ਭੁਲੇਖਾ।
ਅਜੇ ਅੱਖ ਲੱਗੀ ਈ ਸੀ ਕਿ ਵੱਖੀ ਚ ਹੁੱਝ ਜਹੀ ਵੱਜੀ। ਅੱਭੜਵਾਹੇ ਅੱਖਾਂ ਜਿਹੀਆਂ ਮਲ਼ਕੇ ਦੇਖਿਆ ਤੇ ਯਮਰਾਜ ਜੀ ਝੋਟੇ ਤੇ ਸਵਾਰ ਮੁਸਕਰਾ ਰਹੇ।
“ਚੱਲ ਬਈ, ਹੋ ਗਿਆ ਟੈਮ ਪੂਰਾ ਤੇਰਾ”।
ਡੌਰ ਭੌਰ ਜਿਹੇ ਨੂੰ ਸਮਝ ਜਿਹੀ ਨਾ ਲੱਗੀ। ਕਿਸੇ ਤਰਾਂ ਜੇਰਾ ਜਿਹਾ ਕਰਕੇ ਸੁਰਤ ਸੰਭਾਲੀ। ਸਰੀਰ ਨੂੰ ਝਟਕੇ ਜਿਹੇ ਮਾਰੇ। ਨਾਂਹ ਤਾਂ ਕਰ ਈ ਨੀ ਸਕਦੇ ਸੀ।
“ਅੱਛਾ ਜੀ। ਚੱਲੋ।” ਪਰ ਫਿਰ ਹੌਂਸਲਾ ਜਿਹਾ ਕਰਕੇ ਪੁੱਛ ਈ ਲਿਆ “ਆਹ ਐਨੀ ਦੌਲਤ ਕੱਠੀ ਕੀਤੀ ਸੀ ਜੀ। ਇਹਦਾ ਕੀ ਕਰਾਂ? ਇਹ ਨਾਲ ਲਿਜਾ ਸਕਦਾਂ?”
“ਆਹੋ ਆਹੋ ਕਿਓਂ ਨੀ। ਚੁੱਕ ਲਾ ਸਾਰੀ। ਨੋ ਪ੍ਰਾਬਲਮ।”
ਹੈਰਾਨ ਜਿਹਾ ਹੋ ਕੇ ਪੁੱਛਿਆ “ਪਰ ਜੀ ਸਾਰੇ ਤਾਂ ਕਹਿੰਦੇ ਆ ਕੁੱਝ ਨੀ ਲਿਜਾ ਸਕਦੇ”
“ਐਂਵੇ ਮਾਰਦੇ ਆ। ਕਦੇ ਕਿਸੇ ਨੇ ਸਾਨੂੰ ਪੁੱਛਿਆ ਈ ਨੀ। ਆਪੇ ਈ ਕਹੀ ਜਾਂਦੇ ਆ” ਯਮਰਾਜ ਜੀ ਬੋਲੇ।
ਖੁਸ਼ੀ ਚ ਆਪਾਂ ਪੁੱਠੀ ਛਾਲ ਮਾਰੀ ਤੇ ਰੁਪਈਏ ਪੈਸੇ ਗਹਿਣੇ ਗੱਟੇ ਬੈਗ ਚ ਭਰਕੇ ਤਿਆਰ ਹੋ ਗਏ।
“ਅੱਛਾ ਇਹ ਦੱਸ, ਬਈ ਇਹ ਓਥੇ ਜਾਕੇ ਵਟਾਉਣੇ ਆ ਕਿ ਇਥੇ”
“ਹੈਂ ਜੀ? ਮਤਲਬ?”
“ਓ ਭਾਈ ਉਪਰ ਤਾਂ ਕਰੰਸੀ ਹੋਰ ਚੱਲਦੀ ਆ। ਰੁਪਈਏ ਥੋੜੀ ਚੱਲਣੇ।”
“ਹਾਂਜੀ ਹਾਂਜੀ ਇਹ ਤਾਂ ਸਹੀ ਆ। ਰੁਪਈਏ ਤਾਂ ਗੁਆਂਢੀ ਮੁਲਕ ਨੀ ਚੱਲਦੇ। ਆਂਪਾ ਤਾਂ ਫੇਰ ਦੂਜੀ ਦੁਨੀਆਂ ਜਾਣਾ। ਕੀ ਰੇਟ ਆ ਜੀ?”
“ਬੱਸ...
ਦੇਖ ਲਾ ਬਈ ਐਥੇ ਤਾਂ ਸਾਡਾ ਇਕ ਟੋਕਨ ਥੋਡੇ ਇਕ ਕਰੋੜ ਚ ਪਊ, ਓਥੇ ਜਾਕੇ ਦਸ ਕੁ ਲੱਖ ਵਾਧੂ ਦੇਣਾ ਪਊ”
ਹਿਸਾਬ ਜਿਹਾ ਲਾਇਆ ਬਈ ਚੱਲੋ ਠੀਕ ਈ ਆ।
“ਅੱਛਾ ਯਮਰਾਜ ਜੀ, ਇਕ ਸਮੱਸਿਆ ਮੇਰੀ। ਸਵੇਰੇ ਬੈੱਡ ਟੀ ਜ਼ਰੂਰ ਚਾਹੀਦੀ ਆ ਮੈਨੂੰ। ਨਹੀਂ ਤਾਂ ਉੱਠ ਈ ਨੀ ਹੁੰਦਾ। ਮਿਲੂ ਓਥੇ?” ਆਪਾਂ ਥੋੜੇ ਜਿਹੇ “ਫਰੈਂਡਲੀ” ਹੋ ਗੇ।
“ਜਿੰਨੀ ਮਰਜ਼ੀ। ਪਰ ਚਾਹ ਫਰੀ ਨੀ ਮਿਲਦੀ। ਬਾਕੀ ਖਾਣਾ ਪਾਣਾ ਫਰੀ ਸਾਡੇ ਵਲੋਂ”
“ਅੱਛਾ ਜੀ। ਕਿੰਨੇ ਕੁ ਦਾ ਆ ਕੱਪ?”
“ਬੱਸ ਆਹੀ, ਸਾਡੇ ਇਕ ਟੋਕਨ ਦਾ” ਮੁਸਕਰਾਹਟ ਡੂੰਘੀ ਹੋ ਗਈ।
“ਹੈਂਅਅਅਅਅ?” ਸਮਝ ਲੱਗ ਗੀ ਇਕ ਦਮ। ਕਪਾਟ ਖੁੱਲ੍ਹ ਗੇ। ਬੈਗ ਇਕ ਪਾਸੇ ਰੱਖ ਤਾ। “ਚੱਲੋ ਜੀ। ਤਿਆਰ ਆਂ”
ਯਮਰਾਜ ਜੀ ਹੱਸ ਕੇ ਬੋਲੇ “ਭਗਤਾ, ਐਂਥੋ ਨਾਲ ਲਿਜਾਣ ਦੀ ਕੋਈ ਰੋਕ ਟੋਕ ਨੀ ਕਿਸੇ ਨੂੰ। ਬੱਸ ਥੋਨੂੰ ਸਾਡਾ ਐਕਸਚੇਂਜ ਰੇਟ ਈ ਨੀ ਵਾਰਾ ਖਾਂਦਾ”
“ਵੇ ਉੱਠ ਖੜ ਹੁਣ। ਸੂਰਜ ਗੋਡੇ ਗੋਡੇ ਚੜ੍ਹ ਗਿਆ” ਮਾਂ ਦੀ ਆਵਾਜ਼ ਨੇ ਵਾਪਿਸ ਮਾਤਲੋਕ ਚ ਖਿੱਚ ਲਿਆ। ਪਰ ਸੁਫਨੇ ਨੇ ਅੱਖਾਂ ਖੋਲ ਤੀਆਂ।
ਗੁਰਮੀਤ – ਸਿਆਟਲ ਅਮਰੀਕਾ ਤੋਂ।