ਹਿੱਸਾ
ਉਹ ਢਿੱਲਾ ਜਿਹਾ ਮੂੰਹ ਲੈ ਕੇ ਕਚਿਹਰੀ ਵੜਿਆ। ਕਿੰਨੇ ਹੀ ਕਮਰੇ ਅਤੇ ਅਣਗਣਿਤ ਵਕੀਲ, ਕਿਸ ਕੋਲ ਜਾਵੇ। ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਕੇ ਉੱਧਰ ਤੁਰ ਪਿਆ।
“ਕੀ ਮਾਮਲਾ ਹੈ?”,ਵਕੀਲ ਨੇ ਉਸਨੂੰ ਬਿਠਾ ਕੇ ਪੁੱਛਿਆ।
“ਭੈਣ ਜ਼ਮੀਨ ਵਿੱਚੋਂ ਆਵਦਾ ਹਿੱਸਾ ਮੰਗਦੀ ਹੈ”, ਉਸਨੇ ਨਜ਼ਰਾਂ ਝੁਕਾ ਕੇ ਕਿਹਾ।
ਵਕੀਲ ਨੇ ਵੀ ਦੁਨੀਆਂ ਦੇਖੀ ਹੋਈ ਸੀ। ਬਹੁਤ ਸੁਲਝਿਆ ਇਨਸਾਨ ਸੀ। ਉਸ ਬਾਰੇ ਮਸ਼ਹੂਰ ਸੀ ਕਿ ਬਹੁਤੇ ਕੇਸ ਤਾਂ ਉਹ ਆਵਦੇ ਕਮਰੇ ਵਿੱਚ ਹੀ ਨਿਬੇੜ ਦਿੰਦਾ ਸੀ।
“ਕੋਈ ਗੱਲ ਤਾਂ ਕਾਕਾ ਹੋਈ ਹੋਊ ”, ਵਕੀਲ ਨੇ ਫੇਰ ਪੁੱਛਿਆ ਪਰ ਉਹ ਚੁੱਪ ਰਿਹਾ।
“ਚੱਲ ਪਰਸੋਂ ਆਵਦੀ ਭੈਣ ਨੂੰ ਲੈ ਕੇ ਆ ਜਾਂਵੀ। ਕਹਿ ਦੇਵੀ ਕਿ ਵਕੀਲ ਨੇ ਸੱਦਿਆ।
ਮਿੱਥੇ ਦਿਨ ਉੱਤੇ ਦੋਵੇਂ ਭੈਣ ਭਰਾ ਵਕੀਲ ਦੇ ਦਫਤਰ ਪਹੁੰਚ ਗਏ। ਉਸਦਾ ਭਾਈਆ ਤਾਂ ਉਸਦੀ ਭੈਣ ਨੂੰ ਛੱਡ ਕੇ ਹੀ ਮੁੜ ਗਿਆ। ਨਰਾਜ਼ ਤਾਂ ਭੈਣ ਹੀ ਸੀ। ਵਕੀਲ ਦੋਵਾਂ ਨੂੰ ਦਫਤਰ ਵਿੱਚ ਬਿਠਾ ਆਪ ਕਿਸੇ ਕੰਮ ਬਾਹਰ ਚਲਾ ਗਿਆ। ਕਮਰੇ ਵਿੱਚ ਦੋਵੇਂ ਆਹਮਣੇ ਸਾਹਮਣੇ ਬੈਠੇ ਸਨ ਪਰ ਕੋਈ ਵੀ ਇੱਕ ਦੂਜੇ ਵੱਲ ਦੇਖ ਨਹੀ ਰਿਹਾ ਸੀ। ਕਿੰਨੀ ਅਜੀਬ ਗੱਲ ਸੀ ਕਿ ਇੱਕ ਕੁੱਖੋਂ ਪੈਦਾ ਹੋਏ, ਇੱਕ ਥਾਂ ਤੇ ਵੱਡੇ ਹੋਏ, ਇਕੱਠੇ ਖਾਣ-ਪੀਣ, ਸੌਣ, ਖੇਡਣ ਵਾਲੇ ਇੱਕ ਕਮਰੇ ਵਿੱਚ ਓਪਰਿਆਂ ਵਾਂਗ ਬੈਠੇ ਸਨ। ਚਾਹ ਵਾਲਾ ਮੁੰਡਾ ਆ ਕੇ ਚਾਹ ਰੱਖ ਗਿਆ ਸੀ ਪਰ ਦੋਵੇਂ ਉਵੇਂ ਹੀ ਬੈਠੇ ਸਨ।
ਭੈਣ ਦੇ ਦਿਮਾਗ ਵਿੱਚ ਸੋਚਾਂ ਦੀ ਲੜੀ ਚੱਲ ਰਹੀ ਸੀ। ਚਾਰ ਕੁ ਸਾਲ ਦੀ ਸੀ ਜਦੋਂ ਛੋਟਾ ਹੋਇਆ ਸੀ। ਕਿੰਨਾ ਚਾਅ ਚੜਿਆ ਸੀ ਉਸਨੂੰ, ਭੱਜ ਭੱਜ ਆਂਢ-ਗੁਆਂਢ ਦੱਸ ਕੇ ਆਈ ਸੀ। ਵੀਰ ਕੀ ਉਸਨੂੰ ਤਾਂ ਕੋਈ ਖਿਡੌਣਾ ਮਿਲ ਗਿਆ ਸੀ। ਸਾਰਾ ਦਿਨ ਉਸਦਾ ਭੋਰਾ ਵਿਸਾਹ ਨਾ ਕਰਦੀ। ਇੱਕ ਵਾਰ ਜਦੋਂ ਛੋਟੇ ਨੂੰ ਤਾਪ ਚੜ੍ਹ ਗਿਆ ਸੀ ਤਾਂ ਦੋ ਦਿਨ ਰੋਟੀ ਉਸਨੇ ਵੀ ਨਾ ਖਾਧੀ ਸੀ। ਉਹ ਵੀ ਤਾਂ ਉਸਦਾ ਕਿੰਨਾ ਕਰਦਾ ਸੀ ਜਦੋਂ ਛੁੱਟੀਆਂ ਵਿੱਚ ਉਹ ਨਾਨਕੇ ਚਲੀ ਗਈ ਸੀ ਤਾਂ ਸਾਰਾ ਦਿਨ ਰੋਂਦਾ ਰਿਹਾ ਸੀ, ਫੇਰ ਮਾਂ ਉਸਨੂੰ ਲੈ ਕੇ ਆਈ ਤਾਂ ਉਹ ਚੁੱਪ ਕੀਤਾ। ਜਦੋਂ ਉਸਦਾ ਵਿਆਹ ਵੀ ਕਰਨਾ ਸੀ ਤਾਂ ਛੋਟੇ ਦੀ ਇੱਕ ਹੀ ਸ਼ਰਤ ਸੀ ਕਿ ਦੱਸ-ਬਾਰਾਂ ਕਿਲੋਮੀਟਰ ਦੇ ਘੇਰੇ ਵਿੱਚ ਹੀ ਵਿਆਹ ਕਰਨਾ, ਮੈਂ ਆਵਦੀ ਭੈਣ ਦੂਰ ਨਹੀ ਭੇਜ ਸਕਦਾ।...
ਤੇ ਫੇਰ ਉਸਦੇ ਵਿਆਹ ਵੇਲੇ ਉੱਚੀ ਉੱਚੀ ਰੋਇਆ ਸੀ, ਬਰਾਤ ਵਾਲੇ ਵੀ ਰੌਣ ਲਗਾ ਦਿੱਤੇ ਸਨ। ਹਰ ਸ਼ਨੀਵਾਰ ਕਾਲਜ ਤੋਂ ਸਿੱਧਾ ਉਸ ਕੋਲ ਹੀ ਚਲਾ ਜਾਂਦਾ ਸੀ। ਜੇ ਪੰਦਰਾਂ ਦਿਨ ਵੀ ਭੈਣ ਨੂੰ ਨਾ ਮਿਲਦਾ ਤਾਂ ਓਦਰ ਜਾਂਦਾ ਸੀ। ਫੇਰ ਜਦੋਂ ਹਰਕੀਰਤ ਹੋਇਆ ਸੀ ਤਾਂ ਉਸਨੂੰ ਚੁੱਕ ਕੇ ਸਾਰਾ ਸਾਰਾ ਦਿਨ ਖਿਡਾਉਦਾਂ ਰਹਿੰਦਾ। ਆਵਦੀ ਜਾਨ ਤੋਂ ਵੀ ਵੱਧ ਮੋਹ ਕਰਦਾ ਹਰਕੀਰਤ ਦਾ। ਫੇਰ ਚੰਦਰਾ ਹੁਣ ਅਜਿਹਾ ਕੀ ਹੋ ਗਿਆ ਕਿ ਉਸੇ ਭਾਣਜੇ ਦੇ ਬਾਹਰ ਭੇਜਣ ਨੂੰ ਪੈਸੇ ਮੰਗੇ ਸਨ ਅਤੇ ਇਹਨੇ ਇਨਕਾਰ ਕਰ ਦਿੱਤਾ। ਚੱਲ ਜੇ ਨਾ ਹੋਣ ਤਾਂ ਗੱਲ ਵੱਖਰੀ ਹੈ ਪਰ ਘਰੇ ਪਏ ਪੈਸਿਆਂ ਤੋਂ ਨਾਂਹ ਕਰ ਦੇਣਾ, ਇਹ ਕਿਹੜੀ ਗੱਲ ਹੋਈ। ਇਹਦੇ ਕਰਕੇ ਸਾਨੂੰ ਸ਼ਰੀਕਾਂ ਮੂਹਰੇ ਹੱਥ ਅੱਡਣੇ ਪਏ ਅਤੇ ਸਹੁਰਿਆਂ ਅੱਗੇ ਹੇਠੀ ਅੱਡ ਹੋਈ। ਜੇ ਕਿਤੇ ਪਿਛਲਾ ਏਜੰਟ ਪੈਸੇ ਨਾ ਮਾਰਦਾ ਅਤੇ ਜੇ ਕਿਤੇ ਫਸਲ ਤੇ ਕਰੋਪੀ ਨਾ ਆਉਂਦੀ ਤਾਂ ਸਾਨੂੰ ਵੀ ਕੀ ਲੌੜ ਪਈ ਸੀ ਹੱਥ ਅੱਡਣ ਦੀ।
ਉਧਰ ਉਸਦੀ ਸੋਚਾਂ ਵਾਲੀ ਸੂਈ ਵੀ ਹਿਸਾਬ ਕਿਤਾਬ ਵਿੱਚ ਹੀ ਅਟਕੀ ਪਈ ਸੀ। ਮੈਨੂੰ ਵੀ ਤਾਂ ਪੈਸਿਆਂ ਦੀ ਲੋੜ ਸੀ। ਵੱਡੀ ਕੁੜੀ ਦਾ ਦਾਖਲਾ ਕਾਲਜ ਵਿੱਚ ਕਰਾਉਣਾ, ਸਾਰੇ ਛੇ ਤਾਂ ਮਹੀਨੇ ਰਹਿ ਗਏ। ਪਰ ਜੇ ਕਿਤੇ ਤਾਈ ਮੇਰੇ ਕੰਨ੍ਹ ਨਾ ਭਰਦੀ ਤਾਂ ਇਹ ਨੌਬਤ ਨਹੀ ਆਉਣੀ ਸੀ। ਮੈਂ ਕਾਹਨੂੰ ਨਾਂਹ ਕਰਨੀ ਸੀ, ਹਰਕੀਰਤ ਕੋਈ ਓਪਰਾ ਥੋੜੀ ਆ। ਅਤੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਅੱਖ ਬਚਾ ਕੇ ਕਮੀਜ਼ ਦੇ ਕਫਾਂ ਨਾਲ ਹੰਝੂ ਪੂੰਝ ਲਏ। ਸ਼ਾਇਦ ਭੈਣ ਨੇ ਦੇਖ ਲਿਆ ਸੀ ਪਰ ਅਣਦੇਖਿਆ ਕਰ ਗਈ। ਚਾਹ ਉਵੇਂ ਗਿਲਾਸਾਂ ਵਿੱਚ ਪਈ ਠੰਡੀ ਹੋ ਰਹੀ ਸੀ। ਕਮਰੇ ਵਿੱਚ ਕਬਰਾਂ ਜਿਹੀ ਚੁੱਪ ਛਾਈ ਸੀ। ਅੰਤ ਉਸਨੇ ਹੌਸਲਾ ਕਰ ਕੇ ਚੁੱਪ ਨੂੰ ਤੋੜਿਆ, “ਭੈਣੇ ਚਾਹ ਪੀ ਲਾ”।
ਬੱਸ ਇਹਨਾਂ ਸ਼ਬਦਾਂ ਨੇ ਹੀ ਭੈਣ ਨੂੰ ਵੀ ਪਤਲਿਆਂ ਪਾ ਦਿੱਤਾ। ਦੋਵਾਂ ਦੀਆਂ ਅੱਖਾਂ ਵਿੱਚੋਂ ਪਰਲ ਪਰਕ ਹੰਝੂ ਵੱਗਣ ਲੱਗੇ। ਭੈਣ ਦਾ ਗੁੱਸਾ ਅਤੇ ਉਸਦਾ ਪਛਤਾਵਾ ਸਭ ਵਹਿ ਗਏ। ਦੋਵੇਂ ਚਾਹ ਪੀ ਕੇ ਬਿਨਾ ਵਕੀਲ ਨੂੰ ਉਡੀਕੇ ਇਕੱਠੇ ਘਰੇ ਚਲੇ ਗਏ।
✍🏻✍🏻ਹਰਪ੍ਰੀਤ ਬਰਾੜ ਸਿੱਧੂ