬੀ ਵਿਰਸੇ ਦੇ ਨਾਲ ਨਾਲ ਪਿੰਡਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਘਰਾਂ ਨੂੰ ਸਿੰਗਰਦੀਆਂ ਸੀ ਉਹ ਅਸੀਂ ਗੁਆ ਚੁੱਕੇ ਹਾਂ । ਮੈਨੂੰ ਵੀ ਭੁੱਲ ਹੀ ਗਿਆ ਸੀ ਜੇਕਰ ਦੀਵਾਲੀ ਤੋਂ ਪਹਿਲਾਂ ਮੈਨੂੰ ਅਵਾਜ ਨਾ ਸੁਣਦੀ! ਪੋਚਾ ਲਵੋ ਜੀ ਪੋਚਾ ‘ ਮੇਰੀ ਇੱਕ ਗੁਆਂਢਣ ਨੇ ਕਿਹਾ, ਵੇਖ ਭਾਈ ਕੋਲ ਦੀਵੇ ਵੀ ਹਨ ਜਾਂ ਇਕੱਲਾ ਪੋਚਾ ਹੈ, ਤਾਂ ਨਾਲ ਹੀ ਮੇਰੀ ਪਤਨੀ ਨੇ ਪੁੱਛਿਆ ‘ ਇਹ ਪੋਚਾ ਕੀ ਹੁੰਦਾ’ ਮੈਂ ਹੈਰਾਨ ਸੀ ਅੱਜ ਦੇ ਨੋਜਵਾਨ ਵਰਗ ਨੂੰ ਇਹਨਾਂ ਸ਼ਬਦਾਂ ਦਾ ਘੱਟ ਹੀ ਪਤਾ’ ਖੈਰ
ਮੈਂ ਬਾਹਰ ਜਾ ਵੇਖਿਆ ਇੱਕ ਖੱਚਰ ਤੇ 70 ਕੁ ਸਾਲ ਦਾ ਬਜ਼ੁਰਗ ਜਿਸਨੇ ਕੁੜਤੇ ਪੰਜਾਮੇ ਨਾਲ ਕਾਲੀ ਜੈਕਟ ਪਾਈ ਸੀ ਮੋਢੇ ਤੇ ਪਰਨਾ ਰੱਖਿਆ ਤੇ ਗਲੀ ਗਲੀ ਹੋਕਾ ਦੇ ਰਿਹਾ ਸੀ,ਮੈਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਮੇਰੀ ਬੇਬੇ ਨੇ ਆਪਣੇ ਕੱਚੇ ਘਰ ਲਈ ਭਾਈ ਤੋਂ ਪੋਚਾ ਲੈਣਾ ,ਜਿਹੜਾ ਵੀ ਪੋਚਾ ਲੈਣਾ ਓਦੇ ਪੈਸੇ ਨਹੀਂ ਸਨ ਦਿੰਦੇ ਸਗੋਂ ਕਣਕ ਦੇਣੀ ਡੂੰਘਾ ਭਰਕੇ , ਉਸਦੇ ਬਦਲੇ ਪੋਚਾ ਲੈਣਾ, ਫਿਰ ਉਸਨੂੰ ਸਾਰਾ ਦਿਨ ਪਾਣੀ ਵਿੱਚ ਭਿਉਂ ਦੇਣਾ ਜਦੋਂ ਚੰਗੀ ਤਰ੍ਹਾਂ ਗ਼ਲ ਜਾਣਾ ਫਿਰ ਉਹ ਆਪਣੇ ਘਰ ਦੇ ਕੱਚੇ ਵੇਹੜੇ ਕੱਚੀਆਂ ਕੰਧਾਂ ਨੂੰ ਫੇਰਨਾ, ਪਹਿਲਾਂ ਤਾਂ ਕੱਚੇ ਵੇਹੜੇ ਗੋਟੀ ਫੇਰਨੀ ਫਿਰ ਪੋਚੇ ਨਾਲ ਸੋਹਣੇ ਤਰੀਕੇ ਨਾਲ ਪੱਟੀ ਫੇਰਨੀ ਚਿੱਟੇ ਰੰਗ ਦੇ ਪੋਚੇ ਨਾਲ ਘਰ ਦੇ ਚੁੱਲ੍ਹੇ ਚੌਂਕੇ...
ਦਾ ਸਿੰਗਾਰਿਆ ਰੂਪ ਵੱਖਰਾ ਦਿਸਣ ਲੱਗ ਪੈਂਦਾ, ਵੱਡੀ ਗੱਲ ਇਹ ਸੀ ਏਕੋ ਚੁੱਲੇ ਅੱਗੇ ਸਾਰਾ ਸਾਰਾ ਟੱਬਰ ਬੈਠ ਰੋਟੀਆਂ ਖਾਂਦਾ ਸੀ । ਚੌਂਕੇ ਦਾ ਸਿੰਗਾਰ ਵਧਾਉਣ ਲਈ ਚੰਗੇਰ ਬਹੁਤ ਚਾਰ ਚੰਨ ਲਾਉਂਦੀ ਸੀ, ਜਾਂ ਐਵੇਂ ਕਹਿ ਲਵੋ ਪੁਰਾਣੇ ਸਮੇਂ ਅੰਦਰ ਮੀਨਾਕਾਰੀ ਦਾ ਕੰਮ ਕਰਦਾ ਸੀ ਪੋਚਾ ,ਹੁੰਣ ਭਾਵੇਂ ਸਮਾਂ ਪਾ ਲੋਕਾਂ ਘਰ ਪੱਕੇ ਕਰ ਲਏ ਪੰਜਾਬ ਦੇ ਬਹੁਤੇ ਪਿੰਡਾਂ ਅੰਦਰ ਅਜੇ ਵੀ ਪੋਚੇ ਦਾ ਹੋਕਾ ਦਿੰਦੇ ਲੋਕ ਨਜਰ ਆਉਂਦੇ ਨੇ, ਜੇਕਰ ਵੇਖਿਆ ਜਾਵੇ ਤਾਂ ਫਿਲਮਾਂ ਦੇ ਸੈੱਟ ਤੇ ਪੰਜਾਬੀ ਸਭਿਆਚਾਰ ਦੀ ਝਲਕ ਦਿਖਾਉਣ ਲਈ ਕੱਚੀਆਂ ਕੰਧਾ ਤੇ ਬਣਾਈਆ ਮੋਰਨੀਆਂ ਇਹ੍ਹਨਾਂ ਵਿਚ ਕੀਤੀ ਪੋਚੇ ਨੂੰ ਰੰਗ ਰੂਪ ਦੇ ਸਿੰਗਾਰਿਆ ਜਾਂਦਾ, ਜੇਕਰ ਅਸੀਂ ਵੇਅਹ ਸਾਦੀ ਜਾਂ ਕੋਈ ਪ੍ਰੀਵੈਡਿੰਗ ਵੀ ਕਰਨੀ ਹੋਵੇ ਤਾਂ ਕੱਚੀਆਂ ਕੰਧਾ ਮਿੱਟੀ ਦੀਆਂ ਨੂੰ ਪਹਿਲ ਦਿੰਦੇ ਹਾਂ, ਹੁਣ ਇਹਨਾਂ ਪੋਚੇ ਦੀ ਜਗ੍ਹਾ ਮਹਿੰਗੇ ਪੇਂਟ ਨੇ ਲੈ ਲਈ ਹੈ ਕਿਉਕਿ ਹੁਣ ਘਰਾਂ ਵਿੱਚ ਨਾ ਚੁੱਲ੍ਹੇ ਚੌਂਕੇ ਰਹੇ ਨਾ ਪੋਚਾ ਫੇਰਨ ਵਾਲੀਆਂ ਉਹ ਮਾਵਾਂ ਨਾ ਹੀ ਚੁੱਲੇ ਵਿੱਚ ਅੱਗ ਬਾਲਣ ਵਾਲੀਆਂ ਉਹ ਭੈਣਾਂ ਨਾ ਇਕੱਠੇ ਬੈਠ ਰੋਟੀ ਖਾਣ ਵਾਲੀਆਂ ਦਰਾਣੀਆਂ ਜਠਾਣੀਆਂ ਨਨਾਣ ਭਾਬੀਆਂ, ਹੁਣ ਕਿਵੇਂ ਦਸਾਂਗੇ ਆਪਣੇ ਬੱਚਿਆਂ ਨੂੰ ਪੋਚਾ ਕਿਸਨੂੰ ਕਹਿੰਦੇ ਹਨ।
ਨਵਨੀਤ ਸਿੰਘ ਪਿੰਡ ਤੇ ਡਾਕ ਭੁੰਬਲੀ ਜਿਲਾ ਗੁਰਦਾਸਪੁਰ
9646865500