More Punjabi Kahaniya  Posts
ਤਿੜਕਿਆ ਬੰਦਾ


ਤਿੜਕਿਆ ਬੰਦਾ
“ਮਖਾਂ ਕਿੱਥੇ ਕੁ ਜਾਣਾ, ਸਰਦਾਰਾ।?” ਪਿਛਲੇ ਰਾਹੀ ਨੇ ਅੱਗੇ ਜਾਂਦੇ ਰਾਹੀ ਤੋਂ ਪੁੱਛਿਆ।
ਅੱਗੇ ਵਾਲਾ ਰਾਹੀ ਹੋਰ ਚੁੱਕਵੇਂ ਪੈਰੀਂ ਤੁਰ ਪਿਆ ਪਰ ਬੋਲਿਆ ਕੁਝ ਨਾਂ ਜਿਵੇਂ ਸੁਣਿਆ ਹੀ ਨਾ ਹੋਵੇ। ਸੂਰਜ ਤਾਂ ਛਿਪ ਚੁੱਕਾ ਸੀ ਅਤੇ ਉਹ ਦੋਵੇਂ ਸੜਕ ਦੀ ਥਾਂ ਨਹਿਰ ਦੀ ਸੁੰਨੀ ਪਟੜੀ ਤੇ ਤੁਰੇ ਜਾ ਰਹੇ ਸਨ। ਸ਼ਾਇਦ ਪਿੰਡ ਜਾਣ ਨੂੰ ਇਹੋ ਹੀ ਨੇੜਲਾ ਰਾਸਤਾ ਸੀ, ਭਾਂਵੇਂ ਬੱਸ ਪਿੰਡ ਜਾਂਦੀ ਸੀ ਪਰ ਗੱਜਣ ਸਿਹੁੰ ਪੁਲ ਤੇ ਉਤਰਿਆ ਸੀ। ਉਹ ਚਾਹੁੰਦਾ ਸੀ ਘਰ ਜਾਂਦੇ ਤੱਕ ਹਨੇਰਾ ਹੋ ਜਾਵੇ। ਉਸ ਦੀ ਜ਼ਿੰਦਗੀ ਦੇ ਕਈ ਵਰ੍ਹੇ ਹਨੇਰਿਆ ‘ਚ ਲੰਘ ਚੁੱਕੇ ਸਨ, ਉਸ ਨੇ ਪਿੱਛੇ ਵੱਲ ਮੁੜ ਕੇ ਦੇਖਿਆ ਪਿਛਲਾ ਬੰਦਾ ਕਾਫੀ ਦੂਰ ਖੇਤ ਦੀ ਵੱਟ ਪੈ ਕੇ ਹੋਰ ਪਾਸੇ ਵੱਲ ਜਾ ਰਿਹਾ ਸੀ।
‘ਕੋਠਿਆਂ ‘ਚ ਜਾਣੈ ਹੋਣਾ…… ਕਿਸੇ ਦੇ ਓਹਨੇ।‘ ਗੱਜਣ ਸਿਹੁੰ ਨੇ ਸੋਚਿਆ ਅਤੇ ਖਲੋ ਕੇ ਇੱਕ ਭਰਵੀਂ ਨਜ਼ਰ ਚਾਰੇ ਪਾਸੇ ਮਾਰੀ, ਉਸਦੇ ਮਨ ਨੂੰ ਕੁਝ ਤਸੱਲੀ ਜਿਹੀ ਹੋਈ। ਆਸਾ ਪਾਸਾ ਜਾਣਿਆ ਪਹਿਚਾਣਿਆ ਲੱਗਾ, ਭਾਂਵੇਂ ਸਭ ਕੁਝ ਬਦਲ ਗਿਆ ਸੀ, ਝਾੜੀਆਂ ਵੱਲ ਟਿੱਬੀ ਉੱਥੇ ਨਹੀਂ ਸੀ ਜਿੱਥੇ ਉਹ ਤੇ ਨਾਜਰ ਅਮਲੀ ਪਸ਼ੂ ਚਾਰਦੇ ਹੁੰਦੇ ਸਨ। ਖੂਹ ਦੇ ਖੰਡਰਾਂ ਵਿੱਚ ਚਾਹ ਬਣਾਉਂਦੇ ਉੱਚੀ ਉੱਚੀ ਗਾਉਂਦੇ ਵਾਰੀ ਵਾਰੀ ਪਸ਼ੂਆਂ ਦੇ ਮੋੜੇ ਲਾਉਂਦੇ ਸਨ। ਹੁਣ ਉਹ ਕਿੱਕਰਾਂ ਬਹੁਤ ਵੱਡੀਆਂ ਹੋ ਗਈਆਂ ਸਨ ਜਿਨ੍ਹਾਂ ਹੇਠ ਉਹ ਗਰਮੀਆ ਵਿੱਚ ਬੈਠਦੇ ਸਨ। ਭਾਵੇਂ ਟਿੱਬੀ ਵਾਲੀ ਥਾਂ ਤੇ ਹੁਣ ਪੱਧਰੀ ਪੈਲੀ ਵਿੱਚ ਕਣਕ ਦੀ ਫਸਲ ਲਹਿਰਾ ਰਹੀ ਸੀ ਪਰ ਫਿਰ ਵੀ ਇਹ ਥਾਂ ਸੌਖਿਆਂ ਹੀ ਪਹਿਚਾਣੀ ਗਈ। ਕਿੱਕਰਾਂ ਦੀ ਨਿੱਕੀ ਜਿਹੀ ਝਿੜੀ ਚੋਂ ਇੱਕ ਦਰੱਖਤ ਤੇ ਬੈਠਾ ਪੰਛੀ ਉੱਡਿਆ ਦਰੱਖਤ ਦੀ ਟਾਹਣੀ ਹਿੱਲੀ ਅਤੇ ਹੌਲੀ ਹੌਲੀ ਆਪਣੀ ਥਾਂ ਤੇ ਖਲੋ ਗਈ। ਖੰਭਾਂ ਦੀ ਆਵਾਜ਼ ਇੱਕ ਦਮ ਸ਼ੁਰੂ ਹੋਈ ਤੇ ਦੂਰ ਦੁਮੇਲ ਤੱਕ ਫੈਲ ਗਈ। ਕੁਝ ਪਲ ਬਾਅਦ ਫਿਰ ਪਹਿਲਾਂ ਵਰਗੀ ਸੰਨਾਟੇ ਭਰੀ ਚੁੱਪ ਵਾਤਾਵਰਨ ਵਿੱਚ ਸ਼ਾਂ-ਸ਼ਾਂ ਕਰਨ ਲੱਗੀ। ਉਸਦੀ ਸੋਚਾਂ ਦੀ ਲੜੀ ਟੁੱਟੀ ਆਪਣੇ ਉਪਰ ਲਏ ਖੇਸ ਦੀ ਬੁੱਕਲ ਨੂੰ ਠੀਕ ਕੀਤਾ। ਜੁੱਤੀ ਵਿੱਚ ਭਰਿਆ ਰੇਤਾ ਉਸਨੂੰ ਠੰਡਾ-ਠੰਡਾ ਲੱਗਦਾ ਪਰ ਅੰਦਰ ਅਸ਼ਾਂਤੀ ਹੋਰ ਵੱਧਦੀ ਜਾਂਦੀ। ਪੈਰੋਂ ਜੁੱਤੀ ਲਾਹ ਕੇ ਰੇਤਾ ਝਾੜ ਫਿਰ ਜੁੱਤੀ ਪੈਰੀਂ ਪਾ ਲਈ। ‘ਅਜੇ ਦੋ ਕੋਹ ਪੈਂਡਾ ਹੋਰ ਜਾਣੈ।‘ ਹਨੇਰਾ ਵੱਧਦਾ ਦੇਖ ਉਹ ਜਿੰਨਾ ਤੇਜ਼ ਤੁਰਨ ਦੀ ਕੋਸ਼ਿਸ ਕਰਦਾ ਉਸਦੇ ਪੈਰ ਹੋਰ ਪਿਛਾਂਹ ਵੱਲ ਨੂੰ ਖਿੱਚੇ ਜਾਂਦੇ। ਉਹਨੇ ਆਪਣਾ ਸੱਜਾ ਹੱਥ ਮੂੰਹ ਤੇ ਫੇਰਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਦਾੜੀ ਦੇ ਵਾਲ ਚਿੱਟੇ ਗਏ ਹੋਣ ਅਤੇ ਉਹ ਬੁਢਾ ਹੋ ਗਿਆ ਹੋਵੇ। ਉਸਨੇ ਆਪਣੇ ਆਪ ਤੋਂ ਪੁੱਛਿਆ, ‘ਵੀਹ ਵਰ੍ਹੇ ਕਿਤੇ ਥੋੜੇ ਹੁੰਦੇ ਆ…? ਸੱਚੀਂ ਵੀਹ ਸਾਲ…? ਕਾਲ ਕੋਠੜੀ ਦੇ ਵੀਹ ਸਾਲ…? ਸਜ਼ਾ…, ਕਤਲ ਦੀ ਸਜ਼ਾ?’ “ਸਾਲਾ ਰੰਘੜ”, ਇੱਕ ਗਾਲ੍ਹ ਆਪਣੇ ਆਪ ਉਸਦੇ ਮੂੰਹੋਂ ਨਿੱਕਲੀ ਮੂੰਹ ਬੇਸੁਆਦਾ ਜਿਹਾ ਹੋ ਗਿਆ। ਨਫਰਤ ਨਾਲ ਉਸਨੇ ਧਰਤੀ ਤੇ ਥੁੱਕਿਆ। ਕੁਝ ਪਲ ਬਾਅਦ ਹੌਲੀ ਹੌਲੀ ਤੁਰ ਪਿਆ ਪਰ ਸੋਚਾਂ ਦੀ ਲੜੀ ਬਹੁਤ ਤੇਜ਼ੀ ਨਾਲ ਅਗਾਂਹ ਤੁਰਦੀ ਹੀ ਜਾਂਦੀ ਸੀ, ਉਸਨੂੰ ਯਾਦ ਆਇਆ, ‘ਜੰਗੀਰਦਾਰ ਨੇ ਕਿੰਨੀ ਅੱਤ ਚੁੱਕੀ ਸੀ, ਪਿੰਡ ‘ਚ ਹਰ ਇੱਕ ਨੂੰ ਦਾਬੇ ਮਾਰਦਾ ਰਹਿੰਦਾ। ਲੋਕਾਂ ਦੇ ਹੱਕ ਮਾਰਨਾ, ਗਰੀਬਾਂ ਨਾਲ ਧੱਕਾ ਕਰਨਾ ਤਾਂ ਜਿਵੇਂ ਉਸਦਾ ਸ਼ੌਂਕ ਬਣ ਗਿਆ ਸੀ। ਕਿੰਨੇ ਹੀ ਲੋਕਾਂ ਦੀਆਂ ਜ਼ਮੀਨਾਂ ਉਹਨੇ ਦੱਬੀਆਂ ਸਨ, ਮਾੜੇ ਬੰਦੇ ਨੂੰ ਉਹ ਬੰਦਾ ਨਾ ਸਮਝਦਾ। ਕਿੰਨੇ ਲੋਕਾਂ ਖਿਲਾਫ ਝੂਠੀ ਗਵਾਹੀ ਦਿੱਤੀ ਸੀ।‘ ਫਿਰ ਗੱਜਣ ਸਿੰਘ ਨੂੰ ਯਾਦ ਆਇਆ ਕਿਵੇਂ ਉਹਨਾਂ ਦੇ ਪਾਣੀ ਦੀ ਵਾਰੀ ਚਲਾਕੀ ਨਾਲ ਜੰਗੀਰਦਾਰ ਨੇ ਆਪਣੇ ਹਿੱਸੇ ਵਿੱਚ ਪੁਆ ਲਈ ਸੀ। ਇੱਕ ਦੋ ਵਾਰ ਤਾਂ ਚੱਲ ਗਿਆ ਜਦ ਉਹਨਾਂ ਦੇ ਬਾਪ ਸੁਰੈਣ ਸਿੰਘ ਆਪਣੇ ਹਿੱਸੇ ਦਾ ਪਾਣੀ ਮੰਗਿਆ ਤਾਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ ਸਨ। ਇੱਕ ਦਿਨ ਤਾਂ ਹੱਦ ਹੀ ਕਰਤੀ, ਕਣਕ ਦੀਆਂ ਭਰੀਆਂ ਨੂੰ ਅੱਗ ਲਵਾ ਦਿੱਤੀ। ਬਾਪੂ ਅਜਿਹਾ ਮੰਜੇ ਤੇ ਬੈਠਾ ਕਿ ਮੁੜ ਨਾ ਉੱਠਿਆ।
ਕਬੀਲਦਾਰੀ ਦਾ ਸਾਰਾ ਬੋਝ ਗੱਜਣ ਸਿੰਘ ਦੇ ਮੋਢਿਆਂ ਉੱਤੇ ਆ ਪਿਆ, ਉਸਤੋਂ ਬਾਅਦ ਮਾਂ ਨੇ ਕਦੇ ਵੀ ਉਸਨੂੰ ਲਾਡ ਨਾਲ ਗੱਜੀ ਜਾਂ ਗੱਜੂ ਨਾ ਆਖਿਆ ਸਗੋਂ ਕਿਹਾ, “ਪੁੱਤ ਗੱਜਣ ਸਿੰਹਾਂ… ਹੁਣ ਤੂੰ ਇਸ ਘਰ ਦਾ ਮੋਢੀ ਏਂ, ਦੋਨੇ ਭੈਣਾਂ ਤੇ ਛੋਟੇ ਵੀਰ ਦਾ ਵੱਡਾ ਭਰਾ ਵੀ ਏਂ।“ ਰਿਸ਼ਤੇਦਾਰਾਂ ਨੇ ਉਸਦੇ ਸਿਰ ਤੇ ਸਾਰੇ ਪਿੰਡ ਦੇ ਸਾਹਮਣੇ ਵੱਡੀ ਸਾਰੀ ਪੱਗ ਬੰਨ੍ਹ ਦਿਤੀ, ਬਹੁਤ ਵੱਡੀ, ਬਹੁਤ ਭਾਰੀ। ਲੋਕਾਂ ਸੱਚਾਈ ਪ੍ਰਵਾਨ ਕਰ ਲਈ ਸੀ। ਹੌਲੀ-ਹੌਲੀ ਉੱਠ ਕੇ ਤੁਰ ਗਏ ਸਨ, ਉਸ ਸਮੇਂ ਗੱਜਣ ਸਿੰਘ ਨੂੰ ਕੋਈ ਸਮਝ ਨਾ ਆਈ ਕਿ ਇਹ ਕੀ ਹੋ ਰਿਹਾ ਹੈ। ਕੁਝ ਦਿਨ ਉਸਦੇ ਦਰਵੇਸ਼ ਪਿਤਾ ਸੁਰੈਣ ਸਿੰਘ ਦੀ ਸ਼ਰਾਫਤ ਦੀ ਗੱਲ ਪਿੰਡ ਵਿੱਚ ਚੱਲਦੀ ਰਹੀ। ਲੋਕ ਕਹਿੰਦੇ ਬੜਾ ਮਾੜਾ ਹੋਇਆ ਸੁਰੈਣ ਸਿੰਘ ਵਾਲਾ… ਤਪਾਇਆ ਮਰ ਗਿਆ… ਆਪੇ ਰੱਬ ਕਰੂ ਇਨਸਾਫ।।ਕੀੜੇ ਪੈਣਗੇ ਦੁਸ਼ਟਾਂ ਦੇ।“ ਸਿਆਣੇ ਲੋਕਾਂ ਦੀਆ ਗੱਲਾਂ ਸੁਣ ਕੇ ਗੱਜਣ ਸਿੰਘ ਵੀ ਸਿਆਣਾ ਹੋ ਗਿਆ। ਘਰ ਦਾ ਸਾਰਾ ਕੰਮ ਕਰਦਾ, ਖੇਡਣ ਦੀ ਉਮਰੇ ਹੀ ਹਲ ਦਾ ਮੁੰਨਾ ਉਸਦੇ ਹੱਥ ਆ ਗਿਆ, ਵਿੰਗੇ ਟੇਢੇ ਸਿਆੜ ਕੱਢਦਾ ਕਈ ਵਾਰ ‘ਰੱਬ ਦੇ ਇਨਸਾਫ’ ਬਾਰੇ ਸੋਚਦਾ। ਜੰਗੀਰਦਾਰ ਨਾਲ ਉਸਨੂੰ ਬੇਹੱਦ ਨਫਰਤ ਹੁੰਦੀ, ਮਾਂ ਉਸਨੂਂ ਵਰਜ਼ਦੀ ਰਹਿੰਦੀ, ਉਹ ਲੜਾਈ ਤੋਂ ਟਾਲਾ ਕਰਦਾ ਪਰ ਜੰਗੀਰਦਾਰ ਇਸਦਾ ਮਤਲਬ ਗਲਤ ਕੱਢਦਾ। ਹੰਕਾਰੀ ਸਮਝਦਾ ਮੈਥੋਂ ਡਰਦਾ ਹੈ। ਉਸਦੀਆਂ ਵਧੀਕੀਆਂ ਹੋਰ ਵੀ ਵੱਧ ਗਈਆਂ।
ਇੱਕ ਦਿਨ ਸ਼ਰਾਬੀ ਜੰਗੀਰਦਾਰ ਦਾ ਸਾਹਮਣਾ ਗੱਜਣ ਸਿੰਘ ਨਾਲ ਹੋ ਗਿਆ, ਉਸਨੇ ਗੱਜਣ ਸਿੰਘ ਤੇ ਵਾਰ ਕੀਤਾ ਪਰ ਗੱਜਣ ਬਚਾ ਗਿਆ। ਗੱਜਣ ਸਿੰਘ ਨੇ ਅੱਗੋਂ ਵਾਰ ਕੀਤਾ ਤਾਂ ਜੰਗੀਰਦਾਰ ਹਿੱਲ ਗਿਆ, ਉਹ ਡਰ ਕੇ ਭੱਜਿਆ ਤਾਂ ਪੱਕੇ ਖਾਲ ਤੇ ਸਿਰ ਵੱਜਿਆ। ਉਹ ਕੁਰਲਾਉਂਦਾ ਹੌਲੀ-ਹੌਲੀ ਚੁੱਪ ਹੋ ਗਿਆ। ਗੱਜਣ ਸਿੰਘ ਕਤਲ ਦੇ ਕੇਸ ਵਿੱਚ ਫੜਿਆ ਗਿਆ। ਜੰਗਲ ਦੀ ਅੱਗ ਵਾਂਗ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਉਸ ਵਕਤ ਲੋਕ ਗੱਜਣ ਸਿੰਘ ਵੱਲ ਕਿਵੇਂ ਵੇਖਦੇ ਸਨ ਇਸੇ ਕਰਕੇ ਉਹ ਹਨੇਰੇ ਵਿੱਚ ਘਰ ਜਾਣਾ ਚਾਹੁੰਦਾ ਸੀ। ਆਪਣੇ ਘਰ ਆਉਣ ਦੀ ਖਬਰ ਕਿਸੇ ਨੂੰ ਨਹੀਂ ਸੀ ਦਿੱਤੀ। ਐਨੇ ਸਾਲਾ ਬਾਅਦ ਵਿ ਉਸ ਵਿੱਚ ਹਿੰਮਤ ਨਹੀਂ ਸੀ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ...

ਕਰਨ ਦੀ। ਉਸਦੇ ਪੈਰ ਇੱਕਦਮ ਰੁਕ ਗਏ, ਹੁਣ ਉਹ ਪਿੰਡ ਪਹੁੰਚ ਚੁੱਕਾ ਸੀ। ਇੱਥੋਂ ਖੱਬੇ ਪਾਸੇ ਕੁਝ ਦੂਰ ਉਸਦਾ ਘਰ ਸੀ ਪਰ ਪਿੰਡ ਵਿੱਚ ਜਾਣ ਦੀ ਬਜਾਏ ਉਹ ਬਾਹਰਲੀ ਫਿਰਨੀ ਮੁੜ ਗਿਆ। ਕਈ ਘਰ ਪਹਿਲਾਂ ਵਾਲੇ ਹੀ ਸਨ, ਕਈ ਨਵੇਂ ਬਣ ਚੁੱਕੇ ਸਨ। ਲੋਕ ਸੌਂ ਚੁੱਕੇ ਸਨ, ਚੁੱਪ ਚਾਪ ਤੁਰਦਾ ਜਾ ਰਿਹਾ ਸੀ। ਕਿਸੇ ਕਿਸੇ ਘਰ ਵਿੱਚੋਂ ਚਾਨਣ ਦਿਸਦਾ ਸੀ ਬਾਕੀ ਸਭ ਪਾਸੇ ਡੂੰਘਾ ਹਨੇਰਾ ਸੀ। ਇੱਕ ਗਰ ਉਸਨੂੰ ਜਾਣਿਆ ਪਹਿਚਾਣਿਆ ਜਿਹਾ ਲੱਗਾ। ਉਸ ਘਰ ਸਾਹਮਣੇ ਕੁਝ ਦੇਰ ਖਲੋ ਕੇ ਅੱਗੇ ਨੂੰ ਤੁਰ ਪਿਆ। ਆਪਣੇ ਘਰ ਦਾ ਦਰਵਾਜ਼ਾ ਖੜਕਾਇਆ, ਅੱਗੋਂ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ, ਉਸਨੂੰ ਦੇਖ ਕੇ ਜਿਵੇਂ ਠਠੰਬਰ ਹੀ ਗਿਆ ਹੋਵੇ, “ਬਾਈ ਤੂੰ?” ਤੇ ਉਹ ਦੋਵੇਂ ਚੁੱਪ ਚਾਪ ਘਰ ਅੰਦਰ ਚਲੇ ਗਏ। ਘਰ ਬਹੁਤ ਬਦਲ ਚੁੱਕਾ ਸੀ। ਪੁਰਾਣੇ ਕੱਚੇ ਘਰੇ ਪਸ਼ੂ ਬੰਨੇ ਹੋਏ ਸਨ ਅਤੇ ਸਾਹਮਣੇ ਨਵੇਂ ਤਿੰਨ ਪੱਕੇ ਕੋਠੇ ਤੇ ਮੂਹਰੇ ਵਰਾਂਡਾ ਬਣਿਆ ਸੀ। ਛੋਟੇ ਦੇ ਘਰ ਵਾਲੀ ਚੌਂਕੇ ‘ਚ ਬੈਠੀ ਕੋਈ ਕੰਮ ਕਾਰ ਰਹੀ ਸੀ। ਭਾਂਡਿਆਂ ਦਾ ਖੜਕਾ ਤੇ ਬੱਚਿਆਂ ਦਾ ਰੌਲਾ ਇੱਕਦਮ ਸ਼ਾਂਤ ਹੋ ਗਿਆ। ਬੱਚੇ ਸਹਿਮੇ ਜਿਹੇ ਬੈਠੇ ਸਨ। ਦੋਵੇਂ ਭਰਾ ਕਾਫੀ ਸਮਾਂ ਵਿਹੜੇ ਵਿੱਚ ਖੜ੍ਹੇ ਰਹੇ ਫਿਰ ਛੋਟਾ ਭਰਾ ਬੋਲਿਆ, “ਬਾਈ ਤੂੰ ਬਹਿ ਏਥੇ… ਮੈਂ ਆਉਨੈਂ…“ ਉਹ ਅੰਦਰ ਚਲਾ ਗਿਆ ਪਿੱਛੇ ਹੀ ਉਸਦੀ ਘਰਵਾਲੀ ੳਤੇ ਬੱਚੇ ਡਰਦੇ ਡਰਦੇ ਅੰਦਰ ਚਲੇ ਗਏ।
ਕੁਝ ਸਮਾਂ ਵਿਹੜੇ ਵਿੱਚ ਖੜ੍ਹਾ ਰਹਿਣ ਮਗਰੋਂ ਗੱਜਣ ਸਿੰਘ ਪੁਰਾਣੀ ਨੀਵੀਂ ਕੱਚੀ ਜਿਹੀ ਕੋਠੜੀ ਵਿੱਚ ਜਾ ਕੇ ਉੱਥੇ ਖੜ੍ਹੇ ਪੁਰਾਣੇ ਮੰਜੇ ਨੂੰ ਡਾਹ ਕੇ ਬੈਠ ਗਿਆ, ਉਸਨੂੰ ਅੰਦਰੋਂ ਹੁੰਮਸ ਆ ਰਿਹਾ ਸੀ। ਕੁਝ ਚਿਰ ਬਾਅਦ ਛੋਟਾ ਭਰਾ ਮਿੱਟੀ ਦੇ ਤੇਲ ਦੀਵਾ ਬਾਲ ਕੇ ਉਸਦੇ ਪਿੱਛੇ ਹੀ ਆ ਗਿਆ, ਦੀਵੇ ਦਾ ਚਾਨਣ ਸਾਰੀ ਕੋਠੜੀ ਵਿੱਚ ਫੈਲ ਗਿਆ। ਦੀਵਾ ਰੱਖ ਛੋਟਾ ਉਸਦੇ ਕੋਲ ਹੈ ਬੈਠ ਗਿਆ, ਗੱਲ ਕੋਈ ਨਾ ਕੀਤੀ। ਕੁਝ ਚਿਰ ਬਾਅਦ ਉਹ ਚੁੱਪ ਚਾਪ ਬਾਹਰ ਨਿਕਲ ਗਿਆ। ਗੱਜਣ ਮੰਜੇ ਤੇ ਲੰਮਾ ਪੈ ਗਿਆ ਅਤੇ ਛੱਤ ਤੇ ਲਮਕਦੇ ਜਾਲੇ ਦੇਖ ਕੇ ਉਸਨੂੰ ਮਹਿਸੂਸ ਹੋਇਆ ਜਿਵੇਂ ਮਾਂ ਦੇ ਮਰਨ ਤੋਂ ਬਾਅਦ ਇਸ ਕੋਠੜੀ ਦੀ ਸਫਾਈ ਨਾ ਕੀਤੀ ਹੋਵੇ। ਇਸ ਪਾਸੇ ਤੋਂ ਧਿਆਨ ਹਟਾਉਣ ਲਈ ਉਸਨੇ ਪਾਸਾ ਪਰਤਿਆ ਤਾਂ ਸਾਹਮਣੇ ਪਏ ਸੰਦੂਕ ਦਾ ਬੂਹਾ ਖੁੱਲ੍ਹਾ ਸੀ, ਉਹ ਉਸ ਵੱਲ ਟਿਕਟਿਕੀ ਲਾ ਕੇ ਦੇਖ ਰਿਹਾ ਸੀ। ਉਸੇ ਵੇਲੇ ਛੋਟਾ ਅੰਦਰ ਆਇਆ ਉਸਦੇ ਹੱਥ ਵਿੱਚ ਪਾਣੀ ਦੀ ਗੜਵੀ ਤੇ ਬੋਤਲ ਸੀ, “ਲੈ ਬਾਈ ਘੁੱਟ ਪੀ ਲੈ, ਥਕੇਵਾਂ ਲਹਿਜੂ…, ਨਾਲੇ ਰੋਟੀ ਬਣਜੂ ਉਦੋਂ ਤੱਕ।“ ਕਹਿ ਕਿ ਉਹ ਮੰਜੇ ਦੀ ਪੁਆਂਦ ਤੇ ਬੈਠ ਗਿਆ ਅਤੇ ਲੱਗਦੇ ਸਾਰ ਹੀ ਚੁੱਪ-ਚੱਪ ਬਾਹਰ ਨਿਕਲ ਗਿਆ। ਗੱਜਣ ਨੇ ਸ਼ਰਾਬ ਤੇ ਭਾਂਡੇ ਉੱਥੋਂ ਚੁੱਕ ਕੇ ਮੰਜੇ ਥੱਲੇ ਰੱਖ ਦਿੱਤੇ। ਥਾਲ ‘ਚ ਰੋਟੀ ਪਾਈ ਛੋਟਾ ਅੰਦਰ ਆਇਆ, ਥਾਲ ਗੱਜਣ ਸਿੰਘ ਅੱਗੇ ਰੱਖਦਾ ਹੋਇਆ ਬੋਲਿਆ, “ਮੈਨੂੰ ਦੱਸ ਦਿੰਦਾ ਬਾਈ ਮੈਂ ਲੈਣ ਆ ਜਾਂਦਾ।“ ਗੱਜਣ ਚੁੱਪ-ਚਾਪ ਰੋਟੀ ਖਾਣ ਲੱਗਾ, ਛੋਟਾ ਅੰਦਰ-ਬਾਹਰ ਫਿਰਦਾ ਰਿਹਾ। ਫਿਰ ਬਿਸਤਰਾ ਰਖ ਕੇ ਤੇ ਭਾਂਡੇ ਲੈ ਕੇ ਚਲਾ ਗਿਆ। ਦੀਵੇ ਦੀ ਲੋਅਵਿੱਚ ਪਿਆ ਗੱਜਣ ਜੇਲ੍ਹ ਦੀ ਪਹਿਲੀ ਰਾਤ ਬਾਰੇ ਸੋਚਣ ਲੱਗਾ, ਉਹ ਬਹੁਤ ਹੀ ਔਖਾ ਹੋਇਆ ਸੀ ਉਸ ਰਾਤ। ਉਸਨੂੰ ਕਿਸੇ ਨੇ ਆਪਣੇ ਅੰਦਰਲੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਦਿੱਤੀ ਤਾਂ ਸਿਰਫ ਸਜ਼ਾ, ਇੱਕ ਅਜਿਹੇ ਕਤਲ ਦੀ ਸਜ਼ਾ ਜੋ ਉਸਨੇ ਕੀਤਾ ਹੀ ਨਹੀਂ ਸੀ। ਫਿਰ ਸੋਚਦਾ, ‘ਚੱਲ ਦੁਸ਼ਟ ਤੋਂ ਖਹਿੜਾ ਛੁੱਟਿਆ। ਸਾਲ ਤਾਂ ਝਬਦੇ ਹੀ ਬੀਤ ਜਾਣੇ ਹਨ। ਆਪਣੇ ਭੈਣ ਭਰਾਵਾਂ ਨੂੰ ਸੌਖਾ ਦੇਖਣ ਲਈ ਆਪ ਦੁੱਖ ਸਹੇ ਤੇ ਅੱਜ ਉਹੀ ਭਰਾ……‘ ਸਾਰੀ ਰਾਤ ਨੀਂਦ ਨਾ ਆਈ, ਵਿਚਾਰਾਂ ਦਾ ਤੁਫਾਨ ਉਸਦੇ ਮਨ ਨੂੰ ਖੜ੍ਹਨ ਨਾ ਦਿੰਦਾ।
ਗ੍ਰੰਥੀ ਦੀ ਆਵਾਜ਼ ਸੁਣ ਕੇ ਉਹ ਬਾਹਰ ਵਿਹੜੇ ਵਿੱਚ ਆ ਗਿਆ। ਛੋਟੇ ਦਾ ਪਰਿਵਾਰ ਹਾਲੇ ਸੁੱਤਾ ਪਿਆ ਸੀ, ਉਹ ਚੁੱਪ-ਚਾਪ ਘਰੋਂ ਬਾਹਰ ਨਿਕਲ ਗਿਆ। ਬੇਮਤਲਬ ਤੁਰਦਾ-ਤੁਰਦਾ ਉਹ ਇੱਕ ਘਰ ਦੇ ਸਾਹਮਣੇ ਰੁਕਿਆ, ਕਾਫੀ ਦੇਰ ਖੜ੍ਹਾ ਰਿਹਾ ਜਿਵੇਂ ਸੋਚ ਰਿਹਾ ਹੋਵੇ ਕਿ ਅੰਦਰ ਜਾਵਾਂ ਜਾਂ ਨਾ ਜਾਵਾਂ? ਪੁਰਾਣੇ ਦਰਵਾਜ਼ੇ ਦੇ ਟੁੱਟੇ ਤਖਤਿਆ ਦੀ ਵਿੱਥ ਵਿੱਚ ਦੀ ਲੋਅ ਵਿਹੜੇ ਵਿੱਚ ਪੈ ਰਹੀ ਸੀ, ਉਹ ਵਿਹੜੇ ਵਿੱਚ ਖਲੋਤਾ ਵਾਪਿਸ ਮੁੜਨ ਬਾਰੇ ਸੋਚਣ ਲੱਗਾ। ਜਕੋ-ਤਕੀ ਵਿੱਚ ਉਸਨੇ ਦਰਵਾਜ਼ਾ ਖੜਕਾਇਆ, ਬਜ਼ੁਰਗ ਨੇ ਬੂਹਾ ਖੋਲ੍ਹਿਆ। ਪਹਿਚਾਣ ਨਾ ਆਉਣ ਕਰਕੇ ਉਹ ਬੋਲਿਆ, “ ਕੌਣ ਆ ਭਾਈ, ਸਵੇਰੇ-ਸਵੇਰੇ?” “ਮੈਂ……” ਗੱਜਣ ਦੇ ਮੂੰਹੋਂ ਆਵਦਾ ਨਾਮ ਨਿਕਲਦਾ ਮਸਾਂ ਹੀ ਰੁਕਿਆ।
“ਇੱਥੇ ਨਾਜਰ ਰਹਿੰਦਾ ਸੀ?”
“ਆਹੋ ਰਹਿੰਦੈ, ਤੂੰ ਆਵਦਾ ਦੱਸ। ਮੇਰੀ ਨਿਗ੍ਹਾ ਹੁਣ ਪਹਿਲਾਂ ਵਾਲੀ ਨਹੀਂ ਰਹੀ।“ ਨਾਜਰ ਨੇ ਮੂੰਹ ੳਤਾਂਹ ਚੁੱਕ ਕੇ ਕਿਹਾ।
ਚੋਰਾਂ ਵਾਂਗ ਗੱਜਣ ਸਿੰਘ ਨੇ ਆਸੇ-ਪਾਸੇ ਦੇਖ ਕੇ ਹੌਲੀ ਜਿਹੀ ਕਿਹਾ, “ਮੈਂ।। ਗੱਜਣ ਆਂ।।। ਸੁਰੈਣੇ ਦਾ ਗੱਜਣ।“ ਨਾਜਰ ਅਮਲੀ ਉਸਨੂੰ ਬੜੇ ਪਿਆਰ ਨਾਲ ਮਿਲਿਆ ਉਹ ਚੁੱਲੇ ਕੋਲ ਬੈਠੇ ਚਾਹ ਪੀਂਦੇ ਗੱਲਾਂ ਕਰਦੇ ਰਹੇ, ਫਿਰ ਅੰਦਰ ਜਾ ਬੈਠੇ।
“ਕੀ ਗੱਲ ਆ ਬੜਾ ਉੱਖੜਿਆ ਜਿਹਾ ਦਿਸਦਾਂ?” ਨਾਜਰ ਨੇ ਪੁੱਛਿਆ। ਭਾਵੁਕ ਹੋਇਆ ਗੱਜਣ ਭਰੇ ਮਨ ਨਾਲ ਬੋਲਣ ਲੱਗਾ, “ ਆਹੋ।।। ਅੱਜ ਵਰ੍ਹਿਆਂ ਬਾਅਦ ਘਰ ਆਇਆਂ, ਆਵਦੇ ਘਰੇ। ਇੱਥੇ ਵੀ ਬੇਗਾਨਿਆਂ ਵਾਂਗ ਹੀ ਲੱਗਦਾ।। ਜੇਲ੍ਹ ਦੀ ਸਜ਼ਾ ਤਾਂ ਕੱਟ ਲਈ, ਪਰ…… ਸਾਰੀ ਉਮਰ ਦੀ ਸਜ਼ਾ ਨਹੀਂ ਕੱਟੀ ਜਾਣੀ…… ਸਾਰੇ ਕਾਤਲ ਸਮਝਦੇਐ…… ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਐ……, ਜੀ ਕਰਦਾ ਕਿੱਥੇ ਦੂਰ ਉੱਠ ਜਾਵਾਂ ਜਿੱਥੇ ਕੋਈ ਜਾਣਦਾ ਨਾ ਹੋਵੇ।“ ਮੂੰਹ ਤੇ ਹੱਥ ਫੇਰ ਕੇ ਅੱਖਾਂ ਬੰਦ ਕਰੀ ਬੈਠਾ ਗੱਜਣ ਜਿਵੇਂ ਆਪਣਾ ਮਨ ਅੰਦਰੋਂ ਫਰੋਲ ਰਿਹਾ ਹੋਵੇ। ਕੁਝ ਚਿਰ ਚੁੱਪ ਰਹਿਣ ਪਿੱਛੋਂ ਥੱਕੀ ਹੋਈ ਆਵਾਜ਼ ‘ਚ ਫਿਰ ਬੋਲਿਆ, “ਤੇਰੇ ਸਾਹਮਣੇ ਸਾਰੀ ਉਮਰ ਦੁਖੀ ਰਿਹੈਂ, ਪਰ ਹੌਂਸਲਾ ਨਾ ਛੱਡਿਆ…… ਅੱਜ ਮੈਂ ਅੰਦਰੋਂ ਤਿੜਕ ਚੁੱਕਾਂ ਹਾਂ…… ਲੱਗਦਾ ਛੇਤੀ ਹੀ ਟੁੱਟ ਜਾਵਾਂਗਾ।“ ਫਿਰ ਲੰਬਾ ਸਮਾਂ ਚੁੱਪ ਬੈਠਾ ਰਿਹਾ।
“ਕਦੇ ਕਦਾਈਂ ਆਇਆ ਕਰੂੰ ਤੇਰੇ ਕੋਲ”, ਤੁਰਨ ਲੱਗਿਆ ਬੋਲਿਆ, “ਚੰਗਾ……, ਸਾਸਰੀ ‘ਕਾਲ”……
ਫਿਰ ਉਹ ਕਦੇ ਪਿੰਡ ਨਾ ਮੁੜਿਆ………..।
ਗੁਰਜੀਤ ਟਹਿਣਾ
9478277772

...
...



Related Posts

Leave a Reply

Your email address will not be published. Required fields are marked *

One Comment on “ਤਿੜਕਿਆ ਬੰਦਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)