ਮਾਂ ਦੇ ਤੁਰ ਜਾਣ ਮਗਰੋਂ ‘ਜੀਤ’ ਅਕਸਰ ਸੋਚਦੀ ਕਿ ਕਿਵੇਂ ਪੇਕੇ ਘਰ ਵਿੱਚ ਪੈਰ ਪਾਵੇਗੀ… ਬਾਬਲ ਦਾ ਵਿਹੜਾ, ਜਿਹੜਾ ਉਹਨੂੰ ਸਭ ਕਾਸੇ ਤੋਂ ਵੱਧ ਪਿਆਰਾ ਸੀ। ਬਾਬਲ ਤਾਂ ਪਹਿਲਾਂ ਹੀ ਵਿਛੋੜਾ ਦੇ ਗਿਆ ਸੀ ਤੇ ਮਾਂ… ਬੱਸ ਕੁਝ ਕੁ ਦਿਨ ਪਹਿਲਾਂ। ਉਹਦਾ ਮਨ ਨਹੀਂ ਸੀ ਪੇਕੇ ਜਾਣ ਦਾ। ਮਾਂ ਤੋਂ ਬਿਨਾਂ ਪੇਕਾ ਘਰ ? ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਭਰਜਾਈ ਦੇ ਵਾਰ- ਵਾਰ ਕਹਿਣ ਤੇ ਓਹ ਪੇਕੇ ਗਈ। ਮਾਂ ਬਿਨਾਂ ਵਿਹੜਾ ਸੁੰਨਾ – ਸੁੰਨਾ ਜਾ ਲਗਦਾ ਸੀ। ਵਾਰ-ਵਾਰ ਭੁਲੇਖਾ ਪੈਂਦਾ ਜਾਂਦਾ ਤੇ ਓਹ ਤ੍ਰਭਕ ਜਾਂਦੀ । ਭਰਜਾਈ ਨੇ ਹਰ ਕੋਸ਼ਿਸ਼ ਕੀਤੀ ਪਰ ਸਭ ਬੇਕਾਰ..। ਜੀਤ ਦਾ ਮਨ ਨਾ ਟਿਕਿਆ। ਬੱਸ ਏਹੀ ਸੋਚ ਮਨ ਤੇ ਭਾਰੂ ਸੀ ਕਿ ਮਾਂ ਤੋਂ ਬਿਨਾਂ ਕਾਹਦਾ ਪੇਕਾ ਘਰ..। ਔਖੇ ਸੌਖੇ ਇੱਕ ਦਿਨ ਕੱਢਿਆ। ਅਗਲੇ ਦਿਨ ਤੜਕੇ ਹੀ ਆਪਣਾ ਬੈਗ ਚੁੱਕ ਲਿਆ।
“ਮਾਂ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਅਾਉਂਦੀ ਹੁੰਦੀ ਸੀ … ਮਾਵਾਂ ਧੀਆਂ ਗੱਲਾਂ ਕਰਦੀਆਂ ਜਾਂਦੀਆਂ ਸੀ।” ਸੋਚ ਕੇ ਫੇਰ ਉਦਾਸ ਹੋ ਗਈ।
“ਭੈਣ ਰੁਕ ਜਾਂਦੀ ਨਾ ਅੱਜ ਦਾ ਦਿਨ ।” ਭਰਜਾਈ ਨੇ ਕਿਹਾ।
” ਨਹੀਂ ਭਾਬੀ.. ਜਾਊਂਗੀ ਮੈਂ ਤਾਂ..।” ਕਹਿ ਕੇ ਜੀਤ ਨੇ ਬੈਗ ਨੂੰ ਹੱਥ ਪਾਇਆ।
“ਨਾ ਨਾ...
ਭੈਣ……ਇਹ ਤਾਂ ਮੈਂ ਚੱਕਦੀ ਆਂ ..।”ਕਹਿਕੇ ਜੀਤ ਦੀ ਭਰਜਾਈ ਨੇ ਬੈਗ ਚੱਕ ਲਿਆ।
“ਚੱਲ ਭੈਣ.. ਨਹੀੰ ਰਹਿੰਦੀ ਤਾਂ, ਮੈਂ ਛੱਡ ਕੇ ਅਾਉਨੀਂ ਆਂ ਬੱਸ ਅੱਡੇ ਤੱਕ.. ” ਕਹਿ ਕੇ ਭਰਜਾਈ ਅੱਗੇ ਅੱਗੇ ਹੋ ਤੁਰੀ।
ਇਹ ਦੇਖ ਕੇ ਜੀਤ ਦੇ ਬੁੱਲਾਂ ਤੇ ਮੱਲੋਮੱਲੀ ਮੁਸਕਰਾਹਟ ਫੈਲ ਗਈ, ” ਲੈ ਮਾਂ ਬਣਨ ਨੂੰ ਫਿਰਦੀ ਆ ਮੇਰੀ ..।”
ਦੋਵੇਂ ਨਣਾਨ ਭਰਜਾਈ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਬੱਸ ਅੱਡੇ ਵੱਲ ਤੁਰ ਪਈਆਂ। ਜੀਤ ਨੂੰ ਜਾਪ ਰਿਹਾ ਸੀ ਜਿਵੇਂ ਉਸਦੀ ਮਾਂ ਉਹਦੇ ਨਾਲ ਤੁਰੀ ਜਾ ਰਹੀ ਹੈ।
“ਫੇਰ ਭੈਣ, ਹੁਣ ਕਦੋਂ ਆਏਂਗੀ?”ਬੱਸ ਚੜ੍ਹਨ ਤੋਂ ਪਹਿਲਾਂ ਭਰਜਾਈ ਨੇ ਮਾਂ ਵਾਂਗ ਪੁੱਛਿਆ ਤੇ ਨਾਲ਼ ਹੀ ਸੇਵੀਆਂ,ਅਚਾਰ ਵਰਗੇ ਨਿੱਕ ਸੁੱਕ ਦਾ ਭਰਿਆ ਲਫਾਫਾ ਜੀਤ ਦੇ ਹੱਥ ਫੜਾ ਦਿੱਤਾ।
“ਛੇਤੀ ਆਊੰਗੀ ਭਾਬੀ..ਨਾਲ਼ੇ ਚਾਰ ਪੰਜ ਦਿਨ ਰਹਿ ਕੇ ਜਾਊੰਗੀ।”
ਜੀਤ ਦੇ ਮਨ ਤੋੰ ਜਿਵੇਂ ਕੋਈ ਬੋਝ ਲਹਿ ਗਿਆ ਸੀ।
ਬੱਸ ਵਿੱਚ ਬੈਠੀ ਜੀਤ ਸੋਚ ਰਹੀ ਸੀ ਕਿ ਭਰਜਾਈਆਂ ਚੰਗੀਆਂ ਹੋਣ ਤਾਂ ਧੀਆਂ ਦੇ ਪੇਕੇ ਵੀ ਅਬਾਦ ਰਹਿੰਦੇ ਨੇ।
ਦੀਪ ਵਿਰਕ
ਸਤੰਬਰ 28,2021