ਅੱਧਾ ਦਰਵਾਜਾ ਖੋਲ ਕੇ ਓਹ ਜਦੋਂ ਮੈਨੂੰ ਗਲੀ ਵਿੱਚ ਖੜੇ ਨੂੰ ਦੇਖਿਆ ਕਰਦੀ ਸੀ ਤਾਂ ਉਸਦੀ ਤਿੱਖੀ ਨਜ਼ਰ ਰੂਹ ਤੱਕ ਜਾ ਪਹੁੰਚਦੀ ਸੀ। ਮੈਂ ਉਸਨੂੰ ਪਹਿਲੀ ਵਾਰ ਸਾਡੀ ਰਿਸ਼ਤੇਦਾਰੀ ਦੇ ਇਕ ਵਿਆਹ ਵਿੱਚ ਦੇਖਿਆ ਸੀ। ਸਾਡੀ ਨਜ਼ਰ ਮਿਲੀ ਤੇ ਉਸਨੇ ਅਚਾਨਕ ਮੂੰਹ ਫੇਰ ਲਿਆ। ਮੈਂ ਦੇਖਦਾ ਰਿਹਾ। ਉਸਨੇ ਫੇਰ ਦੇਖਿਆ ਤੇ………. ਦੇਖਦੀ ਹੀ ਰਹੀ।
ਪ੍ਰੀਤ ਨਾਮ ਸੀ ਉਸਦਾ। ਅੱਜ ਛੇ ਮਹੀਨੇ ਹੋ ਗਏ ਸਨ ਮੈਨੂੰ ਓਦੀ ਗਲੀ ਵਿੱਚ ਆਂਓਦਿਆ। ਮੈਂ ਜਾਂਦਾ ਸੀ ਤੇ ਓਹ ਬੱਸ ਦਰਵਾਜਾ ਅੱਧਾ ਕੁ ਖੋਲ ਕੇ ਮੈਨੂੰ ਦੇਖ ਜਾਇਆ ਕਰਦੀ। ਅਸੀਂ ਇਕ-ਦੂਸਰੇ ਵੱਲ ਦੇਖ ਕੇ ਮੁਸਕੁਰਾ ਦਿੰਦੇ।
ਤੇ ਮੈਂ ਵਾਪਸ ਆ ਜਾਇਆ ਕਰਦਾ। ਬੱਸ ਇੰਨਾ ਹੀ ਰਿਸ਼ਤਾ ਬਣਿਆ ਸੀ ਸਾਡਾ। ਨਾ ਹੱਦ ਓਨੇ ਟੱਪੀ ਤੇ ਨਾ ਮੈਂ। ਉਸਦੀ ਇਕ ਮੁਸਕਾਨ ਦੀ ਝਲਕ ਮੈਂ ਹਫਤੇ ਤੱਕ ਆਪਣੇ ਦਿਲ ਵਿੱਚ ਸਮੇਟੀ ਰੱਖਦਾ ਸੀ। ਹਫਤੇ ਬਾਅਦ ਉਸਨੂੰ ਦੇਖਣ ਫੇਰ ਚਲਿਆ ਜਾਂਦਾ।
ਮੇਰੇ ਘਰ ਬਾਪੂ ਅਤੇ ਬੀਜੀ ਰਿਸ਼ਤੇ ਦੀ ਗੱਲ ਅਕਸਰ ਤੋਰਦੇ ਰਹਿੰਦੇ ਤੇ ਮੈਂ ਮਨਾ ਕਰ ਦਿੰਦਾ। ਕੁੜੀਆਂ ਦੀਆਂ ਫੋਟੋਆ ਦਿਖਾਂਓਦੇ। ਪਰ ਪ੍ਰੀਤ ਬਿਨਾ ਹੁੱਣ ਕੋਈ ਹੋਰ ਮੰਨ ਨੂੰ ਜਚਦੀ ਨਹੀਂ ਸੀ। ਹਰ ਕੁੜੀ ਦੇ ਚਿਹਰੇ ਵਿੱਚ ਪ੍ਰੀਤ ਦਾ ਚਿਹਰਾ ਝਲਕ ਮਾਰਦਾ ਸੀ।
ਪਰ ਓਹ ਕੁੱਛ ਕਹੇ ਤਾਂ ਮੈਂ ਘਰ ਗੱਲ ਤੋਰਾਂ। ਮੈਂ ਮੰਨ ਬਣਾ ਲਿਆ ਸੀ ਕਿ ਇਸ ਵਾਰ ਉਸਨੂੰ ਚਿੱਠੀ ਫੜਾ ਆਵਾਂਗਾ। ਪਰ ਮੈਂ ਗਿਆ ਤਾਂ ਉਸਨੇ ਹੀ ਮੇਰੇ ਤੱਕ ਇਕ ਚਿੱਠੀ ਪਹੁੰਚਾ ਦਿੱਤੀ।
ਮੇਰਾ ਵਿਆਹ ਹੋ ਰਿਹਾ। ਤੂੰ ਦੋਬਾਰਾ ਮਿਲਣ ਨਾ ਆਵੀਂ। ਉਸ ਦਿਨ ਓਹ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉਸਨੂੰ ਬਹੁਤ ਕੁੱਛ ਕਹਿਣਾ ਚਾਹੁੰਦਾ ਸੀ।...
ਪਰ ਕੀ ਕਹਿੰਦਾ!? ਮੈਂ ਵੀ ਉਸ ਵੱਲ ਦੇਖਦਾ ਰਿਹਾ। ਮੇਰੀਆਂ ਅੱਖਾਂ ਵੀ ਨਮ ਹੋ ਗਈਆਂ ਸਨ। ਅੱਧਾ ਦਰਵਾਜਾ ਖੋਲੀ ਓਹ ਮੇਰੇ ਵੱਲ ਦੇਖਦੀ ਹੰਝੂ ਵਹਾਂਓਦੀ ਰਹੀ। ਮੇਰਾ ਮੰਨ ਕੀਤਾ ਮੈਂ ਸਾਰੀ ਜਿੰਦਗੀ ਉਸਨੂੰ ਖੜੀ ਨੂੰ ਦੇਖਦਾ ਰਹਾਂ। ਪਰ ਜਾਣਾ ਤਾਂ ਪੈਣਾ ਹੀ ਸੀ। ਉਹ ਦਰਵਾਜਾ ਬੰਦ ਕਰ ਅੰਦਰ ਚਲੀ ਗਈ। ਮੇਰੇ ਦਿਲ ਨੇ ਚੀਕ-ਚੀਕ ਕੇ ਕਈ ਵਾਰ ਉਸਦਾ ਨਾਮ ਪੁਕਾਰਿਆ!
ਮੈਂ ਘਰ ਚਲਾ ਗਿਆ। ਕੁੱਛ ਦਿਨਾ ਬਾਅਦ ਇਕ ਹੋਰ ਜਗਾ ਘਰ ਦਿਆ ਨੇ ਵਿਆਹ ਦੀ ਗੱਲ ਤੋਰੀ। ਗੱਲ ਪੱਕੀ ਹੋ ਗਈ। ਮੈਂ ਬਥੇਰਾ ਕਿਹਾ ਕਿ ਮੈਂ ਨਹੀਂ ਮਿਲਣਾ ਕਿਸੇ ਨੂੰ ਪਰ ਬੀਜੀ ਕਹਿਣ ਇਕ ਵਾਰ ਕੁੜੀ ਦੀ ਫੋਟੋ ਦੇਖ ਲੈ। ਜਦ ਮੈਂ ਫੋਟੋ ਦੇਖੀ ਤਾਂ ਓਹ ਪ੍ਰੀਤ ਦੀ ਹੀ ਫੋਟੋ ਸੀ।
ਗੁਰੂਦੁਆਰਾ ਸਾਹਿਬ ਵਿੱਚ ਅਸੀਂ ਪਹਿਲੀ ਵਾਰ ਮਿਲਣਾ ਸੀ। ਮੈਂ ਬਹੁਤ ਖੁੱਸ਼ ਸੀ। ਓਹ ਵੀ ਮੈਨੂੰ ਦੂਰ ਬੈਠੀ ਦਿਸੀ। ਉਸਦਾ ਚਿਹਰਾ ਵੀ ਖੁਸ਼ੀ ਨਾਲ ਚਮਕ ਰਿਹਾ ਸੀ। ਓਹ ਮੇਰੇ ਵੱਲ ਦੇਖ ਕੇ ਮੁਸਕੁਰਾਈ…….ਕੁੱਛ ਖੁੱਲ ਕੇ ! ਮੈਂ ਵੀ ਖੁੱਸ਼ ਸਾਂ!
ਕੁੱਛ ਪਲਾਂ ਬਾਅਦ ਅਸੀਂ ਇਕ ਦੂਸਰੇ ਦੇ ਸਾਹਮਣੇ ਬੈਠੇ ਗੱਲਾਂ ਕਰ ਰਹੇ ਸਾਂ! ਮੈਂ ਸੋਚ ਰਿਹਾ ਸੀ ਕਿ ਜਿੰਨਾ ਦਾ ਮਿਲਣਾ ਧੁਰੋਂ ਲਿਖਕੇ ਆਇਆ ਹੁੰਦਾ ਹੈ! ਓਹ ਮਿਲ ਹੀ ਜਾਂਦੇ ਹਨ। ਇਹ ਜੋੜੀਆਂ ਧੁਰੋਂ ਬਣੀਆਂ ਬਣਾਈਆਂ ਆਂਓਦੀਆਂ ਹਨ।
ਮੈਂ ਤੇ ਪ੍ਰੀਤ ਨੇ ਇਕ-ਦੂਸਰੇ ਦਾ ਹੱਥ ਫੜ ਲਿਆ!
ਗੁਰਪ੍ਰੀਤ ਸਿੰਘ ਭੰਬਰ ਵੱਲੋਂ