ਬਾਰੀ ਕੋਲ ਬੈਠੀ ਮਾਂ ਨੂੰ ਵੇਖ ਸਾਨੂੰ ਪਤਾ ਲੱਗ ਜਾਇਆ ਕਰਦਾ ਕੇ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਜਾਂ ਫੇਰ ਰੋਟੀ ਪਕਾਉਂਦੀ ਹੱਥੋਂ ਪੇੜਾ ਭੁੜਕਿਆ ਹੋਣਾ..ਨਾਨਕਿਆਂ ਤੋਂ ਕਿਸੇ ਪ੍ਰਾਹੁਣੇ ਨੂੰ ਉਡੀਕਦੀ ਹੋਣੀ..!
ਮਾਮੇ ਦੀ ਲੱਤ ਵਿਚ ਨੁਕਸ ਸੀ..!
ਉਸਤੋਂ ਸਾਈਕਲ ਨਹੀਂ ਚੱਲਦਾ ਹੁੰਦਾ..ਹਮੇਸ਼ਾਂ ਟਾਂਗੇ ਤੇ ਹੀ ਆਉਂਦਾ..ਫੇਰ ਹੇਠਾਂ ਉੱਤਰ ਪੈਦਲ ਤੁਰੇ ਆਉਂਦੇ ਨੂੰ ਵੇਖ ਹੈਰਾਨ ਹੋ ਜਾਇਆ ਕਰਦੇ..ਐਸਾ ਅਟੱਲ ਵਿਸ਼ਵਾਸ਼ ਕੇ ਮਾਂ ਨੇ ਆਟਾ ਵੀ ਵਾਧੂ ਗੁੰਨ੍ਹ ਲਿਆ ਹੁੰਦਾ..ਮੰਜੀ ਬਿਸਤਰਾ ਵੀ ਤਿਆਰ ਕਰ ਦੇਣਾ ਅਤੇ ਫੇਰ ਤੁਰੇ ਆਉਂਦੇ ਨੂੰ ਵੇਖ ਖੁਸ਼ੀ ਸਾਂਭੀ ਨਾ ਜਾਂਦੀ..ਰੱਬ ਦੇ ਰੇਡੀਓ..!
ਕਦੀ ਕਦਾਈਂ ਮਾਂ ਦੀ ਬਾਪੂ ਹੁਰਾਂ ਨਾਲ ਲੜਾਈ ਹੋ ਜਾਂਦੀ..ਬਹੁਤੇ ਵਾਰ ਖਰਚੇ ਤੋਂ ਹੁੰਦੀ..ਕਦੀ ਘੱਟ ਦਾਜ ਦਾ ਮੇਹਣਾ ਵੱਜਦਾ ਤਾਂ ਬੜਾ ਗੁੱਸਾ ਕਰਦੀ..ਫੇਰ ਬਾਰੀ ਕੋਲ ਆ ਕੇ ਬੈਠ ਜਾਇਆ ਕਰਦੀ..!
ਸਾਥੋਂ ਕਾਪੀ ਦਾ ਵਰਕਾ ਮੰਗਦੀ..ਕਿੰਨੀ ਦੇਰ ਕੁਝ ਲਿਖਦੀ ਰਹਿੰਦੀ..ਫੇਰ ਵਰਕੇ ਦੀਆਂ ਤੈਹਾਂ ਬਣਾ ਕੇ ਸੌਣ ਵੇਲੇ ਆਪਣੇ ਸਿਰਹਾਣੇ ਰੱਖ ਲੈਂਦੀ..ਸਾਨੂੰ ਪਤਾ ਹੁੰਦਾ ਅੰਦਰ ਕੀ ਲਿਖਿਆ ਹੋ ਸਕਦਾ ਏ..ਭਰਾ ਨੂੰ ਸ਼ਿਕਾਇਤਾਂ ਲਿਖਿਆ ਹੁੰਦੀਆਂ..!
ਵੱਜਦੇ ਮੇਹਣਿਆਂ ਦਾ ਵਿਸਥਾਰ ਅਤੇ ਆਪਣੇ ਅੰਦਰ ਦੇ ਕਿੰਨੇ ਸਾਰੇ ਡਰ ਅਤੇ ਵਲਵਲੇ ਲਿਖੇ ਹੁੰਦੇ..ਫੇਰ ਸੁਵੇਰੇ ਉੱਠਦੀ..ਚੁੱਲ੍ਹਾ ਚੌਂਕਾ ਕਰਦੀ..ਸਾਰਾ ਕੁਝ ਫੇਰ ਤੋਂ ਆਮ ਜਿਹਾ ਹੋਣ ਲੱਗਦਾ..!
ਫੇਰ ਉਹ ਸਿਰਹਾਣੇ ਹੇਠੋਂ ਓਹੀ ਚਿੱਠੀ ਕੱਢਦੀ ਤੇ ਫੇਰ ਓਹਲੇ ਜਿਹੇ ਨਾਲ ਟੋਟੇ-ਟੋਟੇ ਕਰ ਚਾਹ ਦੀ ਪਤੀਲੀ ਹੇਠ ਬਲਦੀ ਅੱਗ ਵਿਚ ਸਿੱਟ ਦੀਆ ਕਰਦੀ..ਇੰਝ ਲੱਗਦਾ ਉਸਦੇ ਅੰਦਰ ਦੇ ਵਲਵਲੇ ਅਤੇ ਮਨ ਦਾ ਗੁੱਸਾ ਧੂੰਆਂ ਬਣ ਉੱਪਰ ਨੂੰ ਉੱਡ ਗਏ ਹੋਵਣ..!
ਨਾਨੀ ਅਕਸਰ ਆਖਿਆ ਕਰਦੀ..ਵਕਤ ਗੁੱਸੇ ਦੇ ਉਬਾਲ ਤੇ ਪਾਣੀ ਦਾ ਕੰਮ ਕਰਿਆ ਕਰਦਾ ਏ..!
ਫੇਰ ਜਿਸ ਦਿਨ ਸ਼ਹਿਰ ਗਏ ਮਾਮੇ ਦੇ ਮੁੰਡੇ ਨੂੰ ਚੁੱਕ ਲਿਆ ਗਿਆ ਤਾਂ ਮਾਮਾ ਵੀ ਨਾਲ ਹੀ ਸੀ..ਮਾਂ ਜਾਣਦੀ ਸੀ ਕੇ ਉਸ ਕੋਲੋਂ ਮਾਰ ਸਹੀ ਨਹੀਂ ਜਾਣੀ..!
ਆਂਦਰਾਂ ਨੂੰ ਸੇਕ ਲੱਗਾ..ਸਿੱਧੀ ਥਾਣੇ ਜਾ ਆਪਣੀਆਂ ਵੰਗਾਂ ਟੇਬਲ ਤੇ ਢੇਰੀ ਕਰ ਦਿੱਤੀਆਂ..!
ਉਹ ਅੱਗੋਂ...
ਆਖਣ ਲੱਗਾ ਕੇ ਇਨੇ ਕੂ ਨਾਲ ਤੇ ਗੱਲ ਨੀਂ ਬੰਨਣੀ..ਹੋਰ ਚਾਹੀਦੇ ਨੇ..ਉੱਪਰ ਤੱਕ ਭੇਜਣੇ ਪੈਣੇ ਨੇ..ਅੱਗੋਂ ਆਖਣ ਲੱਗੀ ਉਡੀਕ ਲਿਓ..ਉਸ ਨੂੰ ਕੁਝ ਨਾ ਆਖਿਓ..ਫੇਰ ਪੈਲੀ ਬੈ ਕਰਕੇ ਪੈਸੇ ਚੁੱਕੇ ਪਰ ਓਹਨਾ ਵੇਲਿਆਂ ਵੇਲੇ ਜਿਉਂਦਾ ਲੱਖ ਦਾ ਤੇ ਮਰਿਆ ਡੇਢ ਦਾ ਹੁੰਦਾ ਸੀ..!
ਗੇਟੋਂ ਬਾਹਰ ਹੀ ਪਤਾ ਲੱਗ ਗਿਆ ਕੇ ਮੁਕਾ ਦਿੱਤੇ ਨੇ..ਇੱਕੋ ਵੇਲੇ..ਇੱਕਠੇ ਹੀ..ਸੰਤਰੀ ਕੋਲ ਕੱਪੜਿਆਂ ਦੀ ਗਠੜੀ ਸੀ..!
ਰੋਂਦੀ ਕੁਰਲਾਉਂਦੀ ਨੂੰ ਪਿੰਡ ਲੈ ਆਏ..ਇਸ ਸਦਮੇਂ ਤੋਂ ਉਭਰੀ ਵੀ ਨਹੀਂ ਸੀ ਕੇ ਮੇਰਾ ਵਿਆਹ ਕਰ ਦਿੱਤਾ ਗਿਆ..!
ਕੁਝ ਵਰ੍ਹਿਆਂ ਮਗਰੋਂ ਇੱਕ ਦਿਨ ਸੁਨੇਹਾ ਆ ਗਿਆ..ਛੇਤੀ ਪਿੰਡ ਅੱਪੜੀ ਤਾਂ ਬਾਹਰ ਫਿਰਨੀ ਤੋਂ ਹੀ ਪਤਾ ਲੱਗ ਗਿਆ..ਮੰਜੀ ਤੇ ਪਾਈ ਹੋਈ ਸੀ..ਓਸੇ ਤਰਾਂ..ਜਿੱਦਾਂ ਸੁੱਤੀ ਪਈ ਹੋਵੇ..ਲਾਗੇ ਵਾਲੀਆਂ ਦੱਸਣ ਲੱਗੀਆਂ..ਮਾਮੇ ਨੂੰ ਬੜਾ ਯਾਦ ਕਰਦੀ ਸੀ..ਆਖੀ ਜਾਂਦੀ ਸੀ..ਮੇਰੇ ਭਰਾ ਨੂੰ ਵੀ ਕਿਓਂ ਮੁਕਾਇਆ..ਉਸਦਾ ਤੇ ਕੋਈ ਕਸੂਰ ਵੀ ਨਹੀਂ ਸੀ..!
ਏਨਾ ਤੇ ਦੱਸ ਦਿਓ..ਜਾਣ ਲੱਗਾ ਆਖਦਾ ਕੀ ਸੀ..ਉਸਨੂੰ ਅਖੀਰ ਰੋੜਿਆ ਕਿਹਨਾਂ ਪਾਣੀਆਂ ਵਿਚ ਸੀ..!
ਪਰ ਪਤਾ ਨੀ ਕਿਓਂ ਉਸਨੂੰ ਮੰਜੇ ਤੇ ਅਡੋਲ ਪਈ ਹੋਈ ਨੂੰ ਵੇਖ ਮੈਨੂੰ ਏਨਾ ਜਿਆਦਾ ਰੋਣਾ ਕਿਓਂ ਨਹੀਂ ਸੀ ਆਇਆ..ਸ਼ਾਇਦ ਅੰਦਰੋਂ ਅੰਦਰ ਤਸੱਲੀ ਸੀ ਕੇ ਉਸਦਾ ਬੁਢੇਪਾ ਰੁਲਿਆ ਨੀ ਤੇ ਨਾ ਹੀ ਉਸਨੇ ਕਿਸੇ ਤੇ ਕੋਈ ਭਾਰ ਹੀ ਪਾਇਆ..ਗੋਇੰਦਵਾਲ ਸਾਬ ਫੁਲ ਪ੍ਰਵਾਹ ਕਰਨ ਗਏ ਤਾਂ ਇੰਝ ਲੱਗਿਆ ਜਿੱਦਾਂ ਉਸਨੂੰ ਰੱਬ ਦੇ ਰੂਪ ਵਿਚ ਆਪਣਾ ਗਵਾਚਿਆ ਹੋਇਆ ਭਰਾ ਮਿਲ ਗਿਆ ਹੋਵੇ..!
ਅੰਮ੍ਰਿਤਸਰੋਂ ਕੀਤੀ ਟੈਕਸੀ ਦਾ ਡਰਾਈਵਰ..ਨਿਰਾ ਪੂਰਾ ਮੇਰੇ ਮਾਮੇ ਦੇ ਮੁੰਡੇ ਵਰਗਾ..ਪਤਾ ਨੀ ਕਿਓਂ ਇਹੋ ਗੀਤ ਵਾਰੋ ਵਾਰ ਲਾਈ ਜਾਂਦਾ ਸੀ..”ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ..”!
ਹਰਪ੍ਰੀਤ ਸਿੰਘ ਜਵੰਦਾ