![](https://www.punjabidharti.com/wp-content/uploads/2020/04/gossiping_girls.jpg)
ਦੂਹਰਾ ਮਾਪ-ਦੰਡ
ਦੋ ਸਹੇਲੀਆਂ ਬਹੁਤ ਦੇਰ ਬਾਅਦ ਮਿਲ਼ੀਆਂ। ਘੁੱਟ ਕੇ ਜੱਫੀਆਂ ਪਾਈਆਂ। ਇੱਕ ਦੂਜੇ ਦਾ ਹਾਲ ਪੁੱਛਿਆ। ਪਰਿਵਾਰ ਕਿਵੇਂ ਹਨ? ਮਾਂ ਪਿਓ ਤੇ ਸੱਸ ਸਹੁਰੇ ਦਾ ਹਾਲ ਚਾਲ ਜਾਣਿਆਂ । ਕੰਮ ਕਾਰ ਕਿਵੇਂ ਚੱਲ ਰਿਹਾ ਹੈ । ਬੱਚਿਆਂ ਦਾ ਕੀ ਹਾਲ ਹੈ। ਸਭ ਪੁੱਛ-ਗਿੱਛ ਹੋਈ।
ਇੱਕ ਕਹਿੰਦੀ : “ਹੋਰ ਦੱਸ ਕਿਵੇਂ, ਬੱਚੇ ਵਿਆਹ ਲਏ ਕਿ ਨਹੀਂ?
ਦੂਜੀ ਬੋਲੀ: ਹੋਰ ਕੀ, ਵਿਆਹ ਲਏ।
ਪਹਿਲੀ : ਅੱਛਾ ਕੁੜੀ ਦੇ ਸਹੁਰੇ ਕਿਵੇਂ ਹਨ? ਰਿਸ਼ਤੇਦਾਰ ਚੰਗੇ ਭੀ ਮਿਲ਼ੇ ਕਿ ਨਹੀਂ ?
ਦੂਜੀ : ਬੱਸ ਪੁੱਛ ਨਾ, ਰਿਸ਼ਤੇਦਾਰ ਤਾਂ ਬਹੁਤੇ ਚੰਗੇ ਮਿਲ਼ ਗਏ। ਸੱਸ ਤਾਂ ਸਵੇਰੇ ਉੱਠ ਕੇ ਪਹਿਲਾਂ ਸਾਡੀ ਕੁੜੀ ਦਾ ਮੂੰਹ ਦੇਖ ਕੇ ਕੰਮ ਸ਼ੁਰੂ ਕਰਦੀ ਆ। ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੀ। ਕਹਿ ਦਿੰਦੀ ਆ ਕਿ ਮੈਂ ਜੋ ਆਂ। ਮੇਰੇ ਹੁੰਦੇ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ। ਤੁਸੀਂ ਐਸ਼ ਕਰੋ! ਊਂ ਭੀ ਲੋੜ ਵੇਲੇ ਕੰਮ ਵਾਲ਼ੀ ਨੂੰ ਸੱਦ ਲੈਂਦੀ ਆ।
ਸਹੁਰੇ ਦਾ ਤਾਂ ਪੁੱਤ ਪੁੱਤ ਕਰਦੇ ਦਾ ਮੂੰਹ ਥੱਕਦਾ ਭੈਣੇ। ਦਿਓਰ ਤਾਂ ਨਣਾਨ ਭੀ ਉਹਦਾ ਬਹੁਤ ਕਰਦੇ ਆ। ਉੱਪਰੋਂ ਪ੍ਰਾਹੁਣਾ ਤਾਂ ਉਹਦੇ ਤੇ ਜਾਨ ਦਿੰਦਾ। ਸਵੇਰੇ ਨਾਸ਼ਤਾ ਨਾਲ਼ ਬੈਠ ਕੇ ਕਰਾ ਕੇ ਜਾਂਦਾ। ਦਪਿਹਰੇ ਫਿਰ ਫ਼ੋਨ ਕਰੂ ਪੁੱਛਣ ਲਈ ਭੀ ਖਾਣਾ ਖਾ ਲਿਆ ਕਿ ਨਹੀਂ। ਕਈ ਵਾਰ ਤਾਂ ਕੰਮ ਤੇ ਅੱਧਾ ਦਿਨ ਲਾ ਕੇ ਘਰ ਨੂੰ ਆ ਜਾਂਦਾ। ਕਹਿ ਦਿੰਦਾ ਪਈ ਬਾਕੀ ਦਾ ਕੰਮ ਮੈਂ ਇੱਥੇ ਤੇਰੇ ਕੋਲ਼ ਬੈਠ ਕੇ ਈ ਕਰ ਲੈਂਦਾ ਆਂ।
ਕੁੜੀ ਤਾਂ ਰਾਜ ਕਰਦੀ ਆ। ਉਹਦੇ ਵੱਲੋਂ ਤਾਂ ਮੈਂ ਬਾਹਲ਼ੀ ਸੌਖੀ ਆਂ।
ਪਹਿਲੀ : ਹੋਰ ਕਰਮਾਂ ਨਾਲ਼ ਚੰਗੇ ਰਿਸ਼ਤੇਦਾਰ ਮਿਲ਼ਦੇ ਆ।ਸਿਆਣੇ ਕਹਿੰਦੇ ਆ ਪਈ ਜਿਹਦੀ ਧੀ ਸੁਖੀ, ਉਹਦੀ ਜੱਦ ਸੁਖੀ।
ਹੋਰ ਸੁਣਾ, ਨੂੰਹ ਰਾਣੀ ਕਿਵੇਂ ਆਂ?
ਦੂਜੀ : ਨੂੰਹ ਰਾਣੀ । ਉਹਦੀ ਤਾਂ ਤੂੰ ਗੱਲ ਨਾ ਕਰ । ਪਤਾ ਨਹੀਂ ਕਿਹੜੇ ਚੰਦਰੇ ਵੇਲੇ ਅਸੀਂ ਇਹ...
ਸਾਕ ਕਰ ਲਿਆ। ਉਹਦੀ ਨਿੱਤ ਨਿੱਤ ਦੀ ਲੜਾਈ ਤੋਂ ਅਸੀਂ ਤਾਂ ਤੰਗ ਆਏ ਪਏ ਆਂ। ਸੋਚਿਆ ਸੀ ਮੁੰਡਾ ਵਿਆਹ ਕੇ ਅਸੀਂ ਭੀ ਚਾਰ ਦਿਨ ਬੈਠ ਕੇ ਖਾਵਾਂਗੇ ।
ਪਰ ਉਹ ਤਾਂ ਕਿਸੇ ਕੰਮ ਨੂੰ ਹੱਥ ਨੀ ਲਾਉਂਦੀ। ਜੇ ਕਿਤੇ ਕਹਿੰਦੀ ਆਂ ਤਾਂ ਅੱਗੋਂ ਚਾਰੇ ਖੁਰ ਚੁੱਕ ਕੇ ਪੈਂਦੀ ਆ। ਕਹਿੰਦੀ ਕਿ ਜੇ ਨਹੀਂ ਹੁੰਦਾ ਤਾਂ ਕੰਮ ਵਾਲ਼ੀ ਰੱਖ ਲਓ! ਜੇ ਮੈਂ ਕਹਿੰਦੀ ਆਂ ਕਿ ਅਸੀਂ ਦੋਵੇਂ ਜਣੀਆਂ ਘਰ ਈ ਆਂ। ਤੈਂਨੂੰ ਨਹੁੰ ਪਾਲਸ਼ ਲਾ ਕੇ ਸਾਰੀ ਦਿਹਾੜੀ ਮੰਜੇ ਤੇ ਬਿਠਾਉਣ ਲਈ ਤਾਂ ਨਹੀਂ ਲਿਆਂਦਾ । ਕੰਮ ਵਾਲ਼ੀ ਨੂੰ ਐਵੇਂ ਵਾਧੂ ਪੈਸੇ ਦੇਣੇ ਆਂ ਤਾਂ ਅੱਗੋਂ ਦਸ ਸੁਣਾਉਂਦੀ ਆ।
ਕਹਿੰਦੀ ਆ ਮੈਂ ਤੁਹਾਡੇ ਘਰ ਵਿਆਹ ਕਰਾ ਕੇ ਪਛਤਾਉਂਦੀ ਆਂ। ਛੋਟੇ ਮੁੰਡੇ ਨੂੰ ਤਾਂ ਹਰ ਵੇਲੇ ਖਾਊਂ ਵੱਢੂੰ ਹੀ ਕਰਦੀ ਰਹਿੰਦੀ ਆ। ਉਹ ਜੇ ਕਿਤੇ ਪਾਣੀ ਦਾ ਗਲਾਸ ਭੀ ਮੰਗ ਲਵੇ ਤਾਂ ਅੱਗੋਂ ਕਹਿ ਦਿੰਦੀ ਆ, “ਤੇਰੇ ਹੱਥ ਟੁੱਟੇ ਆ, ਪਾ ਕੇ ਪੀ ਲੈ।
ਹੋਰ ਤਾਂ ਹੋਰ ਜਿਹਦੇ ਨਾਲ਼ ਵਿਆਹੀ ਉਹਨੂੰ ਭੀ ਰੋਟੀ ਪਾ ਕੇ ਨਹੀਂ ਫੜਾਉਂਦੀ। ਇੱਕ ਈ ਰੱਟ ਲਾਈ ਹੋਈ ਆ ਪਈ ਅੱਡ ਹੋ ਜਾ। ਮੈਂ ਵਿੱਚ ਨਹੀਂ ਰਹਿਣਾ। ਉਹ ਭੀ ਸਮਝਾ ਸਮਝਾ ਕੇ ਬਹੁਤ ਥੱਕ ਗਿਆ। ਕਿਸੇ ਦੀ ਨੀ ਸੁਣਦੀ। ਪਤਾ ਨਹੀਂ ਇਹਨੇ ਜਿਸ ਦਿਨ ਦਾ ਸਾਡੇ ਘਰ ਪੈਰ ਪਾਇਆ ਆ ਘਰੋਂ ਖੁਸ਼ੀਆਂ ਹੀ ਉੱਡ ਗਈਆਂ।
ਮੇਰੇ ਪੁੱਤ ਦੀ ਮਹੀਨੇ ਦੀ ਸਾਰੀ ਕਮਾਈ ਮਿਲ਼ਦਿਆਂ ਸਾਰ ਹੀ ਖਰੀਦੋ-ਫ਼ਰੋਖ਼ਤ ਵਿੱਚ ਹੀ ਉਡਾਈ ਜਾਂਦੀ ਹੈ। ਕੁੜੀ ਨਾਲ਼ ਬਹੁਤ ਈਰਖਾ ਕਰਦੀ ਆ। ਉਹਨੂੰ ਆਈ ਨੂੰ ਚੱਜ ਨਾਲ਼ ਬੁਲਾਉਂਦੀ ਨਹੀਂ।
ਗੱਲ ਤੇਰੀ ਸੱਚੀ ਆ, “ਚੰਗੇ ਰਿਸ਼ਤੇਦਾਰ ਕਰਮਾਂ ਨਾਲ਼ ਮਿਲ਼ਦੇ ਆ।”
ਬਲਵਿੰਦਰ ਕੌਰ ਨਾਰਵੇ