More Punjabi Kahaniya  Posts
ਪਿਆਰ ਮੁਹੱਬਤਾਂ ਦੇ ਸਰੂਪ


ਮੰਗਣੀ ਤੋਂ ਅਗਲੇ ਦਿਨ ਮੈਂ ਵਾਪਿਸ ਸਕੂਲ ਪਰਤ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ..ਲਿਖਤੁਮ “ਗੁਰਪਾਲ ਸਿੰਘ” ਜੀ ਹੀ ਸਨ..!
ਕਿੰਨੀਆਂ ਗੱਲਾਂ ਲਿਖਣ ਮਗਰੋਂ ਅਖੀਰ ਵਿਚ ਇੱਕ ਤਾਕੀਦ ਕੀਤੀ ਹੋਈ ਸੀ ਕੇ ਇਸ ਦਾ ਜੁਆਬ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ..ਸ਼ਸ਼ੋਪੰਜ ਵਿਚ ਪਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!
ਫੇਰ ਇੱਕ ਦਿਨ ਅੱਧੀ ਛੁੱਟੀ ਵੇਲੇ ਚੌਂਕੀਦਾਰ ਇੱਕ ਰੁੱਕਾ ਫੜਾ ਗਿਆ..ਕੰਬਦੇ ਹੱਥਾਂ ਨਾਲ ਖੋਲਿਆ ਤਾਂ ਇਸ ਵੇਰ ਵੀ ਗੁਰਪਾਲ ਜੀ ਦਾ ਇੱਕ ਸੁਨੇਹਾ ਸੀ..!
ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ..ਕੇ ਏਨੇ ਦਿਨ ਹੋ ਗਏ ਤੁਹਾਡਾ ਜੁਆਬ ਉਡੀਕਦੇ ਹੋਏ ਨੂੰ?
ਮੈਂ ਫੇਰ ਚੁੱਪ ਜਿਹੀ ਧਾਰ ਲਈ..ਪਰਿਵਾਰਿਕ ਮਾਹੌਲ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਭ ਕੁਝ ਪੂਰੀ ਤਰਾਂ ਵਰਜਿਤ..ਅਗਲੇ ਕੁਝ ਦਿਨਾਂ ਤੱਕ ਚੌਂਕੀਦਾਰ ਨੂੰ ਕੋਈ ਵੀ ਹੋਰ ਰੁੱਕਾ ਫੜਾ ਕੇ ਨਾ ਗਿਆ..!
ਪੱਕਾ ਯਕੀਨ ਹੋ ਗਿਆ ਸੀ ਕੇ ਸੱਚ-ਮੁੱਚ ਹੀ ਗੁੱਸਾ ਕਰ ਗਏ ਨੇ..!
ਫੇਰ ਇੱਕ ਦਿਨ ਲੋਰ ਵਿਚ ਆਈ ਨੇ ਕਾਗਤ ਪੈਨ ਫੜ ਹੀ ਲਿਆ..ਇੱਕ ਵੇਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ..!
ਅਖੀਰ ਹਾਲ-ਏ-ਦਿਲ ਬਿਆਨ ਕਰ ਚਿੱਠੀ ਪੋਸਟ ਕਰ ਹੀ ਦਿੱਤੀ..ਵਿਚ ਲਿਖਿਆ ਸੀ ਕੇ..”ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਏਂਗੀ..!
ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਭੱਜ ਜਾਵਾਂ ਕੇ “ਇੰਝ ਕਿਓਂ ਕਰਦੇ ਪਏ ਓ..ਤੁਹਾਨੂੰ ਨਹੀਂ ਪਤਾ ਬੱਚੇ ਦੇਖ ਰਹੇ ਨੇ”
ਚਿਠੀ...

ਪੋਸਟ ਤਾਂ ਕਰ ਦਿੱਤੀ ਪਰ ਕਿੰਨੇ ਦਿਨ ਅਰਦਾਸਾਂ ਹੀ ਕਰਦੀ ਰਹੀ ਕੇ ਰੱਬ ਕਰੇ ਚਿੱਠੀ ਮਿਲੇ ਹੀ ਨਾ..ਪਤਾ ਨੀ ਕੀ ਕੀ ਊਟਪਟਾਂਗ ਲਿਖ ਦਿੱਤਾ ਸੀ..ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ..!
ਜਿਕਰਯੋਗ ਏ ਕੇ ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਓਸੇ ਸਕੂਲ ਵਿਚ ਹੀ ਪੜਾਉਂਦੀ ਸੀ!
ਖੈਰ ਹਫਤਾ ਲੰਘਿਆ..ਫੇਰ ਦੋ..ਫੇਰ ਮਹੀਨਾ..ਦੋ ਮਹੀਨੇ..ਕੋਈ ਜੁਆਬ ਨਾ ਆਇਆ ਤਾਂ ਪੱਕਾ ਯਕੀਨ ਹੋ ਗਿਆ ਕੇ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੀ ਨਹੀਂ ਏ!
ਫੇਰ ਮੈਨੂੰ ਟ੍ਰੇਨਿੰਗ ਵਾਸਤੇ ਅੰਬਾਲੇ ਜਾਣਾ ਪੈ ਗਿਆ..!
ਦੂਰ ਦੂਰ ਸਕੂਲਾਂ ਤੋਂ ਤਕਰੀਬਨ ਸੌ ਕੂ ਟੀਚਰ ਆਏ ਹੋਏ ਸਨ..ਮਰਦ ਅਧਿਆਪਕ ਨਾਲਦੇ ਹੋਸਟਲ ਵਿਚ ਠਹਿਰੇ ਹੋਏ ਸਨ!
ਇੱਕ ਦਿਨ ਸੁਵੇਰੇ-ਸੁਵੇਰੇ ਤੁਰਨ ਹੀ ਲੱਗੀ ਸਾਂਂ ਕੇ ਕਾਹਲੀ ਵਿਚ ਚੁੰਨੀ ਤੇ ਸਬਜ਼ੀ ਡੁੱਲ ਗਈ..!
ਕੋਲ ਪਏ ਮੱਗ ਵਿਚ ਪਾਣੀ ਭਰ ਅਜੇ ਚੁੰਨੀ ਦੀ ਮੈਲੀ ਹੋ ਗਈ ਕਿਨਾਰੀ ਵਿੱਚ ਡੋਬੀ ਹੀ ਸੀ ਕੇੇ ਕਿਸੇ ਨੇ ਪਿੱਛੋਂ ਅਛੋਪਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ ਤੇ ਹੱਥ ਰੱਖ ਦਿੱਤੇ..!
ਇਸਤੋਂ ਪਹਿਲਾਂ ਕੇ ਕੁਝ ਸਮਝ ਆਉਂਦੀ..ਕਿਸੇ ਜਾਣੀ ਪਛਾਣੀ ਅਵਾਜ ਦੇ ਮਿੱਠੇ ਜਿਹੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ ਕੇ “ਅੱਜ ਤੇ ਪੂਣੀ ਕਰਵਾਏ ਬਗੈਰ ਨਾ ਤੇ ਅੱਖਾਂ ਤੋਂ ਹੱਥ ਹੀ ਹਟਣਗੇ ਤੇ ਨਾ ਦੌੜਨ ਹੀ ਦੇਣਾ..ਕਿਓੰਕੇ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ..!
ਫੇਸਬੂਕ,ਵਟਸਐਪ ਮੋਬਾਈਲ ਅਤੇ ਲੈਪਟੋਪਾਂ ਤੋਂ ਮਰਹੂਮ ਓਹਨਾ ਸਰਲ ਤੇ ਸਪਸ਼ਟ ਜ਼ਮਾਨਿਆਂ ਵਿੱਚ ਪਿਆਰ ਮੁਹੱਬਤਾਂ ਦੇ ਸਰੂਪ ਵੀ ਕੁਝ ਏਦਾਂ ਦੇ ਹੀ ਹੁੰਦੇ ਹੋਣਗੇ..!
ਮਿੱਤਰ ਪਿਆਰਿਆਂ ਦੀ ਸੋਹਣੀ ਸੂਰਤ ਦੇ ਬਿੰਦ ਕੂ ਭਰ ਲਈ ਹੋਏ ਸਬੱਬੀ ਦਰਸ਼ਨਾਂ ਦਾ ਸਰੂਰ ਸਿਆਲ ਦੇ ਕੋਹਰੇ ਵਾਂਙ ਭਾਵੇਂ ਕਈ ਕਈ ਹਫਤੇ ਜ਼ਿਹਨ ਤੇ ਛਾਇਆ ਰਹਿੰਦਾ ਸੀ ਪਰ ਮਜਾਲ ਏ ਕੋਈ ਹਾਦਸਾ ਵਾਪਰ ਜਾਵੇ ਕਿਓੰਕੇ ਰਫਤਾਰ ਅਤੇ ਭਾਵਨਾਵਾਂ ਦੋਵੇਂ ਇਨਸਾਨ ਦੇ ਕਾਬੂ ਵਿੱਚ ਹੁੰਦੀਆਂ ਸਨ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)