ਅੱਖਾਂ ਪੂੰਝਦੀ ਹਸਪਤਾਲੋਂ ਬਾਹਰ ਆਈ ਉਹ ਛੇਤੀ ਨਾਲ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਅੰਦਰ ਬੈਠ ਗਈ..!
“ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਸਾਢੇ ਛੇ ਫੁੱਟ ਉੱਚਾ ਉਸਦਾ ਬਾਪ ਜਦੋਂ ਕੁੜੀਆਂ ਦੇ ਕਾਲਜ ਮੂਹਰਿਓਂ ਦੀ ਲੰਘ ਵੀ ਜਾਂਦਾ ਤਾਂ ਓਥੇ ਖਲੋਤੇ ਅਨੇਕਾਂ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ ਰੱਖ ਦੌੜ ਜਾਇਆ ਕਰਦੇ..!
ਅੱਜ ਓਸੇ ਜਿੰਦਾ ਦਿਲ ਇਨਸਾਨ ਨੂੰ ਅਨੇਕਾਂ ਤਰਾਂ ਦੇ ਡਾਕਟਰੀ ਉਪਕਰਨਾਂ ਵਿਚ ਕੈਦ ਹੋਏ ਨੂੰ ਦੇਖ ਉਸਦਾ ਹੌਕਾ ਜਿਹਾ ਨਿੱਕਲ ਗਿਆ..ਸਰੀਰ ਦੀ ਸਾਰੇ ਸਿਸਟਮ ਫੇਲ ਹੋ ਚੁਕੇ ਸਨ ਤੇ ਡਾਕਟਰਾਂ ਨੇ ਇੱਕ ਤਰਾਂ ਨਾਲ ਜੁਆਬ ਹੀ ਦੇ ਦਿੱਤਾ ਸੀ..!
ਨਿੱਕੇ ਵੀਰ ਨੇ ਜਬਰਦਸਤੀ ਏਨੀ ਗੱਲ ਆਖ ਘੱਲ ਦਿੱਤਾ ਕੇ ਤਿੰਨ ਦਿਨਾਂ ਦੀ ਉਂਨੀਂਦਰੀ ਏਂ..ਜਾ ਘਰੇ ਜਾ ਕੇ ਦੋ ਘੜੀਆਂ ਆਰਾਮ ਕਰ ਲੈ..!
ਆਟੋ ਵਿਚ ਬੈਠੀ ਨੂੰ ਮੁੜ ਮੁੜ ਭਾਪੇ ਜੀ ਦਾ ਚੇਤਾ ਆਈ ਜਾ ਰਿਹਾ ਸੀ..ਉਸਨੂੰ ਹਮੇਸ਼ਾਂ ਏਨੀ ਗੱਲ ਆਖ ਤਸੱਲੀ ਦਿੰਦਾ ਰਹਿੰਦਾ ਸੀ ਕੇ ਬੇਖੌਫ ਹੋ ਕੇ ਜਿਥੇ ਮਰਜੀ ਜਦੋਂ ਮਰਜੀ ਆਇਆ ਜਾਇਆ ਕਰ..ਕਿਸੇ ਦੀ ਕੀ ਮਜਾਲ ਕੇ ਤੇਰੀ ਵਾ ਵੱਲ ਵੀ ਤੱਕ ਜਾਵੇ..ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਹੀ ਰਹੂੰਗਾ ਰਾਣੀਏ..!
ਇਹਨਾਂ ਸੋਚਾਂ ਦੀ ਹੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਵਿਚ ਪਹੁੰਚ ਚੁਕਾ ਸੀ ਅਤੇ ਉਹ ਦੋਵੇਂ ਉਸਦਾ ਪਰਸ ਅਤੇ ਮੋਬਾਈਲ ਖੋਹਣ ਦੀ ਤਾਕ ਵਿਚ ਤਿਆਰ ਬਰ ਤਿਆਰ ਖਲੋਤੇ ਸਨ..!
ਫੇਰ ਪਰਸ ਵਿਚ ਕੁਲ ਢਾਈ ਸੌ ਰੁਪਈਏ ਅਤੇ ਸਸਤਾ ਜਿਹਾ ਮੋਬਾਈਲ ਦੇਖ ਸ਼ੈਤਾਨੀ ਹਾਸਾ ਹੱਸਦੇ ਹੋਏ ਆਖਣ ਲੱਗੇ ਕੇ ਕੋਈ ਗੱਲ ਨੀ ਅੱਜ ਦਾ ਇਹ ਘਾਟਾ ਕਿਸੇ ਹੋਰ ਤਰੀਕੇ ਪੂਰਾ ਕਰ ਲੈਂਦੇ ਹਾਂ..!
ਉਹ ਅੱਗੋਂ ਅਜੇ ਤਰਲੇ ਕਰਦੀ ਹੋਈ ਏਨਾ ਆਖ...
ਹੀ ਰਹੀ ਸੀ ਕੇ ਵੀਰੋ ਮਜਬੂਰੀ ਦੀ ਮਾਰੀ ਤੁਹਾਡੀ ਭੈਣਾਂ ਵਰਗੀ ਹਾਂ..ਮੈਨੂੰ ਜਾਣ ਦਿਓ..ਕੇ ਦੋਹਾਂ ਚੋਂ ਇੱਕ ਜਣਾ ਉਚੀ ਸਾਰੀ ਆਖ ਉਠਿਆ..ਓਏ ਭੱਜ ਓਏ..ਅਹੁ ਦੇਖ “ਦਾਰਾ ਹੌਲਦਾਰ” ਤੁਰਿਆ ਆਉਂਦਾ..ਏਨੀ ਗੱਲ ਆਖ ਉਹ ਦੋਵੇਂ ਸਾਰਾ ਕੁਝ ਓਥੇ ਹੀ ਛੱਡ ਹਨੇਰੇ ਵਿਚ ਅਲੋਪ ਹੋ ਚੁਕੇ ਸਨ..!
ਆਪਾ ਸੰਭਾਲਦੀ ਹੋਈ ਨੇ ਛੇਤੀ ਨਾਲ ਪਿੱਛੇ ਮੁੜ ਕੇ ਦੇਖਿਆ..ਪਿੱਛੇ ਤਾਂ ਕੋਈ ਵੀ ਨਹੀਂ ਸੀ..ਸਿਵਾਏ ਇੱਕ ਦੂਰ ਤੁਰੇ ਜਾ ਰਹੇ ਉਚੇ ਲੰਮੇ ਪਰਛਾਵੇਂ ਤੋਂ..!
ਉਸਨੇ ਡਿੱਗਿਆ ਹੋਇਆ ਫੋਨ ਤੇ ਬਟੂਆ ਚੁੱਕਿਆ ਅਤੇ ਵਾਹੋਦਾਹੀ ਘਰ ਵੱਲ ਨੂੰ ਦੌੜ ਪਈ..ਅਚਾਨਕ ਫੋਨ ਦੀ ਘੰਟੀ ਵੱਜ ਉੱਠੀ..!
ਨਿੱਕਾ ਵੀਰ ਸੀ..ਡੁਸਕਦੇ ਹੋਏ ਨੇ ਖਬਰ ਦਿੱਤੀ..ਭੈਣੇ ਤੁਰ ਗਿਆ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ..ਗੁਜਰ ਗਿਆ ਸਾਡਾ ਦਾਰਾ ਹੌਲਦਾਰ..!
ਪਰ ਉਹ ਏਨੀ ਗੱਲ ਸੁਣ ਕੇ ਬਿਲਕੁਲ ਵੀ ਰੋਈ ਨਹੀਂ ਸਗੋਂ ਫੋਨ ਤੇ ਹੀ ਉਚੀ ਸਾਰੀ ਆਖਣਾ ਸ਼ੁਰੂ ਕਰ ਦਿੱਤਾ ਕੇ ਭਲਾ ਉਹ ਕਿੱਦਾਂ ਜਾ ਸਕਦਾ ਏ..ਅਜੇ ਹੁਣੇ ਤਾਂ ਉਹ ਇਥੇ ਸੀ ਮੇਰੇ ਕੋਲ..ਮੈਂ ਖੁਦ ਵੇਖਿਆ ਉਸਨੂੰ ਤੁਰੇ ਜਾਂਦੇ ਨੂੰ..!
ਦੂਰ ਰੁੱਖਾਂ ਦੇ ਝੁੰਡ ਵਿਚੋਂ ਅਜੇ ਵੀ ਨਿੰਮੀ-ਨਿੰਮੀ ਅਵਾਜ ਆ ਰਹੀ ਸੀ..”ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਹੀ ਰਹੂੰਗਾ ਰਾਣੀਏ”..!
ਦੋਸਤੋ ਬਾਪ ਨਾਮ ਦੀ ਇਹ ਪ੍ਰਜਾਤੀ ਦੁਨੀਆ ਦੀ ਨਜਰ ਵਿਚ ਭਾਵੇਂ ਕਿੰਨੀ ਦੂਰ ਚਲੀ ਜਾਵੇ ਪਰ ਔਕੜ ਵੇਲੇ ਆਪਣੇ ਵੇਹੜੇ ਦੀਆਂ ਧਰੇਕਾਂ ਨੂੰ ਕਦੇ ਕੱਲਾ ਨਹੀਂ ਛੱਡਦੀ..ਜੇ ਨਹੀਂ ਯਕੀਨ ਤੇ ਕਦੇ ਭੀੜ ਪਈ ਤੇ ਇੱਕ ਵੇਰ ਵਾਜ ਮਾਰ ਕੇ ਜਰੂਰ ਵੇਖ ਲਿਆ ਜੇ..!
ਹਰਪ੍ਰੀਤ ਸਿੰਘ ਜਵੰਦਾ