ਕਰਜੇ

1

ਜੰਮੂ ਤੋਂ ਆਖਰੀ ਬੱਸ ਮਿੱਥੇ ਟਾਈਮ ਤੋਂ ਕਾਫੀ ਲੇਟ ਆਈ ਸੀ..
ਬਹੁਤ ਘੱਟ ਸਵਾਰੀਆਂ ਉੱਤਰੀਆਂ..ਹੌਲੀ ਜਿਹੀ ਉਮਰ ਦੀ ਇੱਕ ਕੁੜੀ ਏਧਰ ਓਧਰ ਤੱਕ ਰਹੀ ਸੀ!
ਆਟੋ ਉਸਦੇ ਕੋਲ ਹੀ ਲੈ ਗਿਆ..
ਪੁੱਛਿਆ ਕਿਥੇ ਜਾਣਾ?..ਆਖਣ ਲੱਗੀ “ਕਿਸੇ ਨੇ ਲੈਣ ਆਉਣਾ..ਸ਼ੁਕਰੀਆ”
ਕੱਲੀ ਕਾਰੀ ਕੁੜੀ..ਉੱਤੋਂ ਸਿਆਲਾਂ ਦੀ ਸ਼ਾਮ..ਫੋਨ ਵੀ ਨਹੀਂ ਸੀ ਕੋਲ ਉਸਦੇ..!
ਮੈਂ ਆਟੋ ਓਥੇ ਹੀ ਖਲਿਆਰੀ ਰੱਖਿਆ..
ਕੁਝ ਚਿਰ ਓਥੇ ਖਲੋਤੀ ਉਡੀਕਦੀ ਰਹੀ ਫੇਰ ਆਪ ਹੀ ਮੇਰੇ ਕੋਲ ਆ ਕੇ ਆਖਣ ਲੱਗੀ ਕੇ ਰੇਲਵੇ ਸਟੇਸ਼ਨ ਸਾਮਣੇ ਹੋਟਲ ਜਾਣਾ..
ਪਿਛਲੀ ਸੀਟ ਤੇ ਬੈਠੀ ਦੇ ਹਾਵ ਭਾਵ ਵੇਖ ਤਰੀਕੇ ਜਿਹੇ ਨਾਲ ਕੁਝ ਸਵਾਲ ਪੁੱਛ ਲਏ
ਸ਼੍ਰੀਨਗਰ ਤੋਂ ਇਥੇ ਕਿਸੇ ਵਾਕਿਫ਼ਕਾਰ ਨੂੰ ਮਿਲਣ ਆਈ ਸੀ..
ਹੁਣ ਮੈਨੂੰ ਅਸਲ ਕਹਾਣੀ ਕੁਝ-ਕੁਝ ਸਮਝ ਵਿਚ ਆਉਣ ਲੱਗੀ..
ਟੇਸ਼ਨ ਲਾਗੇ ਚੋਰ ਬਜਾਰ ਕੋਲ ਬਣੇ ਇੱਕ ਨਿੱਕੇ ਜਿਹੇ ਹੋਟਲ ਅੱਗੇ ਆਟੋ ਰੁਕਵਾ ਲਿਆ..
ਮੈਂ ਸਲਾਹ ਦਿੱਤੀ ਕੇ ਸਮਾਨ ਇਥੇ ਹੀ ਛੱਡ ਜਾ..ਜਦੋਂ ਅਗਲਾ ਮਿਲ ਜਾਵੇ ਤਾਂ ਇਸ਼ਾਰਾ ਕਰ ਦੇਵੀਂ..ਮੈਂ ਅੰਦਰ ਲੈ ਆਵਾਂਗਾ..!
ਕੁਝ ਦੇਰ ਬਾਅਦ ਅੱਖਾਂ ਪੂੰਝਦੀ ਹੋਈ ਆਈ ਤੇ ਮੁੜ ਆਟੋ ਵਿਚ ਆਣ ਬੈਠੀ..ਪੰਝਾਹ ਕੂ ਸਾਲ ਦਾ ਇੱਕ ਭਾਈ ਵੀ ਭੱਜਾ-ਭੱਜਾ ਮਗਰੇ ਹੀ ਆ ਗਿਆ..!
ਕੋਲ ਆ ਕੇ ਆਖਣ ਲੱਗਾ..ਰੁਬੀਨਾ ਮੈਂ ਹੀ ਹਾਂ “ਹੈਦਰ”..ਪ੍ਰੋਫ਼ਾਈਲ ਤੇ ਤਸਵੀਰ ਤਾਂ ਮੇਰੇ ਭਤੀਜੇ ਦੀ ਹੈ..ਪਰ ਮੈਂ ਤੈਨੂੰ ਅਜੇ ਵੀ ਓਨਾ ਹੀ ਪਿਆਰ ਕਰਦਾ ਹਾਂ!
ਏਨੀ ਗੱਲ ਸੁਣ ਮੈਂ ਆਟੋ ਤੋਂ ਹੇਠਾਂ ਉੱਤਰ ਆਇਆ ਤੇ ਉਸ ਵੱਲ ਵਧਿਆ..ਮਸਲਾ ਖੜਾ ਹੁੰਦਾ ਦੇਖ ਉਹ ਵਾਪਿਸ ਮੁੜ ਕਿਧਰੇ ਤੰਗ ਜਿਹੀ ਗਲੀ ਵਿਚ ਅਲੋਪ ਹੋ ਗਿਆ..!
ਹੁਣ ਉਹ ਕੁਝ ਦੇਰ ਖਾਮੋਸ਼ ਬੈਠੀ ਰਹੀ..ਫੇਰ ਪੁੱਛਿਆ “ਹੁਣ ਕਿਥੇ ਜਾਵੇਂਗੀ”?
ਹੁਣ ਉਹ ਗੋਡਿਆਂ ਵਿਚ ਸਿਰ ਦੇ ਕੇ ਰੋਣ ਲੱਗ ਪਈ..ਮੈਂ ਉਸਦੇ ਸਿਰ ਤੇ ਹੱਥ ਫੇਰ ਉਸਦੇ ਪਿਓ ਦਾ ਨਾਮ ਅਤੇ ਨੰਬਰ ਮੰਗਿਆ..
ਫੇਰ ਓਸੇ ਵੇਲੇ ਸ਼੍ਰੀਨਗਰ ਨੂੰ ਫੋਨ ਲਾਇਆ..ਆਖਿਆ “ਮਹਿਮੂਦ ਭਾਈ ਜਾਨ ਅੰਮ੍ਰਿਤਸਰੋਂ ਬੋਲਦਾ ਹਾਂ..ਤੁਹਾਡੀ ਧੀ ਮੇਰੀ ਧੀ ਦੀ ਸਹੇਲੀ ਏ ਤੇ...

ਸ਼ਾਇਦ ਥੋਨੂੰ ਬਿਨਾ ਦਸਿਆਂ ਹੀ ਇਥੇ ਉਸਨੂੰ ਮਿਲਣ ਇਥੇ ਆ ਗਈ ਏ..
ਇਸ ਵੇਲੇ ਹਿਫਾਜਤ ਨਾਲ ਸਾਡੇ ਕੋਲ ਹੀ ਏ..ਕੋਈ ਫਿਕਰ ਨਾ ਕਰਨਾ”
ਏਨੀ ਗੱਲ ਸੁਣ ਘਰ ਵਿਚ ਪਰਤ ਆਇਆ ਬੇਅੰਤ ਖੁਸ਼ੀ ਦਾ ਮਾਹੌਲ ਫੋਨ ਤੇ ਮੈਨੂੰ ਸਾਫ-ਸਾਫ ਸੁਣਾਈ ਦੇ ਰਿਹਾ ਸੀ..
ਫੇਰ ਜਦੋਂ ਦੁਆਵਾਂ ਅਤੇ ਸ਼ੁਕਰਾਨਿਆਂ ਦਾ ਸਿਲਸਿਲਾ ਮਾੜਾ ਜਿਹਾ ਥੰਮਿਆਂ ਤਾਂ ਮਹਮੂਦ ਆਖਣ ਲੱਗਾ ਕੇ ਉਹ ਅਗਲੀ ਸੁਵੇਰ ਹੀ ਪਹਿਲੀ ਬੱਸੇ ਚੜ ਅਮ੍ਰਿਤਸਰ ਅੱਪੜ ਜਾਵੇਗਾ!
ਫੇਰ ਦੋ ਦਿਨ ਕੋਲ ਹੀ ਰਹੇ..ਜਦੋਂ ਤੀਜੇ ਦਿਨ ਦੋਵੇਂ ਪਿਓ ਧੀ ਜੰਮੂ ਵਾਲੀ ਬਸ ਤੇ ਚੜ੍ਹਨ ਲੱਗੇ ਤਾਂ ਮੇਰੇ ਕੋਲੋਂ ਨਾ ਹੀ ਰਿਹਾ ਗਿਆ..
ਸਾਰੀ ਅਸਲ ਗੱਲ ਦੱਸ ਦਿੱਤੀ..ਹੁਣ ਮਹਮੂਦ ਕੋਲੋਂ ਗੱਲ ਨਾ ਕੀਤੀ ਜਾਵੇ..ਮੇਰੇ ਪੈਰੀਂ ਪੈ ਗਿਆ..ਬੱਸ ਵਾਰ-ਵਾਰ ਏਹੀ ਏਹੀ ਗੱਲ ਆਖੀ ਜਾਵੇ..”ਸ਼ੁਕਰੀਆ ਤੁਹਾਡਾ ਅਤੇ ਤੁਹਾਡੀ ਕੌਮ ਦਾ ਜਿਸਨੇ ਸ਼੍ਰੀਨਗਰ ਦੇ ਇੱਕ ਗਰੀਬ ਮੁਸਲਮਾਨ ਦੀ ਇੱਜਤ ਨੂੰ ਆਪਣੀ ਚਾਦਰ ਨਾਲ ਢੱਕੀ ਰਖਿਆ”..”ਅੱਲਾ ਪਾਕ ਤੁਹਾਡੀ ਝੋਲੀ ਮੇਰੇ ਹਿੱਸੇ ਦੀਆਂ ਸਾਰੀਆਂ ਰਹਿਮਤਾਂ ਨਾਲ ਨੱਕੋ ਨੱਕ ਭਰ ਦੇਵੇੇ..”
ਏਨੇ ਨੂੰ ਕੰਡਕਟਰ ਕਾਹਲਾ ਪੈ ਗਿਆ ਤੇ ਉਸਨੇ ਉਚੀ ਸਾਰੀ ਸੀਟੀ ਮਾਰ ਬੱਸ ਤੋਰ ਲਈ..!
ਅੱਖੋਂ ਓਹਲੇ ਹੁੰਦੀ ਜਾਂਦੀ ਬੱਸ ਦੀ ਬਾਰੀ ਵਿਚੋਂ ਦੂਰ ਤੱਕ ਹਿੱਲਦੇ ਜਾਂਦੇ ਸ਼ੁਕਰਾਨੇ ਵਾਲੇ ਹੱਥਾਂ ਨੂੰ ਵੇਖ ਅੰਦਰੋਂ ਇੱਕ ਵਾਜ ਜਿਹੀ ਨਿੱਕਲੀ ਕੇ “ਭਰਾਵਾਂ ਕਾਹਦਾ ਇਹਸਾਨ..ਮੈਂ ਤੇ ਸਗੋਂ ਖੁਦ ਤੇਰਾ ਸ਼ੁਕਰਗੁਜ਼ਾਰ ਹਾਂ ਜਿਸਨੇ ਮੈਨੂੰ ਪਹਾੜ ਜਿੱਡੇ ਇੱਕ ਉਸ ਕਰਜੇ ਦੀ ਨਿੱਕੀ ਜਿਹੀ ਕਿਸ਼ਤ ਮੋੜਨ ਦਾ ਮੌਕਾ ਬਖਸ਼ਿਆ ਏ ਜਿਹੜਾ ਕੁਝ ਵਰੇ ਪਹਿਲਾਂ ਇੱਕ ਰਹਿਮ ਦਿਲ ਸ਼ੇਖ ਨੇ ਕਨੇਡਾ ਦਾ ਲਾਰਾ ਲਾ ਕੇ ਧੋਖੇ ਨਾਲ ਉਸਦੇ ਮੁਲਖ ਕੁਵੈਤ ਭੇਜ ਦਿੱਤੀ ਗਈ ਮੇਰੀ ਸਕੀ ਭਾਣਜੀ ਨੂੰ ਆਪਣੇ ਖਰਚੇ ਤੇ ਵਾਪਿਸ ਅਮ੍ਰਿਤਸਰ ਭੇਜ ਮੇਰੇ ਸਿਰ ਚਾੜਿਆ ਸੀ!
ਸੋ ਦੋਸਤੋ ਜਿੰਦਗੀ ਵਿੱਚ ਸਿਰ ਚੜੇ ਕੁਝ ਕਰਜੇ ਐਸੇ ਵੀ ਹੁੰਦੇ ਜਿਹਨਾਂ ਦੇ ਵਿਆਜ ਦੀ ਤਾਂ ਗੱਲ ਹੀ ਛੱਡੋ..ਮੂਲ ਦੀ ਪਹਿਲੀ ਕਿਸ਼ਤ ਮੋੜਦਿਆਂ ਹੀ ਉਮਰਾਂ ਲੰਘ ਜਾਂਦੀਆਂ ਨੇ!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. ninder

    very nice

  2. Kuldeep kaur

    very nice 👍

Like us!