ਮਿੰਨੀ ਕਹਾਣੀ
ਉਡੀਕ
ਬੱਸ ਤੇਜ਼ੀ ਨਾਲ ਸੜਕ ‘ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸ ਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਾਕੇਸ਼ ਨੂੰ ਨੀਅਤ ਥਾਂ ‘ਤੇ ਮਿਲਣ ਦੀ ਖੁਸ਼ੀ ‘ਚ ਉਹ ਬਾਵਰੀ ਹੋਈ ਪਈ ਸੀ ।
ਅੱਜ ਤੋਂ ਤਾਂ ਉਸ ਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ। ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ- ਬਾਰ ਜੋ ਛੱਡ ਆਈ ਸੀ ਉਹ ਕਿਉਂਕਿ ਉਸ ਦੇ ਘਰ ਦੇ ਸ਼ਾਇਦ ਉਨ੍ਹਾਂ ਨੂੰ ਕਦੇ ਮਿਲਣ ਨਾ ਦਿੰਦੇ ।
ਤਦੇ ਇੱਕ ਦਮ ਬੱਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ ।ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ । ਇੱਕ ਔਰਤ ਲਹੂ – ਲੁਹਾਣ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚੰਬੜੀ ਉੱਚੀ- ਉੱਚੀ ਰੋ ਰਹੀ ਸੀ। ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ ‘ਚ ਖਲਬਲੀ ਮਚਾ ਦਿੱਤੀ ।
ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ ‘ਚ ਗੁਜ਼ਰ ਗਏ ਸੀ ।”ਹਾਏ ! ਕਿੰਨਾ ਦੁੱਖ ਸਹਾਰਿਆ ਸੀ ਅਸਾਂ
ਉਦੋਂ ।”
...
“ਪਰ ….ਪਰ… ਹੁਣ ਮੇਰੇ ਮਾਂ ਬਾਪ ਇਹ ਸਹਿ ਲੈਣਗੇ ਕਿ ਮੈਂ ……।” “ਨਹੀਂ …..ਨਹੀਂ …..ਕਦੇ ਵੀ ਨਹੀਂ …..ਹੁਣ ਤਾਂ ਮੈਂ ਹੀ ਉਨ੍ਹਾਂ ਦੀ ਜਾਨ ਹਾਂ। ਹਾਏ! ਉਹ ਤਾਂ ਮਰ ਜਾਣਗੇ ਮੇਰੇ ਬਿਨਾਂ । ”
“ਉਹ ਸਦਮਾ ਤਾਂ ਉਨ੍ਹਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ, ਪਰ ਇਹ ਸਦਮਾ? ਮੇਰੇ ਕਾਰਨ ਹੋਣ ਵਾਲੀ ਬਦਨਾਮੀ ………..। ਕੀ ਉਹ ?” ਅਰਚਨਾ ਘਬਰਾਈ “…….ਨਹੀਂ …..ਨਹੀਂ ……ਇਹ ਮੈਂ ਕੀ ਕਰਨ ਜਾ ਰਹੀ ਆਂ । ਜਵਾਨੀ ਦੀ ਰੋ ‘ਚ ਕਮਲੀ ਹੋਈ ਮੈਂ ਤਾਂ ਭੁੱਲ ਹੀ ਗਈ, ਮੈਨੂੰ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਂ ਬਾਪ ਵੀ ਹਨ ।”
ਤੇ ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਬੱਸ ਤੋਂ ਉਤਰ ਕੇ ਹੋਸਟਲ ਵੱਲ ਚੱਲ ਪਈ। ਤੇ ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ , ਉਹਦੀ ਉਡੀਕ ‘ਚ ਅੱਖੀਆਂ ਵਿਛਾਈ ਉਹਦੀ ਮਾਂ ਉਹਨੂੰ ਜੱਫੀ ‘ਚ ਲੈ ਕੇ ਬਾਵਰਿਆਂ ਦੀ ਤਰ੍ਹਾਂ ਚੁੰਮਣ ਲੱਗੀ ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ ।