ਵੱਡੀ ਕੋਠੀ ਅੱਪੜ ਝਾੜੂ ਪੋਚਾ ਕਰਨ ਲਈ ਉਸਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਕੇ ਪਲਾਸਟਿਕ ਦਾ ਇੱਕ ਵੱਡਾ ਸਾਰਾ ਡੱਬਾ ਫੜਾਉਂਦੀ ਹੋਈ ਆਖਣ ਲੱਗੀ..”ਆਹ ਲੈ ਫੜ ਨੀ ਥੋੜੇ ਜਿਹੇ ਬਦਾਮ ਘਰੇ ਲੈ ਜਾਵੀਂ..ਸਕੂਲ ਪੜਦੇ ਤੇਰੇ ਪੁੱਤ ਦੇ ਕੰਮ ਆਉਣਗੇ..ਦੋ ਬਦਾਮ ਰੋਜ ਨਿਰਣੇ ਕਾਲਜੇ ਭਿਓਂ ਕੇ ਖੁਆ ਦਿਆ ਕਰੀਂ..ਦਿਮਾਗ ਵੀ ਤੇਜ ਹੋਊ ਤੇ ਨਾਲੇ ਅਕਲ ਵੀ ਆਊ..ਸੁਣਿਆਂ ਅੱਜ ਕੱਲ ਤੇਰੇ ਅੱਗੋਂ ਵੀ ਬਹੁਤ ਬੋਲਦਾ ਉਹ”
ਹੱਕੀ ਬੱਕੀ ਹੋਈ ਉਹ ਕਦੀ ਸਰਦਾਰਨੀ ਜੀ ਵੱਲ ਤੇ ਕਦੇ ਪਲਾਸਟਿਕ ਦੇ ਡੱਬੇ ਵੱਲ ਦੇਖੀ ਜਾ ਰਹੀ ਸੀ ਅਤੇ ਨਾਲ ਹੀ ਸੋਚ ਰਹੀ ਸੀ ਕੇ ਅੱਜ ਸੂਰਜ ਉਲਟੇ ਪਾਸਿਓਂ ਕਿੱਦਾਂ ਉੱਗ ਆਇਆ..?
ਅਚਾਨਕ ਉਸਦਾ ਧਿਆਨ ਡੱਬੇ ਹੇਠ ਬਦਾਮਾਂ ਥੱਲੇ ਪਏ ਭੋਰ-ਚੂਰ ਵਿਚ ਤੁਰੇ ਫਿਰਦੇ ਕਿੰਨੇ ਸਾਰੇ ਨਿੱਕੇ ਨਿੱਕੇ ਸੁੰਡ-ਕੀੜਿਆਂ ਵੱਲ ਗਿਆ ਤਾਂ ਸਾਰੀ ਕਹਾਣੀ ਸਮਝ...
ਪੈ ਗਈ..!
ਉਸਨੇ ਏਨੀ ਗੱਲ ਆਖਦਿਆਂ ਹੋਇਆਂ ਉਹ ਡੱਬਾ ਉਂਝ-ਦਾ ਉਂਝ ਹੀ ਵਾਪਿਸ ਕਰ ਦਿੱਤਾ ਕੇ “ਬੀਬੀ ਜੀ ਇਹਨਾਂ ਬਦਾਮਾਂ ਦੀ ਲੋੜ ਤੁਹਾਡੇ ਵਰਗੇ ਵੱਡੇ ਲੋਕਾਂ ਨੂੰ ਜਿਆਦਾ ਏ..ਸਾਡੇ ਜੁਆਕਾਂ ਨੂੰ ਤਾਂ ਇਹ ਜੈ ਖਾਣੀ ਅਕਲ ਦਰ ਦਰ ਦੇ ਧੋਖੇੇ ਧੱਕੇ ਖਾ-ਖਾ ਕੇ ਹੀ ਆ ਜਾਂਦੀ ਏ”
ਬੰਦ ਡੱਬੇ ਵਿਚ ਚਿਰਾਂ ਤੋਂ ਕੈਦ “ਅਕਲ” ਨਾਮ ਦਾ ਇੱਕ ਪੰਛੀ ਅੱਜ ਪੂਰੀ ਤਰਾਂ ਅਜਾਦ ਹੋ ਕੇ ਠੀਕ ਓਸੇ ਬਨੇਰੇ ਤੇ ਜਾ ਬੈਠਾ ਸੀ..ਜਿਥੋਂ ਅਕਸਰ ਹੀ ਤਰਸ ਅਤੇ ਹਮਦਰਦੀ ਦਾ ਮਿੱਠਾ ਲੇਪ ਚਾੜ ਵਧੀਆਂ-ਘਟੀਆਂ ਕਿੰਨੀਆਂ ਸਾਰੀਆਂ ਸ਼ੈਆਂ ਰੋਜਾਨਾ ਹੀ ਗਰੀਬੀ ਦੇ ਸਿਰ ਤੇ ਚੁਕਾ ਦਿੱਤੀਆਂ ਜਾਂਦੀਆਂ ਸਨ!
ਹਰਪ੍ਰੀਤ ਸਿੰਘ ਜਵੰਦਾ