ਟਾਈਟੈਨਿਕ ਜਹਾਜ ਡੁੱਬ ਰਿਹਾ ਸੀ ਤਾਂ ਥੋੜੀ ਦੂਰ ਮੱਛੀਆਂ ਦਾ ਗੈਰ-ਕਨੂੰਨੀ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਕਰਨ ਤੋਂ ਮੂੰਹ ਫੇਰ ਲਿਆ ਕੇ ਕਿਤੇ ਫੜੇ ਹੀ ਨਾ ਜਾਈਏ..!
ਸਿਰਫ ਚੋਦਾਂ ਮੀਲ ਦੂਰ ਇੱਕ ਹੋਰ ਜਹਾਜ ਦਾ ਕੈਪਟਨ ਇਹ ਸੋਚ ਗੂੜੀ ਨੀਂਦਰ ਸੋਂ ਗਿਆ ਕੇ ਹੁਣ ਅੱਧੀ ਰਾਤ ਵੇਲੇ ਕਿਹੜਾ ਪੰਗਾ ਲਵੇਂ..ਸੁਵੇਰ ਹੋਊ ਤਾਂ ਦੇਖੀ ਜਾਊ!
ਤੀਜਾ ਜਹਾਜ ਜਿਹੜਾ ਓਥੋਂ ਤਕਰੀਬਨ ਛਪੰਜਾ ਮੀਲ ਦੀ ਦੂਰ ਸੀ..ਬਚਾ ਲਈ ਪਹੁੰਚਿਆ..ਤਕਰੀਬਨ ਸੱਤ ਸੋ ਯਾਤਰੀ ਮੌਤ ਦੇ ਮੂੰਹ ਚੋਂ ਬਚਾ ਲਏ..!
ਜਹਾਜ ਦੇ ਕੈਪਟਨ ਨੇ ਬਾਅਦ ਵਿਚ ਦਸਿਆ ਕੇ ਬੁਰੇ ਬੁਰੇ ਖਿਆਲ ਤਾਂ ਮੇਰੇ ਮਨ ਵਿਚ ਵੀ ਆਏ ਸਨ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹੱਲਾਸ਼ੇਰੀ ਦੀ ਰਹੀ ਸੀ ਕੇ ਅੱਗੇ ਵੱਧ..ਇਸ ਵੇਲੇ ਕਿਸੇ ਜਗ੍ਹਾ ਤੇ ਤੇਰੀ ਬੇਹੱਦ ਲੋੜ ਹੈ..!
ਅਪ੍ਰੈਲ ਉੱਨੀ ਸੌ ਪੰਚਨਵੇਂ..
ਜਦੋ ਜਸਵੰਤ ਸਿੰਘ ਖਾਲੜਾ ਕਨੇਡਾ ਦੀ ਪਾਰਲੀਮੈਂਟ ਨੂੰ ਸਮਸ਼ਾਨ ਘਾਟਾਂ ਵਿਚ ਅਣਪਛਾਤੀਆਂ ਆਖ ਫੂਕ ਦਿੱਤੀਆਂ ਹਜਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਿਹਾ ਸੀ ਤਾਂ ਦਸਤਾਵੇਜ ਦੇਖ ਕਈ ਗੋਰੇ ਐਮ.ਪੀ ਵੀ ਕੰਬ ਉਠੇ..!
ਆਖਣ ਲੱਗੇ ਜੇ ਇਹ ਬੰਦਾ ਵਾਪਿਸ ਗਿਆ ਤਾਂ ਪੱਕੀ ਗੱਲ ਖਤਮ ਕਰ ਦਿੱਤਾ ਜਾਵੇਗਾ..ਇਸਨੂੰ ਸਣੇ ਪਰਿਵਾਰ ਕਨੇਡਾ ਦੀ ਪੱਕੀ ਨਾਗਰਿਕਤਾ ਦਵਾ ਦੇਣੀ ਚਾਹੀਦੀ ਏ..!
ਅਗਲੇ ਦਿਨ ਵਾਪਸੀ ਦੀ ਫਲਾਈਟ ਸੀ..
ਦੋਸਤ ਮਿੱਤਰ ਸਾਰੀ ਰਾਤ ਸਮਝਾਉਂਦੇ ਰਹੇ..ਤੇਰੀ ਮੌਤ ਦਾ ਪ੍ਰਵਾਨਾ ਲਿਖਿਆ ਜਾ ਚੁਕਾ ਏ..ਵਾਪਿਸ ਨਾ ਜਾ..ਬਾਕੀ ਪਰਿਵਾਰ ਵੀ ਇਥੇ ਸੱਦ ਲੈਂਦੇ ਹਾਂ..!
ਅੱਗੋਂ ਬੱਸ ਏਹੀ ਆਖਦਾ ਰਿਹਾ ਕੇ ਜੇ ਵਾਪਿਸ ਨਾ ਗਿਆ ਤਾਂ ਓਹਨਾ ਮਜਲੂਮ ਪਰਿਵਾਰਾਂ ਦਾ ਕੀ ਬਣੂੰ ਜਿਹੜੇ ਮੇਰੀ ਤੱਸਲੀ ਤੇ ਮੇਰੇ ਨਾਲ ਇਸ ਮੁਹਿੰਮ ਵਿਚ ਮੇਰੇ ਨਾਲ ਤੁਰੇ ਸਨ..ਹੁਣ ਜੋ ਹੁੰਦਾ ਸੋ ਵੇਖੀ ਜਾਊ!
ਛੇ ਸਤੰਬਰ 95 ਦੀ ਸੁਵੇਰ ਕੋਈ ਪੌਣੇ ਕੂ ਨੌ ਵਜੇ ਕਬੀਰ ਪਾਰਕ ਵਾਲੀ ਰਿਹਾਇਸ਼ ਵਿਚ ਅਚਾਨਕ ਯੂਨੀਵਰਸਿਟੀ ਦੀ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ ਕੌਰ ਕੋਲ ਜਾ ਕੇ ਪੁੱਛਣ ਲੱਗੇ “ਬੱਚੇ ਪੜਾ ਲਵੇਂਗੀ ਕੱਲੀ”?
ਅੱਗੋਂ ਹੱਸਦੀ ਹੋਈ ਆਖਣ ਲੱਗੀ ਕੇ ਅੱਗੇ ਵੀ ਤਾਂ ਗੁਰੂ ਆਸਰੇ ਹੀ ਪੜਦੇ ਨੇ..ਪਰ ਅੱਜ ਇੰਝ ਦੀਆਂ ਗੱਲਾਂ ਕਿਓਂ?
ਅੱਗਿਓਂ ਚੁੱਪ ਕਰ ਕੰਮੀ ਲੱਗ ਗਿਆ..
ਸ਼ੇਰ ਪੁੱਤ ਆਪਣਾ ਅੰਜਾਮ ਚੰਗੀ ਤਰਾਂ ਜਾਣਦਾ ਸੀ..ਨਤੀਜੇ ਭੁਗਤਣ ਲਈ ਤਿਆਰ ਭਰ ਤਿਆਰ ਸੀ..ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜੀ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ..ਪਾਣੀ ਦੇ ਬਹਾਅ ਦੇ ਉਲਟ ਤਾਰੀ ਜੂ ਲਾਈ ਸੀ ਅਗਲੇ ਨੇ..”ਬਚ ਬੁਰੇ ਹਾਲਾਤਾਂ ਤੋਂ..ਪੱਤਾ ਪੱਤਾ ਸਿੰਘਾਂ ਦਾ ਵੈਰੀ..ਸਮੇਂ ਦੀ ਸਰਕਾਰ ਇਸ ਗੀਤ ਦੀਆਂ ਕੈਸੇਟਾਂ ਦੁਕਾਨਾਂ ਤੋਂ ਜਬਤ ਕਰ ਲਿਆ ਕਰਦੀ ਸੀ..!
ਦੱਸਦੇ ਜਦੋਂ ਅੰਨੇ ਤਸ਼ੱਦਤ ਦੇ ਝੱਲੇ ਨੂੰ ਅਜੀਤ ਸਿੰਘ ਸੰਧੂ ਦੇ...
ਫਾਰਮ ਤੋਂ ਹਰੀਕੇ ਵੱਲ ਆਖਰੀ ਸਫ਼ਰ ਤੇ ਲੈ ਤੁਰੇ ਤਾਂ ਜਿਪਸੀ ਦੇ ਮਗਰ ਆਸਰਾ ਦੇ ਕੇ ਬਿਠਾਏ ਹੋਇਆਂ ਨੂੰ ਸਿਪਾਹੀ ਆਖਣ ਲੱਗਾ ਜੇ ਵੱਡੇ ਸਾਬ (ਗਿੱਲ) ਦੀ ਗੱਲ ਮੰਨ ਲਈ ਹੁੰਦੀ ਤਾਂ ਆਪ ਵੀ ਬਚ ਜਾਂਦਾ ਤੇ ਸਾਨੂੰ ਵੀ ਇਹ ਕੰਮ ਨਾ ਕਰਨਾ ਪੈਂਦਾ..ਅੱਗੋਂ ਬਚੇ ਖੁਚੇ ਸਾਹ ਬਟੋਰਦਾ ਆਖਣ ਲੱਗੇ ਕੇ ਜੋ ਕੁਝ ਵੀ ਹੋ ਰਿਹਾ ਉਸਦੇ ਭਾਣੇ ਅੰਦਰ ਹੀ ਹੋ ਰਿਹਾ ਏ..!
ਭਾਈ ਸਾਬ ਦੀ ਧੀ ਦੱਸਦੀ ਏ ਕੇ ਜਦੋਂ ਇਹ ਪੱਕਾ ਹੋ ਗਿਆ ਕੇ ਖਾਲੜਾ ਸਾਬ ਵੀ ਓਸੇ ਲੀਹੇ ਮੁਕਾ ਦਿੱਤੇ ਗਏ ਨੇ ਜਿਸ ਲੀਹੇ ਕਦੀ ਪੰਜੀ ਹਜਾਰ ਲਾਸ਼ਾਂ ਦਾ ਨਾਮੋ-ਨਿਸ਼ਾਨ ਮਿਟਿਆ ਸੀ..ਤਾਂ ਕਈ ਰਿਸ਼ਤੇਦਾਰੀਆਂ ਮੂੰਹ ਮੋੜ ਗਈਆਂ..ਦੋਸਤ ਮਿੱਤਰ ਮਿਲਣੋਂ ਹਟ ਗਏ..ਜਾਣਕਾਰ ਕੰਨੀ ਕਤਰਾਉਣ ਲੱਗੇ..ਕਈ ਗਵਾਹ ਸੋਨੇ ਚਾਂਦੀ ਦੀ ਤੱਕੜੀ ਵਿਚ ਤੁੱਲ ਕੇ ਮੁੱਕਰ ਵੀ ਗਏ..ਧਮਕੀ ਭਰੇ ਫੋਨ ਅਕਸਰ ਹੀ ਆ ਜਾਇਆ ਕਰਦੇ..ਅਖ਼ੇ ਕੇਸ ਦੀ ਪੈਰਵੀ ਨਾ ਕਰੋ..ਮੂੰਹ ਮੰਗੇ ਪੈਸੇ ਲੈ ਲਵੋ..ਪਰ ਗੁਰੂ ਆਸਰੇ ਤੁਰਿਆ ਇਹ ਪਰਿਵਾਰ ਨਿਸ਼ਾਨੇ ਤੋਂ ਨਾ ਥਿੜਕਿਆ..!
ਫੇਰ ਸਤਾਨਵੇਂ ਨੂੰ ਪੰਥਕ ਅਕਾਲੀ ਸਰਕਾਰ ਬਣੀ..!
ਉਹ ਬੰਦਾ ਜੋ ਅਕਸਰ ਹੀ ਆਖਿਆ ਕਰਦਾ ਸੀ ਕੇ “ਬੀਬੀ ਜੀ ਸਾਡੀ ਸਰਕਾਰ ਆ ਲੈਣ ਦਿਓ ਇਨਸਾਫ ਜਰੂਰ ਮਿਲੂਗਾ”
ਪਰ ਰਾਜ ਤਿਲਕ ਦੀ ਖੁਮਾਰੀ ਵਿਚ ਅੰਨ੍ਹੇ ਹੋਏ ਇਸ ਧ੍ਰਿਤਰਾਸ਼ਟਰ ਦਾ ਜੁਆਬ ਬੜਾ ਹੀ ਅਜੀਬ ਅਤੇ ਸ਼ਰਮਨਾਕ ਸੀ..”ਬੀਬੀ ਛੱਡੋ ਖਹਿੜਾ ਹੁਣ ਤਫਤੀਸ਼ ਦਾ..ਜਾਣ ਵਾਲਾ ਚਲਾ ਗਿਆ..ਕੋਈ ਨਿੱਕੀ-ਮੋਟੀ ਮਨਿਸਟਰੀ ਲੈ ਲਵੋ..ਜਿਹੜੀ ਮਰਜੀ ਚੇਅਰਮੈਨੀ ਤੇ ਉਂਗਲ ਰੱਖੋ ਮਿਲ ਜਾਵੇਗੀ..ਬੱਚੇ ਬਾਹਰ ਸੈਟਲ ਕਰਵਾ ਦਿੰਨੇ ਆ”
ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਏ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਦੋਸਤੋ ਦੱਸਦੇ ਇੱਕ ਵਾਰ ਇਕ ਜੰਗਲ ਨੂੰ ਅੱਗ ਲੱਗ ਗਈ..ਨੱਸਦੇ ਹੋਏ ਜਾਨਵਰਾਂ ਦੇਖਿਆ ਕੇ ਇੱਕ ਨਿੱਕੀ ਜਿਹੀ ਚਿੜੀ ਚੁੰਜ ਵਿਚ ਪਾਣੀ ਭਰ ਲੱਗੀ ਅੱਗ ਦੀਆਂ ਲਪਟਾਂ ਉੱਤੇ ਸੁੱਟ ਰਹੀ ਸੀ..ਟਿੱਚਰ ਕਰਦੇ ਹੋਏ ਆਖਣ ਲੱਗੇ ਤੇਰੇ ਚੁੰਝ ਭਰ ਪਾਣੀ ਨਾਲ ਕਿਹੜਾ ਕੋਈ ਫਰਕ ਪੈ ਜੂ”
ਅੱਗੋਂ ਆਖਣ ਲੱਗੀ..ਫਰਕ ਤੇ ਭਾਵੇਂ ਨਾ ਪਵੇਂ ਪਰ ਜਦੋਂ ਕਦੀ ਵੀ ਜੰਗਲ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਭੱਜਣ ਵਾਲਿਆਂ ਵਿਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਵਿਚ ਦਰਜ ਹੋਊ!
ਦੋਸਤੋ ਤ੍ਰਾਸਦੀ ਇਹ ਹੈ ਕੇ ਜਿਹੜੇ ਅੱਗ ਲੱਗੀ ਤੇ ਭੱਜ ਉੱਠੇ ਸਨ ਅੱਜ ਫੇਰ ਵਾਪਿਸ ਪਰਤ ਓਸੇ ਜੰਗਲ ਤੇ ਰਾਜ ਕਰ ਰਹੇ ਨੇ ਤੇ ਚੁੰਝ ਨਾਲ ਪਾਣੀ ਪਾਉਣ ਵਾਲੀ ਚਿੜੀ ਥਾਂ-ਥਾਂ ਅਪਮਾਨਿਤ ਹੋ ਰਹੀ ਏ!
ਹਰਪ੍ਰੀਤ ਸਿੰਘ ਜਵੰਦਾ
Jaspreet Kaur
ਵਧੀਆ ਜੀ