More Punjabi Kahaniya  Posts
ਮਸਤਕ


ਉਹ ਮੈਨੂੰ ਤੀਜੀ ਬਾਰ ਮਿਲਿਆ
ਇਸ ਬਾਰ ਉਹਦਾ ਤੀਜੀ ਬਾਰੀਂ ਮੈਨੂੰ ਮਿਲਣਾ ਸੀ।
ਮੈਂ ਆਪਣੇ ਇੰਨੇ ਸਾਲਾਂ ਦੀ ਨੌਕਰੀ ਵਿੱਚ ਮਰੀਜ ਦੀ ਤਰਸ ਤੋ ਤਰਸਯੋਗ ਹਾਲਤ ਦੇਖ ਕੇ ਕਦੇ ਰੋਈ ਨਹੀਂ ਸੀ।
ਇਹ ਨਹੀਂ ਕਿ ਮੇਰਾ ਸਖਤ ਦਿਲ ਆ, ਨਹੀਂ ਅੈਸਾ ਕੁਝ ਵੀ ਨਹੀਂ ਆ ।
ਬਸ ਜ਼ਿਹਨ ਮੰਨ ਚੁੱਕਾ ਹੈ ਮੌਤ ਮਨੁੱਖ ਦਾ ਅਖੀਰ ਹੈ।
ਜਾਂ ਰੋਜ ਜਿੰਦਗੀ ,ਮੌਤ ਦੇਖ ਦੇਖ ਸਖਤ ਜ਼ਿਹਨ ਬਣ ਗਿਆ ਹੈ ਖਬਰੈ ਤਦੇ ਗੱਲ ਗੱਲ ਤੇ ਰੋਣਾ ਆ ਜਾਂਦਾ ਆ । ਮਨ ਦਾ ਬੋਝ ਹਲਕਾ ਕਰਨ ਲਈ।
ਸੋਚਦੀ ਹੁੰਦੀ ਆਂ ਕਿ ਮੌਤ ਭਾਵੇਂ ਹਸਪਤਾਲ ਵਿੱਚ ਹੋਵੇ,ਭਾਵੇਂ ਬਜੁਰਗ ਆਸ਼ਰਮ ਵਿੱਚ ਹੋਵੇ ਭਾਵੇਂ ਸੜਕ ਦੇ ਕਿਸੇ ਕਿਨਾਰੇ ਜਾਂ ਮੌਤ ਬਹਾਨਾ ਬਣ ਕੇ ਕਿਤੇ ਵੀ ਟੱਕਰੇ ।
ਉਹ ਜਿੱਦੀ ਬੜੀ ਆ ਜਦ ਆਈ ਤੇ ਆਈ ਹੋਵੇ ਫੇਰ ਭਾਵੇਂ ਜਿੰਨਾ ਮਰਜੀ ਜਿੰਦਗੀ ਦੇ ਵਾਧੇ ਲਈ ਮੰਤਰ ਪੜ ਲਈਏ ਕੋਈ ਦੇਵ ਲਾਗੇ ਆ ਕੇ ਨਹੀਂ ਸੁਣਦਾ ।
ਮਨੁੱਖ ਅੱਸੀ ਪਚਾਸੀ ਨੱਬੇ ਵਰੇ ਦੁਨੀਆਂ ਦੇ ਮੰਚ ਉੱਤੇ ਜੋਕਰ ਬਣ ਕੇ ਕਲਾਕਾਰੀ ਖੂਬ ਨਿਭਾਉਂਦਾ ਹੈ ।
ਇੱਕ ਦਿਨ ਇਸ ਜੋਕਰ ਨੇ ਧੜਮ ਮੰਚ ਤੇ ਡਿੱਗਣਾ ਹੀ ਹੁੰਦਾ ਹੈ ।
ਕਿਸੇ ਵੇਲੇ ਇਹ ਜੋਕਰ ਆਪਣੇ ਹੁਨਰ ਅੱਗੇ ਦਰਸ਼ਕਾਂ ਦੀਆਂ ਤਾੜੀਆਂ ਮਰਵਾ ਮਰਵਾ ਕੇ ਸਭ ਨੂੰ ਹੈਰਾਨ ਕਰਦਾ ਹੈ ਤੇ ਅਖੀਰ ਵਿੱਚ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਵੇਲੇ ਸਭ ਨੂੰ ਰੁਆ ਕੇ ਚੁੱਪ ਕਰਕੇ ਇਹ ਜੋਕਰ ਕਿਧਰੇ ਛੁੱਪਣ ਹੋ ਜਾਂਦਾ ਆ ।
ਇਹ ਜੋਕਰ ਤੁਸੀਂ ਤੇ ਮੈਂ ਹਾਂ। ਜੋ ਜਿੰਦਗੀ ਦੀਆਂ ਰੁਸਵਾਈਆਂ ਮੂਹਰੇ ਵੀ ਹੱਸ ਪੈਂਦੇ ਨੇ। ਚਿਹਰੇ ਉੱਤੇ ਕਈ ਚਿਹਰੇ ਲਾ ਕੇ ਆਪੋ ਆਪਣਾ ਨਾਟਕ ਖੇਲਦੇ ਹਾਂ ਕਦੇ ਹੱਸਦੇ ਹਾਂ ਕਦੇ ਰੋਂਦੇ ਹਾਂ ਕਦੇ ਰੁਆਉਂਦੇ ਹਾਂ ।
ਅਸੀਂ ਜੋਕਰ ਹੀ ਤਾਂ ਹਾਂ ।
ਜਦ ਇਹ ਜੋਕਰ ਇਸ ਭੀੜ ਚ ਗੁਆਚਦਾ ਹੈ ਫਿਰ ਲੱਭਿਆਂ ਵੀ ਨੀ ਲੱਭਦਾ ।
ਕੁਝ ਚਿਰ ਚੇਤਿਆਂ ਵਿੱਚ ਮਘਦਾ ਰਹਿੰਦਾ ਹੈ ਫਿਰ ਇੱਕ ਦਿਨ ਮਸਤਕ ਵਿੱਚ ਸੀਤ ਠੰਡ ਹੋ ਕੇ ਪਤਾ ਨਹੀਂ ਕਿਧਰ ਬਰਫ ਬਣ ਕੇ ਪਿਘਲ ਜਾਂਦਾ ਹੈ।
ਮੈਨੂੰ ਯਾਦ ਆ ਜਦ ਉਹ ਖੂਬਸੂਰਤ ਨੌਜਵਾਨ ਮੈਨੂੰ ਪਹਿਲੀ ਬਾਰ ਮਿਲਿਆ ਸੀ ।
ਟੋਬੀ ਸੀ ਉਸਦਾ ਨਾਂ ,ਪਹਿਲੀ ਬਾਰ ਉਹ ਮੈਨੂੰ ਮੇਰੇ ਹੀ ਸ਼ਹਿਰ ਦੇ ਕੌਫੀ ਹਾਉਸ ਵਿੱਚ ਮਿਲਿਆ ਸੀ ।
ਕਈ ਇਨਸਾਨਾਂ ਦੇ ਚਿਹਰੇ ਨੂੰ ਰੱਬ ਨੇ ਰੂਹ ਨਾਲ ਬਣਾਇਆ ਹੁੰਦਾ ਹੈ।
ਮਿਲਣ ਵਾਲੇ ਨੂੰ ਕਦੇ ਚੇਤਾ ਹੀ ਨਹੀਂ ਭੁੱਲਦਾ ।
ਗਿੱਠ ਗਿੱਠ ਲੰਬੇ ਘੁੰਗਰਾਲੇ ਵਾਲ ਸਨ ਉਸਦੇ। ਜਿਹਨਾਂ ਨੂੰ ਕੱਠੇ ਕਰਕੇ ਉਸਨੇ ਪਿੱਛੇ ਬੰਨਿਆਂ ਸੀ ।
ਚੈੱਕਦਾਰ ਸ਼ਲਟ ਘੁੱਟਵੀਂ ਜਿਹੀ ਪੈਂਟ ਸਿਰ ਉੱਤੇ ਅਮਰੀਕਨ ਕਾਉਬੌਏ ਟੋਪੀ ਤੇ ਕਾਉਬੌਏ ਜੁੱਤੀ ਪਾਈ ਠੱਕ ਠੱਕ ਕਰਦਾ ਮੇਰੇ ਕੋਲ ਆ ਗਿਆ ।
ਸੌਰੀ ,”ਮੈਂ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹਾਂ ਕੀ ਮੈਂ ਪੁੱਛ ਸਕਦਾ ਹਾਂ ਤੁਸੀਂ ਮੇਰੇ ਮਰੀਜ ਬਾਪ ਦੀ ਹਸਪਤਾਲ ਵਿੱਚ ਦੇਖਭਾਲ ਕਰ ਰਹੇ ਹੋ ?”
ਮੈਂ ਹੈਰਾਨੀ ਨਾਲ ਉਸ ਵੱਲ ਉਤਾਂਹ ਨੂੰ ਦੇਖਿਆ ਜਿਹੜਾ ਮੈਨੂੰ ਬੈਠੀ ਨੂੰ ਆਪਣੇ ਕੱਦ ਦੀ ਲੰਬਾਈ ਅਨੁਸਾਰ ਝੁੱਕ ਕੇ ਹਲੀਮੀ ਨਾਲ ਪੁੱਛ ਰਿਹਾ ਸੀ।
ਮੈਂ ਬਹੁਤ ਰੁੱਖੇ ਜਿਹੇ ਲਿਹਜ਼ੇ ਵਿੱਚ ਉਸ ਨੂੰ ਕਿਹਾ ,ਸੌਰੀ ਮੈਂ ਨੌਕਰੀ ਦੇ ਅਸੂਲਾਂ ਦੀ ਪਬੰਧ ਆਂ ਆਪਣੀ ਡਿਊਟੀ ਅਤੇ ਮਰੀਜ ਬਾਰੇ ਕੁੱਝ ਨਹੀਂ ਦੱਸ ਸਕਦੀ ਹਾਂ । ਨਾਲੇ ਮੇਰੀ ਅੱਜ ਛੁੱਟੀ ਹੈ ਮੈਂ ਛੁੱਟੀ ਵਿੱਚ ਆਪਣੀ ਡਿਊਟੀ ਬਾਰੇ ਗੱਲ ਨਹੀਂ ਕਰਦੀ ਮੇਰਾ ਪਰਿਵਾਰਕ ਦਿਨ ਹੈ।
ਤੁਸੀਂ ਜੋ ਵੀ ਜਾਣਕਾਰੀ ਲੈਣੀ ਹੈ ਹਸਪਤਾਲ ਵਿੱਚੋਂ ਲੈ ਸਕਦੇ ਹੋ।
ਉਹਨੇ ਮੇਰੀ ਗੱਲ ਦਾ ਜਵਾਬ ਸੁਣ ਕੇ ਆਪਣੇ ਸਿਰ ਦੀ ਰੋਹਬਦਾਰ ਟੋਪੀ ਉਤਾਰੀ ਤੇ ਸਿਰ ਝੁਕਾ ਕੇ ਕਿਹਾ,” ਮੇਰੀ ਪਿਆਰੀ ਮੈਂ ਕੱਲ ਨੂੰ ਤੁਹਾਨੂੰ ਹਸਪਤਾਲ ਵਿੱਚ ਮਿਲਣ ਆਉਂਗਾ ।”
ਜੀ ਜਰੂਰ ਮੈਂ ਇੰਤਜ਼ਾਰ ਕਰੂੰਗੀ ।ਮੈਂ ਖੁਸ਼ਕ ਅਤੇ ਚਲਵਾਂ ਜਿਹਾ ਮੋੜਵਾਂ ਜਵਾਬ ਦਿੱਤਾ।
ਦੂਜੇ ਦਿਨ ਉਹੀ ਸਟਾਈਲ ਉਹ ਹੀ ਤੋਰ ਉਹ ਹੀ ਟੋਪੀ ਲਈ ਇਤਰ ਦੀ ਮਹਿਕ ਖਿਲਾਰਦਾ ਠੱਕ ਠੱਕ ਕਰਦਾ 450 ਨੰਬਰ ਕਮਰੇ ਵਿੱਚ ਚਲਾ ਗਿਆ।
ਕੁਝ ਦੇਰ ਮਗਰੋਂ ਜਾਣ ਲੱਗਾ ਮੈਨੂੰ ਚੌਕਲੈਟ ਦਾ ਪੈਕਿਟ ਦਿੰਦੇ ਨੇ ਕਿਹਾ ,” ਮੇਰਾ ਬਾਪ ਅਕਸਰ ਤੁਹਾਡੇ ਬਾਰੇ ਮੇਰੇ ਕੋਲ ਬਹੁਤ ਚੰਗਾ ਜਿਹਾ ਦੱਸਦਾ ਹੁੰਦੇ ਆ ,ਕੱਲ ਤੁਸੀਂ ਮੈਨੂੰ ਅਚਾਨਕ ਕੌਫੀ ਪੀਂਦੇ ਮਿਲੇ ਤਾਂ ਸੋਚਿਆ ਸੀ ਤੁਹਾਡਾ ਧੰਨਵਾਦ ਕਰਾਂ ਪਰ ਤੁਸੀਂ ਨੌਕਰੀ ਦੇ ਅਸੂਲਾਂ ਮੁਤਾਬਕ ਮੇਰੇ ਨਾਲ ਗੱਲ ਨਹੀਂ ਕੀਤੀ ।”
ਮੈਂ ਹੱਸਦੀ ਨੇ ਕਿਹਾ ਮਿਸਟਰ ਬਰਾਉਨ ਕੁਝ ਗੱਲਾਂ ਅਸੀਂ ਹਰ ਥਾਂ ਉੱਤੇ ਨਹੀਂ ਕਰ ਸਕਦੇ ਹੁੰਦੇ।
“ਮੈਂ ਸਮਝ ਸਕਦਾ ਹਾਂ , ਆਹ ਚੌਕਲੈਟ ਤੁਹਾਡੇ ਲਈ ਆ ।”
ਉਸ ਨੇ ਕਿਹਾ ।
ਉਸ ਦਿਨ ਉਹਦੀ ਦਿਖ ਮੇਰੀਆਂ ਅੱਖਾਂ ਵਿੱਚ ਸਮਾ ਗਈ ।
ਮੈਂ ਉਹਦੇ ਚਿਹਰੇ ਨੂੰ ਬਹੁਤ ਧਿਆਨ ਨਾਲ ਦੇਖਿਆ ਜਿਵੇਂ ਉਹ ਖੂਬਸੂਰਤੀ ਦਾ ਮੁਜਸਮਾ ਹੋਵੇ।
ਦੂਜੀ ਬਾਰ ਉਹ ਮੈਨੂੰ ਅਚਾਨਕ ਇਸੇ ਹਸਪਤਾਲ ਵਿੱਚ ਮਰੀਜ ਦੇ ਰੂਪ ਵਿੱਚ ਖੁਦ ਮਿਲਿਆ ।
ਪੀਲਾ ਭੂਕ ਚਿਹਰਾ ਘੁੰਗਰਾਲੇ ਵਾਲ ਆਪਸ ਵਿੱਚ ਜੁੜੇ ਹੋਏ ਸੀ ਜਿਵੇਂ ਕੰਘੀ ਨਾਲ ਰੁੱਸੇ ਹੋਣ।
ਮੈਂ ਉਸ ਨੂੰ ਅਚਾਨਕ ਮਰਿਆ ਵਰਗੀ ਹਾਲਤ ਵਿੱਚ ਦੇਖ ਕੇ ਹੈਰਾਨ ਸੀ।
ਕੁਝ ਦਿਨਾਂ ਦੇ ਇਲਾਜ ਮਗਰੋਂ ਫਿਰ ਇੱਕ ਦਿਨ ਉਹ ਹੱਸ ਹੱਸ ਕੇ ਗੱਲਾਂ ਕਰਨ ਲੱਗਾ।
ਉਹਨੇ ਦੱਸਿਆ ਸੀ ਮੈਨੂੰ ਕਿ ਉਹ ਬਰਲੀਨ ਸ਼ਹਿਰ ਵਿੱਚ ਰਹਿੰਦਾ ਹੈ ਜਿਥੇ ਲੋਕ ਉਹਦੇ ਚਿੱਤਰਕਲਾ ਨੂੰ ਬਹੁਤ ਪਸੰਦ ਕਰਦੇ ਹਨ।
ਕਨਵੈਸ ਉੱਤੇ ਰੰਗ ਭਰਨ ਦੀ ਉਸ ਕੋਲ ਕਲਾ ਸੀ ।
ਇੱਕ ਦਿਨ ਮੈਨੂੰ ਹੱਸ ਕੇ ਕਹਿੰਦਾ ਸੀ,”ਮੈਂ ਜਦੋਂ ਠੀਕ ਹੋ ਕੇ ਘਰ ਪਰਤਿਆ ਸਿਸਟਰ ਤੁਹਾਨੂੰ ਆਪਣੇ ਹੱਥ ਨਾਲ ਤੁਹਾਡਾ ਚਿੱਤਰ ਬਣਾ ਕੇ ਭੇਜੂੰ ਗਾ।ਉਹ ਮੇਰੇ ਵੱਲੋਂ ਤੁਹਾਨੂੰ ਤੌਹਫਾ ਹਊ ਗਾ ।”
ਫੇਰ ਅਸੀਂ ਦੋਨੋਂ ਹੱਸ ਪਏ।
“ਕਿੰਨੀ ਉਮਰ ਆ ਤੁਹਾਡੀ ਸਿਸਟਰ?”
ਉਸ ਨੇ ਗੱਲਾਂ ਕਰਦੇ ਨੇ ਅਚਾਨਕ ਪੁੱਛਿਆ !
ਮੈਂ ਆਪਣੀ ਜੇਬ ਵਿੱਚੋਂ ਮਰੀਜਾਂ ਦੇ ਨਾਂ ਅਤੇ ਜਨਮ ਮਿਤੀ ਦੀ ਲਿਸਟ ਕੱਢੀ ਜਿਸ ਵਿੱਚ ਉਸਦੀ ਜਨਮ ਮਿਤੀ 1972 ਸੀ।
ਮੈਂ ਤੁਹਾਡੇ ਤੋਂ ਇੱਕ ਸਾਲ ਵੱਡੀ ਆਂ ਮੈਂ ਹੱਥ ਵਿਚਲੀ ਲਿਸਟ ਦੇਖ ਦੀ ਨੇ ਕਿਹਾ ।
ਓ ਅੱਛਾ ,ਕਹਿ ਕੇ ਉਹ ਚੁੱਪ ਹੋ ਗਿਆ !
ਇੱਕ ਦਿਨ ਉਹ ਰਾਜੀ ਹੋ ਕੇ ਘਰ ਜਾਣ ਲੱਗੇ ਨੂੰ ਮੈਂ ਆਪਣੇ ਮਜਾਜ ਵਿੱਚ ਕਿਹਾ,ਮਿਸਟਰ ਬਰਾਊਨ ਹੁਣ ਇਹ ਨਹੀਂ ਕਹਿਣਾ...

ਕਿ, ਅਸੀਂ ਫਿਰ ਮਿਲਾਂਗੇ !
ਉਹ ਵੀ ਹੱਸ ਪਿਆ ਤੇ ਕਹਿਣ ਲੱਗਾ,”ਬਿਲਕੁਲ ,ਰੱਬ ਕਰੇ ਮੈਂ ਤੁਹਾਨੂੰ ਮੁੜ ਹਸਪਤਾਲ ਵਿੱਚ ਨਾ ਮਿਲਾ ਬਸ ਜਦ ਵੀ ਮਿਲਾਂ ਕਿਤੇ ਇਧਰ ਉਧਰ ਘੁੰਮਦੇ ਘੁੰਮਾਉਂਦੇ ਹਸਪਤਾਲ ਤੋਂ ਬਾਹਰ ਹੀ ਮਿਲਾ।”
ਫਿਰ ਉਹ ਮੈਨੂੰ ਦੋ ਸਾਲ ਨਹੀਂ ਮਿਲਿਆ ।
ਇਸ ਬਾਰ ਉਹ ਮੈਨੂੰ ਫੇਰ ਹਸਪਤਾਲ ਵਿੱਚ ਤੀਜੀ ਬਾਰ ਮੁੱਠ ਕੁ ਹੱਡੀਆਂ ਦਾ ਬਣ ਕੇ ਮਿਲਿਆ। ਉਸ ਨੂੰ MSA ਬਿਮਾਰੀ ਸੀ ।
ਹੌਲੀ ਹੌਲੀ ਉਸਦਾ ਸਰੀਰ ਬੇਜਾਨ ਹੁੰਦਾ ਹੁੰਦਾ ਬੈੱਡ ਨਾਲ ਜੁੜ ਗਿਆ । ਇਸ ਵਕਤ ਟੋਬੀ ਬੋਲ ਤਾਂ ਸਕਦਾ ਸੀ ਬਹੁਤ ਮੁਸ਼ਿਕਲ ਨਾਲ ਬੋਲ ਸਕਦਾ ਸੀ।
ਉਸ ਨੂੰ ਸਮਝਣ ਲਈ ਨਰਸ ਕੋਲ ਸਮੇਂ ਦਾ ਹੋਣਾ ਜਰੂਰੀ ਸੀ ।
ਜੋ ਅਕਸਰ ਹਸਪਤਾਲ ਵਿੱਚ ਨਰਸਾਂ ਕੋਲ ਮਰੀਜ ਲਈ ਸਮੇਂ ਦੀ ਘਾਟ ਹੁੰਦੀ ਹੈ।
ਮੈਂ ਕਦੇ ਕਦੇ ਬਹੁਤ ਉਦਾਸ ਹੁੰਦੀ ਹੁੰਨੀ ਆਂ ਜਦ ਮਰੀਜ ਪੁੱਛੂ ਗਾ ,”ਸਿਸਟਰ ਤੁਹਾਡੇ ਕੋਲ ਸਮਾਂ ਹੈ ਮੇਰੇ ਕੋਲ ਬੈਠਣ ਦਾ?”
ਮੈਂ ਬਹੁਤ ਮੁਸ਼ਿਕਲ ਨਾਲ ਕਹਿ ਸਕਦੀ ਹੁੰਨੀ ਆਂ , ਸੌਰੀ ਇਸ ਵਕਤ ਬਿਲਕੁਲ ਸਮਾਂ ਨਹੀਂ ਪਰ ਹਾਂ ਜਦੋਂ ਵੀ ਸਮਾਂ ਮਿਲਿਆ ਜਰੂਰ ਤੁਹਾਨੂੰ ਸਮਾਂ ਦਿਊਂਗੀ ।
ਕਦੇ ਕਦੇ ਤਾਂ ਮਰੀਜ ਨਾਲ ਜਿਵੇਂ ਝੂਠ ਜਿਹੇ ਬੋਲਣ ਵਾਲੀ ਗੱਲ ਹੁੰਦੀ ਆ ।
ਹਸਪਤਾਲ ਵਿੱਚ ਡਾਕਟਰ ਤੇ ਨਰਸਾਂ ਸਭ ਦੇ ਸਭ ਜਿਵੇਂ ਜਿੰਦਗੀ ਬਚਾਉਣ ਲਈ ਲਾਡਲੀ ਜਿਹੀ ਦੇ ਮਗਰ ਮਿੰਨਤਾ ਕਰਦੇ ਦੌੜਦੇ ਹੋਣ।
ਸਾਹੋ ਸਾਹੀ ਦੌੜ ਭੱਜ ਜਿੰਨੀ ਹਸਪਤਾਲ ਦੇ ਡਾਕਟਰਾਂ ਦੀ ਹੈ ਦੁਨੀਆਂ ਦੇ ਕਿਸੇ ਵੀ ਸਖਤ ਤੋਂ ਸਖਤ ਮਿਹਨਤੀ ਇਨਸਾਨ ਦੀ ਇੰਨੀ ਭੱਜ ਦੌੜ ਨਹੀਂ ਹੈ।ਮੌਤ ਦੇ ਮੂੰਹ ਚ ਹੱਥ ਪਾ ਕੇ ਜਿੰਦਗੀ ਲੈ ਕੇ ਆਉਣੀ ।
ਸੌਖੀ ਜਿੰਮੇਵਾਰੀ ਨਹੀਂ ਹੈ।
ਮੈਂ ਨਰਸ ਤਾਂ ਨਹੀਂ ਹਾਂ ਪਰ ਹਾਂ ਨਰਸ ਦੀ ਸੱਜੀ ਬਾਂਹ ਜਰੂਰ ਹਾਂ ਅਤੇ ਨਰਸ ਡਾਕਟਰ ਦੀ ਸੱਜੀ ਬਾਂਹ ਹੈ।
ਸਵੇਰ ਦਾ ਸਮਾਂ ਸੀ ।ਮੈਂ ( ਟੋਬੀ) ਮਿਸਟਰ ਬਰਾਊਨ ਦੇ ਕਮਰੇ ਵਿੱਚ ਗਈ ।ਉਹਦੀ ਗਰਦਨ ਇੱਕ ਪਾਸੇ ਨੂੰ ਝੁੱਕੀ ਸੀ ਜਿਵੇਂ ਧੌਣ ਦਾ ਮਣਕਾ ਟੁੱਟ ਗਿਆ ਹੋਵੇ ,ਮੂੰਹ ਵਿੱਚੋਂ ਪਾਣੀ ਵਗ ਰਿਹਾ ਸੀ।
ਮੈਂ ਉਹਦਾ ਸਿਰ ਸਿੱਧਾ ਕੀਤਾ।
ਮੂੰਹ ਸਾਫ ਕੀਤਾ ਮੁਝਾਏ ਚਿਹਰੇ ਨੂੰ ਪਲੋਸਿਆ ।ਹੁਣ ਉਹਨੇ ਪੂਰੀ ਤਾਕਤ ਨਾਲ ਅੱਖਾਂ ਖੋਲੀਆਂ ਤਾਂ ਸਾਹਮਣੇ ਮੈਂ ਸੀ।
ਮੈਂ ਉਹਦੀਆਂ ਹੈਰਾਨੀ ਨਾਲ ਭਰੀਆਂ ਉਦਾਸ ਅੱਖਾਂ ਪੜ ਸਕਦੀ ਸੀ।
ਉਹ ਟੇਢੇ ਜਿਹੇ ਮੂੰਹ ਨਾਲ ਹੱਸਿਆ ! ਮੈਂ ਉਦੇ ਛੇ ਫੁੱਟੇ ਸੁੰਘੜੇ ਜਿਹੇ ਸ਼ਰੀਰ ਨੂੰ ਆਪਣੀਆਂ ਬਾਂਹਾਂ ਦੇ ਬੱਲ ਨਾਲ ਸਿੱਧਾ ਕੀਤਾ ਤੇ ਕਿਹਾ,
ਓ ਟੋਬੀ ਤੂੰ ਤਾਂ ਕਿਹਾ ਸੀ ਤੂੰ ਮੈਨੂੰ ਹਸਪਤਾਲ ਵਿੱਚ ਕਦੇ ਨਹੀਂ ਮਿਲੂੰ ਗਾ !
ਉਹਨੇ ਕੁਝ ਕਹਿੰਦੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ …ਫਿਰ ਉਹਨੇ ਜੀਭ ਉੱਤੇ ਜੋਰ ਪਾ ਕੇ ਮੇਰਾ ਬਹੁਤ ਮੁਸ਼ਿਕਲ ਨਾਲ ਨਾਂ ਲੈਂਦੇ ਨੇ ਕਿਹਾ,”ਮੈਂ ਤੈਨੂੰ ਮਿਲਣ ਆਇਆਂ ਹਾਂ ।”
ਮੇਰੇ ਦਿਲ ਉੱਤੇ ਉਦਾਸੀ ਜਿਹੀ ਛਾਹ ਗਈ , ਪਰ ਮੈਨੂੰ ਇਸ ਹਾਲਤ ਵਿੱਚ ਨਹੀਂ ਸੀ ਮਿਲਣ ਆਉਣਾ। ਮੈਂ ਅੱਖਾਂ ਦੇ ਹੰਝੂ ਡੱਕਦੀ ਨੇ ਕਿਹਾ।
ਲਗਾਤਾਰ ਆਪਣੀ ਡਿਊਟੀ ਦਰਮਿਆਨ ਮੈਂ ਉਸ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ।ਇਸ ਬਾਰ ਡਾਕਟਰੀ ਰਿਪੋਟ ਮੁਤਾਬਕ ਇਹ ਪੱਕਾ ਸੀ ਕਿ ਉਹ ਰਾਜੀ ਨਹੀਂ ਹੋ ਸਕਦਾ ਹੈ।
ਫਿਰ ਅਚਾਨਕ ਉਸ ਨੂੰ ਮੇਰੇ ਦੇਖਦਿਆਂ ਦੇਖਦਿਆਂ ਦੰਦਲ ਪੈ ਗਈ।
ਉਹਨੇ ਆਪਣੀ ਜੀਭ ਟੁੱਕ ਲਈ।
ਮੂੰਹ ਖੂਨੋ ਖੂਨ ਹੋ ਗਿਆ ।ਮੈਂ ਉਹਦੇ ਮੂੰਹ ਤੇ ਜਰਾ ਜੋਰ ਦੀ ਚਪਤ ਮਾਰ ਕੇ ਉਸ ਨੂੰ ਹੋਸ਼ ਵਿੱਚ ਲਿਉਣ ਦੀ ਕੋਸ਼ਿਸ਼ ਕੀਤੀ ।ਕੁਝ ਦੇਰ ਮਗਰੋਂ ਉਹ ਠੀਕ ਹੋ ਗਿਆ ।
ਉਹਨੇ ਮੇਰਾ ਹੱਥ ਫੜ ਲਿਆ ।ਮੈਂ ਉਹਦੀ ਬੇਜਾਨ ਜਿਹੀ ਗਰਦਨ ਥੱਲੇ ਤੌਲੀਆ ਮਰੋੜ ਕੇ ਰੱਖਦੀ ਨੇ ਕਿਹਾ ,ਟੋਬੀ ਮੇਰੇ ਪਿਆਰੇ ਜੇ ਤੈਨੂੰ ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਕਿਤੇ ਵੀ ਦਰਦ ਹੁੰਦੀ ਆ ਤਾਂ ਮੇਰਾ ਜੋਰ ਦੀ ਹੱਥ ਘੁੱਟ ਦੇ।
ਉਹਨੇ ਮੇਰਾ ਹੱਥ ਤਾਂ ਘੁੱਟਿਆ ਨਾ ,ਬਸ ਹਲਕਾ ਜਿਹਾ ਦੱਬ ਦਿੱਤਾ।
ਹੁਣ ਉਹ ਬੋਲਣ ਦੀ ਕੋਸ਼ਿਸ਼ ਕਰਨ ਲੱਗਾ ,ਮੈਂ ਉਹਦੀ ਧੜ ਤੇ ਲਮਕਦੀ ਗਰਦਨ ਨੂੰ ਪਿੱਛੋਂ ਹੱਥ ਦਾ ਸਹਾਰਾ ਦੇ ਕੇ ਸਿੱਧਾ ਕਰਦੀ ਨੇ ਕਿਹਾ, ਓ ਖੂਬਸੂਰਤ ਟੋਬੀ ਬੋਲ ਕੀ ਕਹਿਣਾ ਚਾਹੁੰਦਾ ਆਂ !
ਉਹਨੇ ਬਹੁਤ ਅੌਖੇ ਹੋ ਕੇ ਕਿਹਾ,”ਤੂੰ ਮੇਰੇ ਕੋਲ ਰਹਿ ਮੈਂ ਮਰਨ ਲੱਗਾ ਹਾਂ ।”
ਮੈਂ ਉਹਦੇ ਸਰੀਰ ਵਿਚਲੀ ਆਕਸੀਜਨ ਚੈੱਕ ਕਰਦੀ ਨੇ ਕਮਰੇ ਦੀ ਅੈਮਰਜੈਂਸੀ ਘੰਟੀ ਵਜਾ ਦਿੱਤੀ ।
ਨਰਸ ਅਤੇ ਡਾਕਟਰ ਦੌੜ ਕੇ ਕਮਰਾ ਨੰਬਰ 360 ਵੱਲ ਆਏ ।
ਟੋਬੀ ਨੇ ਮੇਰਾ ਦੱਬਿਆ ਹੁਣ ਹੱਥ ਛੱਡ ਦਿੱਤਾ ਸੀ।
ਡਾਕਟਰ ਮੇਰੇ ਵੱਲ ਦੇਖ ਰਿਹਾ ਸੀ ।ਮੈ ਚੁੱਪ ਦੇ ਇਸ਼ਾਰੇ ਵਿੱਚ ਹਲਕੀ ਜਿਹੀ ਨਾਹ ਵਾਲਾ ਸਿਰ ਹਿਲਾਇਆ।
ਡਾਕਟਰ ਸਮਝ ਗਿਆ ਸੀ ਫੇਰ ਵੀ ਉਸਨੇ ਉਸਦੀ ਨਬਜ ਦੇਖੀ ਟੋਬੀ ਨੂੰ ਬਲਾਇਆ ਪਰ, ਟੋਬੀ ਜਿਵੇਂ ਚੁੱਪ ਕਰਕੇ ਸਾਡੇ ਕੋਲ ਦੀ ਮੌਤ ਦਾ ਝੁੰਭ ਮਾਰ ਕੇ ਚਲਾ ਗਿਆ ਹੋਵੇ।
ਹੁਣ ਉਸ ਨੂੰ ਅਸੀਂ ਸਿੱਧਾ ਕਰਕੇ ਬੈੱਡ ਉੱਤੇ ਲਿਟਾ ਦਿੱਤਾ ਸੀ। ਚਿਹਰਾ ਪੀਲਾ ਪੈ ਗਿਆ ਸੀ ਪਰ ਨੂਰ ਨਾਲ ਭਰਿਆ ਸੀ ਜਿਵੇਂ ਟੋਬੀ ਸਾਰੀਆਂ ਦਰਦਾਂ ਤੋਂ ਮੁਕਤ ਹੋ ਗਿਆ ਹੋਵੇ । ਕਿੰਨੀ ਸੋਹਣੀ ਹਊ ਗੀ ਮੌਤ ?
ਜਿਹੜੀ ਜਾਂਦੀ ਜਾਂਦੀ ਚਿਹਰੇ ਉੱਤੇ ਆਪਣੇ ਨਿਸ਼ਾਨ ਛੱਡ ਗਈ।
ਕਦੇ ਕਦੇ ਮੈਂ ਸੋਚਦੀ ਹੁੰਦੀ ਆਂ ਕਿ ,ਇਹ ਪ੍ਰਾਕ੍ਰਿਤੀ ਮਨੁੱਖ ਨਾਲ ਕਿੰਨਾ ਮਜਾਕ ਕਰ ਦਿੰਦੀ ਆ ।
ਇਹ ਕਬਰਾਂ ਵੀ ਕਿੰਨੇ ਕਿੰਨੇ ਖੂਬਸੂਰਤ ਮਨੁੱਖਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਚੁੱਪ ਚਾਂ ਧਾਰ ਲੈਂਦੀਆਂ ਨੇ।
ਕਦੇ ਸੋਚਦੀ ਹਾਂ ਕਿਸੇ ਨਾਲ ਤੁਹਾਡਾ ਕੁਝ ਵੀ ਨਾਤਾ ਨਹੀਂ ਹੁੰਦਾ ਬਸ ਵਿਛੜਨ ਲੱਗੇ ਚੇਤਿਆਂ ਦੇ ਮਸਤਕ ਵਿੱਚ ਆਪਣਾ ਨਾਂ ਲਿਖ ਜਾਂਦੇ ਨੇ।
ਕਦੇ ਕਦੇ ਸੋਚਦੀ ਹਾਂ ਕਬਰਾਂ ਵਿੱਚ ਪਈਆਂ ਮਰੀਆਂ ਰੂਹਾਂ ਚੇਤਿਆਂ ਚ ਜਿਉੰਦੀਆਂ ਰਹਿੰਦੀਆਂ ਹਨ ਜਿਵੇਂ ਟੋਬੀ ਪਤਾ ਨੀ ਕਿੰਨਾ ਚਿਰ ਹੋਰ ਮਸਤਕ ਵਿੱਚ ਜਿਉਂਦਾ ਰਹੂਗਾ।
ਅੰਜੂਜੀਤ ਪੰਜਾਬਣ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)