ਕੋਈ 25 ਕੁ ਸਾਲ ਪੁਰਾਣੀ ਗੱਲ ਹੈ, ਸਾਡੇ ਘਰ ਕੋਈ ਪ੍ਰੋਗਰਾਮ ਸੀ l ਮੈਨੂੰ ਮੇਰੇ ਘਰਦਿਆਂ ਨੇ ਸਮਾਨ ਦੀ ਲਿਸਟ ਦੇ ਕੇ ਸਮਾਨ ਖਰੀਦਣ ਲਈ ਬਜਾਰ ਭੇਜ ਦਿੱਤਾ l ਬਾਜ਼ਾਰ ਪਿੰਡ ਤੋਂ ਕੋਈ 5-6 ਕਿਲੋਮੀਟਰ ਦੂਰ ਸੀ l ਬਾਜ਼ਾਰ ਤੋਂ ਸਮਾਨ ਲੈ ਕੇ ਉਸ ਨੂੰ ਇੱਕ ਬੋਰੀ ਵਿੱਚ ਪਾ ਲਿਆ ਤੇ ਸਾਈਕਲ ਦੇ ਕੈਰੀਅਰ ਨਾਲ ਸਮਾਨ ਬੰਨ ਕੇ ਘਰ ਨੂੰ ਚਾਲੇ ਪਾ ਦਿੱਤੇ l ਕੁੱਛ ਦੂਰ ਚੱਲ ਕੇ ਅੱਗੇ ਸ਼ੜਕ ਦੇ ਕਿਨਾਰੇ ਇੱਕ ਢਾਬਾ ਸੀ, ਉੱਥੇ ਇੱਕ ਦੋ ਬੰਦੇ ਮੇਰੀ ਜਾਣ -ਪਹਿਚਾਣ ਦੇ ਖੜੇ ਸੀ, ਉਹਨਾਂ ਨੇ ਮੈਨੂੰ ਉੱਥੇ ਰੋਕ ਲਿਆ ਤੇ ਉਹਨਾਂ ਨਾਲ ਬੈਠ ਕੇ ਢਾਬੇ ਤੇ ਚਾਹ ਪੀਤੀ,ਫਿਰ ਉਹਨਾਂ ਤੋਂ ਵਿਦਾ ਲੈ ਕੇ ਸਾਈਕਲ ਤੇ ਦਿੱਤੀ ਲੱਤ ਤੇ ਘਰ ਨੂੰ ਚਾਲੇ ਪਾ ਦਿੱਤੇ l
ਘਰ ਆ ਕੇ ਸਾਈਕਲ ਖੜਾ ਕੀਤਾ ਤੇ ਸਾਈਕਲ ਦੇ ਕੈਰੀਅਰ ਤੋਂ ਸਮਾਨ ਦੀ ਬੋਰੀ ਲਾਹੁਣ ਲੱਗਾ, ਪਰ ਬੋਰੀ ਗਾਇਬ l ਲੱਗਿਆ ਕਿ ਸਮਾਨ ਦੀ ਬੋਰੀ ਕਿਤੇ ਰਸਤੇ ਵਿੱਚ ਹੀ ਗਿਰ ਗਈ l ਘਰ ਵਾਲਿਆਂ ਨੂੰ ਵੀ ਸਮਾਨ ਦੀ ਬੋਰੀ ਗਾਇਬ ਹੋਣ ਵਾਰੇ ਪਤਾ ਲੱਗ ਗਿਆ, ਉਹਨਾਂ ਨੇ ਆਪਣੇ ਸਲੋਕ ਸੁਣਾਉਣੇ ਸ਼ੁਰੂ ਕਰ ਦਿੱਤੇ l...
ਮੈਂ ਦੁਵਾਰਾ ਫਿਰ ਸਾਈਕਲ ਚੁੱਕਿਆ ਤੇ ਵਾਪਿਸ ਮੁੜ ਗਿਆ ਤੇ ਰਸਤੇ ਵਿੱਚ ਬੋਰੀ ਲੱਭਦਾ ਰਿਹਾ, ਪਰ ਕਿਤੇ ਵੀ ਨਹੀਂ ਮਿਲੀ l ਆਖਰ ਨੂੰ ਸਮਾਨ ਦੀ ਬੋਰੀ ਲੱਭਦਾ -ਲੱਭਦਾ ਮੈਂ ਫਿਰ ਉਸੀ ਢਾਬੇ ਤੇ ਪੁਹੰਚ ਗਿਆ ਜਿੱਥੇ ਮੈਂ ਆਪਣੇ ਦੋਸਤਾਂ ਨਾਲ ਬੈਠ ਕੇ ਚਾਹ ਪੀਤੀ ਸੀ l ਉਹਨਾਂ ਨੂੰ ਮੈਂ ਸਾਰੀ ਕਹਾਣੀ ਦੱਸੀ ਤਾਂ ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ, “ਪਤੰਦਰਾ ਤੂੰ ਆਪਣਾ ਸਾਈਕਲ ਤਾਂ ਇੱਥੇ ਹੀ ਛੱਡ ਗਿਆ, ਔਹ ਦੇਖ ਸਾਹਮਣੇ ਖੜਾ, ਪਿੱਛੇ ਸਮਾਨ ਦੀ ਬੋਰੀ ਵੀ ਹੈ, ਤੂੰ ਕਾਹਲੀ -ਕਾਹਲੀ ਵਿੱਚ ਹੋਰ ਕਿਸੇ ਦਾ ਸਾਈਕਲ ਹੀ ਲੈ ਗਿਆ l
ਸੋ,ਫਿਰ ਮੈਂ ਓਹ ਕਿਸੀ ਦੂਸਰੇ ਦਾ ਸਾਈਕਲ ਉੱਥੇ ਖੜਾ ਕਰਕੇ,ਆਪਣਾ ਸਾਈਕਲ ਚੁੱਕਿਆ ਤੇ ਘਰ ਪੁਹੰਚ ਕੇ ਰੱਬ ਦਾ ਸ਼ੁਕਰ ਮਨਾਇਆ l
*******ਤਰਸੇਮ ਸਹਿਗਲ *****