More Punjabi Kahaniya  Posts
ਅਸਲ ਮਾਂ


ਮੈਨੂੰ ਯਾਦ ਆ ਬਾਪੂ ਤੇ ਦਾਦੇ ਹੁਣੀ ਵਿਹੜੇ ਚ ਖੜੇ ਸੀ ਤੇ ਮੈਨੂੰ ਇਕੱਲੀ ਨੂੰ ਕਮਰੇ ਚ ਟੀਵੀ ਲਗਾ ਕੇ ਦਿੱਤਾ ਹੋਇਆ ਸੀ ਤੇ ਮੰਮੀ ਨੂੰ ਚਾਰ ਪੰਜ ਔਰਤਾਂ ਕਮਰੇ ਚ ਲੈਕੇ ਬੈਠੀਆਂ ਸੀ।ਮੈਂ ਜਦੋਂ ਵੀ ਕਮਰੇ ਚ ਜਾਂਦੀ ਸੀ ਤਾਂ ਮੈਨੂੰ ਝਿੜਕਾ ਮਾਰ ਕੇ ਭਜਾ ਦਿੰਦੇ ਸੀ ਤੇ ਬਾਹਰ ਵੱਡੀ ਮੰਮੀ ਨੇ ਦੱਸਿਆ ਕਿ ਪੁੱਤ ਅੰਦਰ ਰੱਬ ਜੀ ਨੇ ਆਉਣਾ ਆ ਤੇ ਤੇਰੇ ਲਈ ਇੱਕ ਛੋਟਾ ਜਿਹਾ ਵੀਰ ਦੇ ਕੇ ਚਲਾ ਜਾਣਾ ਆ।
ਮੈਂ ਕਿਹਾ ਮੈਂ ਵੀ ਅੰਦਰ ਜਾਣਾ ਆ ਤੇ ਮੈਂ ਵੀ ਰੱਬ ਵੇਖਣਾ ਆ ਵੱਡੀ ਅੰਮੀ ਕਹਿੰਦੀ ਬੱਚਿਆਂ ਸਾਹਮਣੇ ਰੱਬ ਨਹੀਂ ਆਉਂਦਾ ਹੁੰਦਾ।
ਮੈਂ ਚਾਈਂ ਚਾਈਂ ਰੱਬ ਵੱਲੋਂ ਦਿੱਤੇ ਜਾਣ ਵਾਲੇ ਕਾਕੇ ਦਾ ਇੰਤਜ਼ਾਰ ਕਰਨ ਲੱਗ ਗਈ।ਪਤਾ ਨਹੀਂ ਕੀ ਹੋਇਆ ਅੰਦਰੋਂ ਚੀਕਾਂ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ।ਮੈਂ ਭੱਜ ਕੇ ਜਾ ਕੇ ਬਾਪੂ ਕੋਲ ਲੁਕ ਗਈ।ਇੱਕ ਆਂਟੀ ਆ ਕੇ ਕਹਿੰਦੀ ਕਿ ਭਾਜੀ ਤੁਹਾਡੇ ਘਰ ਪੁੱਤ ਨੇ ਜਨਮ ਲਿਆ ਆ ਪਰ ਤੁਹਾਡੇ ਘਰਦੀ ਬੇਹੋਸ਼ ਹੋਈ ਆ। ਜਿੰਨਾ ਜਲਦੀ ਹੋ ਸਕਦਾ ਸ਼ਹਿਰ ਡਾਕਟਰ ਕੋਲ ਲੈ ਜਾਵੋ।
ਬਾਪੂ ਜੀ ਜਲਦੀ ਚ ਮੁਹੱਲੇ ਵਾਲੇ ਡਾਕਟਰ ਨੂੰ ਬੁਲਾ ਲਿਆਏ ਤੇ ਓਹਨੇ ਅੰਮੀ ਨੂੰ ਗੁੱਟ ਕੋਲੋਂ ਫੜ ਕੇ ਬਾਪੂ ਜੀ ਵੱਲ ਵੇਖ ਕੇ ਸਿਰ ਮਾਰ ਦਿੱਤਾ।
ਓਸੇ ਵਕਤ ਘਰ ਚ ਰੋਣਾ ਸ਼ੁਰੂ ਹੋ ਗਿਆ।ਨਵੇਂ ਆਏ ਕਾਕੇ ਨੂੰ ਤਾਈ ਹੁਣਾ ਦੇ ਘਰ ਭੇਜ ਦਿੱਤਾ ਤੇ ਘਰ ਵਾਲਿਆਂ ਤੇ ਮੁਹੱਲੇ ਦੀਆਂ ਬੁੜੀਆਂ ਨੇ ਮੰਮੀ ਦੇ ਮੰਜੇ ਦੇ ਆਲੇ ਦੁਆਲੇ ਬਹਿ ਕੇ ਰੋਣਾ ਸ਼ੁਰੂ ਕਰ ਦਿੱਤਾ।
ਬਾਪੂ ਜੀ ਨੂੰ ਰੋਂਦਾ ਵੇਖ ਕੇ ਮੈਂ ਪੁੱਛਿਆ ਕਿ ਤੁਸੀਂ ਕਿਉਂ ਰੋ ਰਹੇ ਓ।ਓਹ ਕਹਿੰਦੇ ਪੁੱਤ ਤੇਰੀ ਮੰਮੀ ਆਪਾਂ ਨੂੰ ਛੱਡ ਕੇ ਰੱਬ ਕੋਲ ਚਲੇ ਗਈ ਆ।
ਵੱਡੀ ਮੰਮੀ ਨੇ ਆਖਿਆ ਕਿ ਰੱਬ ਜੀ ਨੇ ਵੀਰ ਦੇਣ ਆਉਣਾ ਤੇ ਬਾਪੂ ਜੀ ਕਹਿੰਦੇ ਮੰਮੀ ਰੱਬ ਕੋਲ ਚਲੇ ਗਈ।ਮੈਨੂੰ ਤਾਂ ਇਹ ਦੋਵਾਂ ਗੱਲਾਂ ਦੀ ਸਮਝ ਹੀ ਨਹੀਂ ਆ ਰਹੀ ਸੀ।
ਫੇਰ ਮੰਮੀ ਨੂੰ ਮੋਢਿਆਂ ਤੇ ਰੱਖ ਕੇ ਕਿਤੇ ਛੱਡ ਆਏ ਤੇ ਨਾ ਕੋਈ ਵਾਪਿਸ ਲੈਕੇ ਆਇਆ ਤੇ ਨਾ ਹੀ ਰੱਬ ਮੰਮੀ ਨੂੰ ਛੱਡਣ ਲਈ ਆਇਆ।
ਘਰ ਮੇਰੀ ਛੋਟੀ ਮਾਸੀ ਆਈ ਹੋਈ ਸੀ ਤੇ ਮੰਮੀ ਦੇ ਭੋਗ ਹੋਣ ਤੱਕ ਓਹ ਘਰ ਹੀ ਰਹੀ। ਮਾਸੀ ਤਾਂ ਪਹਿਲਾਂ ਹੀ ਮੇਰੀ ਫੇਵਰਟ ਸੀ ਤੇ ਛੋਟੇ ਵੀਰ ਨੇ ਵੀ ਮਾਸੀ ਨੂੰ ਹੀ ਆਪਣੀ ਮਾਂ ਸਮਝ ਲਿਆ ਸੀ।ਫੇਰ ਸਾਰਿਆਂ ਨੇ ਸਲਾਹ ਬਣਾਈ ਕਿ ਮਾਸੀ ਨੂੰ ਹੀ ਬੱਚਿਆਂ ਦੀ ਮਾਂ ਬਣਾ ਦਿੰਦੇ ਆ।
ਮਾਸੀ ਦਾ ਸਾਡੇ ਨਾਲ ਬਹੁਤ ਜਿਆਦਾ ਮੋਹ ਸੀ।ਪਤਾ ਨਹੀਂ ਆਪਣੀ ਭੈਣ ਦੇ ਘਰ ਕਰਕੇ ਜਾਂ ਸਾਡੇ ਮੋਹ ਕਰਕੇ ਮਾਸੀ ਵੀ ਘਰਦਿਆਂ ਦੀ ਗੱਲ ਨਾਲ ਰਾਜ਼ੀ ਹੋ ਗਈ ਤੇ ਮਾਸੀ ਨੇ ਵੀ ਸਾਡੇ ਘਰ ਚ ਹੀ ਰਹਿਣਾ ਸ਼ੁਰੂ ਕਰ ਦਿੱਤਾ।ਮੈਂ ਤਾਂ ਪਹਿਲਾਂ ਹੀ ਮਾਸੀ...

ਦੀ ਲਾਡਲੀ ਸਾਂ ਤੇ ਨਿੱਕੇ ਵੀਰ ਨੇ ਤਾਂ ਮਾਸੀ ਲਈ ਪਹਿਲਾ ਲਫਜ਼ ਹੀ ਮੂੰਹੋਂ ਮਾਂ ਕਢਿਆ ਸੀ।
ਘਰ ਚ ਸਭ ਕੁਝ ਨੌਰਮਲ ਹੋ ਗਿਆ ਥੋੜੀ ਦੇਰ ਬਾਅਦ ਰੱਬ ਜੀ ਇੱਕ ਵਾਰ ਹੋਰ ਮੈਨੂੰ ਵੀਰਾ ਦੇਣ ਲਈ ਆਏ। ਪਰ ਉਦੋਂ ਵੀਰ ਨੂੰ ਸ਼ਹਿਰੋਂ ਕਿਸੇ ਹਸਪਤਾਲ ਚੋਂ ਲੈਕੇ ਆਏ ਸੀ।
ਮੈਨੂੰ ਆਪਣੀ ਮਾਂ ਦਾ ਤਾਂ ਚੰਗੀ ਤਰਾਂ ਚਿਹਰਾ ਵੀ ਯਾਦ ਨਹੀਂ ਆ ਤੇ ਨਾ ਹੀ ਅਵਾਜ਼ ਯਾਦ ਆ।ਬਸ ਕੁਝ ਕ ਗੱਲਾਂ ਯਾਦ ਨੇ ਜਿਹੜੀਆਂ ਮਾਂ ਦੇ ਹੁੰਦਿਆਂ ਹੋਈਆਂ ਸੀ।
ਦਸਵੀਂ ਤੋਂ ਬਾਅਦ ਦਾਦੀ ਨੇ ਘਰ ਬਿਠਾ ਦਿੱਤਾ ਸੀ ਕਿ ਹੁਣ ਘਰ ਦਾ ਕੰਮ ਸਿੱਖਲਾ।ਸ਼ਹਿਰ ਸਕੂਲ ਜਾ ਕੇ ਕੁੜੀਆਂ ਵਿਗੜ ਜਾਂਦੀਆਂ ਹੁੰਦੀਆ ਆ। ਪਰ ਓਥੇ ਮੇਰੀ ਮਾਸੀ ਨੇ ਘਰ ਚ ਦਾਦੀ ਨਾਲ ਪਹਿਲੀ ਵਾਰ ਕਲੇਸ਼ ਕੀਤਾ ਸੀ ਤੇ ਅੱਗਿਓਂ ਦਾਦੀ ਕਹਿੰਦੀ ਅਗਰ ਤੇਰੇ ਢਿੱਡੋਂ ਜੰਮੀ ਹੁੰਦੀ ਤਾਂ ਤੂੰ ਵੀ ਕੁੜੀ ਨੂੰ ਹੱਥ ਦੇ ਫੋੜੇ ਵਾਂਗ ਰੱਖਣਾ ਸੀ।
ਮਾਸੀ ਮਾਂ ਨੇ ਸਾਨੂੰ ਸਕੀ ਮਾਂ ਤੋਂ ਵੀ ਜਿਆਦਾ ਪਿਆਰ ਦਿੱਤਾ ਸੀ ਤੇ ਨਾ ਹੀ ਸਾਡੀ ਤਰਬੀਅਤ ਚ ਕੋਈ ਕਸਰ ਛੱਡੀ ਸੀ।ਦਾਦੀ ਵਲੋਂ ਦਿੱਤਾ ਗਿਆ ਤਾਹਨਾ ਮਾਸੀ ਮਾਂ ਕੋਲੋਂ ਬਰਦਾਸ਼ਤ ਨਾ ਹੋਇਆ ਤੇ ਨਾ ਹੀ ਬਾਪੂ ਜੀ ਨੂੰ ਦਾਦੀ ਦੀ ਗੱਲ ਪਸੰਦ ਆਈ।ਓਸੇ ਦਿਨ ਬਾਪੂ ਜੀ ਨੇ ਰੋਟੀ ਪਾਣੀ ਅਲੱਗ ਕਰ ਲਿਆ ਤੇ ਮੇਰਾ ਸ਼ਹਿਰ ਕੁੜੀਆਂ ਦੇ ਸਕੂਲ ਚ ਮੈਡੀਕਲ ਚ ਦਾਖਲਾ ਕਰਵਾ ਦਿੱਤਾ।
ਜਦੋਂ ਸ਼ਹਿਰ ਪੜ੍ਹਨ ਜਾਂਦੀ ਸੀ ਤਾਂ ਲੋਕਾਂ ਨੇ ਬਹੁਤ ਇਲਜ਼ਾਮ ਲਗਾਏ ਤੇ ਬਾਪੂ ਦੇ ਬਹੁਤ ਕੰਨ ਭਰੇ ਕਿਤੇ ਨਾ ਕਿਤੇ ਬਾਪੂ ਵੀ ਲੋਕਾਂ ਜਾਂ ਦਾਦੀ ਦੀਆਂ ਗੱਲਾਂ ਚ ਆ ਜਾਂਦਾ ਸੀ। ਪਰ ਮੇਰੀ ਮਾਸੀ ਬਣੀ ਮਾਂ ਨੇ ਮੈਨੂੰ ਦੋਵੇਂ ਹੱਥੀਂ ਛਾਵਾਂ ਕੀਤੀਆਂ।
ਮੇਰੀ ਡਾਕਟਰੀ ਦੀ ਪੜਾਈ ਮੁਕੰਮਲ ਕਰਵਾਈ ਤੇ ਮੇਰੀ ਮਰਜੀ ਨਾਲ ਮੇਰਾ ਵਿਆਹ ਕੀਤਾ।ਛੋਟੇ ਵੀਰ ਨੂੰ ਵਕਾਲਤ ਦੀ ਡਿਗਰੀ ਕਰਵਾਈ।ਜਿਹੜੀਆਂ ਜ਼ਮਾਨੇ ਦੀਆਂ ਡਿਗਰੀਆਂ ਕਿਸੇ ਕਾਲਜ ਯੂਨੀਵਰਸਿਟੀ ਚੋਂ ਨੀ ਮਿਲਦੀਆਂ ਓਹ ਵੀ ਮੇਰੀ ਮਾਸੀ ਮਾਂ ਨੇ ਸਿਖਾਈਆਂ।
ਜਦੋਂ ਮੇਰੇ ਘਰ ਖੁਸ਼ੀ ਆਉਣ ਵਾਲੀ ਸੀ ਤਾਂ ਡਾਕਟਰ ਹੋਣ ਦੇ ਬਾਵਜੂਦ ਵੀ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਪੁੱਤ ਦੇਣ ਆਇਆ ਰੱਬ ਮੇਰੀ ਮਾਂ ਵਾਂਗ ਮੈਨੂੰ ਨਾਲ ਹੀ ਨਾ ਲੈ ਜਾਵੇ। ਪਰ ਓਥੇ ਵੀ ਮੇਰੀ ਮਾਸੀ ਮਾਂ ਨੇ ਮੈਨੂੰ ਡੋਲਣ ਨਾ ਦਿੱਤਾ।
ਮੈਂ ਵੀ ਆਪਣੀ ਮਾਸੀ ਨੂੰ ਮਾਂ ਤੋਂ ਵਧ ਕੇ ਰੱਖਦੀ ਆ ਤੇ ਹਰ ਗੱਲ ਨੂੰ ਸਿਰੇ ਮੱਥੇ ਮੰਨਦੀ ਆ।ਹੋ ਸਕਦਾ ਮੇਰੀ ਅਸਲ ਮਾਂ ਮੇਰੀ ਡਰਕੇ ਦਾਦੀ ਦੀ ਗੱਲ ਨੂੰ ਮੰਨ ਲੈਂਦੀ ਤੇ ਮੈਨੂੰ ਵੀ ਘਰ ਚ ਭਾਂਡੇ ਮਾਂਜਣ ਜੋਗੀ ਰੱਖ ਲੈਂਦੀ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)