More Punjabi Kahaniya  Posts
ਆਪਸੀ ਗੱਲ ਬਾਤ


ਪਿਤਾ ਜੀ ਮਿਲਿਟਰੀ ਵਿੱਚ ਹੋਣ ਕਰਕੇ ਸ਼ੁਰੂ ਵਿੱਚ ਹੀ ਕਾਨਵੈਂਟ ਸਕੂਲ ਵਿੱਚ ਪੜੀ ਸਾਂ..
ਇੰਡੀਆ ਵਿੱਚ ਕੰਮ ਬਿਲਕੁਲ ਵੀ ਨਹੀਂ ਸੀ ਕੀਤਾ..
ਏਧਰ ਆ ਕੇ ਪਹਿਲੇ ਸਾਲ ਬੇਟੀ ਹੋ ਗਈ..ਸਾਰਾ ਧਿਆਨ ਉਸ ਵੱਲ ਹੋ ਗਿਆ..!
ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ..
ਅਖੀਰ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ..ਕੰਮ ਥੋੜਾ ਸਖਤ ਸੀ..ਥੱਲੇ ਲੈਵਲ ਤੇ ਪਾਲੀਟਿਕਸ ਵੀ ਬਹੁਤ ਚੱਲਿਆ ਕਰਦੀ..ਖਪੇ-ਤਪੇ ਘਰੇ ਆਉਂਦੇ..ਜੋ ਹੋਈ ਬੀਤੀ ਸਭ ਦੱਸ ਦਿਆ ਕਰਦੇ..ਪੂਰਾਣੀ ਨੂੰ ਯਾਦ ਕਰ ਅਕਸਰ ਉਦਾਸ ਹੋ ਜਾਇਆ ਕਰਦੇ..ਹਰ ਵੇਲੇ ਆਖਿਆ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਏ..!
ਫੇਰ ਬੇਟੀ ਥੋੜੀ ਵੱਡੀ ਹੋ ਗਈ..
ਇਸਨੂੰ ਡੇ ਕੇਅਰ ਵਿਚ ਛੱਡ ਪਾਰਟ ਟਾਈਮ ਨੌਕਰੀ ਕਰ ਲਈ..ਫੇਰ ਫੁਲ ਟਾਈਮ ਹੋ ਗਈ..!
ਫੇਰ ਛੇਤੀ ਹੀ ਅੱਸੀਸਟੇਂਟ ਮੈਨੇਜਰ ਬਣਾ ਦਿੱਤੀ ਗਈ..
ਪੈਸਿਆਂ ਪੱਖੋਂ ਵੀ ਥੋੜਾ ਸਾਹ ਸੌਖਾ ਹੋ ਗਿਆ..!
ਸ਼ੁਰੂ ਸ਼ੁਰੂ ਵਿੱਚ ਇਹ ਕਾਫੀ ਖੁਸ ਹੋਇਆ ਕਰਦੇ ਪਰ ਮਗਰੋਂ ਹੋਲੀ ਹੌਲੀ ਸੁਭਾ ਵਿੱਚ ਥੋੜਾ ਫਰਕ ਪੈ ਗਿਆ..!
ਮੇਰਾ ਮੈਨੇਜਰ ਇੱਕ ਪੰਜਾਬੀ ਭਾਈ ਸੀ..ਅਕਸਰ ਪੁੱਛਿਆ ਕਰਦੇ ਕੇ ਹੋਰ ਗੋਰੀਆਂ ਵੀ ਤੇ ਹੈਨ..ਹੈ ਵੀ ਤੈਥੋਂ ਪੂਰਾਣੀਆਂ..ਪਰ ਤੇਰੀ ਤਰੱਕੀ ਕਿੱਦਾਂ ਹੋ ਗਈ?
ਕਈ ਵਾਰ ਅਚਨਚੇਤ ਮੇਰੇ ਕੰਮ ਤੇ ਆ ਜਾਇਆ ਕਰਦੇ..
ਸਰਵਿਸ ਏਰੀਆ ਵੱਲ ਕੰਮ ਕਰਦੀ ਨੂੰ ਬੈਠੇ ਵੇਖਦੇ ਰਹਿੰਦੇ..ਬਾਕੀ ਜਿਹਨਾਂ ਨੂੰ ਇਹਨਾਂ ਬਾਰੇ ਪਤਾ ਸੀ..ਅਕਸਰ ਹੈਰਾਨ ਹੁੰਦੀਆਂ..ਦੱਬੀ ਜੁਬਾਨ ਵਿਚ ਸਵਾਲ ਪੁੱਛਦੀਆਂ..ਕਈਆਂ ਦੇ ਜੁਆਬ ਮੇਰੇ ਕੋਲ ਨਹੀਂ ਸਨ ਹੁੰਦੇ..!
ਫੇਰ ਘੁਟਣ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ..
ਕਲੇਸ਼ ਵੀ ਰਹਿਣ ਲੱਗ ਪਿਆ..ਪਤਾ ਨਹੀਂ ਇਹਨਾ ਨੂੰ ਕੰਮ ਦੀ ਟੈਨਸ਼ਨ ਸੀ..ਜਾਂ ਜੈਲਸੀ ਤੇ ਜਾਂ ਫੇਰ ਕੋਈ ਹੀਣ ਭਾਵਨਾ..ਯਾ ਦਿਲ ਦੇ ਕਿਸੇ ਕੋਨੇ ਵਿਚ ਪਣਪਦਾ ਹੋਇਆ “ਸ਼ੱਕ”..!
ਦਿਲ ਵਿਚ ਕੋਈ ਮੈਲ ਨਹੀਂ ਸੀ ਸੋ ਮੈਂ ਇਸ ਬਾਬਤ ਕਿਸੇ ਕਿਸਮ ਦਾ ਸਪਸ਼ਟੀਕਰਨ ਦੇਣਾ ਵਾਜਿਬ ਨਾ ਸਮਝਿਆ..!
ਏਨੇ ਨੂੰ ਮੈਨੇਜਰ ਦੀ ਬਦਲੀ ਹੋ ਗਈ..
ਸੁੱਖ ਦਾ ਸਾਹ ਆਇਆ ਕੇ ਚਲੋ ਹੁਣ ਥੋੜਾ ਪੁੱਛ ਗਿੱਛ ਘੱਟ ਹੋਊ..ਪਰ ਮਾੜੀ ਕਿਸਮਤ..ਬਦਲ ਕੇ ਨਵਾਂ ਆਇਆ ਵੀ ਪੰਜਾਬੀ ਹੀ ਸੀ..ਸ਼ੱਕ ਥੋੜਾ ਹੋਰ ਵੱਧ ਗਿਆ!
ਹਾਰ ਕੇ ਇਕ ਐਸੇ ਮੋੜ ਤੇ ਆਣ ਖਲੋਤੀ ਜਿਥੇ ਇੱਕ ਪਾਸੇ ਪਰਿਵਾਰ ਸੀ ਤੇ ਦੂਜੇ ਪਾਸੇ ਨੌਕਰੀ..!
ਏਨੇ ਨੂੰ ਦੂਜੀ ਵਾਰ ਪ੍ਰੇਗਨੈਂਟ ਹੋ ਗਈ..
ਫੇਰ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ..!
ਹੁਣ ਖਰਚ ਤੋਂ ਝਗੜਾ ਹੋਣ ਲੱਗਾ..ਮੈਂ ਸੌਦੇ ਦੀ ਲਿਸਟ ਦਿਆ ਕਰਦੀ ਤੇ ਇਹ ਵਿਚੋਂ ਅੱਧੀਆਂ ਚੀਜਾਂ ਘੱਟ ਲੈ ਕੇ ਆਉਂਦੇ..!
ਝਗੜਾ ਵੱਧ ਗਿਆ ਤਾਂ...

ਅਖੀਰ ਇੱਕ ਦੋ ਨੇੜੇ ਦੇ ਪਰਿਵਾਰਾਂ ਨਾਲ ਗੱਲ ਸਾਂਝੀ ਕਰਨੀ ਪਈ..
ਸਿਵਾਏ ਇੱਕ ਦੋ ਨੂੰ ਛੱਡ ਬਹੁਤੇ ਸਵਾਦ ਲੈਣ ਵਾਲੇ ਹੀ ਨਿੱਕਲੇ..
ਖਰੇ-ਖੋਟੇ ਦੀ ਪਹਿਚਾਣ ਵੀ ਹੋ ਗਈ..ਕਿਸੇ ਨੇ ਆਖਿਆ ਇੱਕ ਪੂਰਾਣੀ ਫਿਲਮ “ਅਭੀਮਾਨ” ਹੈ ਉਹ ਜਰੂਰ ਵੇਖੋ..ਕਹਾਣੀ ਕੁਝ ਹੱਦ ਤੱਕ ਸਾਡੇ ਨਾਲ ਮਿਲਦੀ ਸੀ..ਇਕ ਦੋ ਦਿਨ ਅਸਰ ਰਿਹਾ ਫੇਰ ਓਹੀ ਕਲਾ ਕਲੇਸ਼..!
ਕਈ ਵਾਰ ਕੱਲੀ ਬੈਠ ਰੋਂਦੀ ਰਹਿੰਦੀ..
ਸਭ ਤੋਂ ਵੱਡਾ ਸਦਮਾਂ ਉਸ ਦਿਨ ਲੱਗਾ ਜਦੋਂ ਘਰੇ ਸ਼ਰਾਬੀ ਹੋਏ ਆਏ..ਕਿਸੇ ਨੇ ਦੱਸਿਆ ਕੈਸੀਨੋ (ਜੂਏ-ਘਰ) ਵੀ ਵੇਖਿਆ ਇਸ ਨੂੰ ਇੱਕ ਦੋ ਵਾਰ!
ਅਖੀਰ ਫੇਰ ਓਹੀ ਹੋਇਆ ਜਿਸਦਾ ਡਰ ਸੀ..ਡਾਕਟਰ ਆਖਦੇ ਕੇ ਮੌਤ ਦਾ ਕਾਰਨ ਓਵਰ ਡੋਜ ਸੀ ਪਰ ਸਹੁਰੇ ਵਾਲੇ ਪਾਸਿਓਂ ਖ਼ੁਦਕੁਸ਼ੀ ਦਾ ਸਾਰਾ ਇਲਜਾਮ ਮੇਰੇ ਸਿਰ ਲਾ ਦਿੱਤਾ ਗਿਆ!
ਕਹਾਣੀ ਤਾਂ ਹੋਰ ਵੀ ਕਾਫੀ ਲੰਮੀ ਏ..ਬੜੇ ਪਹਿਲੂ ਨੇ..ਪਰ ਕੁਝ ਸੁਝਾਉ ਦੇ ਕੇ ਮੁਕਾਉਣੀ ਹੀ ਬੇਹਤਰ ਏ..!
ਨੰਬਰ ਇੱਕ..
ਜਦੋਂ ਨਾਲਦਾ ਤੁਰ ਜਾਵੇ ਤਾਂ ਬੱਚੇ ਨੂੰ ਹਮਦਰਦੀ ਕਰਨ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਪਰ ਬਾਪ ਦਾ ਅਸਲ ਪਿਆਰ ਕਦੇ ਵੀ ਨਹੀਂ ਮਿਲਦਾ!
ਨੰਬਰ ਦੋ..
ਇਸਤੋਂ ਪਹਿਲਾਂ ਕੇ ਨਿੱਕੀ ਜਿਹੀ ਕੋਈ ਚਿੰਗਾਰੀ ਇਸ ਰਿਸ਼ਤੇ ਨੂੰ ਭਾਂਬੜ ਬਣਾ ਦੇਵੇ..ਗੱਲਬਾਤ ਵਾਲੀ ਬਾਲਟੀ ਪਾ ਕੇ ਇਸਨੂੰ ਠੰਡਿਆਂ ਕਰ ਦੇਣ ਵਿਚ ਹੀ ਭਲਾਈ ਏ!
ਨੰਬਰ ਤਿੰਨ..
ਸ਼ੱਕ,ਹੀਣ ਭਾਵਨਾ,ਈਰਖਾ ਅਤੇ ਟੈਨਸ਼ਨ ਚਾਰ ਐਸੀਆਂ ਦਾਤਰੀਆਂ ਨੇ ਜਿਹੜੀਆਂ ਵੇਖਣ ਨੂੰ ਤੇ ਅਦ੍ਰਿਸ਼ ਹੁੰਦੀਆਂ ਨੇ ਪਰ ਕਿਸੇ ਵੀ ਰਿਸ਼ਤੇ ਨੂੰ ਜਿੰਨੀ ਛੇਤੀ ਇਹ ਢੇਰੀ ਕਰਦੀਆਂ ਸ਼ਾਇਦ ਹੀ ਕੋਈ ਹੋਰ ਚੀਜ ਕਰਦੀ ਹੋਵੇ!
ਨੰਬਰ ਚਾਰ..
ਘਰ ਦੀ ਚਾਰਦੀਵਾਰੀ ਦੇ ਅੰਦਰ ਵਾਲੇ ਭੇਦ ਜਦੋਂ ਬਨੇਰੇ ਚੜ੍ਹ ਗੁਆਂਢ ਝਾਤੀ ਮਾਰਨ ਲੱਗ ਪੈਣ ਤਾਂ ਫੇਰ ਹਮਦਰਦੀ ਦਾ ਜਾਮਾ ਪਹਿਨ ਕਈ ਤਮਾਸ਼ਬੀਨੀਆਂ ਅਕਸਰ ਹੀ ਵੇਹੜੇ ਆਣ ਪੱਕਾ ਡੇਰਾ ਲਾ ਲਿਆ ਕਰਦੀਆਂ!
ਨੰਬਰ ਪੰਜ..
ਆਪਸੀ ਰਿਸ਼ਤੇ ਵਿਚ ਆ ਗਈ ਕਿਸੇ ਵੀ ਤਰਾਂ ਦੀ ਖਟਾਸ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਆਪਸੀ ਗੱਲ ਬਾਤ ਹੈ..
ਕਿਸੇ ਤੀਜੇ ਦੀ ਮੱਦਤ ਲੈਣੀ ਪੈ ਵੀ ਜਾਵੇ ਤਾਂ ਇਹ ਫੈਸਲਾ ਦਿਲ ਅਤੇ ਦਿਮਾਗ ਦੋਵੇਂ ਚੀਜਾਂ ਵਰਤ ਕੇ ਹੀ ਲਿਆ ਜਾਵੇ ਨਾ ਕੇ ਸਿਰਫ ਦਿਲ ਵਿਚੋਂ ਨਿੱਕਲਦੇ ਜਜਬਾਤਾਂ ਦੇ ਵਹਿਣ ਵਿਚ ਡੁੱਬ ਕੇ..!
(ਅਸਲ ਵਾਪਰੀ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਆਪਸੀ ਗੱਲ ਬਾਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)