ਚਾਰਲੀ ਚੈਪਲਿਨ (16 ਅਪ੍ਰੈਲ 1889) ❤️
“ਇੱਕ ਅੱਥਰੂ ਦਾ ਸਫ਼ਰਨਾਮਾ”
_ਦੁਨੀਆਂ ਦੇ ਪ੍ਰਸਿੱਧ ਫਿਲਮ ਅਦਾਕਾਰ ਚਾਰਲੀ ਚੈਪਲਿਨ ਦੀ ਕਲਮ ਤੋਂ_
ਮੈਨੂੰ ਕਦੇ ਖਿਆਲ ਨਹੀਂ ਸੀ ਆਇਆ ਕਿ ਮੇਰੇ ਨਾਲ ਤੇ ਮੇਰੀ ਮਾਂ ਨਾਲ ਕੋਈ ਹੋਰ ਦੁਖਾਂਤ ਵੀ ਵਾਪਰ ਸਕਦਾ ਸੀ, ਕਿਉਂਕਿ ਮੈਂ ਤੇ ਮੇਰੀ ਮਾਂ ਉਨ੍ਹਾਂ ਲੋਕਾਂ ਵਿਚੋਂ ਸਾਂ, ਜਿਹਨਾਂ ਦੀ ਜ਼ਿੰਦਗੀ ਇਕ ਲਗਾਤਾਰ ਦੁਖਾਂਤ ਹੁੰਦੀ ਹੈ।
ਨੀਲੀਆਂ ਅੱਖਾਂ ਵਾਲੀ ਤੇ ਲੰਬੇ ਸੁਨਿਹਰੀ ਵਾਲਾਂ ਵਾਲੀ ਮੇਰੀ ਮਾਂ ਆਪਣੀ ਜਵਾਨੀ ਦੇ ਵੇਲੇ ਇਕ ਥੀਏਟਰ ਦੀ ਗਾਇਕਾ ਹੁੰਦੀ ਸੀ। ਮੈਨੂੰ ਆਪਣੇ ਪਿਓ ਦਾ ਚੇਤਾ ਨਹੀਂ। ਮਾਂ ਦੱਸਦੀ ਹੁੰਦੀ ਸੀ ਕਿ ਸ਼ਰਾਬ ਨੇ ਉਸਨੂੰ ਕਿਤੋਂ ਜੋਗਾ ਨਹੀਂ ਸੀ ਛੱਡਿਆ। ਮੇਰੀ ਮਾਂ ਨੂੰ ਜਦੋਂ ਵੀ ਕਦੇ ਮਾੜੀ ਜੇਹੀ ਠੰਡ ਲਗ ਜਾਂਦੀ ਸੀ, ਉਹ ਠੰਡ ਉਸਦੇ ਫੇਫੜਿਆਂ ਵਿੱਚ ਲਹਿ ਜਾਂਦੀ ਸੀ, ਜਿਹਦੇ ਨਾਲ ਉਸਦੇ ਗਲ ਦੀਆਂ ਨਾੜਾਂ ਸੁੱਜ ਜਾਂਦੀਆਂ ਸਨ, ਤੇ ਉਹਦੀ ਆਵਾਜ਼ ਭਰੜਾ ਜਾਂਦੀ ਸੀ। ਇਸ ਲਈ ਉਸਦੀ ਆਵਾਜ਼ ਦਾ ਜਾਦੂ ਹੌਲੀ ਹੌਲੀ ਲੋਕਾਂ ਦੇ ਮਨ ਉੱਤੋਂ ਲਹਿੰਦਾ ਜਾਂਦਾ ਸੀ। ਇਕ ਰਾਤ ਉਸਦੀ ਆਵਾਜ਼ ਇਸਤਰਾਂ ਭਰੜਾ ਗਈ ਕਿ ਸੁਨਣ ਵਾਲੇ ਹੱਸਣ ਲੱਗ ਪਏ ਇਹ ਮੇਰੀ ਕਲਾਕਾਰ ਮਾਂ ਵਾਸਤੇ ਆਪਣੀ ਕਲਾ ਦੀ ਆਖਰੀ ਰਾਤ ਸੀ। ਉਹਦੀ ਕਿਸਮਤ ਵਾਂਗ ਉਹਦੀ ਆਵਾਜ਼ ਵੀ ਉਹਦੇ ਨਾਲ ਰੁੱਸ ਗਈ ਸੀ। ਇਕ ਮਸ਼ੀਨ ਕਿਰਾਏ ਉੱਤੇ ਲੈ ਕੇ ਉਹ ਲੋਕਾਂ ਦੇ ਕੱਪੜੇ ਸੀਉਣ ਲਗ ਪਈ।
ਗਰੀਬੀ ਦੇ ਚਿੱਕੜ ਵਿਚ ਜਦੋਂ ਪੈਰ ਪੈ ਜਾਵੇ ਤਾਂ ਕਈ ਵਾਰ ਇਨਸਾਨ ਆਪਣੇ ਪੈਰ ਨੂੰ ਕੱਢਣ ਲਈ ਜਿੰਨਾਂ ਬਹੁਤਾ ਜੋਰ ਲਾਂਦਾ ਹੈ, ਉਹ ਹੀ ਚਿੱਕੜ ਵਿਚ ਖੁੱਭਦਾ ਜਾਂਦਾ ਹੈ। ਮਾਂ ਕੋਲੋਂ ਮਸ਼ੀਨ ਦੀਆਂ ਕਿਸ਼ਤਾਂ ਨਹੀਂ ਸਨ ਤਾਰੀਆਂ ਗਈਆਂ, ਇਸ ਲਈ ਮਾਲਕਾਂ ਨੇ ਮਸ਼ੀਨ ਵਾਪਸ ਲੈ ਲਈ।
ਮਾਂ ਦੀ ਇਕ ਪੁਰਾਣੇ ਵੇਲੇ ਦੀ ਸਹੇਲੀ ਨੇ ਇਕ ਅਮੀਰ ਆਦਮੀ ਨਾਲ ਵਿਆਹ ਕਰ ਲਿਆ ਸੀ, ਉਹ ਵਰ੍ਹਿਆਂ ਪਿੱਛੋ ਇਕ ਦਿਨ ਮਾਂ ਨੂੰ ਮਿਲੀ। ਮਾਂ ਨੇ ਗਰੀਬੀ ਦੀ ਸ਼ਰਮ ਤੋਂ ਉਹਦੇ ਨਾਲ ਮੇਲ ਜੋਲ ਨਾ ਵਧਾਇਆ, ਪਰ ਮੈਂ ਤੇ ਉਹਦੀ ਸਹੇਲੀ ਦਾ ਪੁੱਤਰ ਵੈਲੀ ਉਮਰ ਦੇ ਹਾਣੀ ਸਾਂ, ਇਸ ਲਈ ਰੋਜ਼ ਤਰਕਾਲਾਂ ਵੇਲੇ ਰਲ ਕੇ ਖੇਡਣ ਲੱਗ ਪਏ। ਮੈਂ ਅਕਸਰ ਖੇਡ ਨੂੰ ਲਮਕਾ ਦੇਂਦਾ, ਰੋਟੀ ਖਾਣ ਦਾ ਵੇਲਾ ਹੋ ਜਾਂਦਾ, ਤੇ ਜਦੋਂ ਮੇਰੇ ਦੋਸਤ ਨੂੰ ਉਹਦੀ ਮਾਂ ਰੋਟੀ ਖੁਆਣ...
ਲਈ ਬਿਠਾਂਦੀ ਤਾਂ ਉਹ ਮੈਨੂੰ ਵੀ ਰੋਟੀ ਖੁਆ ਦੇਂਦੀ। ਮਾਂ ਕੋਲ ਏਨੀ ਦਿਨੀਂ ਕੋਈ ਰੁਜਗਾਰ ਨਹੀਂ ਸੀ, ਉਹ ਅਕਸਰ ਬਾਰੀ ਵਿਚ ਬਹਿਕੇ ਗਲੀ ਵਿੱਚੋ ਲੰਘਦੇ ਲੋਕਾਂ ਨੂੰ ਵੇਖਦੀ ਰਹਿੰਦੀ ਸੀ, ਘਰ ਦਾ ਬਚਿਆ ਖੁਚਿਆ ਵੇਚ ਕੇ ਉਹ ਕਿਸੇ ਦਿਨ ਬਾਜ਼ਾਰ ਵਿੱਚੋ ਰੋਟੀ ਖ਼ਰੀਦ ਲਿਉਂਦੀ ਸੀ, ਪਰ ਕਿਸੇ ਦਿਨ ਉਹ ਉੱਕਾ ਕੁਝ ਨਹੀਂ ਸੀ ਖਰੀਦ ਸਕਦੀ।
ਵੈਲੀ ਦੀ ਮਾਂ ਅਚਾਨਕ ਮਰ ਗਈ। ਮੈਨੂੰ ਇਕ ਖਿਆਲ ਸੁੱਝਿਅਾ, ਮੈਂ ਦੌੜਦਾ ਦੌੜਦਾ ਮਾਂ ਕੋਲ ਆਇਆ ਤੇ ਆਖਣ ਲੱਗਾ “ਮਾਂ! ਤੂੰ ਹੁਣ ਵੈਲੀ ਦੇ ਬਾਪ ਨੂੰ ਕਿਸੇ ਦਿਨ ਜਰੂਰ ਮਿਲੀਂ, ਮੇਰਾ ਪੱਕਾ ਖਿਆਲ ਏ ਕਿ ਉਹ ਤੇਰੇ ਨਾਲ ਵਿਆਹ ਕਰ ਲਵੇਗਾ।” ਮਾਂ ਅੱਧੀਆਂ ਮੀਟੀਆਂ ਅੱਧੀਆਂ ਖੁੱਲ੍ਹੀਆਂ ਅੱਖਾਂ ਨਾਲ ਮੇਰੇ ਮੂੰਹ ਵੱਲ ਤੱਕਣ ਲੱਗ ਪਈ। ਮੇਰੀ ਆਵਾਜ਼ ਵਿਚ ਤਰਲਾ ਵੀ ਸੀ ਤੇ ਹੇਰਵਾ ਵੀ। ਮੈਂ ਛੇਤੀ ਨਾਲ ਆਖਣ ਲੱਗਾ, “ਮਾਂ! ਤੂੰ ਜੇ ਚੱਜ ਦੇ ਕੱਪੜੇ ਪਾਵੇਂ, ਤੇ ਆਪਣੇ ਆਪ ਨੂੰ ਸੁਆਰ ਕੇ ਰੱਖੇਂ, ਜਿਸ ਤਰ੍ਹਾਂ ਪਹਿਲਾਂ ਰੱਖਦੀ ਹੁੰਦੀ ਸੀ, ਤਾਂ ਉਹ ਜਰੂਰ ਤੇਰੇ ਨਾਲ ਵਿਆਹ ਕਰ ਲਵੇਗਾ। ਤੂੰ ਕੁਝ ਨਹੀਂ ਕਰਦੀ, ਬਸ ਰੋਣਾ ਜਿਹਾ ਮੂੰਹ ਬਣਾ ਕੇ ਏਸ ਭੇੜੀ ਜਹੀ ਬਾਰੀ ਵਿੱਚ ਬਹਿ ਰਹਿਨੀ ਏ।”
ਮੇਰੀ ਮਾਂ ਨੇ ਮੈਨੂੰ ਕੁਝ ਨਾ ਆਖਿਆ। ਸਿਰਫ਼ ਇਕ ਅੱਥਰੂ ਮੈਂ ਉਹਦੀ ਅੱਖ ਵਿੱਚ ਲਿਸ਼ਕਦਾ ਵੇਖਿਆ। ਮੈਂ, ਜਿਹਨੇ ਵੱਡਿਆਂ ਹੋਕੇ ਸਾਰੀ ਦੁਨੀਆਂ ਨੂੰ ਹਸਾਣਾ ਸੀ, ਉਸ ਵੇਲੇ ਗਰੀਬੀ ਦਾ ਝੰਬਿਆ ਹੋਇਆ ਨਿੱਕਾ ਜਿਹਾ ਬਾਲ ਸਾਂ। ਮੈਨੂੰ ਪਤਾ ਨਾ ਲੱਗਾ ਕਿ ਮੇਰੀ ਗੱਲ ਸੁਣ ਕੇ ਮੇਰੀ ਮਾਂ ਦਾ ਮਨ ਕਿਹੋ ਜਿਹਾ ਹੋ ਗਿਆ ਸੀ। ਦੂਸਰੇ ਦਿਨ ਜਦੋਂ ਮੈਂ ਗਲੀ ਵਿੱਚ ਖੇਡਦਾ ਪਿਆ ਸਾਂ ਤਾਂ ਮੇਰੇ ਗੁਆਂਢੀ ਇੱਕਠੇ ਹੋ ਗਏ, ਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਪਾਗਲ ਹੋ ਗਈ ਸੀ। ਉਹ ਗੁਆਂਢੀਆਂ ਨੂੰ ਇਕ ਇਕ ਕੋਇਲਾ ਵੰਡਦੀ ਆਖਦੀ ਪਈ ਸੀ ਕਿ ਉਹ ਮੇਰੇ ਜਨਮ ਦਿਨ ਦੀ ਸੁਗਾਤ ਵੰਡਦੀ ਪਈ ਸੀ। ਮਕਾਨ ਦੀ ਮਾਲਕਨ ਨੇ ਇਕ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਨੇ ਲਿਖ ਦਿੱਤਾ ਕਿ ਮੇਰੀ ਮਾਂ ਨੂੰ ਪਾਗਲਖਾਨੇ ਭਿਜਵਾ ਦਿੱਤਾ ਜਾਏ।
16ਅਪ੍ਰੈਲ20ਉੱਨੀ ❤️
ਚਾਰਲੀ ਨੂੰ ਪਹਿਲੀ ਵਾਰ ਪੜ੍ਹਦਿਆਂ ❤️
ਧੰਨਵਾਦ ਸਹਿਤ
ਨਿਮਰਬੀਰ ਸਿੰਘ