ਜ਼ਿੰਦਗੀ ਦੇ ਉਸ ਦੌਰ ਤੇ ਆ ਗਿਆ ਹਾਂ ਜਿੱਥੇ ਲੱਗਦਾ ਏ ਕਿ ਸ਼ਾਇਦ ਜੇ ਉਹਨਾ ਵੇਲਿਆ ‘ਚ ਮਾੜਾ ਨਾ ਹੁੰਦਾ ਤਾਂ ਅੱਜ ਇਹੋ ਜਿਹੀ ਹੁਸੀਨ ਜ਼ਿੰਦਗੀ ਨਾ ਮਿਲਦੀ, ਬੁਰਾ ਇਨਸਾਨ ਵੀ ਕਿਸੇ ਆਪਣੇ ਚੰਗੇ ਦੇ ਸਾਥ ਨਾਲ ਖੁਦ ਚੰਗਾ ਹੋ ਨਿਬੜਦਾ ਏ।
ਗੱਲ ਏ ਉਹ ਵੇਲਿਆ ਦੀ ਜਦ ਮੇਰੀ ਸਕੀ ਮਾਸੀ, ਚਾਚੇ ਨਾਲ ਵਿਆਹੀ ਸੀ, ਸੱਚ ਜਾਣਿਉ ਉਹ ਮਾਂ ਦਾ ਹੀ ਦੂਜਾ ਰੂਪ ਸੀ, ਉਹਦੇ ਘਰ ਆਉਣ ਤੇ ਸਾਡੇ ਘਰ ਇੱਕ ਹੋਰ ਵੀਰਾ ਹੋਇਆ, ਸਾਰੇ ਆਖ ਰਹੇ ਸੀ ਕਿ ਕਰਮਾਂ ਵਾਲੀ ਏ ਉਹਦੇ ਆਉਣ ਤੇ ਘਰ ਦੋ ਪੁੱਤਰਾ ਦੀ ਜੋੜੀ ਬਣ ਗਈ ਤੇ ਸਾਲ ਤੱਕ ਉਹਦੇ ਕੁੱਖੌ ਨੰਨੀ ਪਰੀ ਨੇ ਜਨਮ ਲਿਆ, ਸਭ ਤੋਂ ਵੱਧ ਚਾਅ ਮੇਰੇ ਬਾਪੂ-ਬੇਬੇ ਜੀ ਨੇ ਕੀਤਾ, ਸਾਨੂੰ ਦੋਹਾਂ ਭਰਾਵਾਂ ਨੂੰ ਤਾ ਜਾਣੀ ਖੇਡਣ ਲਈ ਖਿਡੌਣਾ ਮਿਲ ਗਿਆ ਸੀ, ਬੜੇ ਵਧੀਆ ਦਿਨ ਲੰਘ ਰਹੇ ਸੀ ਪਰ ਅਣਹੋਣੀਆਂ ਨੂੰ ਕਦ ਕਿਸ ਨੇ ਰੋਕਿਆ ???
ਚਾਚਾ ਜੀ ਸਵਰਗ ਸਿਧਾਰ ਗਏ, ਮਾਂ ਦੀ ਪੱਲੇ ਪਾ ਕੇ ਲਿਆਦੀ ਭੈਣ ਦਾ ਘਰ ਹੀ ਉਜੜ ਗਿਆ, ਸਾਰੇ ਆਖ ਰਹੇ ਸੀ ਕਿ ਵਿਚਾਰੀ ਦੇ ਮੰਦੇ ਕਰਮ ਭਰ ਜਵਾਨੀ ਸਿਰ ਦਾ ਸਾਈ ਉਹਨੂੰ ਤੇ ਕੁੱਛੜ ਜੁਆਕੜੀ ਨੂੰ ਛੱਡ ਗਿਆ। ਮਾ-ਬਾਪੂ ਜੀ ਨੇ ਬੜਾ ਜ਼ੋਰ ਲਾਇਆ ਕਿ ਮਾਸੀ ਵਿਆਹ ਕਰਵਾ ਲਏ ਪਰ ਉਹ ਨਾ ਮੰਨੀ ਤੇ ਮਾਂ ਨੂੰ ਆਖਿਆ ਕਿ ਉਸਨੂੰ ਆਪਣਾ ਪੁੱਤ ਦੇ ਦੇਵੇ ਤਾ ਜੋ ਉਸਦੇ ਆਸਰੇ ਉਹ ਸਾਰੀ ਉਮਰ ਕੱਢ ਲਵੇਗੀ ਕਿਉਕਿ ਧੀ ਤਾਂ ਇੱਕ ਨਾ ਇੱਕ ਦਿਨ ਵਿਆਉਣੀ ਪੈਣੀ ਏ, ਬਾਪੂ ਜੀ ਨੇ ਹਾਂ ਕਰ ਦਿੱਤੀ ਪਰ ਮਾਂ ਦਾ ਬਹੁਤੇ ਦਿਨ ਘਰ ਦਿਲ ਨਾ ਲੱਗਿਆ, ਬੱਚੇ ਤਾਂ ਢਿੱਡ ਦੀ ਅੱਗ ਹੁੰਦੇ ਨੇ ਤੇ ਢਿੱਡੋ ਜਣ ਕੇ ਹੋਰ ਨੂੰ ਦੇਣੇ ਬੜੇ ਔਖੇ ਲੱਗਦੇ ਤੇ ਉਹ ਹੋਰ ਚਾਹੇ ਤੁਹਾਡੀ ਸਕੀ ਭੈਣ ਹੀ ਕਿਉ ਨਾ ਹੋਵੇ ???
ਮੈਂ ਮਾਸੀ ਦਾ ਕਦ ਪੁੱਤ ਬਣ ਗਿਆ, ਮੈਨੂੰ ਖੁਦ ਪਤਾ ਨਾ ਲੱਗਿਆ, ਅੰਤਾਂ ਦਾ ਮੋਹ ਮਿਲਿਆ ਭੈਣ ਤੇ ਮਾਸੀ ਤੋਂ...
ਸ਼ਾਇਦ ਮੈਂ ਵਿਗੜਨ ਲੱਗਾ ਸੀ ਜਾ ਫਿਰ ਜੁਆਨੀ ਹੁੱਜਾਂ ਮਾਰਨ ਲੱਗੀ ਸੀ, ਮੈਂ ਕੰਮ ਤਾਂ ਬੜਾ ਕਰਦਾ ਪਰ ਕਦ ਮਾੜੇ ਦੋਸਤਾਂ ਦੀ ਸੰਗਤ ‘ਚ ਰਲ ਗਿਆ ਪਤਾ ਹੀ ਨਾ ਲੱਗਾ, ਭੈਣ ਵਧੀਆ ਘਰ ਵਿਆਹੀ ਗਈ ਪਰ ਸਭ ਲਈ ਮੈਂ ਪਰੇਸ਼ਾਨੀ ਬਣ ਗਿਆ ਸੀ, ਮੈਨੂੰ ਵੀ ਵਧੀਆ ਘਰਾਂ ਦੇ ਰਿਸ਼ਤੇ ਆਉਦੇ ਪਰ ਹਰੇਕ ਰਿਸ਼ਤਾ ਮੁੜ ਜਾਦਾ, ਵਿਚੋਲਾ ਆਖਦਾ ਇੰਨੀ ਜਮੀਨ-ਜਾਇਦਾਤ ਆ , ਹੋਰ ਕੀ ਚਾਹੀਦਾ ਹੁੰਦਾ ਕੁੜੀ ਵਾਲਿਆ ਨੂੰ ਪਰ ਉਸਦਾ ਇਹ ਤਰਕ ਹਮੇਸ਼ਾ ਗਲਤ ਹੋ ਨਿੱਬੜਦਾ ਕਿਉਕਿ ਅਜ ਵੀ ਜਾਗਦੀਆਂ ਜ਼ਮੀਰਾ ਵਾਲੇ ਜਾਇਦਾਤਾਂ ਨਾਲੋਂ ਮੁੰਡੇ ਦੀ ਉੱਠਣੀ-ਬਹਿਣੀ ਦੇਖਦੇ ਨੇ ਪਰ ਅਫ਼ਸੋਸ ਅੱਜ ਵੀ ਬਹੁਤੀਆਂ ਕਰਮਾਂ ਮਾਰੀਆ ਗਰੀਬ ਘਰ ਪੈਦਾ ਹੋ ਜਾਦੀਆਂ ਨੇ ਤੇ ਜਿੰਨਾ ਨੇ ਮਾਂ-ਬਾਪ ਮਜਬੂਰੀ ਵੱਸ ਬਿਨਾ ਮੁੰਡਾ ਦੇਖੇ ਤਕੜੇ ਘਰ ਵਿਆਹ ਦਿੰਦੇ ਨੇ, ਉਹ ਵੀ ਇਦਾ ਹੀ ਸੀ ਜੋ ਮੇਰੇ ਨਾਲ ਲਾਵਾਂ ਲੈ ਮੇਰੀ ਸਰਦਾਰਨੀ ਬਣ ਗਈ, ਉਹ ਗਰੀਬ ਘਰ ਦੀ ਜਰੂਰ ਸੀ ਪਰ ਦਿਲ ਪੱਖੋਂ ਡਾਢੀ ਅਮੀਰ ਸੀ, ਉਹਨੇ ਮੇਰਾ ਤੇ ਮਾਸੀ ਦਾ ਬੜਾ ਖਿਆਲ ਰੱਖਿਆ, ਉਹਦੇ ਆਉਣ ਨਾਲ ਘਰ ਦਾ ਹਰੇਕ ਕੋਨਾ ਰੁਸ਼ਨਾਇਆ ਗਿਆ। ਉਸਨੇ ਮੈਨੂੰ ਬਦਲਣ ਦਾ ਮਨ ਬਣਾ ਲਿਆ, ਉਹ ਅਕਸਰ ਇਹੀ ਆਖਦੀ ਕਿ ਇਨਸਾਨ ਜੇ ਬਦਲਣਾ ਚਾਹੇ ਤਾ ਹਜ਼ਾਰਾ ਆਦਤਾਂ ਛੱਡ ਸਕਦਾ ਏ….. ਮੈਂ ਹੌਲੀ-ਹੌਲੀ ਸੁਧਰ ਗਿਆ, ਉਹਦੇ ਨਾਲ ਗੁਰੂਘਰ ਜਾਣ ਲੱਗਾ ਤੇ ਕੇਸ ਰੱਖ ਪੱਗ ਬੰਨਣ ਲੱਗਿਆ, ਸੱਚੀ ਘਰ ਬਰਕਤਾਂ ਨਾਲ ਭਰ ਗਿਆ।
ਉਹ ਅੱਜ ਮੇਰੇ ਸਿਰ ਨੂੰ ਤੇਲ ਲਾ ਰਹੀ ਸੀ ਤੇ ਟੀ.ਵੀ. ਤੇ ਚੱਲ ਰਿਹਾ ਸਤਬੀਰ ਔਜਲੇ ਦਾ ਗੀਤ ਇਦਾ ਲੱਗਿਆ ਜਿਦਾ ਮੇਰੀ ਆਪ ਬੀਤੀ ਹੋਵੇ , ਉਹਦੀਆ ਸਤਰਾਂ ਸੀ…
” ਜਿਵੇ ਖਾਲੀ ਪਏ ਸਰੀਰ ਨੂੰ ਰੂਹ ਮਿਲ ਗਈ,
ਨੀ ਮੈਂ ਐਸਾ ਕੀ ਸੀ ਕੀਤਾ…ਮੈਨੂੰ ਤੂੰ ਮਿਲ ਗਈ।”
ਕਮਲ ਕੌਰ