ਸਰਵਣ ਸਿੰਘ..ਭਾਪਾ ਜੀ ਦੇ ਦਫਤਰ ਵਿਚ ਚਪੜਾਸੀ..
ਅਜੀਬ ਸਬੱਬ ਸੀ..ਜਿਸ ਦਿਨ ਭਾਪਾ ਜੀ ਰਿਟਾਇਰ ਹੋਏ ਓਸੇ ਦਿਨ ਹੀ ਉਸ ਦੀ ਵੀ ਰਿਟਾਇਰਮੈਂਟ ਸੀ..
ਭਾਪਾ ਜੀ ਨੇ ਉਚੇਚਾ ਆਖ ਦੋਵੇਂ ਫ਼ੰਕਸ਼ਨ ਇੱਕੋ ਵੇਲੇ ਅਤੇ ਇੱਕੋ ਤਰਾਂ ਹੀ ਕਰਵਾਏ..
ਉਸਦੀ ਕੁਰਸੀ ਵੀ ਆਪਣੇ ਬਰੋਬਰ ਰਖਵਾਈ..!
ਆਥਣ ਵੇਲੇ ਸਾਰਾ ਕੁਝ ਮੁੱਕਿਆ ਤਾਂ ਭਾਪਾ ਜੀ ਦੇ ਗੱਲ ਲੱਗ ਰੋਣ ਲੱਗ ਪਿਆ..
ਆਖਣ ਲੱਗਾ ਸਰਦਾਰ ਜੀ ਚਾਲੀਆਂ ਸਾਲਾਂ ਦਾ ਸਾਥ..ਹੁਣ ਤੁਹਾਥੋਂ ਵਿਛੜਨ ਲਗਿਆਂ ਦਿਲ ਨੂੰ ਹੌਲ ਜਿਹੇ ਪੈਂਦੇ..!
ਭਾਪਾ ਜੀ ਗਲਵੱਕੜੀ ਵਿਚ ਲੈ ਹੌਸਲਾ ਜਿਹਾ ਦਿੱਤਾ..
ਫੇਰ ਉਸਨੇ ਅਗਲੇ ਦਿਨ ਤੋਂ ਹੀ ਸਾਡੀ ਕੋਠੀ ਆਉਂਣਾ ਸ਼ੁਰੂ ਕਰ ਦਿੱਤਾ..!
ਲਾਅਨ ਵਿਚ ਸਬਜੀ..ਰੁੱਖਾਂ ਦੀ ਦੇਖਭਾਲ..ਫੁੱਲਾਂ ਬੂਟਿਆਂ ਦਾ ਰੱਖ ਰਖਾਵ ਅਤੇ ਸਭ ਤੋਂ ਜਿਆਦਾ ਨੁੱਕਰੇ ਬੱਝੀ ਵਲੈਤੀ ਗਾਈਂ ਦੇ ਪੱਠੇ..ਸਾਰਾ ਕੁਝ ਸਰਵਣ ਸਿੰਘ ਦੀ ਜੁੰਮੇਵਾਰੀ ਬਣ ਗਈ..!
ਸ਼ਾਇਦ ਇਹ ਸਾਥ ਬਹੁਤ ਲੰਮਾ ਨਹੀਂ ਸੀ ਲਿਖਿਆ..
ਤੇ ਇੱਕ ਦਿਨ ਹੰਸਾਂ ਦੀ ਇਹ ਜੋੜੀ ਵਿਛੜ ਗਈ..ਭਾਪਾ ਜੀ ਰਾਤੀਂ ਸੁੱਤੇ ਸੁਵੇਰੇ ਉਠੇ ਹੀ ਨਹੀਂ..!
ਬੜੀ ਅਜੀਬ ਗੱਲ ਸੀ..ਇਸ ਵਾਰ ਸਰਵਣ ਸਿੰਘ ਬਿਲਕੁਲ ਵੀ ਨਹੀਂ ਰੋਇਆ ਬੱਸ ਸਾਰਾ ਕੁਝ ਸਹਿਜ ਜਿਹਾ ਹੋ ਕੇ ਆਰਾਮ ਨਾਲ ਕਰੀ ਗਿਆ..!
ਭੋਗ ਤੋਂ ਤਿੰਨ ਚਾਰ ਦਿਨਾਂ ਮਗਰੋਂ ਤੁਰਨ ਲੱਗਾ ਤਾਂ ਕੋਲ ਆ ਕੇ ਆਖਣ ਲੱਗਾ ਜੀ ਛੋਟੇ ਸਰਦਾਰ ਜੀ ਨੂੰ ਮਿਲਣ ਦਾ ਜੀ ਕਰਦਾ ਇੱਕ ਵਾਰ..
ਮੈਂ ਛੇਤੀ ਨਾਲ ਜਾ ਢਾਈਆਂ ਸਾਲਾਂ ਦੇ ਆਪਣੇ ਬੇਟੇ ਨੂੰ ਚੁੱਕ ਲਿਆਇਆ..!
ਸਰਵਣ ਸਿੰਘ ਨੇ...
ਦੋਵੇਂ ਬਾਹਵਾਂ ਉਸ ਵੱਲ ਕੀਤੀਆਂ ਤਾਂ ਉਹ ਉੱਲਰ ਕੇ ਉਸਦੇ ਵੱਲ ਨੂੰ ਆ ਗਿਆ..
ਉਸਨੇ ਕਿੰਨਾ ਚਿਰ ਉਸਨੂੰ ਚੁੱਕੀ ਰਖਿਆ..
ਪਰ ਨਿੱਕੇ ਜਿਹੇ ਦੇ ਧਿਆਨ ਸਰਵਣ ਸਿੰਘ ਦੇ ਕੁੜਤੇ ਦੀ ਅਗਲੀ ਜੇਬ ਤੇ ਲੱਗੇ ਭਾਪਾ ਜੀ ਦੇ ਪੂਰਾਣੇ ਪੈਨ ਵੱਲ ਹੀ ਸੀ..ਸ਼ਾਇਦ ਪਛਾਣਦਾ ਸੀ ਕੇ ਮੇਰੇ ਦਾਦੇ ਦਾ ਹੈ..
ਪਹਿਲਾਂ ਮੈਂ ਸੋਚਿਆ ਕੇ ਸ਼ਾਇਦ ਖੇਡਾਂ ਜਿਹੀਆਂ ਕਰੀ ਜਾਂਦਾ ਪਰ ਜਦੋਂ ਖਹਿੜੇ ਜਿਹੇ ਪੈ ਕੇ ਰੋਣ ਲੱਗ ਪਿਆ ਤਾਂ ਸਰਵਣ ਸਿੰਘ ਨੇ ਬੋਝਿਓਂ ਕੱਢ ਉਸਨੂੰ ਫੜਾ ਦਿੱਤਾ..
ਨਾਲ ਹੀ ਭਾਪਾ ਜੀ ਕੰਧ ਤੇ ਟੰਗੀ ਫੋਟੋ ਵੱਲ ਵੇਖਦਾ ਹੋਇਆ ਆਖਣ ਲੱਗਾ ਜਾ ਸਾਂਭ ਲੈ ਪੁੱਤਰਾ ਆਪਣੇ ਦਾਦੇ ਦੀ ਵਿਰਾਸਤ..ਜਾਣ ਤੋਂ ਇੱਕ ਦਿਨ ਪਹਿਲਾਂ ਏਨੀ ਗੱਲ ਆਖਦਾ ਹੋਇਆ ਮੇਰੇ ਹਵਾਲੇ ਕਰ ਗਿਆ ਸੀ ਕੇ ਸਰਵਣ ਸਿਹਾਂ ਮੈਨੂੰ ਨੀ ਲੱਗਦਾ ਤੇਰੇ ਤੋਂ ਬਗੈਰ ਕੋਈ ਹੋਰ ਇਸਦੀ ਬੇਹਤਰ ਸਾਂਭ ਸੰਭਾਲ ਕਰ ਸਕਦਾ ਏ..!
ਪਰ ਅੱਜ ਖੁਸ਼ੀ ਏ ਕੇ ਵਾਗਰੂ ਨੇ ਸਰਦਾਰ ਜੀ ਦੀ ਬਹੁਮੁੱਲੀ ਵਿਰਾਸਤ ਮੇਰੇ ਤੋਂ ਵੀ ਵਧੀਆ ਤਰੀਕੇ ਨਾਲ ਸਾਂਭਣ ਵਾਲਾ ਇੱਕ ਨਿੱਕਾ ਜਿਹਾ ਦੇਵ ਪੁਰਸ਼ ਲਿਆ ਮੇਰੇ ਸਾਮਣੇ ਖੜਾ ਕਰ ਦਿੱਤਾ ਏ..!
ਏਨੀ ਗੱਲ ਆਖ ਸਰਵਣ ਸਿੰਘ ਹੁਣ ਜ਼ਾਰੋ-ਜਾਰ ਰੋ ਪਿਆ..!
ਹਰਪ੍ਰੀਤ ਸਿੰਘ ਜਵੰਦਾ