ਪੂਣੀ ਵੇਲੇ ਪੱਗ ਦੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਕੋਲ ਪਰਦੇ ਦੀ ਨੁੱਕਰ ਨਾਲ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ!
ਮਗਰੋਂ ਪੇਚਾਂ ਨਾਲ ਲੜਦੇ ਹੋਇਆਂ ਨੂੰ ਚੇਤਾ ਭੁੱਲ ਜਾਂਦਾ ਤੇ ਪੱਤੇ ਵਿਚੋਂ ਨਵੀਂ ਕੱਢ ਵਰਤ ਲਿਆ ਕਰਦੇ..!
ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ!
ਇਹੀ ਆਦਤ ਅਕਸਰ ਹੀ ਸਾਡੀ ਲੜਾਈ ਦੀ ਵਜਾ ਬਣਿਆ ਕਰਦੀ..!
ਮੈਂ ਆਖਦੀ ਜੇ ਹੇਠਾਂ ਫਰਸ਼ ਤੇ ਡਿੱਗ ਕਿਸੇ ਨਿਆਣੇ ਦੇ ਪੈਰ ਵਿਚ ਚੁੱਬ ਗਈ ਤਾਂ ਡਾਕਟਰ ਕੋਲ ਤੁਹਾਨੂੰ ਹੀ ਲਿਜਾਣਾ ਪੈਣਾ..!
ਅੱਗਿਓਂ ਏਨੀ ਗੱਲ ਆਂਖ ਜਜਬਾਤੀ ਕਰ ਜਾਇਆ ਕਰਦੇ ਕੇ ਮੈਂ ਜਾਣ ਬੁਝ ਕੇ ਓਥੇ ਟੰਗੀ ਰਹਿਣ ਦਿੰਨਾ ਤਾਂ ਕੇ ਤੈਨੂੰ ਸਾਰਾ ਦਿਨ ਮੇਰਾ ਚੇਤਾ ਆਉਂਦਾ ਰਹੇ!
ਅੱਜ ਗਿਆਂ ਨੂੰ ਪੂਰਾ ਇੱਕ ਸਾਲ ਹੋ ਗਿਆ..ਦੋ ਪਿੰਨਾ ਅਜੇ ਵੀ ਪਰਦੇ ਦੀ ਨੁੱਕਰ ਤੇ ਉਂਝ ਦੀਆਂ ਉਂਝ ਹੀ ਲੱਗੀਆਂ ਪਈਆਂ ਨੇ..ਕੱਢਣ ਨੂੰ ਜੀ ਹੀ ਨਹੀਂ ਕਰਦਾ..!
ਉਲਟਾ ਹਿੱਲਦੇ ਪਰਦੇ ਤੇ...
ਜਦੋਂ ਕਿਸੇ ਇੱਕ ਦੀ ਵੀ ਪਕੜ ਢਿੱਲੀ ਪੈਣ ਲੱਗਦੀ ਏ ਤਾਂ ਜ਼ੋਰ ਨਾਲ ਦੱਬ ਇਕ ਵਾਰ ਫੇਰ ਚੰਗੀ ਤਰਾਂ ਗੱਡ ਦਿੰਨੀ ਹਾਂ..!
ਨਿਆਣਿਆਂ ਵਾਲਾ ਘਰ ਜੂ ਹੋਇਆ..ਜੇ ਕਿਧਰੇ ਭੁੰਝੇ ਡਿੱਗੀ ਕਿਸੇ ਦੇ ਪੈਰ ਵਿਚ ਚੁੱਬ ਗਈ ਤਾਂ ਇਸ ਵੇਰ ਹਸਪਤਾਲ ਕੱਲੀ ਨੂੰ ਹੀ ਲੈ ਕੇ ਜਾਣਾ ਪੈਣਾ..!
ਦੋਸਤੋ ਜਰੂਰੀ ਨਹੀਂ ਕੇ ਕਿਸੇ ਤੁਰ ਗਏ ਮਿੱਤਰ ਪਿਆਰੇ ਦੀ ਯਾਦ ਕੰਧ ਤੇ ਟੰਗੀਆਂ ਤਸਵੀਰਾਂ ਤੇ ਜਾਂ ਫੇਰ ਸੈੱਲ ਫੋਨ ਵਿਚ ਕੈਦ ਕਿੰਨਾ ਕੁਝ ਵੇਖ ਕੇ ਹੀ ਆਉਂਦੀ ਹੋਵੇ..ਅਤੀਤ ਦੀ ਬੁੱਕਲ ਵਿਚ ਉਂਝ ਦੇ ਉਂਝ ਹੀ ਛੱਡ ਦਿੱਤੇ ਗਏ ਕੁਝ ਸੁਨਹਿਰੀ ਪਲਾਂ ਵਿਚ ਵੀ ਵਰਤਮਾਨ ਅਤੇ ਭਵਿੱਖ ਬਣਨ ਦੀ ਕਾਬਲੀਅਤ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ