ਡਬਲ ਸ਼ਿਫਟਾਂ ਲਾ ਲਾ ਉਨੀਂਦਰੇ ਕਾਰਨ ਹਮੇਸ਼ਾਂ ਸਿਰ ਪੀੜ ਦੀ ਸ਼ਿਕਾਇਤ ਰਹਿੰਦੀ ਸੀ!
ਡਾਕਟਰਾਂ ਆਖਿਆ ਸਕੈਨਿੰਗ ਹੋਣੀ ਏ..ਸੀਰੀਅਸ ਨੁਕਸ ਵੀ ਹੋ ਸਕਦਾ..!
ਵਿੱਤੋਂ ਬਾਹਰ ਹੋ ਹੋ ਕੰਮ ਕਰਨ ਦੇ ਚੱਕਰ ਵਿਚ ਨਹੁੰ ਕਾਲੇ ਹੋ ਗਏ ਤੇ ਉਮਰੋਂ ਪਹਿਲਾਂ ਹੀ ਵਡੇਰਾ ਵੀ ਲੱਗਣ ਲੱਗ ਪਿਆ!
ਵਿਆਹ ਤੋਂ ਕਾਫੀ ਦੇਰ ਬਾਅਦ ਹੋਈ ਜੌੜੀ ਔਲਾਦ ਹੱਦੋਂ ਵੱਧ ਸ਼ਿੰਦੀ ਤੇ ਲਾਡਲੀ ਰੱਖੀ ਹੋਈ ਸੀ..!
ਪਾਣੀ ਦਾ ਗਿਲਾਸ ਵੀ ਕੋਈ ਫੜਾਵੇ ਤਾਂ ਹੀ ਫੜਨਾ..ਸਾਰਾ ਕੁਝ ਬਣਿਆ ਬਣਾਇਆ ਖਾਣ ਅਤੇ ਪਹਿਨਣ ਦੇ ਆਦੀ ਹੋ ਗਏ!
ਗੱਲ ਮੂੰਹੋਂ ਮਗਰੋਂ ਨਿੱਕਲਦੀ ਹਾਜਿਰ ਪਹਿਲਾਂ ਹੋ ਜਾਂਦੀ!
ਛੇਵੀਂ ਸਤਵੀਂ ਤੱਕ ਸੈੱਲ,ਗੈਜੇਟ,ਅਤੇ ਹੋਰ ਕਿੰਨਾ ਕੁਝ ਹੱਥਾਂ ਵਿਚ ਆ ਗਿਆ..ਫੇਰ ਆਪਸੀ ਬੋਲ ਚਾਲ ਲਗਪਗ ਬੰਦ ਹੋ ਗਈ..ਸਾਰਾ ਦਿਨ ਬੱਸ ਓਸੇ ਵਿਚ ਡੁੱਬੇ ਰਹਿੰਦੇ..ਓਹਨਾ ਕਮਰਿਆਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ..ਅੰਦਰ ਆਉਣ ਤੋਂ ਪਹਿਲਾਂ ਇਜਾਜਤ ਲਵੋ!
ਕਰਜੇ ਚੁੱਕ-ਚੁੱਕ ਟੂਰਾਂ ਅਤੇ ਪੜਾਈਆਂ ਲਈ ਬਾਹਰਲੇ ਸ਼ਹਿਰਾਂ ਵਿਚ ਭੇਜਿਆ..ਫੇਰ ਦਸਵੀਂ ਗਿਆਰਵੀਂ ਮਗਰੋਂ ਤੇ ਹਾਲਾਤ ਇੱਕ ਦਮ ਹੀ ਬਦਲ ਜਿਹੇ ਗਏ..!
ਪੁੱਛੀ ਗਈ ਹਰ ਸਿੱਧੀ ਗੱਲ ਦਾ ਵੀ ਪੁੱਠਾ ਜਿਹਾ ਜੁਆਬ ਮਿਲਦਾ..ਹੱਸ ਕੇ ਬੋਲੇ ਮਿੱਠੇ ਬੋਲ ਜੀਵੇਂ ਸੁਫਨਾ ਹੋ ਗਏ ਹੋਣ..ਸਾਰਾ ਸਾਰਾ ਦਿਨ ਆਪਣੇ ਕਮਰਿਆਂ ਵਿਚ ਬੰਦ ਰਹਿੰਦੇ ਸਿਰਫ ਰੋਟੀ ਖਾਣ ਹੀ ਬਾਹਰ ਨਿੱਕਲਦੇ..ਬਾਕੀ ਟਾਈਮ ਸੈੱਲ ਫੋਨ ਦੀਆਂ ਸਕਰੀਨਾਂ ਅਤੇ ਉੱਤੇ ਵੱਜਦੀਆਂ ਉਂਗਲਾਂ..ਕਦੀ ਹੱਸ ਪੈਂਦੇ ਤੇ ਕਦੀ ਰੋ ਪਿਆ ਕਰਦੇ..ਕਈ ਵੇਰ ਲੱਗਦਾ ਜਾਂ ਉਹ ਕਮਲੇ ਹੋ ਗਏ ਨੇ ਤੇ ਜਾਂ ਫੇਰ ਅਸੀਂ ਪਾਗਲ..!
ਉਸ ਦਿਨ ਹੱਦ ਹੋ ਗਈ..ਉਹ ਗਰਲ ਫ੍ਰੇਂਡ ਘਰੇ ਹੀ ਲੈ ਆਇਆ..ਕਲੇਸ਼ ਤੋਂ ਡਰਦੇ ਨੇ ਕੁਝ ਨਾ ਆਖਿਆ..ਨਾਲਦੀ ਨੂੰ ਅੱਗੇ ਕਰ ਦਿੱਤਾ..ਆਖਿਆ ਤੇਰੀ ਮੰਨਦਾ ਏ..ਪਰ ਉਸਨੂੰ ਵੀ ਅੱਗੋਂ ਪੈ ਤੁਰਿਆ..ਅਖ਼ੇ ਥੋਨੂੰ ਏਨੇ ਸਾਲ ਹੋਗੇ ਗੌਰਮਿੰਟ ਵੱਲੋਂ ਮਿਲਦੇ ਸਾਡੇ ਪੈਸੇ ਖਾਂਦਿਆਂ ਨੂੰ..ਸਾਨੂੰ ਵੱਖਰਾ ਘਰ ਹੀ ਲੈ ਦਿਓ ਅਸੀਂ ਰਹਿਣਾ ਹੀ ਨਹੀਂ ਇਸ ਨਿੱਤ ਦਿਹਾੜੇ ਦੀ ਟੋਕਾ ਟੋਕੀ ਵਿਚ..ਫੇਰ ਧੀ ਵੀ ਇੱਕ ਦਿਨ ਵੱਖਰੀ ਹੋ ਕੇ ਕਿਧਰੇ ਹੋਰ ਪਾਸੇ ਰਹਿਣ ਲੱਗ ਪਈ!
ਅਚਾਨਕ ਵਗ ਤੁਰੀ ਇਸ ਹਨੇਰੀ ਨੇ ਤੀਲਾ ਤੀਲਾ ਜੋੜ ਬਣਾਇਆ ਘੜੀਆਂ ਵਿਚ ਹੀ ਤਹਿਸ ਨਹਿਸ ਕਰ ਛੱਡਿਆ..ਇੰਝ ਲੱਗੇ ਅਤੀਤ ਵਿਚ ਕੀਤਾ ਸਭ ਮਿੱਟੀ ਹੋ ਗਿਆ ਹੋਵੇ..ਨਾ ਰੋਣ ਜੋਗੇ...
ਰਹੇ ਤੇ ਨਾ ਹੀ ਹੱਸਣ ਜੋਗੇ..!
ਕਈ ਅਖੌਤੀ ਕਨਸੋਆਂ ਲੈਂਦੇ ਫਿਰਦੇ ਅਖ਼ੇ ਤੁਹਾਡੇ ਨਿਆਂਣੇ ਕਿਥੇ ਨੇ..ਅੱਗਿਓਂ ਗੁੱਸਾ ਆਇਆ ਕਰਦਾ ਪਰ ਆਖਣ ਜੋਗੇ ਕੁਝ ਵੀ ਨਹੀਂ ਸਾਂ..ਭਾਂ-ਭਾਂ ਕਰਦੇ ਘਰ ਦੀਆਂ ਕਿਸ਼ਤਾਂ ਤੇ ਬਿੱਲ ਭਰਨ ਨੂੰ ਰਹਿ ਗਏ ਸਾਂ..!
ਹੁਣ ਅੰਞਾਣਿਆਂ ਦੀ ਮਾਂ ਨਿੱਕਿਆਂ ਦਾ ਬਚਪਨ ਯਾਦ ਕਰ ਸਾਰਾ ਦਿਨ ਰੋਂਦੀ ਰਹਿੰਦੀ ਤੇ ਮੈਂ ਸਾਰਾ ਦਿਨ ਕਮਲਾ ਹੋਇਆ ਟੈਕਸੀ ਤੇ ਸੜਕਾਂ ਦਾ ਘੱਟਾ ਫੱਕਦਾ ਰਹਿੰਦਾ..!
ਬੇਸ਼ੱਕ ਹੁਣ ਕੰਮ ਬਹੁਤ ਘਟਾ ਦਿੱਤਾ ਏ ਪਰ ਡਾਕਟਰ ਆਖਦੇ ਹੁਣ ਕੋਈ ਫਾਇਦਾ ਨਹੀਂ..ਇਹ ਕਾਫੀ ਪਹਿਲਾਂ ਹੋ ਜਾਣਾ ਚਾਹੀਦਾ ਸੀ..ਪਿੱਛੇ ਕਈ ਵੇਰ ਪੰਜਾਬ ਕਿਸੇ ਨਾਲ ਗੱਲ ਕਰਦੇ ਆਂ ਤੇ ਅੱਗੋਂ ਟਿੱਚਰਾਂ ਹੁੰਦੀਆਂ..ਅਖ਼ੇ ਫੜਾਂ ਮਾਰਦੇ ਸੀ..ਨਿਆਣਿਆਂ ਦਾ ਭਵਿੱਖ ਬਣਾਉਣਾ..ਹੁਣ ਲੈ ਲਵੋ ਸੁਆਦ ਬਾਹਰ ਦਾ..ਯਕੀਨ ਮੰਨੋਂ ਜਿੰਦਗੀ ਬੇ ਮੈਨੀ ਜਿਹੀ ਹੋ ਕੇ ਰਹਿ ਗਈ..!
ਉਹ ਗੱਲਾਂ ਕਰਦਾ ਜਾ ਰਿਹਾ ਸੀ ਤੇ ਮੈਂ ਚੁੱਪ ਚਾਪ ਸੁਣਦਾ..ਇੰਝ ਲੱਗਾ ਇਹ ਸਿਰਫ ਇੱਕ ਦੀ ਕਹਾਣੀ ਨਹੀਂ ਸਗੋਂ ਕੁਝ ਇਕ ਕਿਸਮਤ ਵਾਲਿਆਂ ਨੂੰ ਛੱਡ ਬਾਕੀ ਸਾਰਿਆਂ ਦੀ ਹੀ ਹੋਵੇ..!
ਮੈਂ ਪੁੱਛਿਆ ਦੱਸ ਤੇਰੀ ਕਿਦਾਂ ਮਦਦ ਕਰ ਸਕਦਾ ਹਾਂ..?
ਆਖਣ ਲੱਗਾ ਇੱਕ ਕਹਾਣੀ ਲਿਖ ਕੇ ਪਾ ਦੇ..ਸ਼ਾਇਦ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ..ਪਰ ਇੱਕ ਦੋ ਗੱਲਾਂ ਲਿਖਣੀਆਂ ਕਦੀ ਨਾ ਭੁੱਲੀਂ..!
ਪਹਿਲੀ ਇਹ ਕੇ ਜੇ ਚਾਹੁੰਦੇ ਹੋ ਕੇ ਔਲਾਦ ਨਿਕੰਮੀ ਅਤੇ ਮੂੰਹ ਫੱਟ ਨਾ ਨਿੱਕਲੇ ਤਾਂ ਓਹਨਾ ਨੂੰ ਆਪਣੇ ਬਟੂਏ ਵਿਚਲੇ ਨੋਟ ਅਤੇ ਬੈੰਕ ਵਾਲੀ ਕਾਪੀ ਕਦੀ ਨਾ ਦਿਖਾਓ..!
ਦੂਜੀ ਇਹ ਕੇ ਜਦੋਂ ਆਪਣਾ ਸਰੀਰ ਕਾਇਮ ਹੋਵੇ ਤਾਂ ਸਾਰਾ ਕੁਝ ਇਹ ਸੋਚ ਕੰਮ ਦੀ ਭੱਠੀ ਵਿਚ ਹੀ ਨਾ ਝੋਕੀ ਜਾਇਆ ਕਰੋ ਕੇ ਚਲੋ ਅੱਜ ਕਮਾ ਲੈਂਦੇ ਹਾਂ ਆਪਣੇ ਤੇ ਕੱਲ ਨੂੰ ਖਰਚ ਲਵਾਂਗੇ..!
ਅਸਲੀਅਤ ਇਹ ਹੈ ਕੇ ਉਹ “ਕੱਲ” ਕਦੀ ਵੀ ਨਹੀਂ ਆਉਂਦਾ..ਸਗੋਂ ਖੁਦ ਹੀ ਸਹੇੜੇ ਪੰਗੇ ਅਤੇ ਪੈ ਗਈਆਂ ਗੁੰਝਲਾਂ ਦੂਰ ਖਲੋਤੀ ਮੌਤ ਨੂੰ ਬੰਦੇ ਦੇ ਹੋਰ ਨੇੜੇ ਜਰੂਰ ਲੈ ਆਉਂਦੀਆਂ ਨੇ!
ਹਰਪ੍ਰੀਤ ਸਿੰਘ ਜਵੰਦਾ
Davinder
ਬਹੁਤ ਹੀ ਵਧੀਆ ਸੇਧ ਦੇਣ ਵਾਲੀ ਇਹ ਕਹਾਣੀ ਤੁਹਾਡੀ,ਰੱਬ ਤੁਹਾਡੀ ਕਲਮ
ਨੂੰ ਬੁਲੰਦੀਆਂ ਦੇਵੇ