ਪੁਨੀਤ ਜਦੋਂ ਵੀ ਕਿਸੇ ਗੁੱਟ ‘ਤੇ ਰੱਖੜੀ ਬੰਨ੍ਹੀ ਵੇਖਦਾ ਤਾਂ ਦਿਲੋਂ ਇੱਕ ਹੂਕ ਜਿਹੀ ਉੱਠਦੀ , ਉਸੇ ਪਲ ਹੱਥ ਜੋੜ ਰੱਬ ਅੱਗੇ ਅਰਦਾਸ ਕਰਦਾ ਰੱਬਾ ਮੈਨੂੰ ਵੀ ਇੱਕ ਨਿੱਕੀ ਜਿਹੀ ਭੈਣ ਦੇ ਦੇ , ਜਿਹੜੀ ਮੇਰੇ ਗੁੱਟ ‘ਤੇ ਵੀ ਰੱਖੜੀ ਸਜਾਵੇ ।ਸੁਪਨਿਆਂ ਵਿੱਚ ਵੀ ਉਹ ਨਿੱਕੀ ਭੈਣ ਨੂੰ ਆਪਣੇ ਅੱਗੇ ਪਿੱਛੇ ਤੁਰੀ ਫਿਰਦੀ ਵੇਖਦਾ । ਸਕੂਲ ਵਿੱਚ ਆਪਣੇ ਕਿਸੇ ਜਮਾਤੀ ਨੂੰ ਆਪਣੀ ਨਿੱਕੀ ਭੈਣ ਨਾਲ਼ ਸਕੂਲ ਆਉਂਦਿਆਂ ਵੇਖਦਾ ਤਾਂ ਉਸੇ ਪਲ ਮਨ ਹੀ ਮਨ ਅਰਦਾਸ ਕਰਨ ਲੱਗ ਜਾਂਦਾ । ਉਸਦੇ ਪਾਪਾ ਇਕੱਲੇ ਹੀ ਸਨ ਕੋਈ ਹੋਰ ਭੈਣ ਭਰਾ ਨਹੀਂ ਸੀ ,ਸ਼ਾਇਦ ਇਸੇ ਕਰਕੇ ਘਰ ਵਿੱਚ ਪੁਨੀਤ ਦਾ ਹੋਰ ਕੋਈ ਭੈਣ ਭਰਾ ਹੋਣ ਦੀ ਗੱਲ ਕਿਸੇ ਨੇ ਗਹੁ ਨਾਲ ਵਿਚਾਰੀ ਹੀ ਨਹੀਂ ਸੀ। ਪਰ ਪੁਨੀਤ ਦੀਆਂ ਨਿੱਕੀ ਭੈਣ ਲਈ ਕੀਤੀਆਂ ਅਰਦਾਸਾਂ ਸ਼ਾਇਦ ਰੱਬ ਨੇ ਸੁਣ ਲਈਆਂ ਸਨ । ਹੁਣ ਉਨ੍ਹਾਂ ਦੇ ਘਰ ਵੀ ਇੱਕ ਨਿੱਕਾ ਜਿਹਾ ਜੀਅ ਆਉਣ ਵਾਲਾ ਸੀ । ਪਰ ਪੁਨੀਤ ਹਰ ਵੇਲੇ ਇਹ ਸੋਚ ਕੇ ਡਰਿਆ ਰਹਿੰਦਾ ਕਿਧਰੇ ਰੱਬ ਉਸ ਨੂੰ ਫਿਰ ਭਰਾ ਨਾ ਦੇ ਦੇਵੇ , ਤੇ ਉਸ ਦੀਆਂ ਅਰਦਾਸਾਂ ਹੋਰ ਜ਼ਿਆਦਾ ਵੱਧ ਜਾਂਦੀਆਂ । ਉਸ ਨੇ ਤਾਂ ਆਪਣੇ...
ਜੇਬ ਖਰਚੇ ਵਿਚੋਂ ਆਉਣ ਵਾਲੀ ਨਿੱਕੀ ਭੈਣ ਲਈ ਗੁੱਡੀਆਂ ਪਟੋਲੇ ਅਤੇ ਪਤਾ ਨਹੀਂ ਕੀ ਕੁਝ ਨਿੱਕ ਸੁੱਕ ਖ਼ਰੀਦ ਕੇ ਰੱਖ ਲਿਆ ਸੀ । ਜਦ ਕਦੇ ਭੈਣ ਲਈ ਰੀਝ ਉੱਸਲਵੱਟੇ ਲੈਂਦੀ ਤਾਂ ਕਿੰਨਾ ਕਿੰਨਾ ਚਿਰ ਉਨ੍ਹਾਂ ਗੁੱਡੀਆਂ ਪਟੋਲਿਆਂ ਨੂੰ ਕੱਢ ਕੇ ਵੇਖਦਾ ਰਹਿੰਦਾ । ਫਿਰ ਇੱਕ ਦਿਨ ਉਸ ਦੀ ਮਾਂ ਦੇ ਜੰਮਣ ਪੀੜਾਂ ਸ਼ੁਰੂ ਹੋਈਆਂ ਤਾਂ ਹਸਪਤਾਲ ਲੈ ਗਏ ।ਪੁਨੀਤ ਸਾਰਾ ਦਿਨ ਰੱਬ ਅੱਗੇ ਅਰਦਾਸਾਂ ਕਰਦਾ ਰਿਹਾ । ਹਸਪਤਾਲ ਤੋਂ ਉਸ ਦੇ ਪਾਪਾ ਦਾ ਫ਼ੋਨ ਆਇਆ ਕਿ ਵਾਹਿਗੁਰੂ ਨੇ ਤੈਨੂੰ ਰੱਖੜੀ ਬੰਨ੍ਹਣ ਵਾਲੀ ਨਿੱਕੀ ਭੈਣ ਦਿੱਤੀ ਹੈ ਤਾਂ ਖ਼ੁਸ਼ੀ ਨਾਲ ਪੁਨੀਤ ਦੀ ਅੱਡੀ ਭੋਇੰ ਨਹੀਂ ਲੱਗ ਰਹੀ ਸੀ । ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਖ਼ਜ਼ਾਨਾ ਉਸ ਦੇ ਹੱਥ ਲੱਗ ਗਿਆ ਹੋਵੇ । ਉਹ ਬਹੁਤ ਖੁਸ਼ ਸੀ ਕਿ ਰੱਬ ਨੇ ਉਸ ਦੀ ਅਰਦਾਸ ਸੁਣ ਲਈ ਸੀ । ਅੱਜ ਵੱਡਾ ਭਰਾ ਪੁਨੀਤ ਸ਼ੁਕਰਾਨੇ ਦੀ ਅਰਦਾਸ ਕਰ ਰਿਹਾ ਸੀ ।
ਨਿਰਮ ਜੋਸਨ
ਤਰਨਤਾਰਨ