ਬਚਪਨ ਤੋਂ ਹੀ ਪੋਲੀਓ ਦੀ ਮਾਰ ਨਾਲ ਦੋਨੋਂ ਲੱਤਾਂ ਨਹੀਂ ਸਨ ਚੱਲਦੀਆਂ। ਮਾਪਿਆਂ ਨੂੰ ਆਪਣੀ ਔਲਾਦ ਦਾ ਫਿਕਰ ਵੱਡ ਵੱਡ ਖਾਂਦਾ ਰਹਿੰਦਾ ਹੈ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਕਿਵੇਂ ਜਿੰਦਗੀ ਬਤੀਤ ਕਰੇਗਾ। ਇੱਕ ਰੱਬ ਦੀ ਮਾਰ ਅਤੇ ਦੂਜਾ ਅੱਤ ਦੀ ਗਰੀਬੀ ਘਰ ਵਿੱਚ।
ਉਮਰ ਹਾਲੇ 14 ਕੁ ਸਾਲ ਦੀ ਹੋਈ ਕੇ ਮਾਂ ਪਿਉ ਵੀ ਅੱਗੜ ਪਿਛੜ ਚੱਲ ਵਸੇ। ਹੁਣ ਜਿੰਮੇਵਾਰੀ ਦੀ ਪੰਡ ਸਿਰ ਆਣ ਪਈ। ਉਹਨਾਂ ਦਿਨਾਂ ਵਿੱਚ STD ਨਵੀਆਂ ਨਵੀਆਂ ਖੁੱਲੀਆਂ। ਪਿੰਡ ਦੀ ਦਾਣਾ ਮੰਡੀ ਵਿੱਚ STD ਖੁੱਲੀ ਤੇ ਸੇਠ ਨੇ ਕਹਿ ਦਿੱਤਾ ਕੇ ਤੂੰ ਇੱਥੇ ਬੈਠ ਜਾਇਆ ਕਰ। ਬੜੇ ਚਾਅ ਅਤੇ ਉਮੀਦ ਨਾਲ ਉੱਥੇ ਬੈਠਣਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਸੇਠ ਮਹੀਨੇ ਦਾ 300 ਰੁਪਏ ਤਨਖਾਹ ਦਿੰਦਾ। ਕੁੱਝ ਸਮਾਂ ਪਿਆ ਤਾਂ ਸੇਠ ਨੂੰ ਕਹਿੰਦਾ ਸੇਠ ਜੀ ਜੋ ਤੁਸੀਂ ਇਜਾਜ਼ਤ ਦਿਉ ਤਾਂ ਸਾਹਮਣੇ ਵਿਹਲੀ ਪਈ ਦੁਕਾਨ ਵਿੱਚ ਮੈਂ ਮਾੜਾ ਮੋਟਾ ਸੌਦਾ ਰੱਖ ਲਵਾਂ। ਸੇਠ ਨੇ ਹਾਮੀ ਭਰ ਦਿੱਤੀ। ਇੱਕਾ ਦੁਕਾ ਗਾਹਕ ਸੌਦਾ ਲੈ ਜਾਇਆ ਕਰਦੇ ਤੇ ਥੋੜ੍ਹਾ ਬਹੁਤ ਚੱਲਦਾ ਕੰਮ ਦੇਖ ਕੇ ਕਿਸੇ ਰਿਸ਼ਤੇਦਾਰ ਨੇ ਵਿੱਚ ਪੈ ਕੇ ਰਿਸ਼ਤਾ ਕਰਵਾ ਦਿੱਤਾ। ਕਰਮਾਵਾਲੀ ਨੂੰ ਵੀ ਰੱਬ ਦੀ ਮਾਰ ਸੀ ਲੱਤਾਂ ਉਸਦੀਆਂ ਵੀ ਨਹੀਂ ਚੱਲਦੀਆਂ ਸੀ। ਅੰਤਾਂ ਦੀ ਗਰੀਬੀ ਤੇ ਕੱਚਾ ਕੋਠਾ। ਪਰ ਹੁਣ ਹੌਸਲੇ ਇੱਕ...
ਤੋਂ ਦੋ ਹੋ ਚੁੱਕੇ ਸਨ। ਹੌਲੀ ਹੌਲੀ ਦੁਕਾਨ ਦਾ ਕੰਮ ਰਿੜਣ ਲੱਗ ਪਿਆ। ਜਿਵੇਂ ਕਹਿੰਦੇ ਨੇ ਕੇ ਉਡਾਣ ਇਕੱਲੇ ਖੰਬਾ ਨਾਲ ਨਹੀਂ ਹੌਸਲੇ ਨਾਲ ਹੁੰਦੀ ਹੈ। ਦ੍ਰਿੜ ਹੌਸਲੇ ਨਾਲ ਕਾਰੋਬਾਰ ਅੱਗੇ ਵੱਧਦਾ ਗਿਆ। ਅਤੇ ਉੱਧਰੋਂ ਰੱਬ ਨੇ ਵੀ ਝੋਲੀ ਭਰ ਦਿੱਤੀ ਅਤੇ ਘਰ ਨਵੇਂ ਨਰੋਏ ਪੁੱਤ ਨੇ ਪਿੱਛਲੀ ਪੀੜੀ ਨੂੰ ਪਿੱਛੇ ਛੱਡ ਤੰਦਰੁਸਤੀ ਨਾਲ ਜਨਮ ਲਿਆ।
ਹੁਣ ਦਿਨ ਫਿਰ ਗਏ ਸਨ। ਦੁਕਾਨਦਾਰੀ ਵੀ ਪੂਰੀ ਸਿਖਰਾਂ ਤੇ ਚੱਲਣ ਲੱਗੀ। ਪੈਸਾ ਜੋੜ ਦੁਕਾਨ ਆਪਣੀ ਖਰੀਦ ਲਈ ਜੋ ਕੇ ਸਮਝਦਾਰੀ ਵਾਲਾ ਫੈਂਸਲਾ ਸੀ। ਕਿਉਂਕਿ ਦੁਕਾਨਦਾਰੀ ਤੋਂ ਮਕਾਨ ਬਣ ਸਕਦਾ ਹੈ ਮਕਾਨ ਤੋਂ ਦੁਕਾਨ ਬਣਾਉਣੀ ਮੁਸ਼ਕਿਲ ਹੈ। ਵਪਾਰ ਅੱਗੇ ਵਧਦਾ ਗਿਆ। ਕੱਚਾ ਮਕਾਨ ਕੋਠੀ ਵਿੱਚ ਤਬਦੀਲ ਹੋ ਗਿਆ। ਟ੍ਰਾਈਸਾਈਕਲ ਗੱਡੀ ਵਿੱਚ ਤਬਦੀਲ ਹੋ ਗਿਆ। ਅਤੇ ਬੰਤਾ ਲੰਗੜਾ ਮੁਸ਼ਕਿਲਾਂ ਨੂੰ ਠੋਕਰ ਮਾਰ ਕੇ ਸਰਦਾਰ ਬਲਵੰਤ ਸਿੰਘ ਦੁਕਾਨਦਾਰ ਵਿੱਚ ਤਬਦੀਲ ਹੋ ਗਿਆ। ਜਿੰਦਗੀ ਬਦਲਦੀ ਹੈ।। ਹੌਂਸਲਾ, ਕੋਸ਼ਿਸ਼ਾਂ ਰੰਗ ਲਿਆਉਂਦੀਆਂ ਹਨ। ਸਾਡੀ ਜਿੰਦਗੀ ਸਾਡੇ ਹੱਥ ਹੈ ਉਸਨੂੰ ਅਸੀ ਮਰ ਮਰ ਕੇ ਕੱਟਣਾ ਹੈ ਕੇ ਉਪਰ ਉੱਠ ਕੇ ਜਿਉਣਾ ਹੈ।
ਕੁਲਵਿੰਦਰ ਸੰਧੂ