More Punjabi Kahaniya  Posts
ਇੱਜਤ


ਇੱਜਤ
ਮੀਡੀਆ ਤੇ ਇੱਕ ਵੀਡੀਓ ਵੇਖ ਰਿਹਾ ਸੀ,ਜਿਸ ਵਿਚ ਅਫਰੀਕਾ ਅੰਦਰ ਭੁੱਖਮਰੀ ਦੇ ਸ਼ਿਕਾਰ ਲੋਕਾਂ ਨੂੰ “ਖਾਲਸਾ ਏਡ” ਦੁਆਰਾ ਖਾਣੇ ਦੇ ਪੈਕਟ ਵੰਡੇ ਜਾ ਰਹੇ ਸਨ!!ਵੰਡਣ ਵਾਲੇ ਭਾਵੇ ਟੀਨ ਏਜਰ ਸਨ ਪਰ ਓਹਨਾ ਦੇ ਚੇਹਰੇ ਤੇ ਝਲਕਦੀ ਖੁਸ਼ੀ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਘਟੋ ਘਟ ਅਸੀਂ ਇਸ ਸਿੱਖ ਕੌਮ ਨਾਲ ਸਬੰਧ ਰੱਖਦੇ ਹਾਂ!!ਲੱਗ ਰਿਹਾ ਸੀ,ਸੱਚਮੁੱਚ ਸਾਡੀ ਸਿੱਖੀ ਅਤੇ ਸਰਦਾਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਕ੍ਰਿਪਾ ਹੈ!!ਖਾਣੇ ਦੇ ਪੈਕਟ ਲੈਕੇ ਜਾ ਰਹੇ ਕਾਲੇ ਬੱਚੇ ਹੱਥ ਖੜੇ ਕਰਕੇ ਜੋਸ਼ ਨਾਲ ਕੁਝ ਬੋਲ ਰਹੇ ਸਨ(ਪਰ ਵੀਡੀਓ ਮਿਊਟ ਸੀ)ਤੇ ਇਓਂ ਲੱਗ ਰਿਹਾ ਸੀ ਜਿਵੇ ਕਹਿ ਰਹੇ ਹਨ “ਬੋਲੇ ਸੋ ਨਿਹਾਲ…..!”ਦੇਖ ਕੇ ਸਿਰ ਸਤਿਕਾਰ ਨਾਲ ਝੁਕ ਗਿਆ ਤੇ ਨਾਲ ਹੀ ਸ਼ਰਮ ਵੀ ਆਈ ਕਿ ਅਸੀਂ ਗੁਰੂ ਦੇ ਘਰ ਚ ਰਹਿਕੇ ਵੀ ਅਜਿਹੀ ਸੇਵਾ ਨਹੀਂ ਕਰ ਸਕਦੇ ਦੂਜੇ ਪਾਸੇ “ਖਾਲਸਾ ਜੀ” ਦੀ ਇਹ ਸੰਸਥਾ ਕਿਥੇ ਕਿਥੇ ਜਾਕੇ ਗੁਰੂ ਦਾ ਝੰਡਾ ਬੁਲੰਦ ਕਰ ਰਹੀ ਹੈ!!………ਸਾਡੇ ਇਥੇ ਪਹਿਲਾਂ ਤਾਂ ਸੇਵਾ ਲਈ ਸ਼ੁੱਧ ਪਾਤਰ ਲੱਭਣਾ ਬੜਾ ਔਖਾ ਹੈ…….
ਜੇਕਰ ਲੱਭ ਵੀ ਜਾਵੇ ਤਾਂ ਵੀ ਅਸੀਂ ਸੰਭਾਵੀ “ਸੇਵਾ”ਨੂੰ ਕਈ ਪਹਿਲੂਆਂ ਤੋਂ ਤੋਲ ਕੇ ਦੇਖਦੇ ਹਾਂ!!
ਸੋਚਾਂ ਦੀ ਲੜੀ ਟੁੱਟੀ ਜਦੋਂ ਸ੍ਰੀਮਤੀ ਜੀ (ਜੋ ਬਾਹਰ ਗਏ ਬੇਟੇ ਨਾਲ ਕਾਫੀ ਸਮੇਂ ਤੋਂ ਲੰਬੀ ਗਲਬਾਤ ਕਰ ਰਹੇ ਸਨ)ਨੇ ਇਸ਼ਾਰਾ ਕਰਕੇ ਮੈਨੂੰ ਗੱਲ ਕਰਨ ਲਈ ਕਿਹਾ!!ਹਾਲ ਚਾਲ ਪੁੱਛਣ ਉਪਰੰਤ ਮੈਂ ਕਿਹਾ “ਬੇਟਾ ਕੋਈ ਖ਼ਾਸ ਗੱਲ ਤਾਂ ਨਹੀਂ?”,ਤਾਂ ਉਸਦਾ ਬੰਦ ਲਾਈਟ ਵਿਚ ਮੱਧਮ ਜਿਹਾ ਨਜ਼ਰ ਆਓਂਦਾ ਚੇਹਰਾ ਹੋਰ ਮੱਧਮ ਲੱਗਣ ਲੱਗਾ!!ਇੰਨਾ ਹੀ ਕਿਹਾ “ਕੋਈ ਗੱਲ ਨਹੀਂ ਪਾਪਾ,ਬਸ ਐਵੇਂ ਹੀ ਮੰਮਾ ਨੂੰ ਕੁਝ ਕਿਹਾ ਸੀ”…..”ਕੀ”???
“ਕੁਝ ਨਹੀਂ ਜੀ,ਐਵੇਂ ਲਾਡ ਕਰ ਰਿਹਾ ਸੀ,ਕਹਿੰਦਾ ਮੇਰਾ ਕੇਸ ਵਾਹੁਣ ਨੂੰ ਟਾਈਮ ਨਹੀਂ ਲੱਗਦਾ!!”ਹੁਣ ਮੰਮਾ ਦੀ ਵਾਰੀ ਸੀ!!
ਤਾਜ਼ਾ ਤਰੀਨ ਖਾਲਸਾ ਏਡ ਵਾਲਾ ਵੀਡੀਓ ਦੇਖ ਕੇ ਹਟਿਆ ਸੀ,ਇਓਂ ਲੱਗਾ ਹੱਥੋਂ ਕੋਈ ਮਿਲੀ ਹੋਈ ਖ਼ਾਸ ਚੀਜ਼ ਹੇਠਾਂ ਡਿੱਗ ਪਈ ਹੋਵੇ!!
ਖਿਝ ਤਾਂ ਦੋਹਾਂ ਤੇ ਆਈ ਪਰ ਥੋੜਾ ਕੰਟਰੋਲ ਕੀਤਾ,ਤੇ ਗਹਿਰੀ ਚੁੱਪ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ!!ਦੋਹਾਂ ਨੇ ਇੱਕ ਦੂਜੇ ਵੱਲ ਇਸ਼ਾਰਾ ਕਰਕੇ ਸੁਖ ਦਾ ਸਾਹ ਲਿਆ……ਕਿ ਇੱਕ ਵਾਰ ਮਾਹੌਲ ਗਰਮ ਹੋਣ...

ਤੋਂ ਬਚ ਗਿਆ!!ਮੈਂ ਅਜਿਹਾ ਇਸ ਲਈ ਕੀਤਾ ਕਿ ਇੱਕ ਤਾਂ ਪੁੱਤਰ ਜਵਾਨ ਹੈ
ਉਪਰੋਂ ਇਕੱਲਾ ਪਰਦੇਸ ਚ ਬੈਠਾ
ਖੌਰੇ ਕਿਥੇ ਕਿਥੇ ਕਿਹੜੇ ਕਿਹੜੇ ਲੋਕਾਂ ਨੂੰ ਮਿਲਦਾ ਤੇ ਕਿਓਂ ਉਸਨੂੰ ਕੇਸ ਭਰੇ ਲੱਗਣ ਲਗ ਪਏ!!
ਦੂਜਾ ਮਾਵਾਂ ਦੀ ਬੱਚਿਆਂ ਨਾਲ ਵਧੇਰੇ ਡੂੰਘਾਈ ਚ ਦਿਲੀ ਗੱਲ ਹੁੰਦੀ ਹੈ ….ਪਤਾ ਨਹੀਂ ਇਸ ਮਿਸ਼ਨ ਤੇ ਕਦੋਂ ਤੋਂ ਗੱਲ ਚਲ ਰਹੀ ਓਹਨਾ ਵਿਚਾਲੇ!!
ਚਲੋ,ਤਿੰਨੇ ਜਣੇ ਆਪਣੇ ਆਪਣੇ ਪਾਸੇ ਨੂੰ ਮੂੰਹ ਕਰਕੇ ਚੁਪਚਾਪ ਸੌਂ ਪਰ ਮੈਨੂੰ ਨੀਂਦ ਕਿਥੋਂ!!ਸੋਚ ਰਿਹਾ ਸੀ ਕਿ ਗੁਰੂ ਦੀ ਸਿੱਖੀ ਵੀ ਬਚਾਉਣੀ ਹੈ ਤੇ ਔਲਾਦ ਨੂੰ ਵੀ ਨਰਾਜ਼ ਨਹੀਂ ਕਰਨਾ!!ਹੁਣ ਅਜਿਹਾ ਕਿਹੜਾ ਫਾਰਮੂਲਾ ਲੱਭੇ ਜਿਸ ਨਾਲ ਦੋਵੇ ਮਸਲੇ ਹੱਲ ਹੋ ਜਾਣ!!ਦੂਜੇ ਪਾਸੇ ਮਾਂ ਪੁੱਤਰ ਮੇਰੀ ਚੁੱਪ ਤੋਂ ਦੋਵੇ ਉਤਸੁਕ ਸਨ!!
ਅਗਲਾ ਦਿਨ ਹੋਇਆ ਤਾਂ ਬਿਨਾਂ ਮਾਂ ਨੂੰ ਦਸਿਆਂ ਆਪਣੇ ਗਰੁੱਪ “ਕਲਮ ਪੰਜਾਬ” ਦਾ ਨਾਮ ਲੈਕੇ ਚਾਰ ਕੁ ਅੱਖਰ ਬੇਟੇ ਦੀ ਆਈ ਡੀ ਤੇ ਉਤਾਰੇ…..
“ਮੇਰਾ ਪਿਆਰਾ ਤੇ ਮਾਸੂਮ ਪੁੱਤਰ!!ਭਾਵੇਂ ਤੁਸੀਂ ਮੇਰੇ ਨਾਲ ਸਿੱਧੀ ਗੱਲ ਨਹੀਂ ਕੀਤੀ ਪਰ ਮੇਰੇ ਕੋਲ ਪਹੁੰਚੀ ਤੁਹਾਡੀ ਮੰਗ ਮੇਰੇ ਮਨ ਨੂੰ ਨਹੀਂ ਜਚੀ!!ਬੇਟਾ,ਤੁਹਾਨੂੰ ਪਤਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਇਹ ਸਿੱਖੀ ਤੇ ਪੱਗ ਸਾਡੇ ਸਪੁਰਦ ਕੀਤੀ ਸੀ!!ਅੱਜ ਸਰਦਾਰ ਪੂਰੇ ਸੰਸਾਰ ਚ ਜਿਸ ਵੀ ਕੋਨੇ ਚ ਖੜਾ ਹੋ ਜਾਵੇ,ਲੱਕਾਂ ਦੇ ਸਿਰ ਸਤਿਕਾਰ ਨਾਲ ਝੁਕ ਜਾਂਦੇ ਹਨ!!ਸਿੱਖੀ ਤੇ ਪੱਗ ਸਾਡਾ ਬਹੁਮੁਲਾ ਗਹਿਣਾ ਹਨ,ਤੇ ਤੁਸੀਂ ਇਸਦੀ ਸੰਭਾਲ ਕਰਨੀ ਹੈ ….ਦੁਨੀਆਂ ਚ ਵਿਚਰਦਿਆਂ ਕਦੇ ਕਿਸੇ ਖ਼ਾਸ ਮੌਕੇ ਤੇ ਇਸਦੀ ਕੀਮਤ ਤੁਹਾਡੇ ਸਾਹਮਣੇ ਜਰੂਰ ਸਿੱਧ ਹੋਵੇਗੀ””
ਪਾਪਾ
ਬਸ ਪੜ੍ਹਨ ਉਪਰੰਤ ਉਸਨੇ ਇੰਨਾ ਕੁ ਲਿਖਿਆ
“ਠੀਕ ਹੈ ਪਾਪਾ,ਇਸ ਮਸਲੇ ਤੇ ਮਿੱਟੀ ਪਾਓ”
ਪੜ੍ਹਕੇ ਇਓਂ ਲੱਗਾ ਜਿਵੇ ਇੱਕ ਆਸਵੰਦ ਪਿਤਾ ਦੀ ਉਸਦੇ ਬੇਟੇ ਨੇ “ਇੱਜਤ” ਰੱਖ ਲਈ ਹੋਵੇ!!ਸ੍ਰੀਮਤੀ ਜੀ ਜਿਹਨਾਂ ਦਾ ਕੱਲ੍ਹ ਸ਼ਾਮ ਤੋਂ ਧਿਆਨ ਮੇਰੇ ਚੇਹਰੇ ਤੇ ਕੇਂਦਰਿਤ ਸੀ,ਨੇ ਸਵਾਲੀਆ ਇਸ਼ਾਰਾ ਕੀਤਾ…ਇਧਰ ਮੈਂ ਖੁਸ਼ੀ ਤੇ ਤਸੱਲੀ ਚ ਕੇਵਲ ਅੱਖਾਂ ਹੀ ਨਮ ਕਰ ਸਕਿਆ!!
ਇੰਜੀ ਪ੍ਰੇਮ ਸਿੰਘ ਕਲੇਰ
9646113251
ਸ੍ਰੀ ਅੰਮ੍ਰਿਤਸਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)