ਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ ੧
ਮੇਰੀ ਇੱਕ ਮਾਸੀ ਤੇ ਤਿੰਨ ਮਾਮੇ ਸੀ । ਨਾਨੀ-ਨਾਨਾ ਹੁਣ ਨਹੀਂ ਰਹੇ ਸਨ । ਅਸੀਂ ਸਾਰੇ ਇੰਗਲੈਂਡ ਵਿੱਚ ਕਈ ਸਾਲਾ ਤੋਂ ਰਹਿੰਦੇ ਸੀ । ਸਭਨਾਂ ਦੇ ਬੱਚੇ ਵੱਡੇ ਹਨ ਤੇ ਵਿਆਹੇ ਗਏ ਸਨ । ਨਿੱਕਾ ਮਾਮਾ ਜੀ ਫ਼ੌਜ ਵਿੱਚ ਕੈਪਟਨ ਸੀ, ਤੇ ਉਹ ਇੱਕਲੇ ਪੰਜਾਬ ਆਪਣੇ ਜੱਦੀ ਪਿੰਡ ਵਿੱਚ ਰਹਿੰਦੇ ਸਨ । ਚੰਨੀ ਨਿੱਕੇ ਮਾਮੇ ਦੀ ਕੱਲੀ-ਕੱਲੀ ਧੀ ਸੀ । ਮਾਮੇ ਦੇ ਪਹਿਲੇ ਕੋਈ ਬੱਚਾ ਨਹੀਂ ਸੀ । ਉਹ 12 ਸਾਲਾ ਬਾਅਦ ਪੈਦਾ ਹੋਈ ਸੀ । ਮਾਮੀ- ਮਾਮਾ ਜੀ ਚੰਨੀ ਨੂੰ ਜਨਮ ਤੋਂ ਹੀ ਬਹੁਤ ਪਿਆਰ ਕਰਦੇ ਸੀ। ਉਧਰ ਚੰਨੀ ਦੀ ਮੰਮੀ ਪੰਜ ਭਰਾਵਾਂ ਦੀ ਇਕੱਲੀ -ਇਕੱਲੀ ਭੈਣ ਸੀ । ਚੰਨੀ 10 ਕੁ ਸਾਲ ਦੀ ਹੀ ਸੀ ਜਦੋ ਮਾਮੀ ਜੀ ਲੰਬੀ ਬਿਮਾਰੀ ਤੋਂ ਬਾਅਦ ਵਾਹਿਗੁਰੂ ਜੀ ਕੋਲ ਚਲੇ ਗਏ । ਚੰਨੀ ਹੁਣ ਮਾਂ ਵਾਰੀ ਬੱਚੀ ਹੋ ਗਈ ਸੀ। ਚੰਨੀ ਨੂੰ ਨਾਨਕੇ – ਦਾਦਕੇ ਸਾਰੇ ਬਹੁਤ ਪਿਆਰ ਕਰਦੇ ਸੀ । ਨਾਨਕੇ ਵੀ ਆਪਣੇ ਪਿੰਡ ਵਿੱਚ ਤਕੜਾ ਖ਼ਾਨਦਾਨ ਕਹਾਉਂਦੇ ਸਨ। ਨਿੱਕਾ ਮਾਮਾ ਕਦੇ ਵੀ ਬਾਹਰ ਨਹੀਂ ਸੀ ਆਉਣਾ ਚਾਹੁੰਦਾ । ਬਾਕੀ ਮਾਮੇ ਬਾਹਰ ਹੋਣ ਕਰਕੇ ਪਿੰਡ 25 ਖੇਤਾਂ ਦੀ ਖੇਤੀ ਵੀ ਮਾਮਾ ਇਕੱਲਾ ਹੀ ਸਾਂਭਦਾ ਸੀ । ਘਰ ਵਿੱਚ ਬਹੁਤ ਵਰਕਤ ਸੀ । ਮੇਰੇ ਨਾਨਕੇ ਘਰ ਪੈਸਾ ਮੁਕਾਇਆ ਨਹੀਂ ਸੀ ਮੁੱਕਦਾ । ਚੰਨੀ ਜੋ ਵੀ ਚੀਜ਼ ਲੈਣੀ ਚਾਹੁੰਦੀ , ਮਾਮਾ ਜੀ ਉਹ ਉਸ ਦੇ ਕਹਿਣ ਤੋਂ ਪਹਿਲਾ ਲੈ ਆਉਂਦੇ ਸੀ । ਚੰਨੀ ਪੜ੍ਹਾਈ ਵਿੱਚ ਬਹੁਤ ਵਧੀਆ ਸੀ । ਮਾਮੇ ਨੂੰ ਚਾਅ ਸੀ ਮੇਰੀ ਧੀ ਵੀ ਦੇਸ਼ ਦੀ ਸੇਵਾ ਕਰੇ । ਉਹ ਚੰਨੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ, ਪਰ ਚੰਨੀ ਨਰਸ ਬਣਨਾ ਚਾਹੁੰਦੀ ਸੀ । ਪੜਾਈ ਪੂਰੀ ਕਰਨ ਉਪਰੰਤ ਉਸਨੇ ਪਟਿਆਲੇ ਰਾਜਿੰਦਰਾ ਕਾਲਜ ਤੋਂ ਨਰਸਿੰਗ ਵੀ ਕਰ ਲਈ ਸੀ । ਮੇਰੇ ਮੰਮੀ ਨੇ ਫ਼ੌਜੀ ਮਾਮੇ ਨਾਲ ਚੰਨੀ ਦੇ ਵਿਆਹ ਵਾਰੇ ਗੱਲ ਕੀਤੀ ਕਿਉਂਕਿ ਸਾਰੇ ਚਾਹੁੰਦੇ ਸੀ ਕਿ ਚੰਨੀ ਵੀ ਵਿਆਹ ਕਰਵਾ ਕੇ ਇੰਗਲੈਂਡ ਆ ਜਾਵੇ ।ਸਾਡੇ ਗੁਆਂਢ ਵਿੱਚ ਇੱਕ ਬਹੁਤ ਨੇਕ ਪਰਿਵਾਰ ਰਹਿੰਦਾ ਸੀ । ਉਹਨਾਂ ਦੇ 2 ਬੇਟੇ ਸਨ ਦੋਵੇਂ ਡਾਕਟਰ ਸਨ ।
ਮੇਰੇ ਮੰਮੀ ਨੇ ਵੱਡੇ ਮੁੰਡੇ ਦਾ ਰਿਸ਼ਤਾ ਚੰਨੀ ਨੂੰ ਕਰਾਉਣ ਲਈ ਉਸਦੀ ਮੰਮੀ ਪਾਪਾ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਝੱਟ ਹੀ ਹਾਂ ਕਰ ਦਿੱਤੀ । ਕਈ ਸਾਲਾ ਤੋਂ ਉਹ ਸਾਨੂੰ...
ਜਾਣਦੇ ਸਨ । ਸਾਲ 2012 ਵਿੱਚ ਮੇਰੇ ਮੰਮੀ, ਉਹ ਮੁੰਡਾ ਅਤੇ ਮੁੰਡੇ ਦੇ ਮਾਤਾ-ਪਿਤਾ ਮੇਰੇ ਨਾਨਕਾ ਪਿੰਡ ਗਏ । ਰਿਸ਼ਤਾ ਕਰ ਆਏ । ਬਹੁਤ ਵੱਡਾ ਪ੍ਰੋਗਰਾਮ ਵੀ ਕੀਤਾ । ਸਾਰੇ ਬਹੁਤ ਖੁਸ਼ ਸਨ । ਚੰਨੀ ਵੀ ਬਹੁਤ ਖੁਸ਼ ਸੀ। ਫ਼ੇਰ ਦਸੰਬਰ 2013 ਨੂੰ ਵਿਆਹ ਕਰਨਾ ਕਰਨਾ ਸੀ । ਅਸੀਂ ਸਾਰੇ ਮਾਮੇ ਮਾਸੀਆਂ ਪਰਿਵਾਰਾਂ ਸਮੇਤ ਕੁਲ ਮਿਲਾਕੇ 26 ਜਾਣੇ ਵਿਆਹ ਤੇ ਗਏ । ਸਭ ਨੇ ਪਹਿਲਾ ਇੱਥੇ ਫੇਰ ਪਿੰਡ ਪਹੁੰਚ ਕੇ ਬਹੁਤ ਖਰੀਦਦਾਰੀ ਕੀਤੀ । ਬਹੁਤ ਵੱਡਾ ਟੈਂਟ ਮਾਮੇ ਨੇ ਖੇਤਾਂ ਵਿੱਚ ਲਾਈਆਂ ਸੀ । ਲੱਗਦਾ ਸੀ ਜਿਵੇਂ ਕਿਸੇ ਮੰਤਰੀ ਨੇ ਆਉਣਾ ਹੈ। ਸਾਰਾ ਦਿਨ ਅਸੀਂ ਸ਼ਹਿਰ ਖ਼ਰੀਦਾਰੀ ਕਰਕੇ ਆਉਂਦੇ ਸੀ। ਚੰਨੀ ਨੂੰ ਹਰ ਇੱਕ ਚੀਜ਼ ਲੈਣ ਤੋਂ ਪਹਿਲਾ ਪਸੰਦ ਜਾ ਨਾਪਸੰਦ ਪੁੱਛਿਆਂ ਜਾਂਦਾ ਸੀ। ਚੰਨੀ ਇਸ ਤਰਾ ਕਰਦੀ ਸੀ ਜਿਵੇਂ ਉਹ ਬਹੁਤ ਭੋਲੀ ਹੁੰਦੀ ਹੈ।
ਅਸੀਂ ਸਾਰੇ ਹਰ ਰੋਜ ਰਾਤ ਦਾ ਖਾਣਾ ਖਾਣ ਸਮੇਂ ਕਿੰਨਾ ਹਾਸਾ ਮਜ਼ਾਕ ਕਰਦੇ ਸੀ। ਘਰ ਦਾ ਮਾਹੌਲ ਵਿਆਹ ਤੋਂ ਵੀ ਜ਼ਿਆਦਾ ਰੋਣਕ ਵਾਲਾ ਹੋ ਚੁੱਕਾ ਸੀ। ਨਿੱਕੇ ਮਾਮੇ ਨੂੰ ਇਹ ਬਹੁਤ ਖੁਸ਼ੀ ਸੀ ਕਿ ਉਸ ਦੀ ਧੀ ਦੇ ਵਿਆਹ ਤੇ 16 ਸਾਲਾ ਬਾਅਦ ਸਾਰਾ ਪਰਿਵਾਰ ਇਕੱਠਾ ਹੋਈਆ ਹੈ। ਰਾਤ ਨੂੰ ਪੂਰੇ ਪਿੰਡ ਦੀਆ ਸੁਆਣੀਆਂ ਸੁਹਾਗ ਗਾਉਣ ਆ ਜਾਂਦੀਆਂ ਸਨ। ਗਿੱਧਾ ਪੈਦਾ, ਢੋਲਕੀ ਵੱਜਦੀ , ਬੋਲੀਆਂ ਪਾਉਣ ਲਈ ਵਾਰੀ ਨਹੀਂ ਸੀ ਲੱਗਦੀ। ਸਮੇ ਦਾ ਪਤਾ ਨਹੀਂ ਸੀ ਲੱਗਦਾ ਕਦੋਂ ਰਾਤ ਦੇ ਬਾਰਾ ਵੱਜ ਜਾਂਦੇ। ਮਾਮਾ ਫ਼ੌਜੀ ਸੀ ਉਹ ਪਹਿਲਾ ਹੀ ਰੋਲਾਂ ਪਾ ਲੈਂਦਾ ਉਹ ਸੋ ਜਾਉ ਭਾਈ ਸਵੇਰੇ ਅੰਮ੍ਰਿਤ ਵੇਲੇ ਉਠਣਾ ਹੈ। ਇੱਕ ਦਿਨ ਜਦੋ ਰਾਤ ਨੂੰ ਪਿੰਡ ਦੀਆ ਸਵਾਣੀਆਂ ਨੱਚ ਗਾ ਕੇ ਚਲੀ ਗਈਆਂ ਤਾਂ ਚੰਨੀ ਕਹਿੰਦੀ ਭੂਆ ਮੈਂ ਗੱਲ ਕਰਨੀ ਹੈ। ਉਸ ਪਾਗਲ ਚੰਨੀ ਨੇ ਠੀਕ ਵਿਆਹ ਤੋਂ ਚਾਰ ਦਿਨ ਪਹਿਲੇ ਰਾਤ ਨੂੰ ਮੂੰਹ ਹਿਲਾ ਦਿੱਤਾ ਕਹਿੰਦੀ ਮੈਂ ਇਹ ਵਿਆਹ ਨਹੀਂ ਕਰਨਾ ।
ਸਾਰੇ ਸੋਚਣ ਲੱਗੇ ਮਜ਼ਾਕ ਕਰਦੀ ਹੈ ਮਾਮਾ ਜੀ ਨੂੰ ਇਕੱਲੇ ਨਹੀਂ ਛੱਡਣਾ ਚਾਹੁੰਦੀ । ਕਿਸੇ ਦੀ ਵੀ ਸੋਚ ਕਿਸੇ ਗਲਤ ਪਾਸੇ ਨਹੀਂ ਸੀ ਗਈ। ਕਾਫ਼ੀ ਘੰਟੇ ਪੁੱਛਣ ਤੇ ਉਸ ਨੇ ਵਿਆਹ ਨਾ ਕਰਨ ਦਾ ਕਾਰਨ ਦੱਸਿਆ ਤਾਂ ਸਾਡੀਆ ਸਭਨਾਂ ਦੀਆ ਧੜਕਣਾ ਉੱਥੇ ਹੀ ਰੁਕ ਗਈਆਂ ।
ਕਾਰਨ ਅਗਲੇ ਭਾਗ ਵਿੱਚ ਦੱਸਿਆ ਜਾਵੇਗਾ ਜੀ ।
ਤੁਸੀਂ ਵੀ ਆਪਣਾ ਸੁਝਾਓ ਦਿਉ ਜੀ ਕੀ ਕਾਰਨ ਹੋ ਸਕਦਾ ?
ਰਚਨਾ
ਸਰਬਜੀਤ ਸਿੰਘ