More Punjabi Kahaniya  Posts
ਸਫਲ ਜਿੰਦਗੀ ਦੇ ਸੁਫਨੇ


ਇੱਕ ਦਿਨ ਕਚਹਿਰੀ ਲਾਇਸੰਸ ਦਾ ਕੰਮ ਸੀ ,ਉੱਥੇ ਜਾਣਾ ਪਿਆ ਤੇ ਸਮਾਂ ਲੱਗਦਾ ਵੇਖ ਇੱਕ ਅਸੀਂ ਰਿਸ਼ਤੇਦਾਰ ਲਿਖਤ ਨਵੀਸ ਕੋਲ ਬੈਠ ਗਏ ।
ਉੱਥੇ ਇੱਕ ਮੁੰਡੇ ਦਾ ਪਰਿਵਾਰ ,ਮੈਬਰ ,ਪੰਚਾਇਤ ਨੰਬਰਦਾਰ ਤੇ ਕੁੜੀ ਵਾਲੇ ਪੰਚ, ਸਰਪੰਚ ਤੇ ਨੰਬਰਦਾਰ ਲਿਖਤ ਕਰਵਾ ਰਹੇ ਸਨ ਕੇ ਕੁੜੀ ਦੇ ਕਨੇਡਾ ਜਾਣ ਦਾ ਸਾਰਾ ਖਰਚਾ ਤੇ ਫੀਸਾਂ ਚੌਵੀ ਲੱਖ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ (ਪਿੰਡ ਪੂਰਾ ਐਡਰਸ ਵੱਲੋਂ ਦਿੱਤਾ ਗਿਆ ਹੈ )ਲਿਖਿਆ ਜਾ ਰਿਹਾ ਸੀ ।
“ਕੁੜੀ ਫਲਾਣੀ ਕੌਰ ਦੀ ਪੱਕੀ ਮੰਗਣੀ ਹੋ ਗਈ ਹੈ ,ਹੁਣ ਕੁੜੀ ਕਨੇਡਾ ਆਪਣੇ ਸਹੁਰੇ ਪਰਿਵਾਰ ਨੂੰ ਹੀ ਸਭ ਤੋਂ ਪਹਿਲਾਂ ਬੁਲਾਵੇਗੀ ਤੇ ਜੋ ਕੁੜੀ ਕਮਾਵੇਗੀ , ਉਹਨਾਂ ਸਾਰੇ ਪੈਸਿਆਂ ਦਾ ਹੱਕਦਾਰ ਉਸਦਾ ਸਹੁਰਾ ਪਰਿਵਾਰ ਹੋਵੇਗਾ ।
ਮੁੰਡੇ ਵਾਲਿਆਂ ਨੇ ਇਹ ਪੈਸੇ ਦੋ ਕਿਲ੍ਹੇ ਜ਼ਮੀਨ ਵੇਚ ਕੇ ਅਦਾ ਕੀਤੇ ਹਨ .. ਜੇ ਕੱਲ੍ਹ ਨੂੰ ਕੁੜੀ ਇਸ ਰਿਸ਼ਤੇ ਤੋਂ ਮੁੱਕਰ ਜਾਂਦੀ ਹੈ ਤਾਂ ਕੁੜੀ ਵੱਲੋਂ ਸਮੇਤ ਸੂਦ ਸਾਰੇ ਪੈਸੇ ਮੁੰਡੇ ਨੂੰ ਵਾਪਿਸ ਕੀਤੇ ਜਾਣਗੇ .. ! “
ਤਰੀਕਾਂ ਦਿਨ ਵਾਰ ਲਿਖੇ ਜਾ ਰਹੇ ਸਨ !
ਗਵਾਹਾਂ ਦੇ ਅੰਗੂਠੇ ਲੱਗ ਰਹੇ ਸਨ ਤੇ ਮੈਂ ਬੈਠੀ ਸਾਰਾ ਕੁਝ ਵੇਖ ਸੁਣ ਰਹੀ ਸੀ ।
ਸਾਰੀ ਕਾਰਵਾਈ ਤੋਂ ਬਾਅਦ ਲਿਖਤ ਦੀਆਂ ਫੋਟੋ ਕਾਪੀਆਂ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ .. !
ਜਦੋਂ ਸਾਰੇ ਚਲੇ ਗਏ ਤੇ ਮੁੰਡੇ ਦਾ ਪਿਉ ਅਜੇ ਕਿਸੇ ਦੀ ਉਡੀਕ ਵਿੱਚ ਬੈਠਾ ਸੀ .. !
ਮੈਂ ਕਹਿਣ ਲੱਗੀ , “ਅੰਕਲ ,ਵੇਖੋ ! ਜ਼ੁਬਾਨ ਦਾ ਮੁੱਲ ਨਹੀਂ ਰਿਹਾ .. ?”
ਆਹ ਜ਼ਮਾਨੇ ਵੀ ਆਉਣੇ ਸੀ ਭਲਾ ..?
ਅਸੀਂ ਕਿੱਧਰ ਨੂੰ ਜਾ ਰਹੇ ਹਾਂ .. ?
ਅੰਕਲ ਕਹਿਣ ਲੱਗੇ,” ਪੁੱਤ ,ਪੁੱਛ ਨਾ ਗੱਲ .. ?”
ਆਹ ਕੁੜੀਆਂ ! ਜ਼ਹਾਜ਼ ਉੱਤਰਦੀਆਂ ਹੀ ਮੁੱਕਰ ਜਾਂਦੀਆਂ ਹਨ , ਬਈ ਅਸੀਂ ਨੀ ਬੁਲਾ ਸਕਦੀਆਂ , ਤੁਹਾਡਾ ਮੁੰਡਾ ,ਪੈਸੇ ਮੋੜ ਦਿਆਂਗੇ । “
ਭੁੱਲ ਜਾਂਦੀਆਂ ਹਨ ਅਹਿਸਾਨ ਨੂੰ ਤੇ ਰਿਸ਼ਤੇ ਦੀ ਕਦਰ ਨੂੰ ..?
ਪੁੱਤ ਗਰੀਬ ਕੁੜੀਆਂ ਦੇ ਮਾਪੇ ਆਈਲੈਟਸ ਤਾਂ ਕਰਵਾ ਲੈਂਦੇ ਹਨ ,
ਕੁੜੀਆਂ ਪੜ੍ਹ ਵੀ ਜਾਂਦੀਆਂ ਹਨ ਤੇ ਜਦੋਂ ਖਰਚ ਨਹੀਂ ਭਰ ਸਕਦੇ ਹੁੰਦੇ ਤਾਂ ਸਾਡੇ ਵਰਗੇ ਵਿਚਾਰੇ ਮਜਬੂਰ ਪੈਸੇ ਭਰਨ ਲਈ ਤਿਆਰ ਹੋ ਜਾਂਦੇ ਹਨ , ਪੁੱਤਾਂ ਦੇ ਮੂੰਹਾਂ ਨੂੰ “
“ਵਿਆਹ ਕਰਨੇ ਪੈਂਦੇ ਹਨ ਹੋਰ ਤਾਂ ਕੋਈ ਹੀਲ੍ਹਾ ਨੀਂ ਹੁੰਦਾ ?”
ਮੈਂ ਫਿਰ ਕਿਹਾ .. ਅੰਕਲ ਜਦੋਂ ਤੁਹਾਡਾ ਬੇਟਾ ਇੱਕ ਆਈਲਜ਼ ਦਾ ਟੈਸਟ ਕਲੀਅਰ ਨਹੀਂ ਕਰ ਸਕਿਆ ਤਾਂ ਉਹ ਉੱਧਰ ਜਾ ਕੇ ਕਿਵੇਂ ਕਾਮਯਾਬ ਹੋਵੇਗਾ ?
ਜਿਹੜਾ ਰਿਸ਼ਤਾ ਅੱਜ ਗਰੀਬੀ ਤੇ ਮਜਬੂਰੀ ਵੱਸ ਜੁੜ ਰਿਹਾ ਹੈ ਉਸ ਦੀ ਉਮਰ ਕਿੰਨੀ ਹੋਵੇਗੀ ? ਸੋਚੋ ਭਲਾ !
“ਜੇ ਸੱਚਾ ਰਿਸ਼ਤਾ ਹੈ , ਤਾਂ ਲਿਖ ਲਿਖਾਈ ਵੀ ਕੋਈ ਮਾਇਨੇ ਨਹੀਂ ਰੱਖਦੀ “
ਅੰਕਲ ਕਹਿਣ ਲੱਗੇ , “ਪੁੱਤ ਜੇ ਆਹ ਖੋਤਾ ਬੈਂਡ ਲੈਂਦਾ ਤਾਂ ਕੀ ਲੋੜ ਸੀ ਮੈਨੂੰ , ਆਹ ਪਾੜ ਪੱਟਣ ਦੀ “ ?
ਆਪਣੇ ਮੁੰਡੇ ਵੱਲ ਇਸ਼ਾਰਾ ਕਰਦੇ ਬੋਲੇ !
“ਧੀਏ ਤੈਥੋਂ ਕੀ ਪੜਦਾ , ਤਿੰਨ ਕਿਲ੍ਹੇ ਜ਼ਮੀਨ ਸੀ , ਦੋ ਕਿੱਲ੍ਹੇ ਵੇਚ ਕੇ ਇਸ ਨਲਾਇਕ ਨੂੰ ਰੋਟੀ ਪਾਉਣ ਲੱਗਾ .. !
“ਅੰਕਲ ਤੇ ਤੁਸੀਂ ਕਿਵੇਂ ਗੁਜ਼ਾਰਾ ਕਰੋਗੇ ਪਿੱਛੇ , ਇੱਕ ਕਿੱਲ੍ਹੇ ਨਾਲ ? ,
“ਮੈਂ ਪੁੱਛਿਆ !
ਪੁੱਤ ਗੁਜ਼ਾਰਾ ਕਾਹਦਾ ਹੋਣਾ, ਬਸ ਦੋ ਗਾਵਾਂ ਦਾ ਦੁੱਧ ਵੇਚ ਕੇ ਰੋਟੀ ਖਾਈ ਜਾਵਾਂਗੇ , ਇਹ ਆਪੇ ਬਾਹਰ ਹੱਥ ਪੈਰ ਮਾਰੀ ਜਾਣਗੇ ,
ਆਉਣ ਵਾਲੇ ਜੁਆਕਾਂ ਦੀ ਤਾਂ ਜੂਨ ਸੁਧਰਜੂ ਭੋਰਾ ,””
ਮੈਂ ਫਿਰ ਕਿਹਾ , “ਅੰਕਲ ਤੁਸੀਂ ਸਾਰੀ ਉਮਰ ਦੀ ਰੋਟੀ ਤਾਂ (ਜ਼ਮੀਨ )ਵੇਚ ਦਿੱਤੀ .. ਤੇ ਰੋਟੀ ਲੱਭਣ ਲਈ ਫਿਰ ਜਿੰਦਗੀ ਸ਼ੁਰੂ ਕਰਨੀ ਹੈ ਜ਼ੀਰੋ ਤੋਂ ,
ਪਿੱਛੇ ਤੁਸੀਂ ਰੁਲੋਂਗੇ , ਨਾਲੇੇ ਵਿਛੋੜਾ , ਨਾਲੇ ਕੱਚੇ ਰਿਸ਼ਤੇ ਦਾ ਰਿਸਕ ?
ਅੰਕਲ ਕਹਿਣ ਲੱਗੇ , “ਪੁੱਤ ਐਥੇ ਕਿਹੜਾ ਨੋਕਰੀਆਂ ਲੱਭਦੀਆਂ
“ਸਰਕਾਰਾਂ ਨੇ ਤਾਂ ਜਮਾਂ ਈਂ ਭੁੱਜੇ ਲਾਹਤੇ .. ?”
ਮੇਰੇ ਮੁੰਡੇ ਨੇ ਬੀ.ਏ ਤਾਂ ਕੀਤੀ ਹੈ , ਬਸ ਬੈਂਡ ਹੀ ਅੱਧਾ ਕੁ ਘੱਟ ਰਹਿ ਜਾਂਦਾ ਹਰ ਵਾਰੀ …!”
ਚੰਗਾ ਧੀਏ !
ਕਹਿ ਕੇ ਅੰਕਲ ਚਲੇ ਗਏ ਤੇ ਮੈਂ ਸੋਚਾਂ ਵਿੱਚ ਡੁੱਬੀ , ਉਹਨਾਂ ਦੀ ਬੇਵੱਸੀ , ਮਜਬੂਰੀ , ਤੰਗੀ ਤੁਰਸ਼ੀ ਨੂੰ ਸਮਝਦੀ ਮਨ ਵਿੱਚ ਉੱਠਦੇ ਕਈ ਸਵਾਲਾਂ ਵਿੱਚ ਘਿਰ ਗਈ …!
ਜਿਹੜੇ ਮੁੰਡੇ ਕੋਲ ਅੱਜ ਪੂਰੀ ਪੜ੍ਹਾਈ ਨਹੀਂ , ਉਹ ਬਾਹਰ ਜਾ ਕੇ ਲੇਬਰ ਹੀ ਕਰੂ ?
ਕੁੜੀ ਨੇ ਪੜ੍ਹ ਕੇ ਵਧੀਆ ਰੁਜ਼ਗਾਰ ਲੱਭ ਲੈਣਾ ਤੇ ਮੁੰਡੇ ਕੁੜੀ ਦੀ ਸੋਚ ਵਿੱਚ ਫਰਕ ਪੈ...

ਜਾਣਾ !
ਕੁੜੀ ਦੀ ਪੀ ਆਰ ਨੇ ਮੁੰਡੇ ਨੂੰ ਨੀਵਾਂ ਵੀ ਵਿਖਾਉਣਾ ਹੈ ,ਹੈ ਸਾਰੀ ਉਮਰ ?
ਹੋ ਸਕਦਾ , ਮਜਬੂਰੀ ਵੱਸ ਜੁੜਿਆ ਰਿਸ਼ਤਾ ਕਦੋ ਵੀ ਟੁੱਟ ਜਾਵੇ ?
ਜੇ ਮੁੰਡਾ ਜਿੰਨੀ ਮਿਹਨਤ ਵਿਦੇਸ਼ ਦੀ ਧਰਤੀ ਤੇ ਜਾ ਕੇ ਕਰੇਗਾ ਤਾਂ ਉਸ ਤੋਂ ਅੱਧੀ ਆਪਣੇ ਖੇਤ ਨਾਲ ਜੁੜ ਕੇ ਕੋਈ ਰੁਜ਼ਗਾਰ ਸ਼ੁਰੂ ਕਰ ਲੈਂਦਾ ਤੇ ਸ਼ਾਇਦ ਮਾਪੇ ਵੀ ਨਾ ਰੁੱਲਦੇ ?
ਕੁਝ ਸਾਲ ਪਹਿਲਾਂ ,ਦਾਜ ਦੇ ਕੇ ਮੁੰਡਾ ਖਰੀਦਿਆ ਜਾਂਦਾ ਸੀ , ਹੁਣ ਆਈਲਜ਼ ਵਾਲੀ ਕੁੜੀ ਖਰੀਦੀ ਜਾ ਰਹੀ ਹੈ .. ਰਿਸ਼ਤਿਆਂ ਦੇ ਨਤੀਜੇ ਉਦੋਂ ਦੇ ਵੀ ਘਾਤਕ ਨਿਕਲਦੇ ਸਨ ਤੇ ਨਤੀਜੇ ਹੁਣ ਵੀ ਘਾਤਕ ਸਾਹਮਣੇ ਆ ਰਹੇ ਹਨ ।
ਦਾਜ ਦੇ ਬੋਝ ਤੋਂ ਬਚਣ ਲਈ ਪਲੱਸ ਟੂ ਪਾਸ ਕੁੜੀਆਂ ਨੂੰ ਆਈਲਜ਼ ਕਰਵਾ ਕੇ ਛੋਟੀ ਉਮਰ ਵਿੱਚ ਵਿਆਹ ਦੇ ਝੰਜਟ ਵਿੱਚ ਪਾਇਆ ਜਾ ਰਿਹਾ ਹੈ …ਜਦੋਂ ਕੇ ਐਨੀ ਛੋਟੀ ਉਮਰ ਵੱਡੇ ਬੋਝ ਚੁੱਕਣ ਤੋਂ ਅਸਮਰੱਥ ਹੁੰਦੀ ਹੈ ।
ਅਸੀਂ ਲੋਕ ਕਿੰਨਾ ਜਲਦੀ ਭੇਡ ਚਾਲ ਦੇ ਸ਼ਿਕਾਰ ਹੁੰਦੇ ਹਾਂ, ਕਦੇ ਨਫੇ ਨੁਕਸਾਨ ਬਾਰੇ ਨਹੀਂ ਸੋਚਦੇ ?
ਐਥੇ ਸਾਡੇ ਕੋਲ ਘਰ , ਜ਼ਮੀਨਾਂ ਪਰਿਵਾਰ ,ਸਾਰੀਆਂ ਸੁੱਖ ਸਹੂਲਤਾਂ ਹਨ , ਬਸ ਵਿਉਂਤਬੰਦੀ ਤੇ ਮਿਹਨਤ ਦੀ ਲੋੜ ਹੈ ।
ਇਕ ਬਾਹਰ ਬਾਹਰ ਦੀ ਰੱਟ ਲਾਈ ਜਾ ਰਹੇ ਹਾਂ ,
ਚਲੋ , ਬੇਸ਼ੱਕ ਵਿਦੇਸ਼ੀ ਸਿਸਟਮ ਵਧੀਆ ਹਨ , ਸਹੂਲਤਾਂ ਹਨ , ਸਾਨੂੰ ਰੁਜ਼ਗਾਰ ਮਿਲੇ ਹਨ , ਪਰ ਨਾਲ ਨਾਲ ਲੱਕ ਤੋੜਵੀਂ ਮਿਹਨਤ , ਭੱਜਦੌੜ ਵੀ ਹੈ !
ਕਿਹੜਾ ਡਾਲਰ ਦਰੱਖਤਾਂ ਤੋਂ ਤੋੜ ਕੇ ਇਕੱਠੇ ਕਰਨੇ ਹਨ ਅਕਸਰ ਤਾਂ ਨੀਯਤ ਨਾਲ ਕਮਾਏ ਜਾਣੇ ਹਨ ??
ਜੱਦੀ ਜ਼ਮੀਨਾ ਵੇਚ ਕੇ ਜ਼ਹਾਜ਼ ਚੜ੍ਹ ਰਹੇ ਹਾਂ ..ਸਾਡਾ ਰੁਪੱਈਆ ਡਾਲਰ ਦੇ ਮੁਕਾਬਲੇ ਕਿੰਨਾ ਛੋਟਾ ਹੈ ਤੇ ਲੱਖਾਂ ਰੁਪਏ ਰੋੜ੍ਹ ਰਹੇ ਹਾਂ ?
ਕੱਲ੍ਹ ਖਬਰ ਸੁਣੀ ,ਬਈ ਫਲਾਣਿਆਂ ਦੀ ਕੁੜੀ ਵਿਆਹ ਤੋਂ ਮੁੱਕਰ ਗਈ .. ਮੁੰਡੇ ਦੇ ਪਿਉ ਨੇ ਪੈਲੀ ਵੇਚ ਕੇ ਕੁੜੀ ਦਾ ਕਨੇਡਾ ਦਾ ਖਰਚਾ ਭਰਿਆ ਸੀ ਤੇ ਤਿੰਨ ਸਾਲ ਹੋ ਗਏ ਸਨ , ਵਿਆਹ ਦੀ ਟਾਲ ਮਟੋਲ ਹੁੰਦੀ ਵੇਖ ਮੁੰਡੇ ਦੇ ਪਿਉ ਨੇ ਖੁਦਕਸ਼ੀ ਕਰ ਲਈ ਹੈ ..!
ਅਤੇ ਹੁਣ ਪੈਸੇ ਵਾਪਸੀ ਲਈ ਪੰਚਾਇਤਾਂ ਇਕੱਠੀਆਂ ਹੋ ਰਹੀਆਂ ਹਨ !
ਪਤਾ ਨਹੀਂ , ਅਜਿਹੇ ਕਿੰਨੇ ਕੇਸ ਸਾਹਮਣੇ ਆ ਰਹੇ ਹਨ ਆਈਲੈੱਟਸ ਦੇ ਸੌਦਿਆਂ ਦੇ .. ?
ਲੋੜਵੰਦ ਮੁੰਡਿਆਂ ਨੂੰ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੋਚਣਾ ਪਵੇਗਾ …??
ਕੁੜੀਆਂ ਕੋਲ ਪੜ੍ਹਾਈ ਦੀ ਤਾਕਤ ਹੈ ,ਜਿਸ ਨਾਲ ਰਿਸ਼ਤਿਆਂ ਦਾ ਘਾਣ ਕਰਕੇ , ਬੇਜੁਬਾਨ ਬਣ ਨਜ਼ਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ !
ਜਦੋਂ ਕੁੜੀਆਂ ਪੀ ਆਰ ਹੋ ਜਾਂਦੀਆਂ ਹਨ ਤਾਂ ਕੁੜੀਆਂ ਦੀ ਡੋਰ ਮਾਪਿਆਂ ਦੇ ਹੱਥ ਵਿੱਚੋਂ ਵੀ ਨਿਕਲ ਜਾਂਦੀ ਹੈ ।
ਮਾਪੇ ਬੇਵੱਸ ਹੋ ਜਾਂਦੇ ਹਨ ..
ਉੱਧਰ ਦੂਜੇ ਪਾਸੇ ਕਈ ਕੇਸਾਂ ਵਿੱਚ ਤਾਂ ਆਈਲਜ਼ ਪਾਸ ਗਰੀਬ ਧੀ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਨੱਸ਼ਈ ਟੀਕੇ ਲਗਾਉਣ ਵਾਲੇ ਮੁੰਡਿਆਂ ਦੇ ਮਾਪੇ ਪੈਸੇ ਦੇ ਆਸਰੇ ਕੁੜੀਆਂ ਨਾਲ ਸੌਦੇ ਕਰ ਰਹੇ ਹਨ , ਅਖੇ , ਬਾਹਰ ਜਾ ਕੇ ਮੁੰਡਾ ਸੁਧਰਜੂ .. ?
ਉੱਥੇ ਕੁੜੀਆਂ ਦੀਆਂ ਜਿੰਦਗੀਆਂ ਦਾਗਦਾਰ ਹੋ ਰਹੀਆਂ ਹਨ !
ਜਦੋਂ ਕੁੜੀਆਂ ਨੂੰ ਸੱਚਾਈ ਪਤਾ ਚੱਲ ਜਾਂਦੀ ਹੈ ਤਾਂ ਰਿਸ਼ਤੇ ਟੁੱਟ ਰਹੇ ਹਨ !
ਫਿਰ ਮੁੰਡਿਆਂ ਦੇ ਮਾਪੇ ਐਨਾ ਖਰਚ ਕਰਕੇ ਮਾਯੂਸ ਹੋ ਕੇ ਬੈਠ ਜਾਂਦੇ ਹਨ ।
ਜੇ ਪੱਛਮੀ ਮੁਲਕਾਂ ਨੇ ਸਾਡੀ ਪੜਾਈ , ਸਾਡੀ ਮਿਹਨਤ ਦੀ ਕਦਰ ਪਾਈ ਹੈ ਤਾਂ ਅਸੀਂ ਲਾਲਚਾਂ ਖੁਦਗਰਜ਼ੀਆਂ ਨੂੰ ਮੂਹਰੇ ਰੱਖ ਕੇ ਆਪਣੇ ਪੰਜਾਬੀਆਂ ਨੂੰ ਹੀ ਢਾਹ ਲਾ ਰਹੇ ਹਾਂ ..!
ਹੁਣ ਜ਼ੁਬਾਨਾਂ ਨਹੀਂ ਰਹੀਆਂ , ਅਣਖ , ਸ਼ਰਮਾਂ ਨੂੰ ਮਾਰ ਕੇ
ਸਿਰਫ ਰਿਸ਼ਤੇ ਮਤਲਬ ਲਈ ਆਪਣੇ ਮਸਲੇ ਹੱਲ੍ਹ ਕਰਨ ਲਈ ਜੋੜੇ ਜਾ ਰਹੇ ਹਨ , ਜੋ ਬਹੁਤ ਗਲਤ ਹੈ ।
ਇਹ ਆਈਲੈੱਟਸ ਇੱਕ ਸਫਲ ਜਿੰਦਗੀ ਦੇ ਸੁਫਨੇ ਹੇਠ ਸਰਾਪ ਬਣਦੀ ਜਾ ਰਹੀ ਹੈ ,
ਜੋ
ਕਈ ਜਿੰਦਗੀਆਂ ਨੂੰ ਨਰਕ ਦੇ ਰਾਹ ਤੋਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ।
ਮਾਪਿਆਂ ਨੂੰ ਔਲਾਦ ਦੇ ਫਰਜ਼ ਪਛਾਣਦੇ ਹੋਏ , ਆਪਣੀ ਸਿਆਣਪ ਨਾਲ ਲਾਲਚ ਛੱਡ ਕੇ , ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਇਹ ਮਹਿੰਗੀ ਜਿੰਦਗੀ ਦੇ ਵੱਡਮੁਲੇ ਫੈਸਲੇ ਕਰਨੇ ਚਾਹੀਦੇ ਹਨ ,
ਕਿਸੇ ਦੇ ਜ਼ਜ਼ਬਾਤਾਂ , ਜਿੰਦਗੀਆਂ ਨਾਲ ਖੇਡ ਕੇ ,ਇੱਕ ਜ਼ਹਾਜ਼ ਚੜਾਉਣਾ ਜਾਂ ਚੜ੍ਹਨਾ ਹੀ ਕਾਫੀ ਨਹੀਂ ਹੁੰਦਾ … !!
(ਰਾਜਵਿੰਦਰ ਕੌਰ ਵਿੜਿੰਗ)

...
...



Related Posts

Leave a Reply

Your email address will not be published. Required fields are marked *

One Comment on “ਸਫਲ ਜਿੰਦਗੀ ਦੇ ਸੁਫਨੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)