ਹਰ ਬੰਦਾ ਆਪਣੀ ਰੋਜ਼ੀ-ਰੋਟੀ ਤੇ ਪਰਿਵਾਰ ਦੀ ਖ਼ਾਤਿਰ ਕੋਈ ਨਾਂ ਕੋਈ ਹੀਲਾ ਜ਼ਰੂਰ ਕਰਦਾ । ਕੋਈ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਦਾ ਤੇ ਕੋਈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਦੇਸ ਵਿੱਚ ਜਾ ਕੇ ਕਮਾਈ ਲਈ ਕੋਈ ਕੰਮ ਕਰਦਾ । ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੀ ਇਹ ਵਰਤਾਰਾ ਚੱਲ ਰਿਹਾ ਜਿਸਦੇ ਬਹੁਤ ਸਾਰੇ ਕਾਰਨ ਹਨ ਪਰ ਇਹਦੇ ਵਿੱਚੋਂ ਜੋ ਖੱਟਿਆ ਜਾਂ ਗੁਆਇਆ,ਮੈਂ ਉਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ।
ਮੈਂ ਸਾਡੇ ਪਿੰਡ ਤੋਂ 15 ਕੁ ਮੀਲ ਦੂਰ ਇੱਕ ਪਿੰਡ ਵਿੱਚ ਕਿਸੇ ਦੀ ਕੋਠੀ ਵਿੱਚ ਕੈਮਰੇ ਲਾਉਣ ਗਿਆ । ਮੇਰੇ ਇੱਕ ਮਿੱਤਰ ਨੇ ਉਹਨਾਂ ਨਾਲ ਮੇਰੀ ਕੈਮਰੇ ਲਗਾਉਣ ਲਈ ਗੱਲ ਕਰਵਾਈ ਸੀ । ਕੋਠੀ ਕਾਫ਼ੀ ਸਮੇਂ ਤੋਂ ਬਣੀ ਹੋਈ ਸੀ ਤੇ ਉਸ ਉੱਪਰ ਕਾਫ਼ੀ ਖਰਚਾ ਕੀਤਾ ਹੋਇਆ ਸੀ । ਜਦੋਂ ਮੈਂ ਆਪਣੇ ਨਾਲ ਇੱਕ ਹੋਰ ਕੰਮ ਵਾਲੇ ਨੂੰ ਲੈ ਕੇ ਉਹਨਾਂ ਦੇ ਘਰ ਪਹੁੰਚਿਆ ਤਾਂ ਉਸ ਘਰ ਦੇ ਬਜ਼ੁਰਗ ਮਾਲਿਕ ਨੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾ ਕੇ ਸਾਡਾ ਸਵਾਗਤ ਕੀਤਾ । ਬਜ਼ੁਰਗ ਬਹੁਤ ਹੀ ਚੰਗੇ ਸੁਬਾਹ ਦਾ ਸੀ ਤੇ ਲੱਗਭੱਗ ਮੇਰੇ ਦਾਦੇ ਦੀ ਉਮਰ ਦਾ ਸੀ । ਉਸ ਕੋਠੀ ਦੇ ਨਾਲ ਹੀ ਇੱਕ ਉਹਨਾਂ ਦਾ ਪੁਰਾਣਾ ਘਰ ਸੀ ਜਿੱਥੇ ਸਾਨੂੰ ਉਹਨਾਂ ਪਹਿਲਾਂ ਚਾਹ ਪਾਣੀ ਪਿਲਾਇਆ ਤੇ ਸਾਡਾ ਨਾਂ ਤੇ ਪਿੰਡ ਦਾ ਨਾਂ ਪੁੱਛਿਆ । ਉਸ ਘਰ ਵਿੱਚ ਸਿਰਫ਼ ਉਹ ਬਜ਼ੁਰਗ , ਉਹਦੀ ਘਰਵਾਲੀ ਤੇ ਇੱਕ ਉਹਨਾਂ ਦੀ ਕੁੜੀ ਜੋ ਕਿ ਅਪਾਹਜ ਸੀ । ਉਹ ਬੋਲ ਸੁਣ ਨਹੀਂ ਸੀ ਸਕਦੀ ਤੇ ਨਾਂ ਇਕੱਲੀ ਤੁਰ ਫਿਰ ਸਕਦੀ ਸੀ । ਅਸੀੰ ਚਾਹ ਪੀ ਕੇ ਕੰਮ ਕਰਨ ਲਈ ਕੋਠੀ ਅੰਦਰ ਗਏ । ਥੋੜੇ ਦਿਨ ਪਹਿਲਾਂ ਮੈਂ ਆਪਣੇ ਦੋਸਤ ਨਾਲ ਆ ਕੇ ਕੈਮਰੇ ਲਾਉਣ ਵਾਲੀ ਜਗ੍ਹਾ ਤੇ ਸਮਾਨ ਦਾ ਮੁਆਇਨਾਂ ਕਰਕੇ ਲੈ ਗਿਆ ਸੀ । ਮੈਂ ਦੇਖਿਆ ਕਿ ਕੋਠੀ ਅੰਦਰ ਹੋਰ ਵੀ ਕੰਮ ਚੱਲ ਰਿਹਾ ਸੀ ।ਕੋਠੀ ਪਹਿਲਾਂ ਹੀ ਅੰਦਰੋਂ ਬਹੁਤ ਸੋਹਣੀ ਬਣੀ ਹੋਈ ਸੀ । ਮੈਂ ਬਜ਼ੁਰਗ ਨੂੰ ਵੈਸੇ ਹੀ ਪੁੱਛ ਲਿਆ ਕਿ ਕੰਧਾਂ ਉਪੱਰ ਏਨਾਂ ਸੋਹਣਾ ਰੰਗ ਹੋਇਆ ਤੇ ਛੱਤ ਉਪਰ ਪੀ.ਓ.ਪੀ ਦੇ ਏਨੇ ਸੋਹਣੇ ਡਿਜ਼ਾਇਨ ਬਣੇ ਹੋਏ ਨੇ , ਫਿਰ ਵੀ ਤੁਸੀਂ ਉੱਪਰ ਪੀ.ਵੀ.ਸੀ ( ਪਲਾਸਟਿਕ ) ਸ਼ੀਟਾ ਲਵਾ ਰਹੇ ਓਂ । ਬਜ਼ੁਰਗ ਕਹਿੰਦਾ ਭਾਈ ਜਿੱਦਾ ਬਾਹਰ ਵਾਲਾ ਕਹਿੰਦਾ ਅਸੀਂ ਕਰੀ ਜਾਨੇ ਆ ।ਅਸੀਂ ਤਾਂ ਹੁੱਕਮ ਦੇ ਬੱਧੇ ਆਂ । ਮੈਂਨੂੰ ਇਹ ਸੁਣ ਕੇ ਇੰਝ ਲੱਗਾ ਜਿਵੇਂ ਉਹਨਾਂ ਦਾ ਕੋਈ ਜ਼ਖਮ ਤਾਜਾ ਕਰ ਦਿੱਤਾ ਹੋਵੇ ।
ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਕਾਫ਼ੀ ਸਾਲਾ ਤੋਂ ਜਰਮਨ ਰਹਿੰਦਾ ਹੈ । ਉਸਨੇ ਗੋਰੀ ਨਾਲ ਵਿਆਹ ਕਰਵਾਇਆ ਤੇ ਉਸਦੇ ਬੱਚੇ ਵੀ ਹਨ । ਸਾਲਾਂ ਬੱਧੀਂ ਕਿਤੇ ਇੱਕ ਚੱਕਰ ਮਾਰਦਾ । ਬਜ਼ੁਰਗ ਦਾ ਮਨ ਬਹੁਤ ਭਰਿਆ ਪਿਆ ਸੀ । ਜਿਵੇਂ ਆਪਣਾ ਦਿਲ ਹੌਲਾ ਕਰਨਾਂ ਚਾਹੁੰਦਾ ਹੋਵੇ । ਉਸਨੇ ਦੱਸਿਆ ਕਿ ਉਸਦੇ ਪੋਤੇ – ਪੋਤਰੀ...
ਨੂੰ ਪੰਜਾਬੀ ਨਹੀਂ ਆਉਦੀਂ । ਉਹਨਾਂ ਨਾਲ ਗੱਲ ਵੀ ਨੀਂ ਕਰ ਸਕਦਾ ਬਸ ਵੀਡਿਓ ਕਾਲ ਤੇ ਕਦੇ ਕਦਾਈ ਦੇਖ ਕੇ ਖੁਸ਼ ਹੋ ਲੈਨਾਂ ।ਉਹ ਖੁਦ ਹਰ ਸਾਲ ਆਉਣ ਦਾ ਲਾਰਾ ਲਾ ਦਿੰਦਾ । ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਨੇ ਬਹੁਤ ਪੈਸਾ ਕਮਾਇਆ ਤੇ ਇੱਥੇ ਹਰ ਸਾਲ ਦੋ ਜਾਂ ਤਿੰਨ ਕਿਲ੍ਹੇ ਜ਼ਮੀਨ ਖਰੀਦ ਦੇਂਦਾ ਸਾਨੂੰ । ਭਲਾ ਕੋਈ ਪੁੱਛਣ ਵਾਲਾ ਹੋਵੇ ਬਈ ਅਸੀਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਨੂੰ ਚੱਟਣਾ । ਜਿਸ ਉਮਰ ਵਿੱਚ ਉਹਨੂੰ ਸਾਡੇ ਕੋਲ ਰਹਿ ਕੇ ਘਰ ਦੀ ਜ਼ਿੰਮੇਦਾਰੀ ਸੰਭਾਲਣੀ ਚਾਹੀਦੀ ਉਸ ਉਮਰ ਵਿੱਚ ਇਹ ਭਾਰ ਸਾਡੇ ਮੋਢਿਆਂ ਤੇ ਪਾ ਰਿਹਾ । ਸਾਡੀ ਅਸਲ ਜਾਇਦਾਦ ਤਾਂ ਉਹੀ ਸੀ । ਉਹਦੇ ਬਿਨਾਂ ਇਹ ਸਬ ਮਿੱਟੀ ਐ ।
ਉਸ ਬਜ਼ੁਰਗ ਦੀਆਂ ਗੱਲਾਂ ਵਿੱਚ ਬਿਲਕੁੱਲ ਸੱਚਾਈ ਸੀ । ਬਹੁਤ ਸਾਰੇ ਘਰਾਂ ਦੀ ਇਹੋਂ ਕਹਾਣੀ ਹੈ । ਸ਼ਾਇਦ ਹੀ ਕੋਈ ਸ਼ੌਕ ਨੂੰ ਪਰਦੇਸ ਜਾਣਾ ਚਾਹੁੰਦਾ ਹੋਵੇ, ਜਿਆਦਾਤਰ ਤਾਂ ਮਜ਼ਬੂਰੀਆਂ ਵੱਸ ਪੈ ਕੇ ਹੀ ਘਰ ਛੱਡਦੇ ਨੇ ।ਅਸੀਂ ਆਪਣੀਆਂ ਲੋੜਾਂ ਨੂੰ ਏਨਾਂ ਵੱਡਾ ਕਰ ਲਿਆ ਕਿ ਜਿਸ ਜ਼ਿੰਦਗੀ ਨੂੰ ਹੋਰ ਸੁਖਾਲਾ ਕਰਨ ਲਈ ਅਸੀਂ ਕਮਾਈ ਕਰ ਰਹੇ ਹਾਂ ਉਸੇ ਨੂੰ ਹੀ ਜਿਉਣਾ ਭੁੱਲ ਗਏ । ਸਾਡਾ ਖੁਦ ਲਈ ਟਾਈਮ ਕੱਢਣਾ ਵੀ ਮੁਸ਼ਕਿਲ ਹੋ ਗਿਆ । ਬਹੁਤ ਘਰ ਇਹਨਾਂ ਝਗੜਿਆਂ ਕਰਕੇ ਟੁੱਟ ਵੀ ਜਾਂਦੇ ਹਨ ।ਕਈਆਂ ਨੂੰ ਤਾਂ ਬਜ਼ੁਰਗ ਇੱਕ ਬੋਂਝ ਵਾਂਗ ਲੱਗਦੇ ਹਨ ।ਇਸੇ ਲਈ ਉਹ ਅੱਡ ਰਹਿਣ ਲੱਗ ਪੈਂਦੇ ਹਨ । ਪਰ ਅਸੀਂ ਇਹ ਕਿਉਂ ਭੁਲਦੇ ਜਾਨੇ ਹਾਂ ਕਿ ਬਜ਼ੁਰਗ ਘਰ ਦੀਆਂ ਜੜ੍ਹਾਂ ਹੁੰਦੇ ਨੇ । ਉਹਨਾਂ ਨੂੰ ਵੀ ਉਹਨਾਂ ਦੇ ਬੱਚਿਆਂ ਦੇ ਸਹਾਰੇ ਦੀ ਉਨੀੰ ਹੀ ਲੋੜ ਹੁੰਦੀ ਐ ਜਿੰਨੀਂ ਇੱਕ ਛੋਟੀ ਉਮਰ ਦੇ ਬੱਚੇ ਨੂੰ ਆਪਣੇ ਮਾਂ ਪਿਉ ਦੇ ਸਹਾਰੇ ਦੀ ।ਬੇਸ਼ੱਕ ਪਰਦੇਸ ਵਿੱਚ ਸਾਡੇ ਲੋਕਾਂ ਬਹੁਤ ਕੁੱਝ ਕਮਾਂ ਲਿਆ ਤੇ ਆਪਣੀ ਹਰ ਲੋੜ ਨੂੰ ਵੱਧ ਤੋਂ ਵੱਧ ਪੂਰਾ ਕੀਤਾ। ਅੱਜ ਪੰਜਾਬ ਦੇ ਬਹੁਤ ਘਰ ਅਜਿਹੇ ਨੇ ਜਿੱਥੇ ਬਜ਼ੁਰਗਾਂ ਤੋਂ ਇਲਾਵਾ ਕੋਈ ਜਵਾਨ ਮੁੰਡਾ ਜਾਂ ਕੁੜੀ ਨਹੀਂ ।ਬਹੁਤ ਸਾਰੇ ਅਜਿਹੇ ਵਿਆਹੇ ਹੋਏ ਲੋਕਾਂ ਵਿਚਕਾਰ ਇਹ ਸਮੁੰਦਰਾਂ ਦੇ ਪੈਂਡੇ ਨੇ ।ਆਪਣੇ ਛੋਟੇ -ਛੋਟੇ ਬੱਚਿਆਂ ਨੂੰ ਛੱਡ ਕੇ ਪਰਦੇਸ ਗਿਆ ਬੰਦਾ ਸਾਰੀ ਉਮਰ ਕਮਾਈ ਕਰਦਾ ਤੇ ਇਸੇ ਸਮੇਂ ਦੇ ਚਲਦਿਆਂ ਕਦੋਂ ਉਹਦੇ ਬੱਚੇ ਜਵਾਨ ਹੋ ਗਏ ਤੇ ਵਿਆਹੇ ਵੀ ਗਏ , ਉਹਨੂੰ ਪਤਾ ਵੀ ਨੀਂ ਚੱਲਦਾ । ਇੰਨੇ ਸਾਲ ਆਪਣੇ ਪਤੀ ਜਾਂ ਪਤਨੀ ਤੋਂ ਦੂਰ ਰਹਿਣ ਦਾ ਗ਼ਮ ਜਿਸ ਨੇ ਹੰਢਾਇਆ ਹੋਵੇ, ਇਹ ਬਸ ਉਹੀ ਸਮਝ ਸਕਦਾ । ਇਸ ਤੋਂ ਇਲਾਵਾ ਸਾਡਾ ਵਿਰਸਾ , ਬੋਲੀ , ਪਹਿਰਾਵਾ ਸਬ ਹੌਲੀ -ਹੌਲੀ ਮੁੱਠੀ ਵਿੱਚੋਂ ਰੇਤ ਵਾਂਗ ਤਿਲਕ ਰਿਹਾ ।
ਪ੍ਰੀਤ ਖਿੰਡਾ
ਵਾਟਾਂਵਾਲੀ ਕਲਾਂ