More Punjabi Kahaniya  Posts
ਖ਼ਾਲੀ ਬੈੱਡ


ਖ਼ਾਲੀ ਬੈੱਡ …ਕਹਾਣੀ
ਕੁਰਸੀ ਤੇ ਬੈਠੀ ਬੈਠੀ ਦੀ ਸੁਰਭੀ ਦੀ ਅੱਜ ਅੱਖ ਲੱਗ ਗਈ। ਪਿਛਲੇ ਦੋ ਦਿਨਾਂ ਤੋਂ ਤਾਂ ਉਸ ਨੇ ਇਕ ਮਿੰਟ ਲਈ ਵੀ ਸੌਂ ਕੇ ਨਹੀਂ ਸੀ ਵੇਖਿਆ । ਕਦੇ ਕੁਰਸੀ ਤੇ ਬੈਠ ਜਾਂਦੀ ਤੇ ਡੂੰਘੀਆਂ ਸੋਚਾਂ ‘ਚ ਗੁਆਚ ਜਾਂਦੀ ਤੇ ਕਦੇ ਉਸੇ ਕੁਰਸੀ ਤੋੰ ਆਪਣੇ ਪਤੀ ਦੇ ਕਮਰੇ ਤੱਕ ਚੱਕਰ ਕੱਟਦੀ ਰਹਿੰਦੀ । ਜਦੋਂ ਉਸ ਦੇ ਪਤੀ ਦਾ ਫ਼ੋਨ ਆਉਂਦਾ ਤਾਂ ਵਾਰਡ ਵੱਲ ਭੱਜ ਕੇ ਜਾਂਦੀ ਫਿਰ ਨਰਸਾਂ ਅੱਗੇ ਮਿੰਨਤਾਂ ਤਰਲੇ ਕਰਦੀ ਕਿ ਉਸਦੇ ਪਤੀ ਨੂੰ ਵੇਖ ਲਓ …ਉਸ ਦੀ ਹਾਲਤ ਠੀਕ ਨਹੀਂ ਤੇ ਇਸੇ ਦੌਰਾਨ ਨਰਸਾਂ ਤੋਂ ਪਤਾ ਨਹੀਂ ਕੀ ਕੀ ਸੁਣਦੀ ? ਜਿੰਨਾ ਕੁ ਹੋ ਸਕੇ ਆਪਣੀ ਵਾਅ ਲਾ ਫਿਰ ਉਸੇ ਕੁਰਸੀ ਤੇ ਬਹਿ ਜਾਂਦੀ।
ਹਾਲੇ ਕਿੰਨਾ ਕੁ ਚਿਰ ਹੋਇਆ ਸੀ ਸੁਰਭੀ ਤੇ ਤਿਲਕ ਦੇ ਵਿਆਹ ਨੂੰ ! ਦੋ ਮਹੀਨੇ ਹੋਣ ਨੂੰ ਵੀ ਛੇ ਕੁ ਦਿਨ ਬਾਕੀ ਸਨ। ਬਾਹਾਂ ‘ਚ ਪਾਏ ਚੂੜੇ ਦੀਆਂ ਦੋ ਦੋ ਚੂੜੀਆਂ ਰੱਖ ਬਾਕੀ ਉਹਨੇ ਲਾਹ ਦਿੱਤੀਆਂ ਸਨ ਕਿਉਂਕਿ ਔਖਾ ਹੁੰਦਾ ਸੀ ਜਦੋਂ ਪਤੀ ਦੇ ਮੂੰਹ ਨੂੰ ਪਾਣੀ ਲਾਉਂਦੀ , ਉਹਨੂੰ ਚੱਕਦੀ ਥਲੱਦੀ ।ਇਸੇ ਜੱਦੋ ਜਹਿਦ ਵਿੱਚ ਉਸ ਦੀ ਮਹਿੰਦੀ ਦਾ ਰੰਗ ਵੀ ਲੱਥ ਗਿਆ …ਅੱਖਾਂ ਦਾ ਸੁਰਮਾ ਹੰਝੂਆਂ ਨੇ ਧੋ ਦਿੱਤਾ … ਸੁਰਭੀ ਦੇ ਗੁਲਾਬੀ ਚਿਹਰੇ ਦਾ ਰੰਗ ਵੀ ਬਦਲ ਗਿਆ ।
ਸੁਰਭੀ ਨੂੰ ਦੋ ਸਾਲ ਤੋਂ ਉਡੀਕ ਸੀ ਤਿਲਕ ਦੀ ਕਿ ਉਹ ਬਾਹਰੋਂ ਆਵੇਗਾ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਹੋਵੇਗੀ ਵਿਆਹ ਰੂਪੀ ਰਿਸ਼ਤੇ ਦੇ ਨਾਲ । ਉਹ ਦੋਵੇਂ ਕਾਲਜ ‘ਚ ਇਕੱਠੇ ਹੀ ਪੜ੍ਹਦੇ ਸਨ ਤੇ ਦੋਵਾਂ ਦੇ ਘਰਦਿਆਂ ਦੀ ਸਹਿਮਤੀ ਨਾਲ ਜਦੋਂ ਕੁੜਮਾਈ ਹੋਈ , ਹਰ ਕਿਸੇ ਦੇ ਮੂੰਹੋਂ ਨਿਕਲਦਾ ਕਿ ਜੋੜੀਆਂ ਤਾਂ ਰੱਬ ਹੀ ਬਣਾ ਕੇ ਭੇਜਦਾ। ਜਦੋਂ ਤਿਲਕ ਬਾਹਰੋਂ ਆਇਆ ਕਰੋਨਾ ਕਾਰਨ ਮਾਹੌਲ ਕੁਝ ਠੀਕ ਨਾ ਹੋਣ ਕਾਰਨ ਚੁੱਪ ਚੁਪੀਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ । ਸੁਰਭੀ ਤੇ ਤਿਲਕ ਵਿਆਹ ਦੇ ਚਾਅ ਕਿੰਨੇ ਦਿਨ ਹਵਾ ‘ਚ ਉੱਡਦੇ ਰਹੇ।
ਵਿਆਹ ਤੋਂ ਬਾਅਦ ਘਰ ਵਿੱਚ ਹੀ ਇੱਕ ਛੋਟੀ ਜਿਹੀ ਪਾਰਟੀ ਰੱਖੀ ਗਈ ਜਿਸ ਵਿੱਚ ਕੁਝ ਖ਼ਾਸ ਦੋਸਤ ਤੇ ਖ਼ਾਸ ਰਿਸ਼ਤੇਦਾਰ ਹੀ ਸੱਦੇ ਹੋਏ ਸਨ ਕਿਉਂਕਿ ਤਿਲਕ ਤੇ ਸੁਰਭੀ ਨੇ ਕੁਝ ਕੁ ਮਹੀਨਿਆਂ ਬਾਅਦ ਹੀ ਤੁਰ ਜਾਣਾ ਸੀ ਹਵਾਈ ਉਡਾਰੀਆਂ ਭਰਦੇ ਹੋਏ ਕੈਨੇਡਾ ਦੀ ਜ਼ਮੀਨ ਵੱਲ ਤੇ ਫੇਰ ਪਤਾ ਨਹੀਂ ਕਦੋਂ ਵਾਪਸ ਮੁੜਨਾ ਸੀ ਆਪਣੇ ਵਤਨਾਂ ਨੂੰ ? ਪਾਰਟੀ ਦੇ ਖੁਸ਼ਨੁਮਾ ਪਲ ਸਰਕਦੇ ਸਰਕਦੇ ਸ਼ਾਮ ਪੈ ਗਈ । ਤਿਲਕ ਨੂੰ ਆਪਣਾ ਸਰੀਰ ਥਿੜਕਦਾ ਜਿਹਾ ਮਹਿਸੂਸ ਹੋਣ ਲੱਗਿਆ। ਉਸ ਨੂੰ ਕੁਝ ਚੰਗਾ ਵੀ ਨਹੀਂ ਸੀ ਲੱਗ ਰਿਹਾ । ਸ਼ਾਇਦ ਭੱਜ ਦੌੜ ਨੇ ਉਸ ਨੂੰ ਬਹੁਤਾ ਹੀ ਥਕਾ ਦਿੱਤਾ ਸੀ। ਰੋਟੀ ਖਾਂਦੇ ਹੋਏ ਉਸ ਨੂੰ ਇੰਜ ਲੱਗਿਆ ਜਿਵੇਂ ਉਸ ਦੇ ਮੂੰਹ ਦਾ ਸੁਆਦ ਖ਼ਰਾਬ ਹੋ ਗਿਆ ਹੋਵੇ। ਉਸ ਨੇ ਮਸਾਂ ਹੀ ਦੋ ਕੁ ਬੁਰਕੀਆਂ ਲੰਘਾਈਆਂ ਹੋਣੀਆਂ । ਥੋੜ੍ਹੀ ਦੇਰ ਬਾਅਦ ਹੀ ਗੂੜ੍ਹੀ ਨੀਂਦ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲਪੇਟ ਲਿਆ। ਉਹ ਸੌਂ ਗਿਆ ਪਰ ਉਸ ਦੇ ਚਿਹਰੇ ਤੇ ਅਜੀਬ ਜਿਹੀ ਬੇਚੈਨੀ ਝਲਕ ਰਹੀ ਸੀ। ਸੁਰਭੀ ਥੋੜ੍ਹੀ ਦੇਰ ਬਿਨਾਂ ਕੁਝ ਕਹੇ ਉਸਦੇ ਕੋਲ ਬੈਠੀ ਰਹੀ ਤੇ ਫੇਰ ਮੱਲ੍ਹਕ ਦੇਣੀ ਉੱਠੀ ਤਾਂ ਜੋ ਤਿਲਕ ਦੀ ਨੀਂਦਰ ਖ਼ਰਾਬ ਨਾ ਹੋ ਜਾਏ ਅਤੇ ਆਪਣੀ ਸੱਸ ਕੋਲ ਬੈਠ ਗੱਲਾਂ ਬਾਤਾਂ ਵਿੱਚ ਰੁੱਝ ਗਈ।
ਉਹ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲੀ ਸਮਝ ਰਹੀ ਸੀ ਇਸ ਪਰਿਵਾਰ ਦੀ ਨੂੰਹ ਬਣ ਕੇ ਕਿਉਂਕਿ ਪਰਿਵਾਰ ਦੇ ਸਾਰੇ ਜੀਅ ਉਸ ਨੂੰ ਤਲੀਆਂ ‘ਤੇ ਚੁੱਕੀ ਫਿਰਦੇ ਸਨ। ਬਹੁਤ ਆਦਰ ਮੋਹ ਮਿਲ ਰਿਹਾ ਸੀ ਉਸ ਨੂੰ। ਜਿਸ ਦੀ ਹਰ ਕੁੜੀ ਹਮੇਸ਼ਾਂ ਤਾਂਘ ਰੱਖਦੀ ਹੈ ਆਪਣੇ ਸਹੁਰੇ ਘਰ ਵਿੱਚ । ਘੰਟੇ ਕੁ ਬਾਅਦ ਸੁਰਭੀ ਮੁੜ ਤਿਲਕ ਕੋਲ ਬੈੱਡ ਤੇ ਬੈਠ ਗਈ। ਉਸ ਦੇ ਚਿਹਰੇ ਨੂੰ ਟਿਕਟਿਕੀ ਲਗਾ ਕੇ ਵੇਖਣ ਲੱਗੀ । ਉਸ ਨੂੰ ਤਿਲਕ ਤੇ ਬਹੁਤ ਮੋਹ ਆ ਰਿਹਾ ਸੀ ਤੇ ਆਉਣਾ ਵੀ ਚਾਹੀਦਾ ਸੀ ਕਿਉਂਕਿ ਤਿਲਕ ਨੇ ਸੁਰਭੀ ਨਾਲ ਕੀਤੇ ਸਾਰੇ ਕਰਾਰ ਪੂਰੇ ਕੀਤੇ ਸਨ ਤੇ ਜਦੋਂ ਉਸਨੇ ਮੁਸਕਰਾਉਂਦਿਅਂ ਹੋਇਆਂ ਤਿਲਕ ਦੇ ਮੱਥੇ ਤੇ ਪਿਆਰ ਨਾਲ ਹੱਥ ਧਰਿਆ ਤਾਂ ਉਸਦਾ ਭੱਖ਼ਦਾ ਮੱਥਾ ਵੇਖ ਸੁਰਭੀ ਦੇ ਚਿਹਰੇ ਤੇ ਫ਼ਿਕਰਾਂ ਦੀਆਂ ਲਕੀਰਾਂ ਖਿੱਚੀਆਂ ਗਈਆਂ। ਉਸ ਨੇ ਤਿਲਕ ਨੂੰ ਪਿਆਰ ਨਾਲ ਜਗ੍ਹਾ ਘਰ ਪਈ ਦਵਾਈ ਦਿੱਤੀ ਤਾਂ ਜੋ ਤਾਪ ਤੋਂ ਆਰਾਮ ਮਿਲ ਸਕੇ । ਤਿਲਕ ਸਾਰੀ ਰਾਤ ਕੜਥਣਾਂ ਲੈਂਦਾ ਰਿਹਾ । ਉਸਦੀ ਨੀਂਦ ਖੁੰਝ ਗਈ । ਸੁਰਭੀ ਨੂੰ ਛੇਤੀ ਹੀ ਨੀਂਦ ਨੇ ਆ ਘੇਰਿਆ ਤੇ ਜਦੋਂ ਸੁਰਭੀ ਦੀ ਤੜਕੇ ਅੱਖ ਖੁੱਲ੍ਹੀ , ਤਿਲਕ ਦਾ ਬੁਖਾਰ ਠੀਕ ਸੀ ਪਰ ਉਸ ਦਾ ਚਿਹਰਾ ਬਹੁਤ ਮੁਰਝਾਇਆ ਹੋਇਆ ਲੱਗ ਰਿਹਾ ਸੀ ।ਤਿਲਕ ਦਾ ਟੈਸਟ ਕਰਵਾਇਆ ਗਿਆ ਪਰ ਕੋਰੋਨਾ ਰਿਪੋਰਟ ਨੈਗੇਟਿਵ ਆਈ। ਇਸੇ ਤਰ੍ਹਾਂ ਤਿੰਨ ਚਾਰ ਦਿਨ ਬੁਖਾਰ ਕਦੇ ਚੜ੍ਹ ਜਾਂਦਾ ਤੇ ਕਦੇ ਉੱਤਰ ਜਾਂਦਾ ।ਦਵਾਈ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਅਤੇ ਤਿਲਕ ਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ।ਫੇਰ ਦੁਆਰਾ ਕੋਰੋਨਾ ਟੈਸਟ ਕਰਵਾਇਆ ਗਿਆ ਪਰ ਨਤੀਜਾ ਉਹੀ ਸੀ ਨੈਗੇਟਿਵ । ਪਰ ਹੁਣ ਤਿਲਕ ਨੂੰ ਖਾਂਸੀ ਅਤੇ ਛਾਤੀ ਵਿਚ ਜਕੜਨ ਮਹਿਸੂਸ ਹੋਣ ਲੱਗੀ । ਹੁਣ ਜਦੋਂ ਤੀਸਰੀ ਵਾਰ ਡਾਕਟਰ ਨੇ ਮੁੜ ਕੋਰੋਨਾ ਟੈਸਟ ਤੇ ਸੀ ਟੀ ਸਕੈਨ ਕੀਤਾ ਦੋਵਾਂ ਦੀ ਰਿਪੋਰਟ ਕੋਰੋਨਾ ਦੀ ਪੁਸ਼ਟੀ ਕਰ ਰਹੀਆਂ ਸਨ । ਲੰਗਜ਼ ਇਨਫੈਕਸ਼ਨ ਸੱਠ ਪਰਸੈਂਟ ਹੋ ਗਈ ਸੀ।ਤਿਲਕ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ । ਡਾਕਟਰ ਨੇ ਉਸ ਨੂੰ ਸ਼ਹਿਰ ਦੇ ਮਸ਼ਹੂਰ ਮੰਨੇ ਪ੍ਰਮੰਨੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਸੁਰਭੀ ਤਿਲਕ ਦੇ ਨਾਲ ਨਾਲ ਪਰਛਾਵੇਂ ਵਾਂਗੂੰ ਸੀ। ਪਰ ਉਸ ਮੰਨੇ ਪ੍ਰਮੰਨੇ ਹਸਪਤਾਲ ਦਾ ਹਾਲ ਵੇਖ ਸੁਰਭੀ ਹੈਰਾਨ ਪ੍ਰੇਸ਼ਾਨ ਹੋ ਗਈ। ਡਾਕਟਰ ਦਿਨ ‘ਚ ਮਸਾਂ ਹੀ ਇੱਕ ਵਾਰ ਪੇਸ਼ੈਂਟ ਨੂੰ ਵੇਖਣ ਆਉਂਦਾ। ਨਰਸਾਂ ਜਾਂ ਕੋਈ ਹੋਰ ਕੋਈ ਵੀ ਕੋਰੋਨਾ ਵਾਰਡ ਵਿਚ ਆਉਣ ਤੋਂ ਡਰਦਾ ਤੇ ਡਰ ਵੀ ਆਪਣੀ ਜਗ੍ਹਾ ਠੀਕ ਹੀ ਸੀ ਕਿਉਂਕਿ ਇਹ ਬਿਮਾਰੀ ਹੀ ਅਜਿਹੀ ਹੈ। ਪਰ ਫੇਰ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਦਿਆਂ ਵੇਖ ਸੁਰਭੀ ਦੀ ਰੂਹ ਕੰਬ ਜਾਂਦੀ।
ਤਿਲਕ ਦੀ ਹਾਲਤ ਦਿਨ ਬ ਦਿਨ ਵਿਗੜ ਰਹੀ ਸੀ । ਉਹ ਛੇ ਫੁੱਟ ਦਾ ਗੱਭਰੂ ਬੈੱਡ ਤੇ ਡਾਕਟਰਾਂ ਦੇ ਰਹਿਮੋ ਕਰਮ ਤੇ । ਹੁਣ ਤਾਂ ਉਹ ਐਨਾ ਬੇਬਸ ਹੋ ਗਿਆ ਕਿ ਉਹ ਪਖਾਨੇ ਤੱਕ ਜਾਣ ਤੋਂ ਅਸਮਰੱਥ ਸੀ । ਲੈਟਰੀਨ ਤੱਕ ਉਹ ਬੈੱਡ ਤੇ ਹੀ ਕਰ ਦਿੰਦਾ । ਉਹ ਇਨਸਾਨ ਜਿਹੜਾ ਐਨਾ ਸਫ਼ਾਈ ਪਸੰਦ ਸੀ ਕਿ ਆਪਣੇ ਕੱਪੜਿਆਂ ਤੇ ਪਏ ਸਬਜ਼ੀ ਦੇ ਇਕ ਛੋਟੇ ਜਿਹੇ ਦਾਗ ਨੂੰ ਵੀ ਬਰਦਾਸ਼ਤ ਨਹੀਂ ਸੀ ਕਰ ਸਕਦਾ …ਜਦੋੰ ਘਰ ਹੁੰਦਾ ਦਿਨ ‘ਚ ਪਤਾ ਨਹੀਂ ਕਿੰਨੀ ਕਿੰਨੀ ਵਾਰ ਨਹਾਉਂਦਾ …ਉਹ ਅੱਜ ਗੰਦਗੀ ਨਾਲ ਲਿੱਬੜਿਆ ਹੋਇਆ ਬੈੱਡ ਤੇ ਬੇਸੁਰਤ ਪਿਆ ਸੀ। ਜਦੋਂ ਉਸ ਦਾ ਗਲਾ ਸੁੱਕਦਾ ਪਾਣੀ ਪੀਣ ਲਈ ਉਹ ਸੁਰਭੀ ਨੂੰ ਫ਼ੋਨ ਕਰਦਾ ਪਰ ਉਸਦੀ ਜ਼ੁਬਾਨ ਉਸ ਦਾ ਸਾਥ ਛੱਡ ਦਿੰਦੀ ਤੇ ਸੁਰਭੀ ਉਸ ਦੇ ਸਾਹਾਂ ਤੋਂ ਬੁੱਝ ਲੈੰਦੀ ਕਿ ਉਸ ਨੂੰ ਮੇਰੀ ਲੋੜ ਹੈ ਤੇ ਉਹ ਕਰੋਨਾ ਵਾਰਡ ਵੱਲ ਭੱਜੀ ਜਾਂਦੀ । ਵਾਪਸੀ ‘ਤੇ ਸਟਾਫ ਨਰਸਾਂ ਤੋਂ ਉਸ ਨੂੰ ਬਹੁਤ ਕੁਝ ਸੁਣਨਾ ਪੈਂਦਾ ਪਰ ਉਹ ਚੁੱਪ ਕਰ ਜਾਂਦੀ ਕਿਉਂਕਿ ਉਸਦੇ ਦਿਲੋਂ ਦਿਮਾਗ ਨੂੰ ਤਿਲਕ ਦੀ ਵਿਗੜਦੀ ਹਾਲਤ ਤੋਂ ਬਿਨਾਂ ਕੁਝ ਵੀ ਸੁੱਝਣਾ ਹੁਣ ਬੰਦ ਹੋ ਗਿਆ ਸੀ ।
ਇੱਕ ਦਿਨ ਤਾਂ ਉਹ ਤਿਲਕ ਦੀ ਅਜਿਹੀ ਹਾਲਤ ਵੇਖ ਚੀਕ ਪਈ ,” ਕੋਈ ਬੈੱਡਸ਼ੀਟ ਬਦਲੋ …ਮੇਰੇ ਪਤੀ ਦੀ ਹਾਲਤ ਵੇਖੋ… ਉਸ ਨੂੰ ਗੰਦਗੀ ਪਸੰਦ ਨਹੀਂ …ਵੇਖੋ ਕਮਰੇ ‘ਚ ਕਿੰਨੀ ਬਦਬੂ ਫੈਲ ਚੁੱਕੀ ਹੈ ” ਪਰ ਉੱਥੇ ਉਸਨੂੰ ਸੁਣਨ ਵਾਲਾ ਕੌਣ ਸੀ ? ਉਸ ਨੂੰ ਵੇਖ ਇੱਕ ਨਰਸ ਉਸਤੇ ਟੁੱਟ ਕੇ ਪੈ ਗਈ,” …ਕੀ ਰੌਲਾ ਪਾਇਆ? ਕੀ ਅਸੀਂ ਇੱਕੋ ਮਰੀਜ਼ ਦੇ ਆਲੇ ਦੁਆਲੇ ਘੁੰਮੀ ਜਾਈਏ ? ਹੋਰ ਮਰੀਜ਼ਾਂ ਨੂੰ ਵੇਖਣਾ ਛੱਡ ਦੇਈਏ ? ” ਉਹ ਮਜਬੂਰ ਹੋ ਕੇ ਹੱਥ ਜੋੜਦੀ ਰਹੀ ,”ਮੈਡਮ ਜੀ! ਇਹ ਗੱਲ ਨਹੀਂ… ਪਰ ਮੇਰੇ ਪਤੀ ਦੀ ਹਾਲਤ ਮੈਥੋਂ ਦੇਖੀ ਨਹੀਂ ਜਾ ਰਹੀ …ਡਾਕਟਰ ਸਾਹਿਬ ਵੀ ਚੰਗੀ ਤਰ੍ਹਾਂ ਚੈੱਕ ਨਹੀਂ ਕਰਦੇ… ਦੂਰੋਂ ਵੇਖ ਕੇ ਚਲੇ ਜਾਂਦੇ… ਕੋਈ ਕਮਰੇ ਦੀ ਸਫ਼ਾਈ ਨਹੀਂ ਕਰਦਾ…ਐਦਾਂ ਤਾਂ ਮੇਰੇ ਪਤੀ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਜਾਵੇਗੀ…” ਉਦੋਂ ਨਰਸ ਦਾ ਜਵਾਬ ਸੀ,” ਤੈਨੂੰ ਪਤਾ ਉਹਨੂੰ ਬਿਮਾਰੀ ਕਿਹੜੀ ਹੈ ? ਕੀ ਅਸੀਂ ਮਰ ਜਾਈਏ ਲੋਕਾਂ ਨੂੰ ਠੀਕ ਕਰਦੇ ਕਰਦੇ? ਸਾਡਾ ਘਰ ਪਰਿਵਾਰ ਵੀ ਹੈ… ਅਸੀਂ ਖੁਦ ਨੂੰ ਵੀ ਵੇਖਣਾ ਹੈ ।” ਸੁਰਭੀ ਚੁਪ ਚਾਪ ਬੇਜਾਨ ਮੂਰਤੀ ਵਾਂਗੂੰ ਕਮਰੇ ਦੇ ਬਾਹਰ ਉਸੇ ਕੁਰਸੀ ਤੇ ਬੈਠ ਗਈ ।
ਅੱਧੀ ਰਾਤ ਸੁਰਭੀ ਦੇ ਫ਼ੋਨ ਤੇ ਬੈੱਲ ਵੱਜੀ ਤੇ ਸੁਰਭੀ ਭੱਜੀ ਭੱਜੀ ਆਪਣੇ ਪਤੀ ਤੇ ਬੈੱਡ ਕੋਲ ਜਾ ਖੜ੍ਹੀ ਤੇ ਉਸ ਨੇ ਦੇਖਿਆ ਕਿ ਤਿਲਕ ਨੂੰ ਸਾਹ ਲੈਣ ਵਿੱਚ ਜ਼ਿਆਦਾ ਦਿੱਕਤ ਆ ਰਹੀ ਸੀ । ਉਹ ਇਸ਼ਾਰਿਆਂ ਨਾਲ ਹੀ ਗੱਲ ਸਮਝਾ ਰਿਹਾ ਸੀ । ਉਸ ਦੀਆਂ ਅੱਖਾਂ ਚੋਂ ਪਾਣੀ ਤਿੱਪ ਤਿੱਪ ਕਰ ਗਰਦਨ ਤੋਂ ਹੁੰਦਾ ਹੋਇਆ ਸਿਰਹਾਣੇ ਨੂੰ ਗਿੱਲਾ ਕਰ ਰਿਹਾ ਸੀ । ਸੁਰਭੀ ਦਾ ਪਾਗਲਾਂ ਵਾਂਗੂ ਨਰਸਾਂ ਨੂੰ ਆਵਾਜ਼ਾਂ ਮਾਰਦੀ ਮਾਰਦੀ ਦਾ ਸੰਘ ਬੈਠ ਗਿਆ । ਫਿਰ ਉਹ ਭੱਜੀ ਨਰਸਾਂ ਦੇ ਕੈਬਿਨ ਵੱਲ ਗਈ । ਡਿਊਟੀ ਤੇ ਨਰਸਾਂ ਕੁਰਸੀ ਤੇ ਬੈਠੀਆਂ ਟੇਬਲ ਤੇ ਸਿਰ ਰੱਖ ਗੂੜ੍ਹੀ ਨੀਂਦਰ ‘ਚ ਸਨ । ਸੁਰਭੀ ਦੂਰੋਂ ਆਵਾਜ਼ਾਂ ਮਾਰਦੀ ਰਹੀ ਪਰ ਕੋਈ ਹੁੰਗਾਰਾਂ ਨਾ ਮਿਲਣ ਤੇ ਜਦੋਂ ਉਸਨੇ ਕੋਲ ਜਾ ਕੇ ਇੱਕ ਨਰਸ ਨੂੰ ਹਲੂਣਿਆ ,”…. ਮੇਰੇ ਪਤੀ ਦੀ ਹਾਲਤ ਜ਼ਿਆਦਾ ਬਿਗੜ ਗਈ ਹੈ …” ਉਸ ਨਰਸ ਨੇ ਸੁਰਭੀ ਨੂੰ ਪਰੇ ਧੱਕਦੇ ਹੋਏ ਉਸ ਵੱਲ ਉੰਗਲ ਕਰਦੇ ਹੋਏ ਕਹਿਣ ਲੱਗੀ ,” ਪਰ੍ਹੇ ਹੋ ਮੇਰੇ ਕੋਲੋਂ …ਕੋਰੋਨਾ ਪੇਸ਼ੈਂਟ ਕੋਲੋਂ ਆਈ ਹੈ …ਇਹ ਬਿਮਾਰੀ ਹੀ ਐਦਾਂ ਦੀ ਹੈ… ਹੁਣ ਅਸੀਂ ਕੀ ਕਰੀਏ ?” ਸੁਰਭੀ ਹੱਥ ਜੋੜ ਮਿੰਨਤਾਂ ਤਰਲੇ ਕਰਦੀ ਰਹੀ,” ਥੋੜ੍ਹੀ ਦੇਰ ਲਈ ਚਲੋ… ਇੱਕ ਵਾਰ ਦੇਖ ਲਓ … ਇੱਕ ਵਾਰ ਦੇਖ ਲਓ” ਇਕ ਹੋਰ ਨਰਸ ਆਖਣ ਲੱਗੀ ,”ਸਾਡਾ ਰੋਜ਼ ਵਾਹ ਪੈਂਦਾ ਅਜਿਹੇ ਮਰੀਜ਼ਾਂ ਨਾਲ… ਜਾਹ ਜਾ ਕੇ ਸੌ ਜਾ… ਸਾਨੂੰ ਵੀ ਦੋ ਘੜੀਆਂ ਆਰਾਮ ਕਰ ਲੈਣ ਦੇ।”
ਸੁਰਭੀ ਉਥੋਂ ਭੱਜੀ ਭੱਜੀ ਡਾਕਟਰ ਦੇ ਕਮਰੇ ਵੱਲ ਗਏ । ਪਰ ਡਾਕਟਰ ਦੇ ਕਮਰੇ ਅੰਦਰੋੰ ਕੁੰਡੀ ਲੱਗੀ ਹੋਈ ਸੀ। ਲਾਈਟਾਂ ਬੰਦ ਸਨ । ਟੀ .ਵੀ . ਦੀ ਆਵਾਜ਼ ਆ ਰਹੀ ਸੀ ਜਿਵੇਂ ਕੋਈ ਫ਼ਿਲਮ ਚੱਲ ਰਹੀ ਹੋਵੇ । ਸੁਰਭੀ ਪਾਗਲਾਂ ਵਾਗੂੰ ਦਰਵਾਜਾ ਪਿੱਟ ਪਿੱਟ ਕੇ ਵਾਪਸ ਆਪਣੇ ਪਤੀ ਦੇ ਕਮਰੇ ਵਿੱਚ ਆ ਗਈ । ਕਮਰੇ ਵਿੱਚ ਇੱਕ ਨਰਸ ਤੇ ਦਰਜਾ ਚਾਰ ਮੁਲਾਜ਼ਮ ਨੂੰ ਆਪਣੇ ਪਤੀ ਕੋਲ ਖੜ੍ਹਿਆਂ ਵੇਖ ਸੁਰਭੀ ਦੀ ਜਾਨ ‘ਚ ਜਾਨ ਆਈ। ਤਿਲਕ ਨੂੰ ਆਕਸੀਜਨ ਲਗਾ ਦਿੱਤੀ ਗਈ ਸੀ ਅਤੇ ਸੁਰਭੀ ਨੂੰ ਤਸੱਲੀ ਹੋ ਗਈ ਕਿ ਹੁਣ ਤਿਲਕ ਨੂੰ ਸਾਹ ਲੈਣ ‘ਚ ਕੋਈ ਦਿੱਕਤ ਨਹੀਂ ਆਵੇਗੀ। ਨਰਸ ਚਲੀ ਗਈ । ਸੁਰਭੀ ਨੇ ਦਰਜਾ ਚਾਰ ਮੁਲਾਜ਼ਮ ਨੂੰ ਬੇਨਤੀ ਕੀਤੀ ,” ਵੀਰ ਜੀ ! ਇਨ੍ਹਾਂ ਦੀ ਬੈੱਡਸ਼ੀਟ ਬਦਲ ਦਿਓ…ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ” ਉਹ ਮੁਲਾਜ਼ਮ ਚਿਹਰੇ ਤੇ ਅਜੀਬ ਜਿਹੀ ਮੁਸਕਰਾਹਟ ਲਿਆ ਕੇ ਆਖਣ ਲੱਗਿਆ ,” ਜੀ ਹਾਂ ! ਮੈਂ ਧਿਆਨ ਰੱਖਾਂਗਾ ਤੁਹਾਡੇ ਪਤੀ ਦਾ …ਤੁਸੀਂ ਬੇਫ਼ਿਕਰ ਰਹੋ ” ਸੁਰਭੀ ਨੂੰ ਆਪਣਾ ਦੁਪੱਟਾ ਵਿਚ ਖਿੱਚ ਜਿਹੀ ਮਹਿਸੂਸ ਹੋਈ । ਇਸ ਤੋਂ ਪਹਿਲਾਂ ਕਿ ਸੁਰਭੀ ਪਿੱਛੇ ਮੁੜ ਕੇ ਵੇਖਦੀ ਤਿਲਕ ਦੀਆਂ ਅੱਖਾਂ ‘ਚ ਗੁੱਸਾ ਉੱਭਰ ਆਇਆ ਅਤੇ ਉਹ ਇਸ਼ਾਰਿਆਂ ਨਾਲ ਸੁਰਭੀ ਨੂੰ ਕੁਝ ਸਮਝਾਉਣ ਦਾ ਯਤਨ ਕਰਨ ਲੱਗਿਆ ।ਸੁਰਭੀ ਹਾਲੇ ਸਮਝਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਉਸਨੂੰ ਆਪਣੀ ਕਮਰ ਤੇ ਆਣਚਾਹੀ ਛੋਹ ਦਾ ਅਹਿਸਾਸ ਹੋਇਆ । ਜਦੋਂ ਉਸ ਨੇ ਪਿੱਛੇ ਮੁੜਕੇ ਵੇਖਿਆ ਉਹ ਮੁਲਾਜ਼ਮ ਸ਼ਰਾਰਤੀ ਅਵਾਜ਼ ‘ਚ ਆਖਣ ਲੱਗਿਆ,” ਮੈਂ ਧਿਆਨ ਰੱਖਾਂਗਾ ” ਅੱਜ ਉਹੀ ਸੁਰਭੀ ਜਿਹੜੀ ਕਿਸੇ ਤੋਂ ਨਿੱਕੀ ਜਿਹੀ ਗੱਲ ਵੀ ਨਹੀਂ ਸੀ ਕਹਾ ਸਕਦੀ …ਅੱਜ ਚੁੱਪ ਸੀ ਤੇ ਝੱਲ ਗਈ ਉਸ ਗੰਦੇ ਆਦਮੀ ਦੀ ਗੰਦੀ ਤੱਕਣੀ ਤੇ ਗੰਦੀ ਛੋਹ ਨੂੰ, ਆਪਣੇ ਪਤੀ ਲਈ । ਕਿਉਂਕਿ ਉਸ ਦਾ ਪਤੀ ਜ਼ਿੰਦਗੀ ਤੇ ਮੌਤ ਦੇ ਦਰਵਾਜ਼ੇ ਵਿਚਕਾਰ ਖੜ੍ਹਾ ਸੀ । ਉਹ ਡਰ ਗਈ ਸੀ ਕਿ ਕਿਧਰੇ ਇਹੋ ਜਿਹੇ ਲੋਕ ਉਸ ਦੇ ਪਤੀ ਨੂੰ ਮੌਤ ਵੱਲ ਧੱਕ ਨਾ ਦੇਣ। ਉਹ ਗੰਦਾ ਆਦਮੀ ਉੱਥੋਂ ਚਲਾ ਗਿਆ ਤੇ ਸੁਰਭੀ ਹਾਲੇ ਵੀ ਤਿਲਕ ਕੋਲ ਖੜ੍ਹੀ ਸੀ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦੀ ਹੋਈ । ਉਸ ਦਾ ਪਤੀ ਫਿਰ ਬੇਚੈਨ ਹੋ ਗਿਆ ਤੇ ਹੱਥਾਂ ਦੇ ਇਸ਼ਾਰਿਆਂ ਨਾਲ ਸਾਹ ਨਾ ਆਉਣ ਬਾਰੇ ਮੁੜ ਦੱਸਣ ਲੱਗਿਆ । ਸੁਰਭੀ ਫਿਰ ਦੁਬਾਰਾ ਭੱਜੀ ਭੱਜੀ ਨਰਸ ਕੋਲ ਗਈ ਪਰ ਨਰਸ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ । ਉਹ ਸੁਰਭੀ ਤੇ ਔਖੀ ਭਾਰੀ ਹੋ ਗਈ ,”ਤੂੰ ਕਿਉਂ ਸਾਨੂੰ ਪ੍ਰੇਸ਼ਾਨ ਕਰੀ ਜਾ ਰਹੀ ਹੈ ? …ਹੁਣ ਤਾਂ ਆਕਸੀਜਨ ਵੀ ਲਗਾ ਦਿੱਤੀ… ਹੁਣ ਦੱਸ ਹੋਰ ਕੀ ਕਰੀਏ ?” ਸੁਰਭੀ ਹੱਥ ਜੋੜੀ ਤਰਲੇ ਮਿੰਨਤਾਂ ਕਰ ਰਹੀ ਸੀ ,” ਇੱਕ ਵਾਰ ਹੋਰ ਵੇਖ ਲਓ… ਫੇਰ ਨੀ ਮੈਂ ਤੁਹਾਨੂੰ ਕਹਿੰਦੀ… ਉਹ ਬਹੁਤ ਤਕਲੀਫ਼ ਵਿੱਚ ਐ ” ਸੁਰਭੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਤੇ ਹੁਣ ਦੂਸਰੀ ਨਰਸ ਆਪਣੀ ਕੁਰਸੀ ਤੋਂ ਉੱਠੀ ਤੇ ਸੁਰਭੀ ਵੱਲ ਗੁੱਸੇ ਨਾਲ ਘੂਰਦੀ ਹੋਈ ਤਿਲਕ ਦੇ ਕਮਰੇ ਵੱਲ ਤੁਰ ਪਈ। ਸੁਰਭੀ ਵੀ ਉਸ...

ਦੇ ਕਦਮਾਂ ਤੋਂ ਅੱਗੇ ਕਦਮ ਵਧਾਉਂਦੀ ਹੋਈ ਕਾਹਲ਼ੀ ਨਾਲ ਤਿਲਕ ਦੇ ਕਮਰੇ ‘ਚ ਪਹੁੰਚ ਗਈ।ਤਿਲਕ ਦੀਆਂ ਅੱਖਾਂ ਚੋਂ ਲਗਾਤਾਰ ਪਾਣੀ ਵਹਿ ਰਿਹਾ ਸੀ ਤੇ ਉਸ ਦਾ ਦਮ ਘੁੱਟਦਾ ਜਾ ਰਿਹਾ ਸੀ । ਜਦੋਂ ਨਰਸ ਨੇ ਚੈੱਕ ਕੀਤਾ ਤਾਂ ਉਸ ਦੇ ਮੂੰਹੋਂ ਇਕਦਮ ਨਿਕਲਿਆ ,” ਓ ਹੋ! ਆਕਸੀਜਨ ਪਾਈਪ ਤਾਂ ਲਗਾਈ ਹੀ ਨਹੀਂ ” ਸੁਰਭੀ ਨਰਸ ਦੀ ਗੱਲ ਸੁਣ ਸੁੰਨ ਜਿਹੀ ਹੋ ਗਈ । ਨਰਸ ਨੇ ਪਾਈਪ ਲਗਾਈ ਤੇ ਚਲੀ ਗਈ । ਹੁਣ ਤਿਲਕ ਨੂੰ ਸਾਹ ਸੌਖਾ ਆਉਣ ਲੱਗਿਆ ਤੇ ਸੁਰਭੀ ਦੀ ਜਾਨ ‘ਚ ਜਾਨ ਪਰਤ ਆਈ ।
ਅਗਲੇ ਦਿਨ ਡਾਕਟਰ ਨੇ ਇੱਕ ਇੰਜੈਕਸ਼ਨ ਲਿਖਿਆ ਜਿਹੜਾ ਕਿ ਬਹੁਤ ਹੀ ਮਹਿੰਗਾ ਸੀ । ਸੁਰਭੀ ਦਾ ਭਰਾ ਇੰਜੈਕਸ਼ਨ ਲਈ ਸਾਰੇ ਮੈਡੀਕਲ ਸਟੋਰਾਂ ਤੇ ਘੁੰਮਿਆ ਪਰ ਇੰਜੈਕਸ਼ਨ ਨਾ ਮਿਲਿਆ। ਸੁਰਭੀ ਪ੍ਰੇਸ਼ਾਨ ਹੋ ਡਾਕਟਰ ਦੀਆਂ ਮਿੰਨਤਾਂ ਤਰਲੇ ਕਰਨ ਲੱਗੀ ,”ਡਾਕਟਰ ਸਾਹਿਬ!ਤੁਸੀਂ ਤਾਂ ਇਸ ਪ੍ਰੋਫੈਸ਼ਨ ਵਿੱਚ ਹੋ …ਤੁਹਾਨੂੰ ਪਤਾ ਹੋਵੇ ਕਿ ਕਿੱਥੋਂ ਮਿਲ ਸਕਦਾ ਹੈ ਇਹ ਇੰਜੈਕਸ਼ਨ ? ਸਾਡੀ ਮਦਦ ਕਰੋ …ਸਾਨੂੰ ਇੰਜੈਕਸ਼ਨ ਨਹੀਂ ਮਿਲ ਰਿਹਾ ।”ਡਾਕਟਰ ਦਾ ਮਨ ਤਾਂ ਪਹਿਲਾਂ ਹੀ ਲਾਲਚ ਦੀਆਂ ਤੰਦਾਂ ਵਿੱਚ ਗੁੰਦਿਆ ਹੋਇਆ ਸੀ । ਹੁਣ ਉਸ ਦੀਆਂ ਅੱਖਾਂ ਵਿੱਚ ਹਵਸ ਦੀ ਚਿਣਗ ਵੀ ਫੁੱਟ ਪਈ। ਉਹ ਆਖਣ ਲੱਗਿਆ ,”ਠੀਕ ਐ ! ਮੈਂ ਪਤਾ ਕਰਵਾਉਂਦਾ ਇੰਜੈਕਸ਼ਨ ” ਡਾਕਟਰ ਨੇ ਇੰਜੈਕਸ਼ਨ ਉਸਦੀ ਅਸਲ ਕੀਮਤ ਨਾਲੋਂ ਦੁੱਗਣੀ ਕੀਮਤ ਵਿੱਚ ਮੰਗਵਾ ਸੁਰਭੀ ਸਾਹਮਣੇ ਨਰਸ ਨੂੰ ਸੌਂਪ ਦਿੱਤਾ ਅਤੇ ਸੁਰਭੀ ਵੱਲ ਭੈੜੀ ਨਿਗਾਹ ਨਾਲ ਵੇਖਦਾ ਹੋਇਆ ਆਖਣ ਲੱਗਿਆ ,” ਸੁਰਭੀ ਜੀ! ਫ਼ਿਕਰ ਨਾ ਕਰੋ … ਕੁਝ ਨਹੀਂ ਹੋ ਸਕਦਾ ਤੁਹਾਡੇ ਪਤੀ ਨੂੰ …ਆਹ ਵੇਖੋ! ਮੈਂ ਸਵੇਰ ਦਾ ਫੋਨ ਤੇ ਹੀ ਬੈਠਾ ਇੰਜੈਕਸ਼ਨ ਦਾ ਪਤਾ ਕਰਨ ਲਈ …ਹੁਣ ਕਿਤੇ ਜਾ ਕੇ ਮਿਲਿਆ।” ਸੁਰਭੀ ਡਾਕਟਰ ਦੀਆਂ ਗੱਲਾਂ ਤੋਂ ਅਤੇ ਉਸ ਦੀਆਂ ਅੱਖਾਂ ਤੋਂ ਉਸ ਦੀ ਨੀਅਤ ਨੂੰ ਭਾਂਪ ਗਈ ਪਰ ਕੀ ਕਰਦੀ ਉਦੋੰ? ਉਸ ਨੂੰ ਆਪਣੇ ਪਤੀ ਦੀ ਜਾਨ ਉਸ ਇੰਜੈਕਸ਼ਨ ‘ਚ ਨਜ਼ਰ ਆ ਰਹੀ ਸੀ… ਜਿਹੜਾ ਡਾਕਟਰ ਦੀ ਮੁੱਠੀ ਵਿੱਚ ਸੀ ਉਸ ਵਕਤ …ਇਸ ਲਈ ਸੁਰਭੀ ਇੱਕ ਵਾਰ ਫੇਰ ਚੁੱਪ ਕਰ ਗਈ ਤੇ ਸਹਿ ਗਈ ਸਭ ਕੁਝ। ਪਰ ਸੁਰਭੀ ਦੀ ਕਿਸਮਤ ਵੇਖੋ ! ਜਦੋਂ ਨਰਸ ਇੰਜੈਕਸ਼ਨ ਲਗਾਉਣ ਲੱਗੀ ਤਾਂ ਉਸਦੀ ਅਣਗਹਿਲੀ ਕਾਰਨ ਅੱਧਾ ਇੰਜੈਕਸ਼ਨ ਫ਼ਰਸ਼ ਤੇ ਡਿੱਗ ਪਿਆ । ਸੁਰਭੀ ਮੱਛੀ ਵਾਂਗੂੰ ਤੜਫ਼ ਗਈ ਤੇ ਉਸ ਤੋਂ ਰਿਹਾ ਨਾ ਗਿਆ ਉਹ ਨਰਸ ਨੂੰ ਆਖਣ ਲੱਗੀ ,” ਇੰਨਾ ਮਹਿੰਗਾ ਇੰਜੈਕਸ਼ਨ …ਤੁਸੀਂ ਅੱਧਾ ਫਰਸ਼ ਤੇ ਸੁੱਟ ਦਿੱਤਾ …ਤੁਹਾਨੂੰ ਪਤਾ ਕਿੰਨਾ ਮੁਸ਼ਕਲ ਨਾਲ ਮੈਂ ਇਸਦਾ ਪ੍ਰਬੰਧ ਕੀਤਾ ? ਕਿੰਨੀਆ ਮਿੰਨਤਾਂ ਤਰਲਿਆਂ ਤੋਂ ਬਾਅਦ ।”ਸੁਰਭੀ ਦੀ ਕੌੜੀ ਸੱਚੀ ਗੱਲ ਸੁਣ ਨਰਸ ਭੜਕ ਉੱਠੀ ,” ਮੈਂ ਕਿਹੜਾ ਜਾਣਬੁੱਝ ਕੇ ਸੁੱਟਿਆ ? ਜੇ ਡਿੱਗ ਗਿਆ ਤਾਂ ਹੁਣ ਕੀ ਕਰ ਸਕਦੀ ਹਾਂ ? ਹੁਣ ਤਾਂ ਅੱਧਾ ਹੀ ਡਿੱਗਿਆ ਜੇ ਪੂਰਾ ਵੀ ਡਿੱਗ ਜਾਂਦਾ ਤਾਂ ਵੀ ਤੂੰ ਕੀ ਕਰ ਲੈਣਾ ਸੀ ਨਾਲੇ ਮੈਂ ?”ਨਰਸ ਦੀ ਗੱਲ ਸੁਣ ਸੁਰਭੀ ਕੁਝ ਨਾ ਬੋਲੀ । ਉਹ ਫਰਸ਼ ਤੇ ਡਿੱਗੇ ਇੰਜੈਕਸ਼ਨ ਨੂੰ ਕਿੰਨੀ ਹੀ ਦੇਰ ਘੂਰਦੀ ਰਹੀ । ਉਸ ਦਿਨ ਫੇਰ ਉਹੀ ਦਰਜਾ ਚਾਰ ਕਰਮਚਾਰੀ ਸੁਰਭੀ ਕੋਲ ਆਇਆ ਤੇ ਚਿਹਰੇ ਤੇ ਝੂਠੇ ਹਮਦਰਦੀ ਦਾ ਲੇਪ ਲਾ ਪੁੱਛਣ ਲੱਗਿਆ ,” ਮੈਡਮ ! ਹੁਣ ਠੀਕ ਹੈ ਤੁਹਾਡਾ ਪਤੀ ?ਜੇਕਰ ਕਿਸੇ ਮਦਦ ਦੀ ਲੋੜ ਹੋਈ ਤਾਂ ਦੱਸਿਓ ਜ਼ਰੂਰ …ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ‘ਚ ” ਸੁਰਭੀ ਉਸ ਦੀਆਂ ਗੰਦੀਆਂ ਨਜ਼ਰਾਂ ਨੂੰ ਵੇਖ ਰਹੀ ਸੀ ਕਿ ਕੋਈ ਇਨਸਾਨ ਇੰਨਾ ਵੀ ਡਿੱਗ ਸਕਦਾ ਹੈ ਕਿ ਕਿਸੇ ਮਜ਼ਬੂਰ ਔਰਤ ਦੀ ਬੇਵੱਸੀ ਨੂੰ ਆਪਣੀ ਹਵਸ ਹੇਠ ਦਰੜ ਦੇਣ ਲਈ ਸ਼ਿਕਾਰੀ ਵਾਂਗੂੰ ਨਜ਼ਰ ਟਿਕਾਈ ਬੈਠਾ ਹੋਵੇ । ਸੁਰਭੀ ਉਸ ਵੱਲ ਵੇਖ ਹੱਥ ਜੋੜ ,” ਕੋਈ ਨਾ ਵੀਰ ਜੀ ! ਸ਼ੁਕਰੀਆ ” ਇਸ ਤੋਂ ਅੱਗੇ ਜਿਵੇਂ ਸੁਰਭੀ ਦੀ ਜ਼ੁਬਾਨ ਸੰਘ ਵਿੱਚ ਹੀ ਅੜ ਗਈ ਹੋਵੇ । ਉਹ ਚਾਹੁੰਦੇ ਹੋਏ ਵੀ ਕੁਝ ਨਾ ਕਹਿ ਸਕੀ । ਸੁਰਭੀ ਪ੍ਰੇਸ਼ਾਨ ਸੀ ਤਿਲਕ ਦੀ ਹਾਲਤ ਸੁਧਰਨ ਦੀ ਥਾਂ ਦਿਨ ਬ ਦਿਨ ਹੋਰ ਬਿਗੜ ਰਹੀ ਸੀ । ਸੁਰਭੀ ‘ਕੱਲੀ ਜੂਝ ਰਹੀ ਸੀ ਸਾਰੇ ਹਾਲਾਤਾਂ ਨਾਲ । ਭਾਵੇਂ ਉਸ ਦੇ ਸਾਰੇ ਰਿਸ਼ਤੇਦਾਰ ਉਸ ਨੂੰ ਫ਼ੋਨ ਤੇ ਹੌਸਲਾ ਦਿੰਦੇ ਤੇ ਜ਼ਰੂਰਤ ਦੀਆਂ ਚੀਜ਼ਾਂ ਦਾ ਇੰਤਜ਼ਾਮ ਕਰਦੇ ।
ਜਦੋਂ ਸੁਰਭੀ ਦਾ ਇਸ ਹਸਪਤਾਲ ਤੋਂ ਭਰੋਸਾ ਚੁੱਕਿਆ ਗਿਆ ਤਾਂ ਉਸਨੂੰ ਆਪਣੇ ਪਤੀ ਨੂੰ ਨਾਲ ਦੇ ਸ਼ਹਿਰ ਵਿਚ ਇਕ ਹੋਰ ਵੱਡੇ ਹਸਪਤਾਲ ਲਿਜਾਉਣ ਦੀ ਸੁੱਝੀ।ਉਸ ਹਸਪਤਾਲ ਬਾਰੇ ਉਸ ਨੇ ਬਹੁਤ ਕੁਝ ਸੁਣਿਆ ਹੋਇਆ ਸੀ ਕਿ ਹਸਪਤਾਲ ਦੇ ਡਾਕਟਰ ਮਰੀਜ਼ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਨੇ । ਸੁਰਭੀ ਇੱਥੋਂ ਦੇ ਹਾਲਾਤ ਤਾਂ ਵੇਖ ਹੀ ਚੁੱਕੀ ਸੀ । ਉਸ ਨੇ ਔਖਿਆਂ ਸੌਖਿਆਂ ਦੂਸਰੇ ਹਸਪਤਾਲ ਜਾਣ ਦਾ ਪ੍ਰਬੰਧ ਕਰ ਹੀ ਲਿਆ । ਜਦੋਂ ਉਹ ਆਪਣੇ ਪਤੀ ਨਾਲ ਐਂਬੂਲੈਂਸ ‘ਚ ਬੈਠੀ … ਉਸ ਦੇ ਪਤੀ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ । ਭਾਵੇਂ ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ ਪਰ ਉਹ ਇਸ਼ਾਰਿਆਂ ਦੇ ਨਾਲ ਅਤੇ ਅੱਖਾਂ ਨਾਲ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਾਇਦ ਇਹ ਕਿ ਸੁਰਭੀ ਮੇਰੇ ਨਾਲ ਹੀ ਰਹੀ ਤੇ ਸੁਰਭੀ ਉਸਦੇ ਚਿਹਰੇ ਤੇ ਅੱਖਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਹੋਏ ਰੋਂਦੀ ਹੋਈ ਕਹਿਣ ਲੱਗੀ ,” ਹਾਂ ! ਮੈਂ ਤੇਰੇ ਨਾਲ ਹੀ ਹਾਂ ਤਿਲਕ …ਤੂੰ ਘਬਰਾ ਨਾ… ਮੈਂ ਕਿਤੇ ਨਹੀਂ ਜਾਂਦੀ ਤੇ ਨਾ ਹੀ ਤੈਨੂੰ ਜਾਣ ਦੇਵਾਂਗੀ… ਅਸੀਂ ਤਾਂ ਹਾਲੇ ਜਿਊਣਾ ਸ਼ੁਰੂ ਕਰਨਾ …ਐਨੀ ਛੇਤੀ ਹਾਰ ਕਿਵੇਂ ਮੰਨ ਲਈਏ ?…ਤੁਸੀਂ ਹੌਸਲਾ ਰੱਖੋ… ਸਭ ਠੀਕ ਹੋ ਜਾਵੇਗਾ … ਜਿੱਥੇ ਅਸੀਂ ਹੁਣ ਜਾ ਰਹੇ ਹਾਂ ਬਹੁਤ ਵਧੀਆ ਹਸਪਤਾਲ ਹੈ …ਵੇਖਿਓ ਉਥੋਂ ਤੁਸੀਂ ਠੀਕ ਹੋ ਕੇ ਪਰਤਣਾ…” ਸੁਰਭੀ ਦੀਆਂ ਗੱਲਾਂ ਸੁਣ ਤਿਲਕ ਦੇ ਚਿਹਰੇ ਤੇ ਕੁਝ ਹੌਸਲਾ ਜਿਹਾ ਫੈਲ ਗਿਆ ਤੇ ਉਹ ਅੱਖਾਂ ਮੀਟ ਕੇ ਪੈ ਗਿਆ… ਪਰ ਉਸ ਨੇ ਸੁਰਭੀ ਦਾ ਹੱਥ ਉਸੇ ਤਰ੍ਹਾਂ ਘੁੱਟ ਕੇ ਫੜੀ ਰੱਖਿਆ । ਦੂਸਰੇ ਹਸਪਤਾਲ ਦੇ ਮੁਹਰੇ ਐਂਬੂਲੈਂਸ ਰੁਕ ਗਈ । ਤਿਲਕ ਨੂੰ ਅੰਦਰ ਲਿਜਾਇਆ ਗਿਆ । ਸੁਰਭੀ ਤਿਲਕ ਦੀਆਂ ਰਿਪੋਰਟਾਂ ਤੇ ਹੋਰ ਕਾਗਜ਼ ਪੱਤਰ ਸਾਂਭ ਰਹੀ ਸੀ ਤਾਂ ਅਚਾਨਕ ਐਂਬੂਲੈਂਸ ਡਰਾਈਵਰ ਸੁਰਭੀ ਕੋਲ ਆ ਕੇ ਬੇਸ਼ਰਮੀ ਜਿਹੀ ਨਾਲ ਆਖਣ ਲੱਗਾ ,”ਮੈਡਮ ਜੀ! ਚਾਹ ਪਾਣੀ ਤਾਂ ਦੇ ਦਿੰਦੇ ।” ਸੁਰਭੀ ਸੋਚਾਂ ਵਿੱਚ ਪੈ ਗਈ ਕਿ ਜਿਸ ਐਂਬੂਲੈਂਸ ਦਾ ਕਿਰਾਇਆ ਦਸ ਹਜ਼ਾਰ ਦੇ ਲਗਪਗ ਸੀ ਅਜਿਹੇ ਹਾਲਾਤਾਂ ਵਿੱਚ ਮੈਂ ਲੱਖ ਰੁਪਇਆ ਖਰਚ ਕੇ ਆਪਣੇ ਪਤੀ ਨੂੰ ਇਸ ਹਸਪਤਾਲ ਵਿੱਚ ਪਹੁੰਚਾਇਆ ਤੇ ਇਹ ਸ਼ਖ਼ਸ ਮੇਰੇ ਨਾਲ ਹਮਦਰਦੀ ਦੀ ਥਾਂ ਚਾਹ ਪਾਣੀ ਦੀ ਗੱਲ ਕਰ ਰਿਹਾ । ਐਨਾ ਬੇਸ਼ਰਮ ਵੀ ਹੋ ਸਕਦਾ ਕੋਈ ! ਇਨ੍ਹਾਂ ਦਿਨਾਂ ਵਿੱਚ ਸੁਰਭੀ ਦਾ ਵਾਅ ਅਜਿਹੇ ਘਟੀਆ ਲੋਕਾਂ ਨਾਲ ਪੈ ਚੁੱਕਿਆ ਸੀ ਜਿਨ੍ਹਾਂ ਵਿਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ।ਇਹ ਬੇਅਣਖੇ ਲੋਕ। ਇਨ੍ਹਾਂ ਦੀ ਤੁਲਨਾ ਤਾਂ ਇੱਲਾਂ ਨਾਲ ਵੀ ਨਹੀਂ ਕੀਤੀ ਜਾ ਸਕਦੀ …ਕਿੱਥੇ ਇੱਲਾਂ ਮੁਰਦੇ ਖਾਣ ਵਾਲੀਆਂ ਤੇ ਇਹ ਜਿਊਂਦਿਆਂ ਨੂੰ ਖਾਣ ਲਈ ਤਿਆਰ ਬੈਠੇ ਨੇ ।
ਤਿਲਕ ਹੁਣ ਹੋਰ ਵੀ ਵਧੀਆ ਹਸਪਤਾਲ ਵਿੱਚ ਦਾਖ਼ਲ ਸੀ । ਸੁਰਭੀ ਤਿਲਕ ਦੇ ਕਮਰੇ ਵਿੱਚ ਉਸ ਨਾਲ ਰਹਿਣਾ ਚਾਹੁੰਦੀ ਸੀ ਪਰ ਡਾਕਟਰ ਨਾ ਮੰਨੇ ਤਾਂ ਕਮਰੇ ਦੇ ਬਾਹਰ ਹੀ ਪਹਿਰੇਦਾਰਾਂ ਵਾਂਗੂੰ ਘੁੰਮਦੀ ਰਹਿੰਦੀ ਤੇ ਜਦੋਂ ਥੱਕ ਜਾਂਦੀ ਤਾਂ ਉੱਥੇ ਲੱਗੀਆਂ ਕੁਰਸੀਆਂ ਚੋਂ ਇੱਕ ਤੇ ਬੈਠ ਜਾਂਦੀ । ਤਿਲਕ ਜਦੋਂ ਮੁਸ਼ਕਿਲ ਵਿਚ ਹੁੰਦਾ ਫ਼ੋਨ ਕਰ ਦਿੰਦਾ । ਪਹਿਲਾਂ ਦਿਨ ਤਾਂ ਔਖਾ ਸੌਖਾ ਸੌਖਾ ਲੰਘ ਗਿਆ ਪਰ ਇਮਤਿਹਾਨ ਤਾਂ ਹਾਲੇ ਸ਼ੁਰੂ ਹੋਣਾ ਸੀ । ਸ਼ਾਇਦ ਇਹ ਇਮਤਿਹਾਨ ਤੋਂ ਪਹਿਲਾਂ ਦੀ ਪਸਰੀ ਚੁੱਪ ਸੀ । ਦੂਜੀ ਸਵੇਰ ਇੱਕ ਡਾਕਟਰ ਚੈੱਕਅਪ ਲਈ ਰਾਊਂਡ ਤੇ ਆਇਆ ਤੇ ਤਿਲਕ ਨੂੰ ਚੈੱਕ ਕਰਦਿਆਂ ਹੋਇਆਂ ,ਰਿਪੋਰਟਾਂ ਵੇਖ ਕੇ ਆਖਣ ਲੱਗਿਆ ,” ਇਹ ਮਰੀਜ਼ ਕਿਸ ਦਾ ਹੈ?…ਇਸ ਦਾ ਬਚਣਾ ਤਾਂ ਮੁਸ਼ਕਿਲ ਹੈ… ਇਸ ਦੇ ਹਾਲਾਤ ਤਾਂ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ ।” ਸੁਰਭੀ ਆਪਣੇ ਕੰਬਦੇ ਹੱਥ ਜੋੜ ਕੇ ਹੋਲੇ ਜਿਹੇ ਆਖਣ ਲੱਗੀ ,” ਡਾਕਟਰ ਸਾਹਿਬ ਬਚਾ ਲਓ ਮੇਰੇ ਪਤੀ ਨੂੰ ।” ਡਾਕਟਰ ਨੇ ਸੁਰਭੀ ਦੀ ਗੱਲ ਵੱਲ ਧਿਆਨ ਦਿੱਤਿਆਂ ਬਿਨਾਂ ਦੂਸਰੇ ਮਰੀਜ਼ ਵੱਲ ਵੇਖਦਾ ਹੋਇਆ ਆਖਣ ਲੱਗਾ ,” ਇਹ ਬੈੱਡ ਹਾਲੇ ਤੱਕ ਖ਼ਾਲੀ ਨਹੀਂ ਹੋਇਆ ? ਇਹ ਮਰੀਜ਼ ਇੱਥੇ ਹੀ ਹੈ?” ਡਾਕਟਰ ਦੀਆਂ ਗੱਲਾਂ ਸੁਣ ਸੁਰਭੀ ਘਬਰਾ ਗਈ । ਉਹ ਸੋਚਾਂ ਵਿੱਚ ਪੈ ਗਈ …ਬੈੱਡ ਖਾਲੀ ਨਹੀਂ ਹੋਇਆ ਦਾ ਮਤਲਬ ? ਹਾਲੇ ਜਿਉਂਦਾ ਹੈ ? ਮਰਿਆ ਨਹੀਂ ? ਉਫ਼ ਹਰ ਪਾਸੇ ਦਰਿੰਦੇ …ਪੈਰ ਪੈਰ ਤੇ ਕਸਾਈ ਬੈਠੇ ।
ਅੱਧੀ ਕੁ ਰਾਤ ਸੁਰਭੀ ਨੇ ਵੇਖਿਆ ਕਿ ਉਹ ਮਰੀਜ਼ ਕੁਰਲਾ ਰਿਹਾ ਹੈ। ਉਸ ਤੋਂ ਬੋਲਿਆ ਨਹੀਂ ਜਾ ਰਿਹਾ । ਫੇਰ ਵੀ ਉਹ ਆਪਣੀ ਪੂਰੀ ਵਾਅ ਲਾ ਕੇ ਟੁੱਟਦੇ ਸਾਹਾਂ ਨਾਲ ਲਗਾਤਾਰ ਡਾਕਟ..ਡਾਕਟ…ਨਰਸ..ਨਰਸ…ਪੁਕਾਰ ਰਿਹਾ ਹੈ। ਸੁਰਭੀ ਭੱਜੀ ਭੱਜੀ ਨਰਸ ਕੋਲ ਗਈ । “ਵੇਖੋ ! ਉਹ ਮਰੀਜ਼ ਬਹੁਤ ਤਕਲੀਫ਼ ਵਿੱਚ ਹੈ …ਉਹ ਮਰ ਜਾਵੇਗਾ… ਉਸ ਕੋਈ ਨਹੀਂ ਸੁਣਦਾ… ਉਸ ਨੂੰ ਵੇਖੋ ਜਾ ਕੇ ।” ਜਦੋਂ ਮਰੀਜ਼ ਕੋਲ ਕੋਈ ਨਹੀਂ ਪਹੁੰਚਿਆ ਉਹ ਉੱਠ ਕੇ ਬੈਠਣ ਦੀ ਕੋਸ਼ਿਸ਼ ਕਰਨ ਲੱਗਿਆ ਕਿਉਂਕਿ ਤਕਲੀਫ਼ ਬਹੁਤ ਜ਼ਿਆਦਾ ਸੀ ਤੇ ਅਚਾਨਕ ਉਹ ਪਿੱਛੇ ਨੂੰ ਸਿਰ ਭਾਰ ਡਿੱਗ ਪਿਆ । ਉਸ ਦੇ ਸਿਰ ਤੋਂ ਖੂਨ ਵਹਿ ਕੇ ਕਮਰੇ ਦੇ ਦਰਵਾਜ਼ੇ ਤੱਕ ਖੂਨ ਦਾ ਛੱਪੜ ਲੱਗ ਗਿਆ। ਜਦੋਂ ਤੱਕ ਨਰਸਾਂ ਭੱਜ ਕੇ ਆਈਆਂ ਉਦੋਂ ਤੱਕ ਉਸ ਦੀ ਧੜਕਣ ਬੰਦ ਹੋ ਗਈ । ਉਸ ਦੀ ਤਕਲੀਫ਼ ਮੁੱਕ ਗਈ ਤੇ ਬੈੱਡ ਖ਼ਾਲੀ ਹੋ ਗਿਆ ਸੀ ਅਗਲੇ ਮਰੀਜ਼ ਲਈ । ਅਗਲੇ ਦਿਨ ਸੁਰਭੀ ਖਾਲੀ ਬੈੱਡ ਤੇ ਨਵਾਂ ਮਰੀਜ਼ ਵੇਖ ਰਹੀ ਸੀ । ਹੁਣ ਉਸ ਨੂੰ ਬੈੱਡ ਖਾਲੀ ਹੋਣ ਦੇ ਅਰਥ ਡਾਕਟਰ ਦੇ ਨਜ਼ਰੀਏ ਤੋਂ ਸਮਝ ਆ ਗਏ ਸਨ
ਤਿਲਕ ਨੇ ਜਦੋਂ ਉਸ ਮਰਦੇ ਹੋਏ ਮਰੀਜ਼ ਨੂੰ ਵੇਖਿਆ ਉਹ ਦਹਿਲ ਗਿਆ । ਅਗਲੇ ਦਿਨ ਉਸ ਦੀ ਹਾਲਤ ਜ਼ਿਆਦਾ ਹੀ ਨਾਜ਼ੁਕ ਹੋ ਗਈ। ਆਕਸੀਜਨ ਲੈਵਲ ਬਵੰਜਾ ਰਹਿ ਗਿਆ। ਸਰੀਰ ਦਾ ਰੰਗ ਨੀਲਾ ਫਿਰ ਗਿਆ । ਸੁਰਭੀ ਪਾਗਲਾਂ ਵਾਂਗੂੰ ਹਸਪਤਾਲ ਵਿੱਚ ਕਦੇ ਨਰਸਾਂ ਤੇ ਡਾਕਟਰਾਂ ਕੋਲ ਮਿੰਨਤਾਂ ਤਰਲੇ ਕਰ ਰਹੀ ਸੀ ਕਿ ਉਸ ਦੇ ਪਤੀ ਨੂੰ ਵੇਖ ਲਓ ਕੋਈ। ਫਿਰ ਇੱਕ ਡਾਕਟਰ ਆਇਆ ਤੇ ਉਸ ਨੇ ਵੇਖਿਆ ਕਿ ਆਕਸੀਜਨ ਸਪਲਾਈ ਅਚਾਨਕ ਬੰਦ ਹੋ ਗਈ ਹੈ …ਸ਼ਾਇਦ ਕੋਈ ਤਕਨੀਕੀ ਨੁਕਸ ਪੈ ਗਿਆ ਹੈ ਸਪਲਾਈ ਵਿੱਚ ਆਕਸੀਜਨ ਸਪਲਾਈ ਦੁਬਾਰਾ ਸ਼ੁਰੂ ਹੋ ਗਈ ਤੇ ਦੁਬਾਰਾ ਤਿਲਕ ਦੀ ਹਾਲਤ ਸਥਿਰ ਹੋਣ ਲੱਗੀ । ਸੁਰਭੀ ਦੀ ਜਾਨ ‘ਚ ਆ ਗਈ । ਤਿਲਕ ਆਕਸੀਜਨ ਸਿਲੰਡਰ ਨੂੰ ਵਾਰ ਵਾਰ ਦੇਖਦਾ ਕਿਉਂਕਿ ਇਨ੍ਹਾਂ ਸਿਲੰਡਰਾਂ ‘ਚ ਉਸ ਨੂੰ ਆਪਣੇ ਸਾਹ ਕੈਦ ਹੋਏ ਨਜ਼ਰ ਆਉਂਦੇ । ਆਕਸੀਜਨ ਦੀ ਬਹੁਤ ਕਮੀ ਆ ਰਹੀ ਸੀ । ਸਿਲੰਡਰ ਬਲੈਕ ‘ਚ ਮਿਲਦੇ । ਹਸਪਤਾਲ ਪ੍ਰਸ਼ਾਸਨ ਸਿਲੰਡਰ ਨਾ ਹੋਣ ਦੀ ਗੱਲ ਆਖ ਮਜਬੂਰ ਕਰ ਦਿੰਦਾ ਕਿ ਮਰੀਜ਼ ਬਲੈਕ ‘ਚ ਸਿਲੰਡਰ ਖ਼ਰੀਦਣ। ਕੋਈ ਕੀ ਕਰੇ ? ਜਾਨ ਬਚਾਉਣ ਲਈ ਚੁੱਪ ਚਾਪ ਬਲੈਕ ‘ਚ ਹਾਸਪਿਟਲ ਤੋਂ ਸਿਲੰਡਰ ਖਰੀਦ ਰਹੇ ਸਨ । ਸੁਰਭੀ ਵੀ ਬਹੁਤ ਧਿਆਨ ਰੱਖਦੀ ਕਿ ਸਿਲੰਡਰ ਦੀ ਕੋਈ ਦਿੱਕਤ ਨਾ ਹੋਵੇ । ਦੋ ਦਿਨ ਬਾਅਦ ਉਹੀ ਡਾਕਟਰ ਸੁਰਭੀ ਨੂੰ ਆਖ ਰਿਹਾ ਸੀ ਕਿ ਤੁਸੀਂ ਦੋਵੇਂ ਬਹੁਤ ਹਿੰਮਤੀ ਹੋ …ਤੇਰੇ ਪਤੀ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੈ… ਲੱਗਦਾ ਹੈ ਬਚ ਜਾਵੇਗਾ। ਇਹ ਉਹੀ ਡਾਕਟਰ ਸੀ ਜਿਹੜਾ ਪਹਿਲੇ ਦਿਨ ਕਹਿ ਰਿਹਾ ਸੀ ਕਿ ਉਸ ਵਿੱਚ ਕੁਝ ਨਹੀਂ ਹੈ । ਡਾਕਟਰ ਦੇ ਮੂੰਹੋਂ ਆਪਣੇ ਪਤੀ ਦੀ ਸਿਹਤ ਦੇ ਸੁਧਾਰ ਦੀ ਗੱਲ ਸੁਣ ਸੁਰਭੀ ਦੇ ਚਿਹਰੇ ਤੇ ਮੁਸਕੁਰਾਹਟ ਪਸਰ ਗਈ । ਸੁਰਭੀ ਸਭ ਨੂੰ ਫ਼ੋਨ ਤੇ ਦੱਸ ਰਹੀ ਸੀ ਕਿ ਹੁਣ ਤਿਲਕ ਖ਼ਤਰੇ ਤੋਂ ਬਾਹਰ ਹੇੈ। ਸਭ ਠੀਕ ਹੋ ਜਾਵੇਗਾ ਅਸੀਂ ਆਪਣੇ ਘਰ ਆ ਜਾਵਾਂਗੇ। ਤਿਲਕ ਨੂੰ ਵੀ ਡਾਕਟਰ ਦੀਆਂ ਗੱਲਾਂ ਸੁਣ ਤਸੱਲੀ ਹੋ ਗਈ।ਪਰ ਇਹ ਅਹਿਸਾਸ ਸ਼ਾਇਦ ਕੁਝ ਕੁ ਪਲ ਦੇ ਪ੍ਰਾਹੁਣੇ ਸਨ । ਸ਼ਾਮ ਨੂੰ ਅਚਾਨਕ ਹਸਪਤਾਲ ਵਿੱਚ ਸੰਨਾਟਾ ਪਸਰ ਗਿਆ। ਬਿਜਲੀ ਫਿਊਜ਼ ਉੱਡ ਗਿਆ ਸੀ ਸ਼ਾਇਦ । ਚਾਰੇ ਪਾਸੇ ਹਨੇਰਾ ਪਸਰ ਗਿਆ । ਇਹ ਹਨ੍ਹੇਰਾ ਸੁਰਭੀ ਦੀ ਜ਼ਿੰਦਗੀ ਵਿੱਚ ਉਮਰ ਭਰ ਲਈ ਹਨ੍ਹੇਰਾ ਭਰ ਗਿਆ । ਆਕਸੀਜਨ ਦਾ ਇਕ ਸਿਲੰਡਰ ਖਤਮ ਹੋ ਗਿਆ । ਸੁਰਭੀ ਜਿਹੜੀ ਸ਼ੁਰੂ ਤੋਂ ਆਕਸੀਜਨ ਪ੍ਰਤੀ ਬਹੁਤ ਚੌਕੰਨੀ ਸੀ ਅੱਜ ਪਤਾ ਨਹੀਂ ਉਸ ਤੋਂ ਕਿੱਥੇ ਲਾਪ੍ਰਵਾਹੀ ਹੋ ਗਈ ? ਤਿਲਕ ਦੇ ਸਾਹ ਉਖੜਨ ਲੱਗੇ। ਸੁਰਭੀ ਨਰਸਾਂ ਦੀਆਂ ਮਿੰਨਤਾਂ ਕਰਦੀ ਰਹੀ ਆਕਸੀਜਨ ਸਿਲੰਡਰ ਲਈ ਪਰ ਸਿਲੰਡਰ ਨਹੀਂ ਮਿਲਿਆ । ਹੌਲੀ ਹੌਲੀ ਤਿਲਕ ਦੇ ਸਾਹਾਂ ਦੀ ਡੋਰ ਟੁੱਟਣ ਲੱਗੀ।ਸੁਰਭੀ ਡਾਕਟਰਾਂ ਦੇ ਤਰਲੇ ਕੱਢ ਰਹੀ ਸੀ ਤਿਲਕ ਨੂੰ ਵੈਂਟੀਲੇਟਰ ਤੇ ਰੱਖਣ ਲਈ ਪਰ ਉਸਦੀ ਕੋਈ ਨਹੀਂ ਸੀ ਸੁਣ ਰਿਹਾ … ਜਿਵੇਂ ਸਭ ਨੇ ਕੰਨਾਂ ਵਿੱਚ ਲੀਰਾਂ ਤੁੰਨ ਲਈਆਂ ਹੋਣ । ਸੁਰਭੀ ਦੇ ਹਟਕੋਰਿਆਂ ਅਤੇ ਹੰਝੂਆਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸੀ ।ਉਹ ਆਪਣੇ ਪਤੀ ਨੂੰ ਮਰਦਿਆਂ ਹੋਇਆਂ ਵੇਖ ਰਹੀ ਸੀ ਬਿਨਾਂ ਆਕਸੀਜਨ ਤੋਂ ਕਿਉਂਕਿ ਆਕਸੀਜਨ ਸਿਲੰਡਰ ਕਿਤੋਂ ਨਹੀਂ ਮਿਲਿਆ ਤੇ ਦਿਨ ਚੜ੍ਹਦੇ ਨੂੰ ਤਿਲਕ ਕਿਸੇ ਹੋਰ ਹੀ ਦੁਨੀਆਂ ਵਿੱਚ ਚਲਾ ਗਿਆ ਅਤੇ ਪਿੱਛੇ ਰਹਿ ਗਿਆ ਖ਼ਾਲੀ ਬੈੱਡ । ਸੁਰਭੀ ਡਾਕਟਰ ਨੂੰ ਵੇਖ ਚੀਕ ਪਈ… ਬੈੱਡ ਖ਼ਾਲੀ ਹੋ ਗਿਆ… ਬੈੱਡ ਖ਼ਾਲੀ ਹੋ ਗਿਆ ।
ਮਨਦੀਪ ਰਿੰਪੀ …ਰੂਪਨਗਰ

...
...



Related Posts

Leave a Reply

Your email address will not be published. Required fields are marked *

2 Comments on “ਖ਼ਾਲੀ ਬੈੱਡ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)