More Punjabi Kahaniya  Posts
ਬਾਪੂ


ਬਾਪੂ !! 💖💖
” ਪੁੱਤ !! ਪੈਸੇ ਭਾਵੇਂ ਨਾ ਭੇਜੀੰ……. ਹਾੜਾ !! ਇਕ ਵਾਰ ਆਣਕੇ ਮਿਲ ਜਰੂਰ ਜਾ….. ਸੱਚੀ ਵਿਛੋੜੇ ਦੀ ਪੀੜ ਨੇ ਮੈਨੂੰ ਪਿੰਜ ਸੁੱਟਿਆ .. …..ਮੇਰਾ ਵਜੂਦ ਦਿਨੋ-ਦਿਨ ਕਿਰਦਾ ਜਾਂਦਾ ਇੰਝ ਲਗਦਾ ਜਿਵੇਂ ਕੁੱਝ ਖੁੱਸਦਾ -ਟੱਟਦਾ ਜਾ ਰਿਹਾ ਹੋਵੇ…..ਮਿਲਣ ਦੀ ਤਾਂਘ ਨੇ ਪਹਿਲਾਂ ਕਦੀ ਇਨ੍ਹਾਂ ਨਹੀਂ ਸੀ ਤੜਫਾਇਆ।”
ਬਾਪੂ ਦੇ ਬੋਲ ਦਰਦ ਨਾਲ ਨੱਕੋ-ਨੱਕ ਭਰੇ ਪਏ ਸਨ।
ਪ੍ਰਦੇਸਾਂ ਦਾ ਜਨ-ਜੀਵਨ ਮਨ-ਮਰਜੀ ਅਨੁਸਾਰ ਖਹਿੜਾ ਛੱਡਾਉਣ ਦੀ ਖੁੱਲ੍ਹ ਨਹੀਂ ਦੇੰਦਾ ਕਿ ਤੁਸੀਂ ਜਦ ਚਾਹੋ ਮੋਢੇ ‘ਤੇ ਸਾਫਾ ਰੱਖ ਪਿੰਡ ਨੂੰ ਚਾਲੇ ਪਾ ਦਿਓ। ਜਿੰਨੀ ਛੇਤੀ ਹੋ ਸਕਿਆ ਅਗਲੇ ਹਫਤੇ ਵਤਨ ਵਾਪਸੀ ਦੀ ਟਿਕਟ ਕਰਾ ਦਿੱਤੀ ।
ਬਾਪੂ ਦੇ ਬੋਲ ਕੰਨਾਂ ਵਿੱਚ ਗੂੰਜਦੇ ਤਾਂ ਉਦਾਸੀ ਛਾ ਜਾਂਦੀ । ਅੱਜ ਰਾਤ ਦੇ ਆਖਰੀ ਪਹਿਰ ਅਜੀਬ ਜੇਹੀ ਤਲਖੀ ਨੇ ਅੱਖ ਖੋਲ੍ਹ ਦਿੱਤੀ ਕੰਮ ਉੱਤੇ ਵੀ ਮਨ ਉੱਡਿਆ-ਉੱਡਿਆ ਸੀ…… ਬਰੇਕ ਸਮੇਂ ਚਾਹ ਦਾ ਪਹਿਲਾਂ ਘੁੱਟ ਹੀ ਭਰਿਆ ਕਿ ਫੋਨ ਦੀ ਘੰਟੀ ਖੜ੍ਹਕੀ……ਨੰਬਰ ਇੰਡੀਆ ਵਾਲੇ ਘਰਦਾ ਸੀ।
ਵੱਡੇ ਭਾਅ ਤੋਂ ਇਨ੍ਹਾਂ ਹੀ ਕਹਿ ਹੋਇਆ , “ਨਿੱਕਿਆ !! ਤੈਨੂੰ ਯਾਦ ਕਰਦਾ ਬਾਪੂ ਤੁਰ ਗਿਆ ….ਉਸਦੀ ਦੇਹ ਕੈਂਡੀ ਵਿੱਚ ਰੱਖ ਦਿੱਤੀ , ਛੇਤੀ ਬੋਹੜੀ।”
ਕਲੇਜਿਓਂ ਇਕ ਅੈਸੀ ਹਿੱਕ ਚੀਰਵੀਂ ਚੀਸ ਉੱਠੀ ਜੋ ਘਰਾਲਾਂ ਬਣ ਦੀਦਿਅਾਂ ਚੋਂ ਵਹਿ ਤੁਰੀ। ਅਚਾਨਕ ਮੈਨੂੰ ਭੁੱਬੀਂ ਡੁੱਲਦਿਆਂ ਵੇਖ ਕਮਰੇ ‘ਚ’ ਮਾਤਾਮ ਛਾ ਗਿਆ । ਨਜ਼ਦੀਕੀਆਂ ਵਲੋਂ ਹਮਦਰਦੀ ਲਈ ਦਿੱਤੇ ਨੈਪਕਿਨ ਹੰਝੂਆਂ ਦੇ ਹੜ੍ਹ ਨੂੰ ਰੋਕ ਨਾ ਸਕੇ।
ਸੱਤ ਸਮੁੰਦਰੋਂ ਪਾਰ ਜਦੋਂ ਆਪਣੇ ਪਿਆਰਿਆਂ ਦੇ ਦੁੱਖ ਦੀ ਖਬਰ ਸੁਣਨੀ ਪੈੰਦੀ ਹੈ ਤਾਂ ਇਹ ਦੁੱਖ ਭਰਿਆ ਅਹਿਸਾਸ ਕਹਿਣ...

-ਲਿਖਣ ਤੋਂ ਬਾਹਰ ਹੁੰਦਾ। ਇਹ ਮਨਹੂਸ ਖਬਰਾਂ ਸੁਣਨਵਾਲਿਆਂ ਦੀ ਰੂਹ ਤੇ ਦੇਹ ਨੂੰ ਨੋਚ ਨੋਚ ਤੇ ਚੁੰਡ-ਚੁੰਡ ਖਾਂਦੀਆਂ ਹਨ।
ਵਿਹੜੇ ਵਿੱਚ ਬਾਪੂ ਦੀ ਪਈ ਦੇਹ ਕਿਸੇ ਛੱਤਰ-ਛਾਇਆ ਵਾਲੇ ਬੋਹੜ ਦੇ ਢਹਿ ਜਾਣ ਵਾਂਗ ਸੀ। ਉਸਦੀ ਛਾਤੀ ਤੇ ਸਿਰ ਰੱਖ ਜ਼ਾਰ- ਜ਼ਾਰ ਰੋਇਆ….ਪੈਰ ਵੀ ਛੂਹੇ ਪਰ ਬਾਪੂ ਨੇ ਅੱਖਾਂ ਨਾ ਖੋਲੀ ਅਤੇ ਨਾ ਉਹ ਮਿਹਰਾਂ ਵਾਲਾ ਹੱਥ ਮੇਰੇ ਸਿਰ ‘ਤੇ ਰੱਖਿਆ …..ਜੋ ਉਹ ਅਕਸਰ ਮੇਰੇ ਜੱਫੀ ਪਾਉਣ ਵੇਲੇ ਰੱਖਿਆ ਕਰਦਾ ਸੀ ….ਸ਼ਾਇਦ ਬਾਪੂ ਆਪਣੇ ਪ੍ਰਦੇਸੀ ਪੁੱਤ ਦੇ ਲੇਟ ਹੋਣ ‘ਤੇ ਰੁੱਸ ਗਿਆ ਹੋਵੇ।
ਬਾਪੂ ਨੂੰ ਮੋਢਿਆਂ ‘ਤੇ ਚੁੱਕ ਜਦੋਂ ਗਲੀਆਂ ਚੋਂ ਗੁਜਰਿਆ ਤਾਂ ਬਚਪਨ ਦੇ ਉਹ ਪਲ ਨਾਲ ਹੋ ਤੁਰੇ… ਜੋ ਨਿੱਕੇ ਹੁੰਦਿਆਂ ਬਾਪੂ ਆਪਣੇ ਮੋਢਿਆਂ ‘ਤੇ ਬੈਠਾ ਦੁਨੀਆ ਦਾਰੀ ਦੇ ਦਰਸ਼ਨ ਕਰਵਉੰਦਾ ਇਨ੍ਹਾਂ ਰਾਹਾਂ ਤੋਂ ਲੰਘਦਾ ਹੁੰਦਾ ਸੀ।
ਪਾਠ ਦਾ ਭੋਗ ਪਿਆ ਤਾਂ ਸ਼ਰੀਕਾ -ਭਾਈਚਾਰਾ , ਸਾਕ-ਅੰਗ ਤੇ ਨਜ਼ਦੀਕੀ ਆਖਰੀ ਅਰਦਾਸ ਵਿੱਚ ਹੁੰਮ ਹਾਮਾ ਕੇ ਪੁੱਜੇ। ਹਰ ਕੋਈ ਹੱਡਭੰਨਵੇਂ ਮਿਹਨਤੀ ਤੇ ਦਸਾਂ ਨੁਹਾਂ ਦੇ ਕਿਰਤੀ ਦੀ ਸਿਫਤ ਕਰਦਾ ਤਾਂ ਮਾਣ ਮਹਿਸੂਸ ਹੁੰਦਾ ।
ਬਾਪੂ ਦੇ ਪਾਠ ਦਾ ਭੋਗ ਕੀ ਪਿਆ… .ਪਿਓ+ ਪੁੱਤ ਦੇ ਨਿਆਰੇ ਰਿਸ਼ਤੇ ਦਾ ਸਦਾ ਲਈ ਭੋਗ ਪੈ ਗਿਆ। ਬਾਪੂ ਨੂੰ ਮਿਲਣ ਦੀ ਤਾਂਘ ਖਾਲੀ ਹੱਥ ਨਿਰਾਸ਼ ਤੇ ਉਦਾਸ ਹੋਈ , ਜਹਾਜ ਵਿੱਚ ਮੇਰੇ ਨਾਲ ਹੀ ਪ੍ਰਦੇਸ ਪਰਤ ਆਈ।
✍:- ਗੁਰਨਾਮ ਨਿੱਜਰ

Photo Credit : Google

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)