ਰੱਬ

4

ਜਿਸ ਪੈਟਰੋਲ ਪੰਪ ਤੇ ਨੌਕਰੀ ਮਿਲੀ..
ਫੌਜ ਚੋ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸੁਣਿਆ ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ..!
ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..
ਕਾਗਜੀ ਕਾਰਵਾਈ ਪੂਰੀ ਕਰ ਹੀ ਰਿਹਾ ਸਾਂ ਕੇ ਬਾਹਰ ਰੌਲਾ ਪੈ ਗਿਆ..
ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਜੂੜੇ ਤੋਂ ਫੜੀ ਧੂੰਹਦਾ ਹੋਇਆ ਅੰਦਰ ਲਿਆ ਰਿਹਾ ਸੀ..!
ਅੰਦਰ ਵੜ ਆਖਣ ਲੱਗਾ “ਆਪਣੇ ਮਾਲਕ ਨੂੰ ਸੱਦੋ”
ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਸਿੰਘ ਨੂੰ ਚਪੇੜ ਮਾਰਦਾ ਆਖਣ ਲੱਗਾ..”ਪੈਟਰੋਲ ਦੀ ਥਾਂ ਡੀਜਲ ਨਾਲ ਟੈਂਕੀ ਭਰ ਦਿੱਤੀ ਇਸ ਕੰਜਰ ਨੇ..ਵੱਡਾ ਨੁਕਸਾਨ ਹੋ ਗਿਆ..ਕੌਣ ਭਰੂ ਹੁਣ ਇਹ ਨੁਕਸਾਨ”
ਹੰਜੂ ਪੂੰਝਦੇ ਮਿੱਠੂ ਸਿੰਘ ਵੱਲ ਨਜਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ..
ਅਜੇ ਪਿਛਲੇ ਹਫਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ ਉਸਨੂੰ..ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਮੀ ਚੌੜੀ ਫੌਜ..!
ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸ ਤੇ ਪਾਏ ਜਾਣ ਵਾਲੇ ਹਰਜਾਨੇ ਦੀ ਫਿਕਰ ਕਿਤੇ ਜਿਆਦਾ ਸੀ..!
ਸਰਦਾਰ ਹੁਰਾਂ ਨੂੰ ਫੋਨ ਕੀਤਾ..ਸਾਰੀ ਗੱਲ ਦੱਸੀ..
ਘੜੀ ਕੂ ਮਗਰੋਂ ਤੁਰੇ ਆਉਂਦੇ ਕਰਨਲ ਸਾਬ ਵੱਲ ਵੇਖ ਇੰਝ ਜਾਪ ਰਿਹਾ ਸੀ ਜਿੱਦਾਂ ਛੇਤੀ ਹੀ ਦੋ ਬੱਕਰੇ ਜਿਬਾ ਹੋਣ ਜਾ ਰਹੇ ਹੋਣ..!
ਆਉਂਦਿਆਂ ਹੀ ਤਿੱਖੀਆਂ ਨਜਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ..ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ..”ਕਿੰਨੇ ਦਾ ਨੁਕਸਾਨ ਹੋਇਆ ਜੀ ਤੁਹਾਡਾ”..?
ਪਹਿਲਾਂ ਹੀ...

ਪੂਰੀ ਗਿਣਤੀ ਮਿਣਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ “ਕੁਲ ਮਿਲਾ ਕੇ ਪੰਦਰਾਂ ਹਜਾਰ..”
ਸਰਦਾਰ ਹੁਰਾਂ ਫੋਨ ਕਰਕੇ ਅਕਾਊਂਟੈਂਟ ਨੂੰ ਸੱਦ ਲਿਆ..ਤੇ ਉਸਤੋਂ ਪੰਦਰਾਂ ਹਜਾਰ ਫੜ ਲਏ”
ਮਗਰੋਂ ਗ੍ਰਾਹਕ ਨੂੰ ਸੰਬੋਦਨ ਹੁੰਦੇ ਆਖਣ ਲੱਗੇ ਕੇ “ਹਰਜਾਨਾ ਭਰਨ ਤੋਂ ਪਹਿਲਾਂ ਇੱਕ ਦੋ ਸਵਾਲ ਨੇ..ਪੁੱਛ ਸਕਦਾ ਹਾਂ”?
ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿਚ ਆਉਂਦੇ ਹੋਏ ਪੁੱਛਣ ਲੱਗੇ..”ਕਿੰਨੀਆਂ ਚਪੇੜਾ ਮਾਰੀਆਂ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਹਲਾਂ ਕੱਢੀਆਂ”..?
ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ “ਜੀ ਨੁਕਸਾਨ ਕੀਤਾ ਸੀ..ਚਪੇੜਾਂ ਮਾਰਨੀਆਂ ਤੇ ਬਣਦੀਆਂ ਹੀ ਸਨ..”
“ਤੁਹਾਡੇ ਨੁਕਸਾਨ ਦਾ ਅਸੀ ਹਰਜਾਨਾ ਭਰਨ ਜਾ ਰਹੇ ਹਾਂ..ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਤੁਹਾਨੂੰ ਵੀ ਕਰਨੀ ਪਵੇਗੀ..ਵਰਨਾ ਗੱਲ ਠਾਣੇ ਤੱਕ ਵੀ ਜਾ ਸਕਦੀ ਏ..”
ਠਾਣੇ ਦਾ ਜਿਕਰ ਆਉਂਦਿਆਂ ਹੀ ਘੜੀਆਂ-ਪਲਾਂ ਵਿਚ ਮੁੱਕ ਮੁਕਾ ਹੋ ਗਿਆ..
ਸਰਦਾਰ ਹੂਰੀ ਵਾਪਿਸ ਗੱਡੀ ਵਿਚ ਬੈਠਣ ਲੱਗੇ ਤਾਂ ਡਰਦੇ ਡਰਦੇ ਨੇ ਪੁੱਛ ਲਿਆ “ਜੀ ਮਿੱਠੂ ਸਿੰਘ ਕੱਲ ਨੂੰ ਕੰਮ ਤੇ ਆ ਸਕਦਾ”?
“ਹਾਂ ਹਾਂ ਕਿਓਂ ਨਹੀਂ..ਕੰਮ ਕਰੇਗਾ ਇਹ ਮੁੰਡਾ ਇਥੇ ਹੀ..ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਏ..”
ਆਥਣ ਵੇਲੇ ਹਰਜਾਨੇ ਵੱਜੋਂ ਮਿਲੇ ਪੂਰੇ ਤਿੰਨ ਹਜਾਰ ਬੋਝੇ ਵਿਚ ਪਾਈ ਪਿੰਡ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੰਦਾ ਅੰਬਰੋਂ ਉੱਤਰੇ ਇੱਕ ਚਿੱਟ-ਦਾਹੜੀਏ “ਰੱਬ” ਨੇ ਐਨ ਮੌਕੇ ਤੇ ਅੱਪੜ ਮੌਤ ਦੀ ਮੂੰਹ ਵਿਚ ਜਾ ਪਈਆਂ ਦੋ ਮਸੂਮ ਜਿੰਦਗੀਆਂ ਖਤਮ ਹੋਣ ਤੋਂ ਬਚਾ ਲਈਆਂ ਹੋਣ!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. Simran kaur

    Sohna likhde o..

  2. JAWANDA TV

    bht vdia story,, asi videos bnaine hune aa ji je u kol story hai ta ds deo 9988015381

Like us!