ਸਰਦਾਰ ਹੂਰੀ ਗੁੱਸੇ ਵਿਚ ਬੋਲਦੇ ਜਾ ਰਹੇ ਸਨ ਤੇ ਸਾਮਣੇ ਖਲੋਤਾ ਨਰਾਇਣ ਸਿੰਘ ਸਭ ਕੁਝ ਸੁਣੀ ਜਾ ਰਿਹਾ ਸੀ..!
ਆਖ ਰਹੇ ਸਨ “ਤੇਰੀ ਹਿੰਮਤ ਕਿੱਦਾਂ ਪਈ ਮੇਰੇ ਬੰਦੇ ਤੇ ਹੱਥ ਚੁੱਕਣ ਦੀ..ਜਾਣਦਾ ਨਹੀਂ ਤੁਹਾਡਾ ਘਰ ਬਾਰ ਛੱਤ ਜਮੀਨ ਖਾਣ ਪੀਣ ਸਭ ਕੁਝ ਤੇ ਮੇਰਾ ਹੀ ਦਿੱਤਾ ਹੋਇਆ ਏ..ਫੇਰ ਕੀ ਹੋਇਆ ਜੇ ਤੇਰੀ ਗੈਰਹਾਜਰੀ ਵਿਚ ਤੇਰੇ ਘਰ ਚਲਾ ਗਿਆ..ਜਵਾਨੀ ਵੇਲੇ ਗਲਤੀ ਕਿਸ ਤੋਂ ਨਹੀਂ ਹੁੰਦੀ..ਇਹ ਵੀ ਤਾਂ ਹੋ ਸਕਦਾ ਕੇ ਤੇਰੀ ਕੁੜੀ ਨੇ ਹੀ..”
ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕੇ ਸਰਦਾਰ ਹੁਰਾਂ ਦਾ ਪਹਾੜੋਂ ਲਿਆਂਦਾ ਨਵਾਂ ਕੁੱਤਾ ਆ ਕੇ ਲੱਤਾਂ ਨੂੰ ਚੁੰਬੜ ਗਿਆ..!
ਉਸ ਵੱਲ ਇਸ਼ਾਰਾ ਕਰਦੇ ਹੋਏ ਰੋਹਬ ਨਾਲ ਦੱਸਣ ਲੱਗੇ..”ਨਰਾਇਣ ਸਿਹਾਂ ਆਹ ਵੇਖ ਲੈ ਕਿੱਡੀ ਕੌੜੀ ਪਹਾੜੀ ਨਸਲ ਏ..ਆਪਣੀ ਆਈ ਤੇ ਆ ਜਾਵੇ ਤਾਂ ਕੱਖ ਨੀ ਛੱਡਦੀ ਬੰਦੇ ਦਾ..ਪਰ ਮੇਰੇ ਦਰੋਂ ਖਾਦੀ ਰੋਟੀ ਦਾ ਹੀ ਅਸਰ ਏ..ਮਜਾਲ ਏ ਅੱਖ ਵੀ ਚੁੱਕ ਕੇ ਵੇਖ ਲਵੇ..ਹਰ ਵੇਲੇ ਕੰਨ ਨੀਵੇਂ..ਪੂਛਲ ਨੀਵੀਂ..ਅੱਖਾਂ...
ਨੀਵੀਆਂ..ਕੁਝ ਇਸ ਤੋਂ ਹੀ ਸਿੱਖ ਲੈ..”
ਏਨੇ ਨੂੰ ਫੋਨ ਦੀ ਘੰਟੀ ਵੱਜ ਪਈ..!
ਕਾਹਲੀ ਨਾਲ ਦੂਰ ਜਾਣ ਲੱਗੇ ਤਾਂ ਕੋਲ ਹੀ ਲੰਮੇ ਪਏ ਕੁੱਤੇ ਦਾ ਅਗਲਾ ਪੰਜਾ ਜੁੱਤੀ ਹੇਠ ਆ ਕੇ ਮਿੱਧਿਆ ਗਿਆ..ਲੰਮੀਂ ਸਾਰੀ ਦਰਦ ਭਰੀ ਚੀਕ ਨਾਲ ਉਹ ਉੱਚੀ ਸਾਰੀ ਭੋਂਕ ਉਠਿਆ ਤੇ ਸਰਦਾਰ ਹੁਰਾਂ ਦੀ ਗਿੱਟਾ ਮੂੰਹ ਵਿਚ ਲੈ ਕੇ ਪੂਰਾ ਦਾ ਪੂਰਾ ਪਜਾਮਾਂ ਹੀ ਲੀਰੋ-ਲੀਰ ਕਰ ਦਿੱਤਾ..!
ਇਸ ਮੌਕੇ ਮੱਚ ਗਈ ਹਫੜਾ-ਦਫੜੀ ਵਿਚ ਕਦੇ ਦਾ ਹੱਥ ਬੰਨ ਖਲੋਤਾ ਨਰਾਇਣ ਸਿੰਘ ਹੁਣ ਸ਼ਾਇਦ ਏਨੀ ਗੱਲ ਆਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕੇ ਇਸਦੇ ਤਾਂ ਸਿਰਫ ਪੰਜੇ ਤੇ ਹੀ ਪੈਰ ਆਇਆ..ਪਰ ਮੇਰੀ ਤਾਂ ਪੂਰੀ ਦੀ ਪੂਰੀ ਜਮੀਰ ਹੀ ਵਲੂੰਧਰੀ ਗਈ ਸੀ..ਭਲਾ ਮੈਂ ਕਿੱਦਾਂ ਚੁੱਪ ਰਹਿੰਦਾ..!
ਹਰਪ੍ਰੀਤ ਸਿੰਘ ਜਵੰਦਾ