ਲੇਖਕ_ਅਮਰਜੀਤ_ਚੀਮਾਂ_USA
ਸਿਆਣੇ ਕਹਿੰਦੇ ਨੇ ਔਂਤ ਦੀ ਜਮੀਨ ਜੇ ਕਿਸੇ ਨੂੰ ਟੱਕਰੇ,
ਭਾਈਆਂ ਕੋਲੋਂ ਭਾਈਆਂ ਦੇ ਕਰਾਉਦੀਂ ਡੱਕਰੇ,
ਇਹ ਇੱਕ ਸੱਚੀ ਕਹਾਣੀ ਹੈ ਤੇ ਮੇਰੇ ਬਚਪਨ ਦੇਖਦਿਆਂ ਵਾਪਰੀ ਸੀ ਉਹ ਵੀ ਮੇਰੇ ਵੱਡੇ ਭਰਾ ਦੇ ਸੁਹਰਿਆਂ ਵਿੱਚ। ਮੇਰੇ ਭਰਾ ਦੇ ਸਹੁਰੇ ਦੋ ਸਕੇ ਭਰਾ ਸਨ। ਇੱਕ ਦੇ ਔਲਾਦ ਹੋ ਗਈ ਤਿੰਨ ਕੁੜੀਆਂ ਤੇ ਇੱਕ ਮੁੰਡਾ।ਮੇਰਾ ਭਰਾ ਉੱਥੇ ਵਿਆਹਿਆ ਗਿਆ, ਤੇ ਦੋ ਹੋਰ ਉਹਦੇ ਸਾਢੂ। ਭਰਾ ਦੇ ਸਹੁਰੇ ਦਾ ਵੱਡਾ ਭਰਾ ਛੜਾ ਰਹਿ ਗਿਆ।
ਹੁਣ ਜਮੀਨ ਦੋਹਾਂ ਭਾਈਆਂ ਦੇ ਵਿੱਚ ਅੱਧੀ ਅੱਧੀ ਸੀ। ਭਰਾ ਦਾ ਸਹੁਰਾ ਕਬੀਲਦਾਰ ਸੀ। ਤੇ ਉਹ ਆਪਣੀ ਐਂਵੇ ਧਮਾਤੜਾਂ ਵਰਗੀ ਜਿੰਦਗੀ ਬਤੀਤ ਕਰਦਾ ਸੀ। ਐਵੇਂ ਸਾਦਾ ਜਿਹਾ ਪਰਿਵਾਰ ਪਰ ਉਹਨੇ ਆਪਣੀਆਂ ਕੁੜੀਆਂ ਤੇ ਮੁੰਡਾ ਵਿਆਹ ਲਏ ਸੀ ਤੇ ਕਬੀਲਦਾਰੀ ਤੋਂ ਸੁਰਖੁਰੂ ਹੋ ਗਿਆ ਸੀ। ਮੇਰੀ ਭਰਜਾਈ ਜਿਹਨੂੰ ਤਾਇਆ ਜੀ ਕਹਿੰਦੀ ਹੁੰਦੀ ਸੀ, ਉਹ ਬੜੀ ਟੌਹਰ ਵਿੱਚ ਰਹਿੰਦਾ ਹੁੰਦਾ ਸੀ। ਚਿੱਟਾ ਕੁੜਤਾ ਤੇ ਚਿੱਟਾ ਚਾਦਰਾ। ਜਦੋਂ ਵੀ ਉਹਨੇ ਪਿੰਡ ਆਉਣਾ ਤਾਂ ਦੋ ਦੋ ਹਫਤੇ ਪੂਰੀਆਂ ਰੌਣਕਾਂ ਲੱਗਣੀਆਂ। ਕਦੇ ਇਸ ਜੁਆਈ ਕੋਲ ਤੇ ਕਦੇ ਇਸ ਜੁਆਈ ਕੋਲ। ਭਰਜਾਈ ਦੇ ਤਾਏ ਦਾ ਪੂਰਾ ਟੌਹਰ ਹੁੰਦਾ ਸੀ । ਜਦੋਂ ਉਹਨੇ ਆਉਣਾ ਤੇ ਜਵਾਈ ਨੂੰ ਹੁਕਮ ਕਰ ਦੇਣਾ, ਜਾਹ ਉਏ ਤਿੰਨ ਬੋਤਲਾਂ ਲੈ ਆਂ ਤੇ ਦੋ ਕਿਲੋ ਮੀਟ ਲੈ ਆ। ਸਾਰਿਆ ਨੇ ਮਜ਼ੇ ਨਾਲ ਸਭ ਕੁਝ ਛੱਕਣਾ, ਤੇ ਤਾਏ ਦੇ ਗੁਣ ਗਾਈ ਜਾਣੇ। ਅਚਾਨਕ ਇੱਕ ਦਿਨ ਤਾਇਆ ਬੀਮਾਰ ਹੋ ਗਿਆ,ਕੁਝ ਹੋ ਗਿਆ, ਕੁਝ ਭਰਜਾਈ ਭਰਾ ਤੇ ਭਤੀਜੇ ਨੇ ਰਲ ਕੇ ਕਰ ਦਿੱਤਾ। ਉਹਦਾ ਮੰਜਾ ਰਾਹ ਤੇ ਡਾਹ ਦਿੱਤਾ ਡੰਗਰਾਂ ਦੇ ਕੋਲ।
ਮੈਂ ਛੋਟਾ ਜਿਹਾ ਸੀ,ਕਦੇ ਕਦੇ ਭਰਾ ਦੇ ਸਹੁਰਿਆਂ ਦੇ ਪਿੰਡ ਜਾਂਦਾ ਹੁੰਦਾ ਸੀ।
ਉਸ ਬੁੱਢੇ ਦੀ ਪਹਿਲੀ ਟੌਹਰ ਦੇਖਕੇ ਮੈਨੂੰ ਬੜਾ ਤਰਸ ਆਉਦਾ ਸੀ ਕਿ ਕਿਤੇ ਉਹਦਾ ਹੁਕਮ ਚਲਦਾ ਹੁੰਦਾ ਸੀ ਤੇ ਅੱਜ ਉਹਦੀ ਕੋਈ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ। ਆਖਰ ਪਤਾ ਲੱਗਾ ਕਿ ਉਹਨੂੰ ਅੰਧਰੰਗ ਦੀ ਬੀਮਾਰੀ ਹੋ ਗਈ ਸੀ। ਉਹਦੀ ਸਾਰੀ ਜਮੀਨ ਜਾਇਦਾਦ ਭਰਾ ਨੇ ਆਪਣੇ ਨਾਂ ਕਰਾ ਲਈ ਸੀ। ਔਂਤ ਦੀ ਜਮੀਨ ਆਉਣ...
ਨਾਲ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ, ਜਮੀਨ ਦੀ ਵੰਡ ਨੂੰ ਲੈ ਕੇ। ਉਹਨਾਂ ਜਮੀਨ ਵੇਚ ਦਿੱਤੀ ਤੇ ਪੈਸੇ ਵੰਡ ਲਏ। ਤਿੰਨ ਹਿੱਸਿਆਂ ਵਿੱਚ , ਭਰਾ ਭਰਜਾਈ ਤੇ ਮੁੰਡੇ ਦੇ ਹਿੱਸੇ ਵਿੱਚ। ਭਰਜਾਈ ਦਾ ਤਾਇਆ ਤਾਂ ਹੋਂਕੇ ਲੈਂਦਾ ਮਰ ਗਿਆ। ਉਹਤੋਂ ਬਾਦ ਭਰਜਾਈ ਦੇ ਭਰਾ ਨੇ ਆਪਣੇ ਮਾਂ ਪਿਉ ਦੇ ਮਗਰ ਪੈ ਕੇ ਪੈਸੇ ਆਪਣੇ ਨਾਂ ਕਰਾ ਲਏ। ਹੁਣ ਪੁੱਤ ਨੇ ਨਵਾਂ ਸਕੂਟਰ ਲੈ ਲਿਆ ਬਜਾਜ, ਕਦੇ ਇੱਧਰ ਗੇੜਾ, ਸ਼ਰਾਬ ਪੀ ਕੇ ਤੇ ਕਦੇ ਇੱਧਰ ਗੇੜਾ। ਆਪਣੇ ਮਾਂ ਬਾਪ ਦਾ ਮੰਜਾ ਫਿਰ ਉੱਥੇ, ਜਿੱਥੇ ਉਹਦੇ ਤਾਇਆ ਜੀ ਦਾ ਸੀ। ਫਿਰ ਮੈਂ ਕਦੇ ਉਹਨਾਂ ਨੂੰ ਜਾ ਕੇ ਮਿਲ ਆਇਆ ਕਰਦਾ ਸੀ। ਉਹ ਵੀ ਤਾਏ ਵਾਗੂੰ ਹੀ ਪੀੜਾਂ ਝੱਲਦੇ ਸੀ, ਦੁੱਖ ਝੱਲਦੇ ਸੀ। ਜਿਸ ਤਰਾਂ ਦਾ ਕਿਸੇ ਨੇ ਕਰਨਾ ਹੁੰਦਾ, ਭਰਨਾ ਵੀ ਹੁੰਦਾ ਹੈ ਨਾ। ਭਰਾ ਦੇ ਸਾਲੇ ਦਾ ਐਕਸੀਡੈਂਟ ਹੋ ਗਿਆ, ਮੂੰਹ ਪੂਰੀ ਤਰਾਂ ਭੰਨਿਆ ਗਿਆ। ਜੀਭ ਵੀ ਅੱਧੀ ਕੱਟੀ ਗਈ। ਪੈਸਾ ਸੀ ਇਲਾਜ ਤਾਂ ਹੋ ਗਿਆ ਪਰ ਜੀਭ ਦਾ ਇਲਾਜ ਨਾ ਹੋ ਸਕਿਆ ਤੇ ਸਦਾ ਲਈ ਗੂੰਗਾ ਹੋ ਗਿਆ। ਮੈਂ ਕਈ ਵਾਰੀ ਉਹਨੂੰ ਮਿਲਿਆ ਵੀ ਪਰ ਉਹ ਰੋਂਦਾ ਰਹਿੰਦਾ ਸੀ, ਤੇ ਪਛਤਾਉਂਦਾ ਰਹਿੰਦਾ ਸੀ ਕੀਤੇ ਤੇ। ਮੇਰਾ ਭਰਾ ਵੀ ਕਦੇ ਕਦੇ ਉਹਨੂੰ ਮਿਲਦਾ ਰਹਿੰਦਾ ਸੀ। ਉਹਤੋਂ ਬਾਅਦ ਮੈਂ ਬਾਹਰ ਆ ਗਿਆ ਤੇ ਉਹਨਾਂ ਨੂੰ ਕਦੇ ਨਹੀਂ ਮਿਲਿਆ। ਮੈਂ ਤਾਂ ਇਹੀ ਕਹਾਂਗਾ ਕਿ ਜਿਹਨਾਂ ਨੇ ਵੀ ਆਪਣੇ ਭੈਣ ਭਰਾਵਾਂ ਦੀਆਂ ਜਾਇਦਾਦਾਂ, ਜਮੀਨਾਂ ਆਪਣੇ ਨਾਂ ਗਲਤ ਕਰਾਈਆਂ ਨੇ, ਉਹਨਾਂ ਨੂੰ ਵੀ ਇਹਨਾਂ ਦੁੱਖਾਂ ਵਿੱਚੋਂ ਦੀ ਲੰਘਣਾ ਪੈ ਸਕਦਾ ਹੈ। ਆਪਣੇ ਭਰਾ ਦੀ ਜਮੀਨ ਧੋਖੇ ਨਾਲ ਆਪਣੇ ਨਾਂ ਲਵਾਉਣੀ ਬਹੁਤ ਵੱਡਾ ਪਾਪ ਹੈ। ਲੇਖਾ ਜੋਖਾ ਇੱਥੇ ਹੀ ਹੈ। ਲੋਕੀਂ ਸਮਝਦੇ ਨਹੀਂ ਕਹਿੰਦੇ ਨੇ ਕਰ ਮਾਈਏ, ਹਰ ਕੇ ਲੇਖੇ,
ਜਿਹਨੇ ਨਹੀੰ ਕੀਤਾ, ਉਹ ਕਰਕੇ ਦੇਖੇ!
+1(716)908-3631