ਜਦੋਂ ਉਸਨੇ ਮਹਿੰਦੀ ਵਾਲੇ ਹੱਥਾਂ ਨਾਲ ਫ਼ੋਨ ਦਾ ਰਸੀਵਰ ਚੁੱਕਿਆ ਤਾ ਅੱਗੋਂ ਅਵਾਜ਼ ਆਈ “ਹੈਲੋ, ਕਿਵੇ ਆਂ ਤੂੰ? ਹੋਰ ਸਭ ਕਿਵੇ ਨੇ? ਤਾਂ ਉਹ ਅੱਗੋਂ ਹੌਲੀ ਜਿਹੀ ਅਵਾਜ਼ ਚ ਬੋਲੀ” ਸਭ ਠੀਕ ਨੇ ਜੀ, ਤੁਸੀ ਕਿਵੇ ਹੋ? ਮੈ ਕੱਲ ਦਾ ਫ਼ੋਨ ਉਡੀਕੀ ਜਾਂਦੀ ਆ ਤੇ ਬੇਬੇ ਬਾਪੂ ਨੇ ਵੀ ਕਈ ਵਾਰ ਪੁੱਛਿਆ ਮੈਥੋਂ, ਤੁਹਾਨੂੰ ਪਤਾ ਮੇਰੀ ਮੰਮੀ ਵੀ ਹੁਣ ਕੱਲੀ ਹੋ ਗਈ ਮੇਰੇ ਵਿਆਹ ਤੋ ਬਾਦ ਤੇ ਮੇਰਾ ਵੀ ਅਜੇ ਦਿਲ ਨਹੀਂ ਲੱਗਦਾ ਤੁਹਾਡੇ ਬਿਨਾ ਏਥੇ” ਤਾ ਉਹ ਅੱਗੋਂ ਬੋਲਿਆ “ਆਪਣਾ ਤੇ ਬਾਕੀ ਸਾਰਿਆਂ ਦਾ ਧਿਆਨ ਰੱਖਿਆ ਕਰ, ਖੁਸ਼ ਰਿਹਾ ਕਰ ਤੂੰ ਵੀ ਕੱਲ ਦਾ ਕੀ ਪਤਾ ਕਿਸੇ ਨੂੰ” ਉਸਨੇ ਕਹਿੰਦੇ ਨੇ ਲੰਬਾ ਹੌਕਾ ਲਿਆ ਤਾ ਉਹ ਬੋਲੀ ” ਮੈਨੂ ਬਹੁਤ ਡਰ ਲੱਗ ਰਿਹਾ ਜੀ ਕਿਉਂਕਿ ਮੇਰਾ ਬਾਪੂ ਵੀ ਏਦਾਂ ਦੀਆਂ ਗੱਲਾ ਕਰਦਾ ਸੀ ਬਾਰਡਰ ਤੇ ਸ਼ਹੀਦ ਹੋਣ ਤੋ ਪਹਿਲਾਂ, ਪਤਾ ਨਹੀਂ ਕੀ ਦੇਖ/ਸੁਣ ਲਿਆ ਸੀ ਉਨ੍ਹਾਂ ਨੇ ਉੱਥੇ, ਪੈਟਰੌਲ ਪੰਪ ਮੁੱਲ ਪਿਆ ਸੀ ਮੇਰੇ ਬਾਪੂ ਦੀ ਮੌਤ ਦਾ ਤੇ ਉਹ ਵੀ ਕੋਈ ਹੋਰ ਹੀ ਦੱਬ ਗਿਆ ਸਾਡੇ ਤੱਕ ਪਹੁੰਚਣ ਤੋ ਪਹਿਲਾਂ ਹੀ ਤੇ ਬਾਦ ਚ ਪਤਾ ਚੱਲਿਆ ਬਈ ਤਾਬੂਤ ਚੋਂ ਵੀ ਹਿੱਸਾ ਖਾ ਗਏ ਸੀ ਨੇਤਾ ਲੋਕ” ਲੰਬਾ ਸਮਾਂ ਚੁੱਪ ਰਹਿਣ ਤੋ ਬਾਦ ਕਹਿੰਦਾ ਜਿਹੜੇ ਪੰਛੀ ਘਰੇ ਪਿੰਜਰੇ ਚ ਰੱਖੇ ਨੇ ਉਹਨਾਂ ਨੂੰ ਅਜ਼ਾਦ ਕਰਦੇ ਹੁਣੇ ਹੀ ਕੱਲ ਦਿਨ ਦਾ ਇੰਤਜ਼ਾਰ ਨਾ ਕਰੀ ਕਿਉਂਕਿ ਅਜ਼ਾਦੀ ਕੀ ਹੁੰਦੀ ਮੈਨੂ ਹੁਣੇ ਕਸ਼ਮੀਰ ਚ ਆ ਕੇ ਪਤਾ ਲੱਗਿਆ, ਕਸ਼ਮੀਰੀ ਲੋਕ ਵੀ ਪਿਛਲੇ ਲੰਬੇ ਸਮੇਂ ਤੋ ਬੰਨਣਾ ਚ ਕੈਦ ਹਨ. “ਤੁਸੀ ਇੰਝ ਦਿਲ ਹੌਲਾ ਨਾ ਕਰੋ, ਮੈ ਬੇਬੇ ਬਾਪੂ ਨੀ ਜਗਾਉਂਦੀ ਹਾਂ ਤੁਸੀ ਉਹਨਾ ਨਾਲ ਆਪਣਾ ਦਿਲ ਹੌਲਾ ਕਰ ਲਓ ਜੇ ਕੋਈ ਪਰੇਸ਼ਾਨੀ ਹੈ ਤਾਂ” “ਨਾ ਉਨ੍ਹਾਂ ਨੂੰ ਸੌ ਲੈਣਦੇ ਮੈ ਕੱਲ ਗੱਲ ਕਰ ਲਾਊਂਗਾ ਫਿਰ, ਹੁਣ ਘਰ ਚ ਸਭ ਦੀ ਜ਼ੁੰਮੇਵਾਰੀ ਤੇਰੀ ਹੈ ਤੇ ਆਪਣਾ ਵੀ ਧਿਆਨ ਰੱਖੀ” ਕਹਿ ਉਸਨੇ ਫ਼ੋਨ ਕੱਟ ਦਿੱਤਾ ਤੇ ਉਸਨੇ ਸੌਣ ਲਈ ਅਜੇ ਅੱਖ ਮੀਚੀ ਹੀ ਸੀ ਕਿ...
ਉਸਨੂੰ ਫ਼ੌਜੀ ਬਾਪੂ ਦੇ ਬਲਦੇ ਸ਼ਿਵੇ ਕੋਲ ਸੁੰਨ ਖੜੇ ਫ਼ੌਜੀ, ਵੈਣ ਪਾਉਂਦੀ ਮਾਂ, ਉਸਦਾ ਹੱਥ ਫੜੀ ਖੜਾ ਮਾਮਾ ਤੇ ਪਰਦੇ ਪਿੱਛੇ ਚਿੱਟੇ ਕੱਪੜੇ ਤੇ ਵੱਡੇ ਵੱਡੇ ਢਿੱਡਾਂ ਵਾਲੇ ਦਿਖਾਈ ਦਿੱਤੇ ਤੇ ਉਹ ਤ੍ਰਭਕ ਕੇ ਉੱਠ ਗਈ. ਸਾਰੀ ਰਾਤ ਸੋਚਾਂ ਚ ਲੰਘੀ ਤੇ ਸਵੇਰੇ ਉੱਠਦੇ ਹੀ ਜਦੋਂ ਉਸਨੇ ਰੇਡੀਓ ਤੇ ਆਉਂਦੀ ਗੁਰਬਾਣੀ ਦਾ ਪਾਠ ਲਾਉਣ ਲਈ ਚਲਾਇਆ ਤਾ ਉਸਤੇ ਖਬਰ ਆ ਰਹੀ ਸੀ ” ਕਸ਼ਮੀਰ ਚ ਘੱਟ ਗਿਣਤੀਆਂ ਤੇ ਹਮਲਾ ਕਰਨ ਦੀ ਤਾਕ ਚ ਬਾਰਡਰ ਪਾਰ ਤੋ ਟ੍ਰੇਂਡ ਨੌਂ ਅੱਤਵਾਦੀ ਮਾਰੇ ਗਏ ਅਤੇ ਉਹਨਾਂ ਨਾਲ ਬਹਾਦਰੀ ਨਾਲ ਲੜਦੇ ਚਾਰ ਪੰਜਾਬੀ ਫ਼ੌਜੀ ਜਿਨਾਂ ਦੇ ਨਾਮ …….,ਹਨ, ਵੀ ਸ਼ਹੀਦ ਹੋ ਗਏ”. ਫਿਰ ਜਦੋਂ ਉਸਦੀ ਅੱਖ ਖੁਲੀ ਤਾ ਉਹ ਚਿੱਟੇ ਕੱਪੜਿਆਂ ਚ ਸੀ, ਉਸਦਾ ਮਾਮਾ ਹੱਥ ਫੜਨ ਦੀ ਬਜਾਏ ਉਸਦੇ ਸਿਰ ਤੇ ਹੱਥ ਫੇਰ ਰਿਹਾ ਸੀ, ਕੋਈ ਚਿੱਟੇ ਕੱਪੜੇ ਤੇ ਮੋਟੇ ਢਿੱਡ ਵਾਲਾ ਮੀਡੀਆ ਨੂੰ ਕਹਿ ਰਿਹਾ ਸੀ “ਇਕ ਕਰੋੜ ਰੁਪਏ ਕੈਸ਼, ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਦਿੱਲੀ ਸਰਕਾਰ ਨੂੰ ਐਵਾਰਡ ਲਈ ਸ਼ਿਫਾਰਸ ਕਰਾਂਗੇ, ਇਹਨਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ, ਸਾਨੂੰ ਮਾਣ ਹੈ ਕਿ ਸਿੱਖ ਸਾਡੇ ਦੇਸ਼ ਦੇ ਬਾਰਡਰਾਂ ਦੇ ਰਖਵਾਲੇ ਹਨ”. ਤੇ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੌਣ ਕੀਹਦੇ ਲਈ ਤੇ ਕਿੰਨਾ ਨੂੰ ਬਚਾਉਣ ਲਈ ਸ਼ਹੀਦ ਹੋਇਆ. ਜਦੋਂ ਚਿੱਟੇ ਕੱਪੜੇ ਪਾਈ, ਧੁਆਂਖੇ ਸਪਨੇ, ਅੱਖਾਂ ਅੰਦਰ ਧਸੀਆਂ ਤੇ ਦਿਲ ਚ ਲਾਵਾ ਲੁਕਾਉਂਦੀ ਉਸਦੀ ਮਾਂ ਨੇ ਉਸਦੀ ਸੁੱਕੀ ਜੀਭ ਨੂੰ ਪਾਣੀ ਲਾਇਆ ਤਾ ਦੂਰ ਕਿਤੇ ਸੁੱਕੀ ਧਰਤੀ ਨੂੰ ਪਾਣੀ ਲਾਉਂਦੇ ਦੀ ਹੇਕ ਉਸਦੇ ਕੰਨਾਂ ਚ ਪੈ ਰਹੀ ਸੀ…..
ਇਹ ਵਣਜ ਅਨੋਖੇ ਨੇ
ਸੱਜਣ ਜਿੰਨੇ ਵੱਧ ਸੋਹਣੇ
ਉਸਨੇ ਵੱਧ ਦਿੰਦੇ ਧੋਖੇ ਨੇ
ਜਦੋਂ ਵਾੜ ਹੀ ਖਾਵੇ ਉਹ ਰਾਖੀ ਕਾਹਦੀ
ਜਿਹੜੀ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਹਦੀ(ਮੂਸੇ ਆਲਾ)
ਬਲਜੀਤ ਫਰਵਾਲੀ